ਪੰਜਾਬ 'ਚ ਖੇਤੀ ਸੰਕਟ: 'ਪਰਵਾਸੀ ਮਜ਼ਦੂਰ ਆ ਨਹੀਂ ਰਹੇ ਤੇ ਪੰਜਾਬੀ ਮਨਮਰਜ਼ੀ ਦਾ ਰੇਟ ਮੰਗਦੇ ਹਨ'

ਤਸਵੀਰ ਸਰੋਤ, Surindermaan/bbc
- ਲੇਖਕ, ਸੁਰਿੰਦਰ ਮਾਨ ਤੇ ਗੁਰਪ੍ਰੀਤ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
"ਮਰਦਾ ਕਿਸਾਨ ਕੀ ਨਾ ਕਰੇ, ਹਰ ਰੋਜ਼ ਰੇਲਵੇ ਸਟੇਸ਼ਨ 'ਤੇ ਧੱਕੇ ਖਾ ਕੇ ਮੁੜ ਆਉਂਦੇ ਹਾਂ। ਪਹਿਲਾਂ ਵਾਂਗ ਬਿਹਾਰ ਦੇ ਮਜ਼ਦੂਰ ਝੋਨਾ ਲਾਉਣ ਲਈ ਨਹੀਂ ਆ ਰਹੇ। ਪੰਜਾਬੀ ਮਜ਼ਦੂਰ ਝੋਨਾ ਲਗਾਉਣ ਦਾ ਮਨਮਰਜ਼ੀ ਦਾ ਰੇਟ ਮੰਗਦੇ ਹਨ, ਜਿਹੜਾ ਸਾਡੇ ਵੱਸੋਂ ਬਾਹਰ ਦੀ ਗੱਲ ਹੈ।"
"ਜੇ ਬਿਹਾਰ ਤੋਂ ਆਉਣ ਵਾਲੇ ਮਜ਼ਦੂਰਾਂ ਦਾ ਇਹੀ ਰੁਝਾਨ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਤਾਂ ਸਾਡੇ ਪੱਲੇ ਤਾਂ ਕੱਖ ਵੀ ਨਹੀਂ ਪੈਣਾ।"
ਇਹ ਕਹਿਣਾ ਹੈ ਝੋਨੇ ਦੀ ਲਵਾਈ ਲਈ ਬਿਹਾਰੀ ਮਜ਼ਦੂਰਾਂ 'ਤੇ ਆਸ ਲਾਈ ਬੈਠੇ ਮੋਗਾ ਦੇ ਕਿਸਾਨ ਗੁਰਦੀਪ ਸਿੰਘ ਦਾ।
ਖੇਤੀ ਸੈਕਟਰ 'ਚ ਪ੍ਰਵਾਸੀ ਮਜ਼ਦੂਰਾਂ ਦੇ ਘਟੇ ਰੁਝਾਨ ਨੇ ਇਸ ਵਾਰ ਝੋਨੇ ਦੀ ਲਵਾਈ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਤਕੜਾ ਆਰਥਿਕ ਝਟਕਾ ਦਿੱਤਾ ਹੈ।
ਇਹ ਵੀ ਪੜ੍ਹੋ-
ਇਸ ਹਾਲਾਤ ਨੇ ਕਈ ਕਿਸਾਨ ਪਰਿਵਾਰਾਂ ਨੂੰ ਆਪਣੇ ਹੱਥੀਂ ਝੋਨਾ ਲਗਾਉਣ ਲਈ ਮਜਬੂਰ ਵੀ ਕੀਤਾ ਹੈ।
ਕਿਸਾਨ ਗੁਰਦੀਪ ਸਿੰਘ ਦਾ ਕਹਿਣਾ ਹੈ, "ਪਹਿਲਾਂ ਤਾਂ ਮਜ਼ਦੂਰਾਂ ਨਾਲ ਇਕੱਲੇ ਪੈਸੇ ਦਾ ਹੀ ਹਿਸਾਬ-ਕਿਤਾਬ ਹੁੰਦਾ ਸੀ।
ਮਜ਼ਦੂਰਾਂ ਦਾ ਵਧਿਆ ਰੇਟ
