You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਬਿਨਾਂ ਕਿਸੇ ਲੱਛਣ ਵਾਲਾ ਕੋਰੋਨਾ ਭਾਰਤ ਲਈ ਕਿੰਨ੍ਹਾਂ ਕੁ ਖਤਰਨਾਕ ਸਿੱਧ ਹੋ ਸਕਦਾ ਹੈ
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕੌਮੀ ਰਾਜਧਾਨੀ ਦਿੱਲੀ 'ਚ ਲੌਕਡਾਉਨ 'ਚ 20 ਅਪ੍ਰੈਲ ਤੋਂ ਮਿਲਣ ਵਾਲੀ ਰਾਹਤ ਅਜੇ ਅਮਲ 'ਚ ਨਹੀਂ ਲਿਆਂਦੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਛੂਟਾਂ ਨੂੰ ਲਾਗੂ ਨਾ ਕਰਨ ਪਿੱਛੇ ਕਈ ਜ਼ਰੂਰੀ ਕਾਰਨ ਦੱਸੇ ਹਨ।
ਕਾਰਨਾਂ 'ਚੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਖ਼ਤਰਨਾਕ ਇਹ ਹੈ ਕਿ ਦਿੱਲੀ 'ਚ ਕੋਰੋਨਾਵਾਇਰਸ ਦਾ ਇੱਕ ਅਜਿਹਾ ਰੂਪ ਸਾਹਮਣੇ ਆ ਰਿਹਾ ਹੈ ਜੋ ਬਹੁਤ ਭਿਆਨਕ ਹੈ। ਇਸ ਰੂਪ 'ਚ ਵਾਇਰਸ ਦੇ ਤਾਂ ਲੱਛਣ ਹੀ ਸਾਹਮਣੇ ਨਹੀਂ ਆ ਰਹੇ ਹਨ।
ਦਿੱਲੀ 'ਚ ਕਈ ਥਾਵਾਂ 'ਤੇ ਕੋਵਿਡ-19 ਦੇ ਸੰਕ੍ਰਮਿਤ ਮਰੀਜ਼ ਮਿਲੇ ਹਨ, ਜਿਨ੍ਹਾਂ ਨੂੰ ਵੇਖਣ 'ਚ ਤਾਂ ਖੰਘ, ਬੁਖ਼ਾਰ ਜਾਂ ਕੋਈ ਹੋਰ ਰੁਗਾਣੂ ਲੱਛਣ ਨਹੀਂ ਸੀ ਪਰ ਜਦੋਂ ਉਨ੍ਹਾਂ ਦੇ ਟੈਸਟ ਕੀਤੇ ਗਏ ਤਾਂ ਉਹ ਪੌਜ਼ਿਟਿਵ ਨਿਕਲੇ।
19 ਅਪ੍ਰੈਲ, ਐਤਵਾਰ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅਜਿਹੇ ਮਾਮਲੇ ਸਥਿਤੀ ਨੂੰ ਹੋਰ ਗੰਭੀਰ ਕਰ ਰਹੇ ਹਨ।
ਪ੍ਰੈੱਸ ਕਾਨਫਰੰਸ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ "ਦਿੱਲੀ 'ਚ ਕੋਰੋਨਾ ਟੈਸਟ ਵੱਡੀ ਗਿਣਤੀ ਵਿੱਚ ਕੀਤੇ ਜਾ ਰਹੇ ਹਨ। ਇੱਕ ਹੀ ਦਿਨ 'ਚ 736 ਟੈਸਟ ਰਿਪੋਰਟਾਂ 'ਚੋਂ 186 ਲੋਕ ਸੰਕ੍ਰਮਿਤ ਪਾਏ ਗਏ ਹਨ।"
