ਕਿਸਾਨੀ ਸੰਕਟ ਨੇ ਜਸਪਾਲ ਕੌਰ ਦੇ ਪਤੀ ਤੇ ਦੋ ਪੁੱਤਾਂ ਦੀ ਬਲੀ ਲਈ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੰਜਾਬੀ
ਪੰਜਾਬ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਮਾਮਲੇ ਹੁਣ ਕੋਈ ਨਵਾ ਮੁੱਦਾ ਨਹੀਂ ਹਨ। ਰੋਜ਼ਾਨਾ ਕਿਸੇ ਨਾ ਕਿਸੇ ਕਿਸਾਨ ਦੀ ਖੁਦਕੁਸ਼ੀ ਮੀਡੀਆ ਦੀ ਸੁਰਖ਼ੀ ਬਣ ਰਹੀ ਹੈ।
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵੈਸੇ ਤਾਂ ਪੰਜਾਬ ਦੇ ਬਾਕੀ ਜਿਲਿਆਂ ਦੇ ਮੁਕਾਬਲੇ ਸਭ ਤੋਂ ਖੁਸ਼ਹਾਲ ਜ਼ਿਲ੍ਹਿਆਂ ਚੋ ਇੱਕ ਹੈ ਪਰ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਇਸ ਦਾ ਨਾਂ ਵੀ ਹੌਲੀ ਹੌਲੀ ਸ਼ਾਮਲ ਹੁੰਦਾ ਜਾ ਰਿਹਾ ਹੈ।
ਫ਼ਤਹਿਗੜ੍ਹ ਸਾਹਿਬ ਦਾ ਪਿੰਡ ਚਨਾਰਥਲ ਕਲਾਂ ਕਿਸਾਨੀ ਸੰਕਟ ਵਿੱਚ ਅਜਿਹਾ ਘਿਰਿਆ ਕਿ ਇੱਕ ਹੀ ਟੱਬਰ ਦੀਆਂ ਤਿੰਨ ਅਰਥੀਆਂ ਘਰੋਂ ਨਿਕਲੀਆਂ।
ਵੱਡੇ ਲੜਕੇ ਨੇ ਖ਼ੁਦਕੁਸ਼ੀ ਕੀਤੀ ਤਾਂ ਉਸ ਦੇ ਗਮ ਵਿੱਚ ਪਿਉ ਨੇ ਅਤੇ ਬਾਅਦ ਵਿੱਚ ਇਕੱਲੇ ਰਹਿ ਗਏ ਛੋਟੇ ਮੁੰਡੇ ਨੇ ਵੀ ਫ਼ਾਹਾ ਲਾ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।
ਘਰ ਵਿੱਚ ਬਸ ਇੱਕ ਬਜ਼ੁਰਗ ਮਾਈ ਬਚੀ ਹੈ। ਫਰੇਮ ਵਿੱਚ ਜੜੇ ਦੋਵਾਂ ਮੁੰਡਿਆਂ ਦੇ ਸ਼ਗਨਾਂ ਦੇ ਸਿਹਰੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਕਿ ਇੱਥੇ ਕਦੇ ਜਸ਼ਨਾਂ ਦਾ ਮਾਹੌਲ ਸੀ, ਜਿਹੜਾ ਹੁਣ ਭਿਆਨਕ ਚੁੱਪ ਵਿੱਚ ਬਦਲ ਗਿਆ ਹੈ।

ਪਰਿਵਾਰ ਮੁਤਾਬਕ ਤਿੰਨਾਂ ਨੇ ਕਰਜ਼ ਤੇ ਆੜ੍ਹਤੀਆਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਆਤਮ ਹੱਤਿਆ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਆੜ੍ਹਤੀ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ।
ਬਜ਼ੁਰਗ ਮਹਿਲਾ ਜਸਪਾਲ ਕੌਰ ਨੇ ਦੱਸਿਆ, 'ਕੁਝ ਸਾਲ ਪਹਿਲਾਂ ਮੇਰੇ ਘਰ ਵਿੱਚ ਪੂਰੀਆਂ ਰੌਣਕਾਂ ਸਨ ਪਰ ਅੱਜ ਪੂਰੀ ਤਰਾਂ ਉਜਾੜ ਹੈ'।
ਗ਼ਮ ਅਤੇ ਨਿਰਾਸ਼ਾ ਜਸਪਾਲ ਕੌਰ ਦੇ ਚਿਹਰੇ ਉਤੇ ਸਾਫ਼ ਝਲਕਦੀ ਹੈ।