ਹੁਣ ਬਿਹਾਰ ਤੇ ਯੂਪੀ ਤੋਂ ਆਉਣ ਵਾਲੇ ਮਜ਼ਦੂਰ ਆਪਣੇ ਲਈ ਵਧੀਆ ਫਰਸ਼ਾਂ ਵਾਲੇ ਕਮਰਿਆਂ ਤੇ ਕੂਲਰਾਂ ਦੀ ਮੰਗ ਕਰਨ ਲੱਗੇ ਹਨ। ਮਜਬੂਰੀ 'ਚ ਪੈਸੇ ਖਰਚਣ ਲਈ ਤਿਆਰ ਹਾਂ ਪਰ ਮਜ਼ਦੂਰ ਫਿਰ ਵੀ ਨਹੀਂ ਮਿਲ ਰਹੇ।"
ਬਠਿੰਡਾ, ਪਟਿਆਲਾ, ਫਿਰੋਜ਼ਪੁਰ, ਮੁਕਤਸਰ, ਮੋਗਾ, ਫਰੀਦਕੋਟ ਤੇ ਜਲੰਧਰ ਜ਼ਿਲ੍ਹਿਆਂ 'ਚ ਪਿਛਲੇ ਸਾਲਾਂ ਦੌਰਾਨ ਜਿੱਥੇ ਪ੍ਰਵਾਸੀ ਮਜ਼ਦੂਰ 1800 ਤੋਂ 2200 ਰੁਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਲੈਂਦੇ ਸਨ, ਉੱਥੇ ਇਹ ਭਾਅ ਵਧ ਕੇ ਹੁਣ 3500 ਤੋਂ 4000 ਰੁਪਏ ਪ੍ਰਤੀ ਏਕੜ ਤੱਕ ਪਹੁੰਚ ਗਿਆ ਹੈ।
ਪੰਜਾਬ 'ਚ ਇਸ ਵਾਰ ਸਰਕਾਰ ਵਲੋਂ ਝੋਨੇ ਦੀ ਬਿਜਾਈ ਕਰਨ ਦੇ 13 ਜੂਨ ਤੋਂ ਕਿਸਾਨਾਂ ਨੂੰ ਆਦੇਸ਼ ਜਾਰੀ ਕੀਤੇ ਸਨ।

ਤਸਵੀਰ ਸਰੋਤ, Surindermaan/bbc
ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨ ਤਜਿੰਦਰਪਾਲ ਸਿੰਘ ਨੇ ਆਖਿਆ ਕਿ ਮੁਖ ਮੁਸ਼ਕਿਲ ਇਹ ਹੈ ਕਿ ਝੋਨੇ ਦੀ ਬਿਜਾਈ ਲਈ ਉਨ੍ਹਾਂ ਨੂੰ ਮਜ਼ਦੂਰ ਨਹੀਂ ਮਿਲ ਰਹੇ।
ਕਿਸਾਨ ਤਜਿੰਦਰਪਾਲ ਮੁਤਾਬਕ, "ਜਿੱਥੇ ਪਿਛਲੇ ਸਾਲ ਉਨ੍ਹਾਂ ਇੱਕ ਏਕੜ ਦੀ ਝੋਨੇ ਦੀ ਲਵਾਈ 2600 ਤੋਂ 3000 ਰੁਪਏ ਦਿੱਤੀ ਸੀ ਉਹ ਇਸ ਵਾਰ ਸ਼ੁਰੁਆਤੀ ਦੌਰ 'ਚ 3300-3500 ਰੁਪਏ ਚੱਲ ਰਹੀ ਹੈ। ਲੇਕਿਨ ਉਸਦੇ ਬਾਵਜੂਦ ਜਿੱਥੇ ਉਨ੍ਹਾਂ ਦੀਆ ਫ਼ਸਲਾਂ ਤਿਆਰ ਹਨ, ਮਜ਼ਦੂਰ ਨਹੀਂ ਮਿਲ ਰਹੇ।"
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮਨਰੇਗਾ ਨੂੰ ਖੇਤੀਬਾੜੀ ਸੈਕਟਰ ਦੇ ਹੇਠ ਲੈ ਆਉਣ। ਇਸ ਨਾਲ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ।

ਤਸਵੀਰ ਸਰੋਤ, Gurpreetsinghchawla/bbc