"ਇਹ ਸਾਰੇ ਮਾਮਲੇ 'ਏਸੀਮਪਟੋਮੈਟਿਕ' ਭਾਵ ਉਹ ਮਾਮਲੇ ਜਿੰਨ੍ਹਾਂ 'ਚ ਕੋਈ ਲੱਛਣ ਮੌਜੂਦ ਨਹੀਂ ਹੁੰਦਾ ਹੈ। ਕਿਸੇ ਵੀ ਸੰਕ੍ਰਮਿਤ ਮਰੀਜ਼ ਨੂੰ ਖੰਘ, ਬੁਖ਼ਾਰ, ਸਾਹ ਲੈਣ 'ਚ ਦਿੱਕਤ ਆਦਿ ਕਿਸੇ ਵੀ ਤਰ੍ਹਾ ਦੀ ਕੋਈ ਸ਼ਿਕਾਇਤ ਨਹੀਂ ਸੀ।"
"ਸੰਕ੍ਰਮਿਤ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਇਸ ਮਹਾਂਮਾਰੀ ਦੀ ਲਪੇਟ 'ਚ ਆ ਗਏ ਹਨ। ਇਹ ਸਥਿਤੀ ਹੋਰ ਵੀ ਭਿਆਨਕ ਹੈ। ਕੋਰੋਨਾ ਚਾਰੇ ਪਾਸੇ ਫੈਲ ਚੁੱਕਾ ਹੈ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਉਹ ਕੋਰੋਨਾ ਸੰਕ੍ਰਮਿਤ ਹੋ ਗਿਆ ਹੈ।"
ਅਜਿਹੇ ਮਾਮਲੇ ਸਿਰਫ ਦਿੱਲੀ ਹੀ ਨਹੀਂ ਬਲਕਿ ਦੇਸ਼ ਦੇ ਹੋਰਨਾਂ ਸੂਬਿਆਂ 'ਚ ਵੀ ਸਾਹਮਣੇ ਆ ਰਹੇ ਹਨ।
ਤਾਮਿਲਨਾਡੂ, ਕੇਰਲ, ਕਰਨਾਟਕ, ਅਸਮ, ਰਾਜਸਥਾਨ ਵਰਗੇ ਰਾਜਾਂ ਨੇ ਵੀ ਅਜਿਹੇ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਨੂੰ ਸਵੀਕਾਰ ਕੀਤਾ ਹੈ।
ਇਸ ਲਿਹਾਜ਼ ਨਾਲ ਭਾਰਤ 'ਚ ਬਿਨ੍ਹਾਂ ਲੱਛਣ ਵਾਲੇ ਸੰਕ੍ਰਮਿਤ ਮਾਮਲੇ ਡਾਕਟਰਾਂ ਲਈ ਇੱਕ ਨਵੀਂ ਸਿਰਦਰਦੀ ਬਣ ਗਏ ਹਨ।
ਲਾਗ ਕਦੋਂ ਫੈਲ ਸਕਦੀ ਹੈ?
ਇਸ ਸਬੰਧੀ ਚਰਚਾ ਕਰਨ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕੋਰੋਨਾਵਾਇਰਸ ਦੀ ਲਾਗ ਕਿਵੇਂ ਫੈਲ ਸਕਦੀ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਦੀ ਲਾਗ ਤਿੰਨ ਢੰਗਾਂ ਰਾਹੀਂ ਫੈਲ ਸਕਦੀ ਹੈ।
