ਖੇਤੀ ਸੰਕਟ ਦੀ ਸ਼ਨਾਖ਼ਤ: ਪੰਜਾਬੀ ਕਿਸਾਨ ਵਿਹਲੜ ਨਹੀਂ

ਕਿਸਾਨ

ਤਸਵੀਰ ਸਰੋਤ, AFP/GETTY IMAGES

    • ਲੇਖਕ, ਦਲਜੀਤ ਅਮੀ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਖੇਤੀ ਸੰਕਟ ਦੀ ਜੜ੍ਹ ਦੀ ਸ਼ਨਾਖ਼ਤ ਕਰਨ ਦੀ ਥਾਂ ਉੱਤੇ ਕਿਸਾਨੀ ਨੂੰ ਹੀ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ।

ਕਿਸਾਨਾਂ ਦਾ ਵਿਹਲਾ ਰਹਿਣਾ, ਸਮਾਜਿਕ-ਧਾਰਮਿਕ ਸਮਾਗਮਾਂ ਉੱਤੇ ਬੇਹਿਸਾਬਾ ਖ਼ਰਚ ਕਰਨਾ, ਰੀਸ ਨਾਲ ਖੇਤੀ ਮਸ਼ੀਨਰੀ ਖਰੀਦਣਾ ਅਤੇ ਨਸ਼ੇ ਦਾ ਸੇਵਨ ਕਰਨ ਦੀਆਂ ਧਾਰਨਾਵਾਂ ਹਕੀਕਤ ਤੋਂ ਕੋਹਾਂ ਦੂਰ ਹਨ।

ਚੰਡੀਗੜ੍ਹ ਵਿੱਚ ਚੱਲ ਰਹੀ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਪਹਿਲੇ ਦਿਨ ਪੰਜਾਬ ਦੇ ਖੇਤੀ ਸੰਕਟ ਦੀ ਸ਼ਨਾਖ਼ਤ ਲਈ ਪੇਸ਼ ਕੀਤੀਆਂ ਜਾਂਦੀਆਂ ਧਾਰਨਾਵਾਂ ਦੀ ਅਸਲੀਅਤ ਉੱਤੇ ਪ੍ਰੋ. ਸੁਖਪਾਲ ਸਿੰਘ ਨੇ ਅੰਕੜਿਆਂ ਦੇ ਹਵਾਲੇ ਨਾਲ ਰੌਸ਼ਣੀ ਪਾਈੇ।

ਖੇਤੀ ਸੰਕਟ ਦੀ ਸ਼ਨਾਖ਼ਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਪ੍ਰੋ. ਸੁਖਪਾਲ ਸਿੰਘ ਨੇ ਪੰਜਾਬ ਯੂਨੀਵਰਸਿਟੀ ਵਿੱਚ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਆਪਣੀ ਗੱਲਬਾਤ ਕਿਸਾਨੀ ਸੰਕਟ ਦੀ ਸ਼ਨਾਖ਼ਤ ਲਈ ਪੇਸ਼ ਕੀਤੇ ਜਾਂਦੇ ਨੁਕਤਿਆਂ ਉੱਤੇ ਹੀ ਕੇਂਦਰਤ ਕੀਤੀ।

ਪ੍ਰੋ ਸੁਖਪਾਲ ਨੇ ਦੱਸਿਆ ਕਿ ਪੰਜਾਬ ਦੀ ਖੇਤੀ ਵਿੱਚ ਕਣਕ-ਚੌਲ ਦੇ ਫ਼ਸਲ-ਚੱਕਰ ਨਾਲ ਸਭ ਤੋਂ ਵੱਧ ਮੁਨਾਫ਼ਾ ਹੁੰਦਾ ਹੈ ਕਿਉਂਕਿ ਇਨ੍ਹਾਂ ਫ਼ਸਲਾਂ ਦਾ ਉਤਪਾਦਨ ਅਤੇ ਮੰਡੀਕਰਨ ਯਕੀਨਣ ਹੈ।