ਜੇਕਰ ਇਨ੍ਹਾਂ ਦਿਨਾਂ ਦੀ ਗੱਲ ਕਰੀਏ ਤਾਂ ਜਿਥੇ ਪੰਜਾਬ ਸਰਕਾਰ ਵਲੋਂ ਟਿਊਬਵੈੱਲ ਲਈ 8 ਘੰਟੇ ਬਿਜਲੀ ਸਪਲਾਈ ਕਿਸਾਨਾਂ ਨੂੰ ਮਿਲ ਰਹੀ ਹੈ ਉੱਥੇ ਕੁਝ ਮੌਸਮ ਵੀ ਮਿਹਰਬਾਨ ਹੈ ਪਰ ਮਜ਼ਦੂਰਾਂ ਦੀ ਘਾਟ ਮੁੱਖ ਵਿਸ਼ਾ ਬਣਿਆ ਹੋਇਆ ਹੈ।
ਜਿਹੜੇ ਕਿਸਾਨਾਂ ਕੋਲ ਪਿਛਲੇ ਕਈ ਸਾਲਾਂ ਤੋਂ ਪੱਕੇ ਤੌਰ 'ਤੇ ਬਿਹਾਰੀ ਮਜ਼ਦੂਰ ਆ ਰਹੇ ਹਨ, ਉਨ੍ਹਾਂ ਕਿਸਾਨਾਂ ਲਈ ਇਕ ਨਵੀਂ ਮੁਸ਼ਕਿਲ ਖੜ੍ਹੀ ਹੋ ਗਈ ਹੈ।
ਪ੍ਰਵਾਸੀ ਮਜ਼ਦੂਰ ਹੁਣ ਆਪਣੇ ਲਈ ਵਧੀਆਂ ਮਿਆਰ ਦੀਆਂ ਬੁਨਿਆਦੀ ਸਹੂਲਤਾਂ ਦੀ ਮੰਗ ਕਰਨ ਲੱਗੇ ਹਨ।
ਮਹਿੰਗੇ ਭਾਅ ਤੇ ਲੇਬਰ
ਪੰਜਾਬ ਖੇਤੀਬਾੜੀ ਵਿਭਾਗ ਦੇ ਸਟੇਟ ਐਵਾਰਡ ਜੇਤੂ ਖੇਤੀ ਮਾਹਰ ਡਾ. ਜਸਵਿੰਦਰ ਸਿੰਘ ਬਰਾੜ ਦਾ ਕਹਿਣਾ ਹੈ, "ਇਸ ਵਾਰ ਤਾਂ ਝੋਨੇ ਦੀ ਲਵਾਈ ਲੇਟ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਹਾਲੇ ਝੋਨੇ ਲਈ ਕਾਫ਼ੀ ਸਮਾਂ ਹੈ। 20 ਫੀਸਦੀ ਦੇ ਕਰੀਬ ਝੋਨੇ ਦੀ ਲਵਾਈ ਹੋ ਚੁੱਕੀ ਹੈ ਤੇ ਇਸ ਫ਼ਸਲ ਲਈ ਪੰਜਾਬ ਦਾ ਮੌਸਮ ਵੀ ਸਾਜਗਾਰ ਹੈ।"
ਪਿੰਡ ਰੌਲੀ (ਮੋਗਾ) ਦਾ ਕਿਸਾਨ ਨਿਰਲਮ ਸਿੰਘ 20 ਏਕੜ ਜ਼ਮੀਨ 'ਚ ਖੇਤੀ ਕਰਦਾ ਹਨ। ਇਹ ਕਿਸਾਨ ਹਰ ਵਾਰ ਰਿਵਾਇਤੀ ਫ਼ਸਲ ਝੋਨੇ ਤੋਂ ਹੋਣ ਵਾਲੀ ਆਮਦਨ 'ਚ ਆਪਣਾ ਆਰਥਿਕ ਭਵਿੱਖ ਦੇਖਦਾ ਹੈ।

ਤਸਵੀਰ ਸਰੋਤ, Surindermaan/bbc
ਨਿਰਮਲ ਸਿੰਘ ਦਾ ਕਹਿਣਾ ਹੈ, "ਲੇਬਰ ਨਾ ਆਉਣ ਕਾਰਨ ਪਰੇਸ਼ਾਨੀ ਹੋ ਰਹੀ ਹੈ। ਪਿਛਲੀ ਵਾਰ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਈ ਸੀ ਤੇ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਕਾਰਨ ਝੋਨੇ ਦੀ ਲਵਾਈ ਲੇਟ ਹੋ ਗਈ ਸੀ।"