1. ਸਿਮਪਟੋਮੈਟਿਕ: ਉਹ ਲੋਕ ਜਿੰਨ੍ਹਾਂ 'ਚ ਪਹਿਲਾਂ ਕੋਰੋਨਾਵਾਇਰਸ ਦੇ ਲੱਛਣ ਵਿਖਾਈ ਦਿੱਤੇ ਅਤੇ ਫਿਰ ਉਨ੍ਹਾਂ ਤੋਂ ਹੀ ਦੂਜੇ ਲੋਕ ਸੰਕ੍ਰਮਿਤ ਹੋਏ। ਇਹ ਲੋਕ ਕੋਰੋਨਾ ਦੇ ਲੱਛਣ ਸਾਹਮਣੇ ਆਉਣ 'ਤੇ ਸ਼ੁਰੂਆਤੀ ਤਿੰਨ ਦਿਨਾਂ 'ਚ ਦੂਜੇ ਲੋਕਾਂ ਨੂੰ ਇਸ ਦੀ ਲਾਗ ਨਾਲ ਸੰਕ੍ਰਮਿਤ ਕਰ ਸਕਦੇ ਹਨ।
2. ਪ੍ਰੀ-ਸਿਮਪਟੋਮੈਟਿਕ: ਵਾਇਰਸ ਦੀ ਲਾਗ ਫੈਲਣ ਅਤੇ ਇਸ ਦੇ ਲੱਛਣ ਸਾਹਮਣੇ ਆਉਣ ਦੇ ਵਿਚਾਲੇ ਜੋ ਸਮਾਂ ਲੱਗਦਾ ਹੈ ਉਦੋਂ ਵੀ ਕੋਰੋਨਾਵਾਇਰਸ ਦੀ ਲਾਗ ਫੈਲ ਸਕਦੀ ਹੈ।
ਇਸ ਦੀ ਮਿਆਦ 14 ਦਿਨਾਂ ਦੀ ਹੁੰਦੀ ਹੈ, ਜੋ ਕਿ ਇਸ ਰੁਗਾਣੂ ਦਾ ਇੰਕਯੁਬੇਸ਼ਨ ਭਾਵ ਇਸ ਦੇ ਪ੍ਰਫੁੱਲਤ ਹੋਣ ਦਾ ਸਮਾਂ ਹੁੰਦਾ ਹੈ। ਇਸ ਦੌਰਾਨ ਕੋਰੋਨਾਵਾਇਰਸ ਦੇ ਲੱਛਣ ਸਿੱਧੇ ਤੌਰ 'ਤੇ ਤਾਂ ਸਾਹਮਣੇ ਨਹੀਂ ਆਉਂਦੇ ਪਰ ਹਲਕਾ ਬੁਖਾਰ, ਸਰੀਰ ਦੇ ਟੁੱਟਣ-ਭੱਜਣ ਵਰਗੇ ਲੱਛਣ ਸ਼ੁਰੂਆਤੀ ਦਿਨਾਂ 'ਚ ਵਿਖਾਈ ਪੈਂਦੇ ਹਨ।
3. ਏਸਿਮਪਟੋਮੈਟਿਕ: ਇਹ ਉਹ ਸਥਿਤੀ ਹੈ ਜਿਸ 'ਚ ਕੋਰੋਨਾਵਾਇਰਸ ਦੇ ਲੱਛਣ ਵਿਖਾਈ ਨਹੀਂ ਦਿੰਦੇ ਹਨ, ਪਰ ਮਰੀਜ਼ ਸੰਕ੍ਰਮਿਤ ਹੁੰਦਾ ਹੈ। ਆਪਣੀ ਇਸ ਸਥਿਤੀ ਤੋਂ ਅਣਜਾਣ ਮਰੀਜ਼ ਦੂਜਿਆਂ ਤੱਕ ਇਸ ਲਾਗ ਨੂੰ ਫੈਲਾਉਣ ਦਾ ਮਾਧਿਅਮ ਬਣ ਜਾਂਦਾ ਹੈ।
ਦੁਨੀਆਂ ਦੇ ਦੂਜੇ ਦੇਸ਼ਾਂ 'ਚ ਵੀ ਏਸਿਮਪਟੋਮੈਟਿਕ ਮਾਮਲੇ ਸਾਹਮਣੇ ਆਏ ਹਨ। ਪਰ ਭਾਰਤ 'ਚ ਅਜਿਹੇ ਮਾਮਲਿਆਂ ਦੀ ਗਿਣਤੀ ਕੁੱਝ ਵਧੇਰੇ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।
ਅਜਿਹੇ ਮਰੀਜ਼ ਚੁਣੌਤੀ ਕਿਉਂ ਹਨ?