ਜਸਪਾਲ ਕੌਰ ਦੱਸਦੀ ਹੈ, 'ਅੱਠ ਸਾਲ ਪਹਿਲਾਂ ਜਵਾਨ ਪੁੱਤ ਦੀ ਮੌਤ ਦਾ ਗ਼ਮ ਮੈਂ ਅਜੇ ਭੁੱਲੀ ਨਹੀਂ ਸੀ ਕਿ ਪਿਛਲੇ ਸਾਲ ਦਸੰਬਰ ਵਿੱਚ ਮੇਰੇ ਘਰ ਵਾਲੇ ਨੇ ਸਪਰੇਅ ਵਾਲੀ ਕੀਟ ਨਾਸ਼ਕ ਦਵਾਈ ਪੀ ਕੇ ਆਪਣੀ ਜਾਨ ਦੇ ਦਿੱਤੀ'।
ਜਸਪਾਲ ਕੌਰ ਕਹਿੰਦੀ ਹੈ, 'ਪਿੰਡ ਦੇ ਆੜ੍ਹਤੀਏ ਨੇ ਸਾਡੀ ਸਾਰੀ ਜ਼ਮੀਨ ਕਿਸੇ ਨੂੰ ਝਾਂਸਾ ਦੇ ਕੇ ਵੇਚ ਦਿੱਤੀ। ਵਾਰ ਵਾਰ ਚੱਕਰ ਮਾਰਨ ਤੋਂ ਬਾਅਦ ਵੀ ਆੜ੍ਹਤੀਏ ਨੇ ਜ਼ਮੀਨ ਦੇ ਬਦਲੇ ਪੈਸੇ ਸਾਨੂੰ ਨਹੀਂ ਦਿੱਤੇ। ਇਸੇ ਚੱਕਰ ਵਿੱਚ ਮੇਰੇ ਘਰ ਵਾਲੇ ਆਪਣੀ ਜਾਨ ਦੇ ਦਿੱਤੀ ਅਤੇ ਉਸ ਤੋਂ ਬਾਅਦ ਛੋਟਾ ਮੁੰਡਾ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ'।
ਜਸਪਾਲ ਕੌਰ ਦੱਸਦੀ ਹੈ, ''ਪੈਸਿਆਂ ਦਾ ਚੱਕਰ ਸੀ ਆੜ੍ਹਤੀਏ ਨਾਲ, ਅਸੀਂ ਚਾਰ ਲੱਖ ਉਨ੍ਹਾਂ ਦਾ ਦੇਣਾ ਸੀ ਪਰ ਉਸ ਨੇ ਇਹ ਰਕਮ 24 ਲੱਖ ਬਣਾ ਦਿੱਤੀ। ਇਹ ਪੈਸੇ ਵੀ ਜ਼ਮੀਨ ਵੇਚ ਦੇ ਕਿ ਉਸ ਨੂੰ ਦੇ ਦਿੱਤੇ ਪਰ ਉਹ ਧੋਖੇ ਨਾਲ ਸਾਰੀ ਜ਼ਮੀਨ ਹੀ ਵੇਚ ਗਿਆ ਅਤੇ ਇਸ ਦੇ ਪੈਸੇ ਵੀ ਨੱਪ ਲਏ''।

ਜਸਪਾਲ ਕੌਰ ਦੀ ਧੀ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਘਰ ਵਿਚ ਗ਼ਰੀਬੀ ਇੰਨੀਂ ਹੈ ਕਿ ਖਾਣ ਦੇ ਵੀ ਲਾਲੇ ਪਏ ਹੋਏ ਹਨ।
ਦਵਿੰਦਰ ਦੀ ਪਤਨੀ ਆਪਣੀ ਅੱਠ ਸਾਲ ਦੀ ਬੱਚੀ ਨੂੰ ਨਾਲ ਲੈ ਕੇ ਪੇਕੇ ਪੱਕੇ ਤੌਰ ਉਤੇ ਚਲੀ ਗਈ ਹੈ।

ਬਲਜਿੰਦਰ ਆਪਣੇ ਭਰਾ ਬਾਰੇ ਯਾਦ ਕਰਕੇ ਦੱਸਦੀ ਹੈ ਕਿ '' ਪਿਤਾ ਦੇ ਚਲੇ ਜਾਣ ਤੋਂ ਬਾਅਦ ਅਤੇ ਜ਼ਮੀਨ ਸਬੰਧੀ ਹੋਏ ਧੋਖੇ ਕਾਰਨ ਉਹ ਤਣਾਅ ਵਿੱਚ ਸੀ ਇਸ ਕਰਕੇ ਇੱਕ ਦਿਨ ਉਸ ਨੇ ਕਮਰੇ ਦੀ ਕੁੰਡੀ ਲਗਾਈ ਅਤੇ ਫਾਹਾ ਲੈ ਕੇ ਜਾਨ ਦੇ ਦਿੱਤੀ।
ਇਸ ਮੁੱਦੇ ਉਤੇ ਕਿਸਾਨ ਸੰਗਠਨ ਸਰਕਾਰ ਨੂੰ ਘੇਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਨੇਕ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਨਾਲ ਹੋਈ ਧੱਕੇਸ਼ਾਹੀ ਦੇ ਖ਼ਿਲਾਫ਼ ਉਹਨਾਂ ਨੇ ਕਈ ਧਰਨੇ ਲਾਏ ਪਰ ਸਰਕਾਰ ਦੇ ਕੰਨ ਉਤੇ ਜੂੰ ਨਹੀਂ ਸਰਕੀ।
ਦੂਜੇ ਪਾਸੇ ਫ਼ਤਿਹਗੜ੍ਹ ਸਾਹਿਬ ਦੇ ਡੀਐੱਸਪੀ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਆੜ੍ਹਤੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੋਇਆ ਹੈ ਅਤੇ ਮਾਮਲੇ ਵਿੱਚ ਤਿੰਨ ਭਰਾ ਦੋਸ਼ੀ ਹਨ ਜਿੰਨ੍ਹਾਂ ਵਿੱਚੋਂ ਇੱਕ ਮੁਲਜ਼ਮ ਕਿਸੇ ਹੋਰ ਮਾਮਲੇ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਹਨ ਜਦ ਕਿ ਬਾਕੀ ਦੋਵਾਂ ਨੂੰ ਫ਼ੜਨ ਦੀ ਕੋਸ਼ਿਸ਼ ਜਾਰੀ ਹੈ।
ਕੀ ਕਹਿੰਦੇ ਹਨ ਅੰਕੜੇ
ਨੈਸ਼ਨਲ ਕਰਾਈਮ ਬਿਊਰੋ (ਐੱਨਸੀਆਰਬੀ) ਦੇ ਅਨੁਸਾਰ ਸਾਲ 2015 ਵਿੱਚ ਪੂਰੇ ਭਾਰਤ ਵਿਚ 12602 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ,ਜਿਸ ਦੇ ਵਿਚੋਂ ਸਭ ਤੋਂ ਜ਼ਿਆਦਾ ਗਿਣਤੀ ਮਹਾਂਰਾਸ਼ਟਰ ਦੀ ਹੈ।