"ਨਤੀਜਾ ਇਹ ਨਿਕਲਿਆ ਕਿ ਝੋਨੇ ਦਾ ਝਾੜ ਵੀ ਘੱਟ ਨਿਕਲਿਆ ਸੀ। ਇਸ ਵਾਰ ਫਿਰ ਲੇਟ ਹੋ ਰਹੇ ਹਾਂ ਤੇ ਜੇ ਝਾੜ ਫਿਰ ਘਟ ਗਿਆ ਤਾਂ ਪੈਸੇ ਦਾ ਕਾਫ਼ੀ ਨੁਕਸਾਨ ਹੋ ਜਾਵੇਗਾ।"
ਕੁਝ ਇਸੇ ਤਰਾਂ ਕਿਸਾਨ ਪਰਮਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਮੁਤਾਬਕ ਲੇਬਰ ਨੂੰ ਲੱਭਣ ਲਈ ਸਮਾਂ ਬਰਬਾਦ ਹੋ ਰਿਹਾ ਹੈ ਅਤੇ ਜੇਕਰ ਲੇਬਰ ਮਿਲਦੀ ਹੈ ਤਾਂ ਉਹ ਵੀ ਅਡਵਾਂਸ ਲੈ ਕੇ ਆਉਂਦੀ ਹੈ ਤੇ ਹੁਣ ਮਹਿੰਗੇ ਭਾਅ ਲੇਬਰ ਨੂੰ ਅਡਵਾਂਸ ਦੇਕੇ ਝੋਨੇ ਦੀ ਲਵਾਈ ਲਈ ਕਿਹਾ ਹੈ ਅਤੇ ਉਡੀਕ ਹੈ ਕਿ ਕਦੋਂ ਉਹ ਹੁਣ ਆਉਣਗੇ।
ਇਹ ਵੀ ਜ਼ਰੂਰ ਪੜ੍ਹੋ:

ਤਸਵੀਰ ਸਰੋਤ, Gurpreetsinghchawla/bbc
ਭਾਰਤੀ ਕਿਸਾਨ ਯੂਨੀਅਨ ਮਾਨ ਦੇ ਆਗੂ ਅਤੇ ਕਿਸਾਨ ਗੁਰਬਚਨ ਸਿੰਘ ਬਾਜਵਾ ਆਖਦੇ ਹਨ ਕਿ ਪੰਜਾਬ 'ਚ ਇੱਕ ਸਮਾਂ ਸੀ ਜਦ ਬਹੁਤ ਵੱਡੀ ਤਾਦਾਦ 'ਚ ਪੰਜਾਬੀ ਖੇਤ ਮਜ਼ਦੂਰ ਸਨ ਪਰ ਹੁਣ ਤਾਂ ਜਿਵੇਂ ਕਾਲ ਪਿਆ ਹੋਵੇ।
ਜਦੋਂ ਝੋਨੇ ਦੀ ਲਵਾਈ ਬਦਲੇ ਲੈਂਦੇ ਸੀ ਕਣਕ
ਪੰਜਾਬੀ ਖੇਤ ਮਜ਼ਦੂਰਾਂ ਦੀ ਗਿਣਤੀ ਦੀ ਘਾਟ ਬਾਰੇ ਗੁਰਬਚਨ ਬਾਜਵਾ ਕਹਿੰਦੇ ਹਨ, "ਜਦੋਂ ਦਾ ਸਰਕਾਰਾਂ ਨੇ ਸਸਤਾ ਅਨਾਜ-ਦਾਲ ਸਕੀਮ ਅਤੇ ਇਸ ਵਰਗ ਦੇ ਲੋਕਾਂ ਨੂੰ ਹੋਰ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ ਹਨ ਉਦੋਂ ਤੋਂ ਉਹ ਖੇਤੀ ਮਜ਼ਦੂਰੀ ਤੋਂ ਲਾਂਬੇ ਹੁੰਦੇ ਜਾ ਰਹੇ ਹਨ ਅਤੇ ਹੋਰ ਛੋਟੇ ਮੋਟੇ ਕੰਮਾਂ ਨਾਲ ਹੀ ਗੁਜ਼ਾਰਾ ਕਰ ਰਹੇ ਹਨ।"

ਤਸਵੀਰ ਸਰੋਤ, Gurpreetsinghchawla/bbc