ਬੈਂਗਲੁਰੂ ਦੇ ਰਾਜੀਵ ਗਾਂਧੀ ਤਕਨਾਲੋਜੀ ਸੰਸਥਾ ਦੇ ਡਾ. ਸੀ ਨਾਗਰਾਜ ਦਾ ਦਾਅਵਾ ਹੈ ਕਿ ਦੁਨੀਆਂ ਭਰ 'ਚ ਏਸਿਮਪਟੋਮੈਟਿਕ ਮਾਮਲਿਆਂ ਦੀ ਗਿਣਤੀ ਤਕਰੀਬਨ 50% ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ 'ਚ 12 ਮਰੀਜ਼ਾਂ 'ਚੋਂ 5 ਏਸਿਮਪਟੋਮੈਟਿਕ ਮਰੀਜ਼ ਹਨ, ਯਾਨਿ ਕਿ 40% ਮਰੀਜ਼ ਅਜਿਹੇ ਹਨ ਜੋ ਕਿ ਏਸਿਮਪਟੋਮੈਟਿਕ ਹਨ।
ਡਾ. ਨਾਗਰਾਜ ਮੁਤਾਬਕ ਇੰਨ੍ਹਾਂ ਮਾਮਲਿਆਂ 'ਚ ਸਭ ਤੋਂ ਵੱਧ ਧਿਆਨ ਦੇਣ ਵਾਲੀ ਗੱਲ ਇੰਨ੍ਹਾਂ ਮਰੀਜ਼ਾਂ ਦੀ ਉਮਰ ਹੈ। ਉਨ੍ਹਾਂ ਦੇ 5 'ਚੋਂ 3 ਮਰੀਜ਼ਾਂ ਦੀ ਉਮਰ 30-40 ਸਾਲ ਦੀ ਹੈ। ਚੌਥਾ ਮਰੀਜ਼ 13 ਸਾਲ ਦਾ ਅਤੇ ਪੰਜਵਾਂ ਮਰੀਜ਼ 50 ਤੋਂ ਉੱਪਰ ਦੀ ਉਮਰ ਦਾ ਹੈ।
ਦਿੱਲੀ 'ਚ ਏਸਿਮਪਟੋਮੈਟਿਕ ਕੋਰੋਨਾ ਮਰੀਜ਼ਾਂ ਦੀ ਉਮਰ ਸਬੰਧੀ ਪ੍ਰੋਫ਼ਾਈਲ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਹਾਲਾਂਕਿ ਕੇਂਦਰ ਸਰਕਾਰ ਅਨੁਸਾਰ ਵਿਸ਼ਵ ਭਰ 'ਚ ਏਸਿਮਪਟੋਮੈਟਿਕ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧੇਰੇ ਨਹੀਂ ਹੈ। ਪਰ ਫਿਰ ਵੀ ਸਰਕਾਰ ਇਸ ਨੂੰ ਇੱਕ ਵੱਡੀ ਚੁਣੌਤੀ ਜ਼ਰੂਰ ਮੰਨਦੀ ਹੈ।
ਕੇਂਦਰੀ ਸਿਹਤ ਵਿਭਾਗ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਮੁਤਾਬਕ ਸਾਨੂੰ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਵੀ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੋ ਲੋਕ ਹੌਟਸਪੌਟ ਖ਼ੇਤਰ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਉਮਰ ਵੀ ਵਡੇਰੀ ਹੈ, ਉਨ੍ਹਾਂ ਨੂੰ ਆਪਣੇ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ।
ਇਸੇ ਤਰ੍ਹਾਂ ਜੋ ਲੋਕ ਏਸਿਮਪਟੋਮੈਟਿਕ ਹਨ ਅਤੇ ਕੋਰੋਨਾ ਸੰਕ੍ਰਮਿਤ ਲੋਕਾਂ ਦੇ ਸੰਪਰਕ 'ਚ ਆਏ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਏਕਾਂਤਵਾਸ 'ਚ ਰੱਖਣਾ ਚਾਹੀਦਾ ਹੈ। ਜ਼ਰੂਰਤ ਪੈਣ 'ਤੇ ਉਹ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹਨ।
ਜੇਕਰ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਨ ਦੀ ਲੋੜ ਵਿਖਾਈ ਦਿੱਤੀ ਤਾਂ ਉਨ੍ਹਾਂ ਨੂੰ ਉਹ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।
ਭਾਰਤ ਲਈ ਚਿੰਤਾ ਦਾ ਵਿਸ਼ਾ ਕਿਉਂ?