ਕਿਸਾਨ

ਤਸਵੀਰ ਸਰੋਤ, AFP/GETTY IMAGES

ਉਨ੍ਹਾਂ ਦੱਸਿਆ, "ਪੰਜਾਬ ਵਿਚ ਇਨ੍ਹਾਂ ਫ਼ਸਲਾਂ ਦਾ ਪ੍ਰਤੀ ਦਿਨ ਝਾੜ ਦੁਨੀਆਂ ਵਿੱਚ ਸਭ ਤੋਂ ਵੱਧ ਹੈ। ਇੱਕ ਏਕੜ ਵਿੱਚ ਕਣਕ ਦੀ ਫ਼ਸਲ ਦੌਰਾਨ ਅੱਠ ਦਿਨ ਅਤੇ ਝੋਨੇ ਦੀ ਫ਼ਸਲ ਦੌਰਾਨ ਵੀਹ ਦਿਨਾਂ ਦਾ ਕੰਮ ਹੁੰਦਾ ਹੈ ਜੋ ਸਾਲਾਨਾ ਅਠਾਈ ਦਿਨ ਬਣਦਾ ਹੈ।''

"ਇਸ ਤਰ੍ਹਾਂ ਚਾਰ ਏਕੜ ਵਾਲੇ ਪਰਿਵਾਰ ਕੋਲ 112 ਦਿਨਾਂ ਦਾ ਕੰਮ ਹੈ ਅਤੇ ਖੇਤੀ ਵਾਲੇ ਪਰਿਵਾਰਾਂ ਵਿੱਚ ਔਸਤਨ ਦੋ ਬੰਦੇ ਕੰਮ ਕਰਦੇ ਹਨ।''

ਕਿਸਾਨ ਪਰਿਵਾਰਾਂ ਬਾਬਤ ਤੱਥ

ਪ੍ਰੋ ਸੁਖਪਾਲ ਨੇ ਵੱਖ-ਵੱਖ ਸੋਮਿਆਂ ਦੇ ਹਵਾਲੇ ਨਾਲ ਦੱਸਿਆ ਕਿ ਸੂਬੇ ਵਿੱਚ 10.5 ਲੱਖ ਖੇਤੀ ਪਰਿਵਾਰ ਹਨ ਅਤੇ ਕਿਸਾਨ ਕਾਮੇ 20 ਲੱਖ ਹਨ। ਜੇ ਪਰਿਵਾਰ ਵਿੱਚ ਦੋ ਜੀਅ ਕੰਮ ਕਰਦੇ ਹਨ ਤਾਂ ਸਾਲਾਨਾ 56 ਦਿਨਾਂ ਦਾ ਕੰਮ ਹੈ।

ਇਹ ਕੰਮ ਕੌਣ ਕਰਦਾ ਹੈ?

ਫ਼ਸਲ ਨਾਲ ਜੁੜੇ ਕੰਮਾਂ ਦੀਆਂ ਲੋੜਾਂ ਅਤੇ ਮਜਬੂਰੀਆਂ ਬਾਬਤ ਪ੍ਰੋ. ਸੁਖਪਾਲ ਨੇ ਕੁਝ ਨੁਕਤੇ ਧਿਆਨ ਵਿੱਚ ਲਿਆ ਕੇ ਆਪਣੀ ਦਲੀਲ ਦਿੱਤੀ।

ਉਨ੍ਹਾਂ ਕਿਹਾ, "ਖੇਤੀ ਸਨਅਤ ਨਹੀਂ ਹੈ ਅਤੇ ਬਿਜਾਈ ਜਾਂ ਵਢਾਈ ਨੂੰ ਅੱਗੇ ਨਹੀਂ ਪਾਇਆ ਜਾ ਸਕਦਾ। ਇੱਕ ਹਫ਼ਤੇ ਦੀ ਪਛੇਤ ਨਾਲ ਕਣਕ ਦਾ ਡੇਢ ਕੁਇੰਟਲ ਪ੍ਰਤੀ ਏਕੜ ਝਾੜ ਘਟ ਜਾਂਦਾ ਹੈ।"

ਕਿਸਾਨ

ਤਸਵੀਰ ਸਰੋਤ, Getty Images

ਉਨ੍ਹਾਂ ਦੱਸਿਆ ਕਿ ਬਿਜਾਈ-ਵਢਾਈ ਦੇ ਦਿਨਾਂ ਵਿੱਚ ਸਮੇਂ ਸਿਰ ਕੰਮ ਨਿਪਟਾਉਣ ਲਈ ਸਾਲ ਵਿੱਚ 10-12 ਦਿਨ ਮਜ਼ਦੂਰ ਲਗਾਉਣ ਦੀ ਲੋੜ ਪੈਂਦੀ ਹੈ।