ਇਸਦੇ ਨਾਲ ਹੀ ਪੁਰਾਣੇ ਢੰਗ ਬਾਰੇ ਗੱਲ ਕਰਦਿਆਂ ਗੁਰਬਚਨ ਸਿੰਘ ਬਾਜਵਾ ਆਖਦੇ ਹਨ ਕਿ ਜਦ ਸਾਲ 1955 ਵਿੱਚ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਤਾਂ ਮਜ਼ਦੂਰੀ ਦੇ ਇਵਜ਼ 'ਚ ਇੱਕ ਏਕੜ ਦੀ ਲਵਾਈ ਬਦਲੇ ਖੇਤ ਮਜ਼ਦੂਰੀ ਵਜੋਂ ਇਕ ਮਣ ਕਣਕ ਲੈਂਦੇ ਸੀ।
"ਸਮੇਂ ਨਾਲ ਲਗਾਤਾਰ ਇਹ ਮੰਗ ਵੱਧਦੀ ਗਈ ਅਤੇ ਇੱਕ ਏਕੜ ਦੀ ਲਵਾਈ ਬਦਲੇ ਇਕ ਕੁਇੰਟਲ ਤੱਕ ਪਹੁੰਚ ਗਈ ਅਤੇ ਅਖ਼ੀਰ ਨਕਦ ਪੈਸੇ 'ਤੇ ਆ ਗਏ। ਉਸ ਦਾ ਮੁੱਖ ਕਾਰਨ ਸੀ ਕਿ ਜਿਣਸ ਦਾ ਮੂਲ ਵਧਿਆ ਨਹੀਂ ਲੇਕਿਨ ਅੱਜ ਮਜ਼ਦੂਰੀ ਬਹੁਤ ਵੱਧ ਗਈ ਹੈ।"
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਆਰਥਿਕ ਵਿਸ਼ੇ ਦੇ ਮਾਹਰ ਡਾ. ਐਮਐਸ ਸਿੱਧੂ ਮੰਨਦੇ ਹਨ ਕਿ ਪੰਜਾਬ ਦੇ ਕਿਸਾਨਾਂ ਨੇ 1980 ਦੇ ਦਹਾਕੇ ਤੋਂ ਹੀ ਹੱਥੀਂ ਖੇਤੀ ਕਰਨ ਦਾ ਕੰਮ ਤਕਰੀਬਨ ਛੱਡਿਆ ਹੋਇਆ ਹੈ।

ਤਸਵੀਰ ਸਰੋਤ, Surindermaan/bbc
"ਇਹੀ ਕਾਰਨ ਹੈ ਕਿ ਅੱਜ ਪੰਜਾਬ ਦਾ ਕਿਸਾਨ ਪੂਰਨ ਤੌਰ 'ਤੇ ਪ੍ਰਵਾਸੀ ਮਜ਼ਦੂਰਾਂ 'ਤੇ ਨਿਰਭਰ ਹੋ ਗਏ ਹਨ। ਆਪਣੇ ਹੱਥੀਂ ਕੰਮ ਕਰਨ ਦੀ ਬਜਾਇ ਰੇਲਵੇ ਸਟੇਸ਼ਨਾਂ 'ਤੇ ਮਜ਼ਦੂਰਾਂ ਦੇ ਤਰਲੇ ਕੱਢਣ ਨੌਬਤ ਆ ਗਈ ਹੈ।"
ਗਰਮੀ 'ਚ ਮਿਹਨਤ ਵਾਲਾ ਕੰਮ
ਉਧਰ ਬਿਹਾਰ ਤੋਂ ਆਏ ਮਜ਼ਦੂਰ ਰੂਪ ਲਾਲ ਨੇ ਆਖਿਆ ਕਿ ਉਹ ਬਿਹਾਰ ਤੋਂ 10 ਆਦਮੀਆਂ ਨਾਲ ਝੋਨੇ ਦੀ ਲੇਬਰ ਲਈ ਪੰਜਾਬ ਪਹੁੰਚੇ ਹਨ ਅਤੇ ਇਸ ਵਾਰ ਉਹ 3000 ਰੁਪਏ ਪ੍ਰਤੀ ਏਕੜ ਲਵਾਈ ਲੈ ਰਹੇ ਹਨ।