ਡਾ. ਨਾਗਰਾਜ ਅਨੁਸਾਰ ਭਾਰਤ 'ਚ ਬਾਕੀ ਦੇਸ਼ਾਂ ਦੇ ਮੁਕਾਬਲੇ ਨੌਜਵਾਨ ਆਬਾਦੀ ਵਧੇਰੇ ਹੈ ਅਤੇ ਉਹ ਹੀ ਵਧੇਰੇ ਕੋਰੋਨਾ ਸੰਕ੍ਰਮਿਤ ਹੋ ਰਹੇ ਹਨ। ਇਹੀ ਕਾਰਨ ਹੈ ਕਿ ਭਾਰਤ ਨੂੰ ਇਸ ਨਵੇਂ ਰੁਝਾਨ ਤੋਂ ਚਿੰਤਤ ਹੋਣ ਦੀ ਜ਼ਰੂਰਤ ਹੈ।
4 ਅਪ੍ਰੈਲ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ 20 ਤੋਂ 49 ਸਾਲ ਦੀ ਉਮਰ ਦੇ 49.1% ਲੋਕ ਕੋਰੋਨਾ ਸੰਕ੍ਰਮਿਤ ਹਨ। ਇਸ ਤੋਂ ਇਲਾਵਾ 41 ਤੋਂ 60 ਸਾਲ ਦੀ ਉਮਰ ਦੇ ਸੰਕ੍ਰਮਿਤ ਲੋਕਾਂ ਦੀ ਗਿਣਤੀ ਲਗਭਗ 32.8% ਹੈ। ਅੰਕੜਿਆਂ ਤੋਂ ਸਾਫ਼ ਹੁੰਦਾ ਹੈ ਕਿ ਦੇਸ਼ 'ਚ ਵੱਡੀ ਗਿਣਤੀ 'ਚ ਨੌਜਵਾਨ ਕੋਰੋਨਾ ਸੰਕ੍ਰਮਿਤ ਹੋ ਰਹੇ ਹਨ।
ਡਾ. ਨਾਗਰਾਜ ਮੁਤਾਬਕ ਇਸ ਪਿੱਛੇ ਇੱਕ ਇਹ ਕਾਰਨ ਵੀ ਹੋ ਸਕਦਾ ਹੈ ਕਿ ਭਾਰਤੀ ਨਾਗਰਿਕਾਂ ਦੀ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੇ ਮੁਕਾਬਲੇ ਪ੍ਰਤੀਰੋਧਕ ਸ਼ਕਤੀ ਕਿਤੇ ਬਿਹਤਰ ਹੈ ਜਿਸ ਕਰਕੇ ਕੋਰੋਨਾ ਦੇ ਲੱਛਣ ਉਨ੍ਹਾਂ 'ਚ ਵਿਖਾਈ ਹੀ ਨਹੀਂ ਪੈਂਦੇ ਹਨ।
ਡਾ. ਨਾਗਰਾਜ ਦੇ ਇਸ ਤੱਥ ਤੋਂ ਸਿਵਾਈ ਮਾਨਸਿੰਘ ਹਸਪਤਾਲ ਦੇ ਐਮਐਸ ਡਾ. ਐਮਐਸ ਮੀਣਾ ਵੀ ਸਹਿਮਤ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੀ ਭੂਗੋਲਿਕ ਸਥਿਤੀ, ਰਹਿਣ-ਸਹਿਣ ਆਦਿ ਇਸ ਲਈ ਜ਼ਿੰਮੇਵਾਰ ਹੈ। ਸਾਡਾ ਦੇਸ਼ ਗਰਮ ਦੇਸ਼ ਹੈ, ਅਸੀਂ ਗਰਮ ਖਾਣਾ ਖਾਂਦੇ ਹਾਂ, ਗਰਮ ਤਰਲ ਪਦਾਰਥ ਪੀਂਦੇ ਹਾਂ, ਇਸ ਲਈ ਸਾਡੇ ਇੱਥੇ ਏਸਿਮਪਟੋਮੈਟਿਕ ਮਾਮਲੇ ਵਧੇਰੇ ਸਾਹਮਣੇ ਆ ਰਹੇ ਹਨ।
ਉਨ੍ਹਾਂ ਅਨੁਸਾਰ ਕੋਰੋਨਾਵਾਇਰਸ ਗਰਮੀ ਪ੍ਰਤੀ ਸੰਵਦੇਨਸ਼ੀਲ (ਹੀਟ ਸੈਂਸਟਿਵ) ਹੈ।
ਡਾ. ਮੀਣਾ ਦਾ ਮੰਨਣਾ ਹੈ ਕਿ ਭਾਰਤ 'ਚ ਨੌਜਵਾਨਾਂ 'ਚ ਕੋਰੋਨਾਵਾਇਰਸ ਦੀ ਲਾਗ ਵਧੇਰੇ ਫੈਲ ਰਹੀ ਹੈ ਅਤੇ ਵੱਡੀ ਗਿਣਤੀ 'ਚ ਇਸ ਬਿਮਾਰੀ ਤੋਂ ਲੋਕ ਠੀਕ ਵੀ ਹੋ ਰਹੇ ਹਨ।