ਬਾਕੀ ਸੂਬਿਆਂ ਨਾਲੋਂ ਭਾਵੇਂ ਪੰਜਾਬ ਦੀ ਗਿਣਤੀ ਤਾਂ ਕਾਫ਼ੀ ਘੱਟ ਹੈ ਪਰ ਇੱਥੇ ਵੀ ਗਿਣਤੀ ਤੇਜ਼ੀ ਵੱਧ ਰਹੀ ਹੈ ਜੋ ਕਿ ਚਿੰਤਾ ਦੀ ਗੱਲ ਹੈ।
ਸਰਕਾਰੀ ਅੰਕੜਿਆਂ ਮੁਤਾਬਕ ਸੂਬੇ 'ਚ 2014 ਵਿੱਚ 24 ਕਿਸਾਨਾਂ ਖੁਦਕੁਸ਼ੀ ਕੀਤੀ।
ਜੋ ਕਿ ਸਾਲ 2015 ਵਿੱਚ ਵੱਧ ਕੇ 100 ਹੋ ਗਈ। ਇਸ ਤੋ ਬਾਅਦ ਦੇ ਅੰਕੜੇ ਅਜੇ ਜਾਰੀ ਨਹੀਂ ਕੀਤੇ ਗਏ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸੂਬਾ ਸਰਕਾਰ ਨੂੰ ਸੌਂਪੀ ਇੱਕ ਰਿਪੋਰਟ ਅਨੁਸਾਰ ਸਾਲ 2000 ਤੋਂ 2016 ਤੱਕ ਸੂਬੇ ਦੇ 22 ਜ਼ਿਲ੍ਹਿਆਂ ਵਿੱਚ 1674 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ।
ਕੀ ਕਹਿੰਦੇ ਹਨ ਜਾਣਕਾਰ
ਖੇਤੀਬਾੜੀ ਮਾਮਲਿਆਂ ਦੇ ਜਾਣਕਾਰ ਦਵਿੰਦਰ ਸ਼ਰਮਾ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਇਸ ਵਕਤ ਸਭ ਤੋਂ ਵੱਧ ਲੋੜ ਪੈਸਿਆਂ ਦੀ ਹੈ, ''ਜੇ ਸਰਕਾਰ ਆਪਣੇ ਮੁਲਾਜ਼ਮਾਂ ਵਾਸਤੇ ਪੇਅ-ਕਮਿਸ਼ਨ ਬਿਠਾ ਸਕਦੀ ਹੈ ਤਾਂ ਕਿਸਾਨਾਂ ਵਾਸਤੇ ਫਾਰਮਰ ਕਮਿਸ਼ਨ ਕਿਉਂ ਨਹੀਂ"।
ਇਸ ਦੇ ਨਾਲ ਹੀ ਕਰਿੱਡ ਦੇ ਆਰਥਿਕ ਮਾਮਲਿਆਂ ਦੇ ਜਾਣਕਾਰ ਰਣਜੀਤ ਸਿੰਘ ਘੁੰਮਣ ਦੇ ਅਨੁਸਾਰ ਪਿਛਲੇ ਕੁੱਝ ਮਹੀਨਿਆਂ ਤੋਂ ਕਿਸਾਨਾਂ ਦੀ ਖੁਦਕੁਸ਼ੀਆਂ ਦੇ ਮਾਮਲੇ ਅੱਗੇ ਨਾਲੋਂ ਵਧੇ ਹਨ।
"ਕਿਸਾਨਾਂ ਦੀ ਆਮਦਨ ਘਟਦੀ ਜਾ ਰਹੀ ਹੈ ਤੇ ਕਰਜ਼ਾ ਵਧਦਾ ਜਾ ਰਿਹਾ ਹੈ।''