ਰੂਪ ਲਾਲ ਨੇ ਦੱਸਿਆ, "ਉਹ 10 ਆਦਮੀ ਸਵੇਰੇ 6 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਰੋਜ਼ਾਨਾ ਕੰਮ ਕਰਦੇ ਹਨ ਅਤੇ 2 ਕਿੱਲੇ ਝੋਨੇ ਦੀ ਬਿਜਾਈ ਕਰਦੇ ਹਨ ਅਤੇ ਕਰੀਬ ਇਕ ਮਜ਼ਦੂਰ ਦੇ ਹਿੱਸੇ 500-600 ਰੁਪਏ ਆਉਂਦੇ ਹਨ। ਲੇਕਿਨ ਇਹ ਕੰਮ ਬਹੁਤ ਗਰਮੀ 'ਚ ਮਿਹਨਤ ਵਾਲਾ ਹੈ। ਇਹੀ ਕਾਰਨ ਹੈ ਕਿ ਹੁਣ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਵੀ ਮਜ਼ਦੂਰ ਘਟ ਆ ਰਹੇ ਹਨ।"
ਇਹ ਵੀ ਪੜ੍ਹੋ-

ਤਸਵੀਰ ਸਰੋਤ, Gurpreetsinghchawla/bbc
ਉਸ ਦਾ ਕਹਿਣਾ ਹੈ, "ਉਹ 3 ਲੋਕ ਇੱਕ ਦਿਨ 'ਚ ਇੱਕ ਏਕੜ ਝੋਨੇ ਦੀ ਬਿਜਾਈ ਕਰਦੇ ਹਨ ਅਤੇ ਉਸ ਬਦਲੇ 3300 ਤੋਂ 3500 ਮਜ਼ਦੂਰੀ ਲੈਂਦੇ ਹਨ। ਕੰਮ ਦੀ ਕੋਈ ਘਾਟ ਨਹੀਂ ਹੈ ਅਤੇ ਅਡਵਾਂਸ 'ਚ ਝੋਨੇ ਦੀ ਬਿਜਾਈ ਦਾ ਕੰਮ ਉਨ੍ਹਾਂ ਕੋਲ ਹੈ। ਹੁਣ ਕੁਝ ਦਿਨ ਉਹ ਇਥੇ ਮਿਹਨਤ ਕਰ ਕੇ ਵਾਪਿਸ ਬਿਹਾਰ ਜਾ ਰਹੇ ਹਨ ਅਤੇ ਉਥੇ ਵੀ ਝੋਨੇ ਦੀ ਬਿਜਾਈ ਕਰਨਗੇ।"
ਪੰਜਾਬੀ ਮਜ਼ਦੂਰਾਂ ਦੀ ਘਾਟ
ਜਿਥੇ ਪ੍ਰਵਾਸੀ ਮਜਦੂਰਾਂ ਦੇ ਜੁਟ ਝੋਨੇ ਦੀ ਲਵਾਈ ਕਰਦੇ ਨਜ਼ਰ ਆਉਂਦੇ ਹਨ ਉਥੇ ਪੰਜਾਬੀ ਖੇਤ ਮਜ਼ਦੂਰ ਵੀ ਖੇਤਾਂ 'ਚ ਝੋਨੇ ਦੀ ਲਵਾਈ ਕਰਦੇ ਨਜ਼ਰ ਜਰੂਰ ਆਉਂਦੇ ਹਨ। ਪਰ ਉਨ੍ਹਾਂ ਦੀ ਗਿਣਤੀ ਵਿਰਲੀ ਹੀ ਹੈ।
ਖ਼ੁਦ ਪੰਜਾਬੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਗਿਣਤੀ ਔਸਤਨ ਪਿਛਲੇ ਸਮੇਂ ਤੋਂ ਬਹੁਤ ਘੱਟ ਹੈ।

ਤਸਵੀਰ ਸਰੋਤ, Gurpreetsinghchawla/bbc
ਪਿੰਡ ਪੰਜਗਰਾਈਆਂ ਦੇ ਖੇਤਾਂ 'ਚ ਝੋਨੇ ਲਗਾਉਂਦੇ ਇਕ ਪੰਜਾਬੀ ਜੁਟ 'ਚ ਸ਼ਾਮਿਲ ਮੋਹਨ ਸਿੰਘ ਨੇ ਦਸਿਆ ਕਿ ਉਨ੍ਹਾਂ ਕੋਲ ਝੋਨਾ ਲਾਉਣ ਦਾ ਕੰਮ ਤਾਂ ਬਹੁਤ ਹੈ ਪਰ ਹੁਣ ਪੰਜਾਬੀ ਲੋਕ ਇਸ ਮਜ਼ਦੂਰੀ ਤੋਂ ਦੂਰ ਹੀ ਹਨ ਅਤੇ ਖ਼ਾਸ ਕਰ ਔਰਤਾਂ ਅਤੇ ਨੌਜਵਾਨ ਤਾਂ ਇਸ ਕੰਮ ਨੂੰ ਕਰਨਾ ਲਗਭਗ ਬੰਦ ਹੀ ਕਰ ਗਏ ਹਨ।