ਇਹ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਭਾਰਤੀਆਂ ਦੀ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੈ, ਜਿਸ ਕਰਕੇ ਕੋਵਿਡ-19 ਕਰਕੇ ਭਾਰਤ 'ਚ ਮੌਤਾਂ ਦੀ ਗਿਣਤੀ ਦਾ ਅੰਕੜਾ ਘੱਟ ਹੈ।
ਏਸਿਮਪਟੋਮੈਟਿਕ ਮਾਮਲੇ ਵਧੇਰੇ ਖ਼ਤਰਨਾਕ
ਡਾ. ਮੀਣਾ ਬਿਨ੍ਹਾਂ ਲੱਛਣਾਂ ਵਾਲੇ ਕੋਰੋਨਾ ਮਰੀਜ਼ਾਂ ਨੂੰ 'ਦੋ ਮੂੰਹੀ' ਤਲਵਾਰ ਕਹਿੰਦੇ ਹਨ। ਉਨ੍ਹਾਂ ਅਨੁਸਾਰ ਜਦੋਂ ਕਿਸੇ ਮਰੀਜ਼ 'ਚ ਲੱਛਣ ਵਿਖਾਈ ਨਹੀਂ ਦੇਵੇਗਾ ਤਾਂ ਉਹ ਆਪਣਾ ਟੈਸਟ ਵੀ ਨਹੀਂ ਕਰਵਾਏਗਾ।
ਇਸ ਨਾਲ ਉਹ ਆਪਣੇ ਸੰਕ੍ਰਮਿਤ ਹੋਣ ਤੋਂ ਅਣਜਾਣ ਰਹਿ ਕੇ ਦੂਜੇ ਲੋਕਾਂ ਨੂੰ ਵੀ ਸੰਕ੍ਰਮਿਤ ਕਰਦਾ ਰਹੇਗਾ।
ਇਸ ਨਾਲ ਕੋਰੋਨਾ ਦੀ ਲਾਗ ਵੱਡੀ ਮਾਤਰਾ 'ਚ ਫੈਲਣ ਦੀ ਸੰਭਾਵਨਾ ਰਹਿੰਦੀ ਹੈ।
ਡਾ. ਮੀਣਾ ਦਾ ਕਹਿਣਾ ਹੈ ਕਿ ਜੋ ਕੋਈ ਵੀ ਘਰ ਤੋਂ ਬਾਹਰ ਜਾਂਦਾ ਹੈ, ਉਸ ਨੂੰ ਅਹਿਤਿਆਤ ਦੇ ਤੌਰ 'ਤੇ ਆਪਣਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।
ਜਿਵੇਂ ਹੀ ਜੇਕਰ ਕਿਸੇ ਨੂੰ ਪਤਾ ਲੱਗੇ ਕਿ ਉਹ ਕਿਸੇ ਕੋਰੋਨਾ ਸੰਕ੍ਰਮਿਤ ਦੇ ਸੰਪਰਕ 'ਚ ਆਇਆ ਹੈ, ਉਸ ਨੂੰ ਆਪ ਮੁਹਾਰੇ ਆ ਕੇ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ।
ਡਾ. ਨਾਗਰਾਜ ਅਤੇ ਡਾ. ਮੀਣਾ ਦੋਵਾਂ ਦਾ ਕਹਿਣਾ ਹੈ ਕਿ ਰੈਪਿਡ ਟੈਸਟਿੰਗ ਅਤੇ ਪੂਲ ਟੈਸਟਿੰਗ ਨਾਲ ਅਜਿਹੇ ਮਾਮਲਿਆਂ ਨੂੰ ਪਛਾਣਨ 'ਚ ਮਦਦ ਜ਼ਰੂਰ ਮਿਲੇਗੀ। ਪਰ ਨੌਜਵਾਨਾਂ ਨੂੰ ਵੀ ਆਪਣਾ ਵਧੇਰੇ ਧਿਆਨ ਰੱਖਣ ਦੀ ਲੋੜ ਹੀ ਸਮੇਂ ਦੀ ਅਸਲ ਮੰਗ ਹੈ।
ਭਾਰਤ 'ਚ ਕੋਰੋਨਾਵਾਇਰਸ ਦੇ ਮਾਮਲੇ:
ਇਹ ਜਾਣਕਾਰੀ ਸਮੇਂ-ਸਮੇਂ 'ਤੇ ਅਪਡੇਟ ਕੀਤੀ ਜਾਂਦੀ ਹੈ। ਹੋ ਸਕਦਾ ਹੈ ਕਿ ਕਿਸੇ ਵੀ ਰਾਜ ਜਾਂ ਕੇਂਦਰੀ ਸਾਸ਼ਿਤ ਪ੍ਰਦੇਸ਼ ਦੇ ਨਵੀਨਤਮ ਅੰਕੜੇ ਇਸ ਚਾਰਟ 'ਚ ਵਿਖਾਈ ਨਾ ਦੇਣ।
ਕੀ ਕਹਿੰਦੀ ਹੈ ਇਸ ਸਬੰਧੀ ਖੋਜ?