"ਉਸ ਦਾ ਕਾਰਨ ਹੈ ਕਿ ਔਰਤਾਂ ਘਰਾਂ 'ਚ ਸਾਫ ਸਫਾਈ ਅਤੇ ਮਨਰੇਗਾ 'ਚ ਦਿਹਾੜੀ ਕਰ ਗੁਜ਼ਾਰਾ ਕਰ ਰਹੀਆਂ ਹਨ। ਇਸ ਕੰਮ 'ਚ ਮਿਹਨਤ ਜ਼ਿਆਦਾ ਹੈ ਅਤੇ ਨੌਜਵਾਨ ਇੰਨੀ ਮਿਹਨਤ ਕਰਕੇ ਰਾਜ਼ੀ ਨਹੀਂ।"
ਖੇਤ 'ਚ ਝੋਨਾ ਲਾ ਰਹੀ ਪਿੰਡ ਪੰਜਗਰਾਈਆਂ ਦੀ ਰਹਿਣ ਵਾਲੀ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਇਹ ਪਹਿਲੇ ਵੀ ਇਹੀ ਕੰਮ ਕਰਦੀ ਸੀ ਅਤੇ ਹੁਣ ਵੀ ਪਰਿਵਾਰ ਦੀਆ ਲੋੜਾਂ ਲਈ ਅਤੇ ਮਜਬੂਰੀ ਵੱਸ ਇਹ ਕੰਮ ਕਰ ਰਹੀ ਹੈ।

ਤਸਵੀਰ ਸਰੋਤ, Gurpreetsinghchawla/bbc
ਉਨ੍ਹਾਂ ਨੇ ਦੱਸਿਆ, "ਮੈਂ ਸਵੇਰੇ 4 ਵਜੇ ਉੱਠ ਘਰ ਦੇ ਕੰਮ ਕਰ 6 ਵਜੇ ਖੇਤਾਂ 'ਚ ਆਉਂਦੀ ਹਾਂ ਅਤੇ ਸ਼ਾਮ 7 ਵਜੇ ਤੱਕ ਸਖ਼ਤ ਮਿਹਨਤ ਕਰ ਝੋਨੇ ਦੀ ਬਿਜਾਈ ਕਰ ਕੇ ਪੈਸੇ ਇਕੱਠੇ ਕਰ ਰਹੀ ਹਾਂ।"
ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ 'ਚ ਹੁਣ ਤਾਂ ਬਹੁਤ ਘੱਟ ਹੀ ਔਰਤਾਂ ਹਨ ਜੋ ਝੋਨੇ ਦੀ ਬਿਜਾਈ ਦਾ ਕੰਮ ਕਰ ਰਹੀਆਂ ਹਨ। ਕੁਝ ਔਰਤਾਂ ਮਨਰੇਗਾ 'ਚ ਦਿਹਾੜੀ ਕਰ ਗੁਜ਼ਾਰਾ ਕਰ ਲੈਂਦੀਆਂ ਹਨ।
ਗੁਰਮੀਤ ਕੌਰ ਮੁਤਾਬਕ ਉਹ ਖੁਦ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਆਪਣੀਆਂ ਨੂੰਹਾਂ-ਧੀਆਂ ਇਹ ਕੰਮ ਕਰਨ।
ਗੁਰਮੀਤ ਨੇ ਕਿਹਾ ਕਿ ਉਨ੍ਹਾਂ ਦੀ ਆਸ ਇਹੀ ਹੈ ਕਿ ਉਨ੍ਹਾਂ ਦੇ ਬੱਚੇ ਨਾ ਰੁਲਣ ਅਤੇ ਉਹ ਕੋਈ ਚੰਗਾ ਕੰਮ ਕਰਨ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