ਮੈਡੀਕਲ ਜਰਨਲ 'ਨੇਚਰ ਮੈਡੀਸਨ' 'ਚ 15 ਅਪ੍ਰੈਲ ਨੂੰ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ, ਜਿਸ 'ਚ ਕਿਹਾ ਗਿਆ ਹੈ ਕਿ ਕੋਰੋਨਾ ਸੰਕ੍ਰਮਿਤ ਮਰੀਜ਼ 'ਚ ਲਾਗ ਦੇ ਲੱਛਣ ਸਾਹਮਣੇ ਆਉਣ ਤੋਂ 2-3 ਦਿਨ ਪਹਿਲਾਂ ਹੀ ਉਹ ਦੂਜੇ ਲੋਕਾਂ ਨੂੰ ਲਾਗ ਨਾਲ ਪ੍ਰਭਾਵਿਤ ਕਰਨ ਦਾ ਕੰਮ ਸ਼ੁਰੂ ਕਰ ਦਿੰਦਾ ਹੈ।
44% ਮਾਮਲਿਆਂ 'ਚ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ। ਪਹਿਲਾ ਲੱਛਣ ਪ੍ਰਗਟ ਹੋਣ ਤੋਂ ਬਾਅਦ, ਪਹਿਲਾਂ ਦੇ ਮੁਕਾਬਲੇ ਦੂਜਿਆਂ ਨੂੰ ਸੰਕ੍ਰਮਿਤ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ।
ਨੇਚਰ ਮੈਡੀਸਨ 'ਚ ਪ੍ਰਕਾਸ਼ਿਤ ਇਸ ਰਿਪੋਰਟ 'ਚ 94 ਮਰੀਜ਼ਾਂ ਦੇ ਟੈਸਟ ਸੈਂਪਲ ਲਏ ਗਏ ਸਨ। ਇਨ੍ਹਾਂ ਨਮੂਨਿਆਂ 'ਤੇ ਕੀਤੀ ਗਈ ਖੋਜ ਤੋਂ ਬਾਅਦ ਹੀ ਇਹ ਰਿਪੋਰਟ ਤਿਆਰ ਕੀਤੀ ਗਈ ਹੈ।
ਡਾ. ਨਾਗਰਾਜ ਮੁਤਾਬਕ ਭਾਰਤ ਨੂੰ ਏਸਿਮਪਟੋਮੈਟਿਕ ਮਾਮਲਿਆਂ 'ਚ ਵੱਖਰੇ ਤੌਰ 'ਤੇ ਖੋਜ ਕਰਨ ਦੀ ਲੋੜ ਹੈ ਤਾਂ ਜੋ ਠੋਸ ਜਾਣਕਾਰੀ ਹਾਸਲ ਕੀਤੀ ਜਾ ਸਕੇ ਅਤੇ ਸਰਕਾਰ ਵੱਲੋਂ ਉਸ ਨੂੰ ਅਮਲ 'ਚ ਲਿਆਂਦਾ ਜਾ ਸਕੇ।
ਇਸ ਤੋਂ ਇਹ ਵੀ ਪਤਾ ਚੱਲੇਗਾ ਕਿ ਹੌਟਸਪੌਟ ਖੇਤਰਾਂ ਤੋਂ ਬਾਹਰ ਵੀ ਅਜਿਹੇ ਏਸਿਮਪਟੋਮੈਟਿਕ ਮਾਮਲਿਆਂ ਦੇ ਟੈਸਟ ਕਰਨ ਦੀ ਜ਼ਰੂਰਤ ਹੈ ਜਾਂ ਫਿਰ ਨਹੀਂ।