ਇਨ੍ਹਾਂ ਤੱਥਾਂ ਦੇ ਹਵਾਲੇ ਨਾਲ ਪ੍ਰੋ ਸੁਖਪਾਲ ਨੇ ਕਿਹਾ, "ਖੇਤੀ ਵਿੱਚ ਕੰਮ ਕਿਸਾਨ ਹੀ ਕਰਦੇ ਹਨ। ਇਹ ਵੱਖਰੀ ਗੱਲ ਹੈ ਕਿ ਖੇਤੀ ਵਿੱਚ ਕੰਮ ਘੱਟ ਹੈ। ਕਿਸਾਨਾਂ ਦੇ ਕੰਮ ਨਾ ਕਰਨ ਵਾਲੀ ਦਲੀਲ ਗ਼ਲਤ ਹੈ।"

ਕਿਸਾਨ ਚਾਦਰ ਦੇਖ ਕੇ ਪੈਰ ਪਸਾਰਨ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਅਧਿਐਨਾਂ ਰਾਹੀਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਪੰਜਾਬ ਦੇ ਕਿਸਾਨ ਦੀ ਔਸਤਨ ਸਾਲਾਨਾ ਆਮਦਨ ਛੇ ਲੱਖ ਹੈ।

ਹਰ ਕਿਸਾਨ ਪਰਿਵਾਰ ਉੱਤੇ ਸਰਕਾਰੀ ਅਦਾਰਿਆਂ ਦਾ ਅੱਠ ਲੱਖ ਰੁਪਏ ਅਤੇ ਗ਼ੈਰ-ਸਰਕਾਰੀ ਸੋਮਿਆਂ ਤੋਂ ਲਿਆ ਡੇਢ ਲੱਖ ਰੁਪਏ ਦਾ ਕਰਜ਼ਾ ਹੈ।

ਹਰ ਕਿਸਾਨ ਦੇ ਖ਼ਰਚ ਦਾ 54 ਫ਼ੀਸਦੀ ਹਿੱਸਾ ਰੋਜ਼ਮਰਾ ਲੋੜਾਂ, ਰਸੋਈ ਅਤੇ ਬਿਜਲੀ-ਪਾਣੀ ਉੱਤੇ ਹੁੰਦਾ ਹੈ। ਇਸ ਤੋਂ ਬਾਅਦ 12 ਫ਼ੀਸਦੀ ਸਿੱਖਿਆ ਅਤੇ ਸਿਹਤ ਉੱਤੇ ਹੁੰਦਾ ਹੈ ਅਤੇ ਸਮਾਜਿਕ-ਧਾਰਮਿਕ ਸਮਾਗਮਾਂ ਉੱਤੇ ਸਿਰਫ਼ 2.5 ਫ਼ੀਸਦੀ ਖ਼ਰਚ ਹੁੰਦਾ ਹੈ।

ਕਿਸਾਨ

ਤਸਵੀਰ ਸਰੋਤ, Getty Images

ਪ੍ਰੋ. ਸੁਖਪਾਲ ਦਾ ਕਹਿਣਾ ਹੈ ਕਿ ਇਸ ਹਾਲਤ ਵਿੱਚ ਕਿਸਾਨ ਨੂੰ ਚਾਦਰ ਦੇਖ ਕੇ ਪੈਰ ਪਸਾਰਨ ਦੀ ਸਲਾਹ ਦੇਣਾ ਗ਼ਲਤ ਹੈ ਕਿਉਂਕਿ ਉਸ ਕੋਲ ਤਾਂ ਮਹਿਜ਼ ਰੁਮਾਲ ਹੈ ਜਿਸ ਨਾਲ ਮਹਿੰਗਾਈ ਦੇ ਦੌਰ ਵਿੱਚ ਕਬੀਲਦਾਰੀ ਦੇ ਪਰਦੇ ਨਹੀਂ ਕੱਜੇ ਜਾਂਦੇ।

ਪੰਜਾਬ ਵਿੱਚ ਕਿੰਨੇ ਟਰੈਕਟਰ ਵਾਧੂ ਹਨ?

ਪੰਜਾਬ ਦੀ 50 ਲੱਖ (ਇੱਕ ਹੈਕਟੇਅਰ ਵਿੱਚ 2.47 ਏਕੜ) ਹੈਕਟੇਅਰ ਜ਼ਮੀਨ ਵਿੱਚੋਂ 41 ਲੱਖ ਉੱਤੇ ਖੇਤੀ ਹੁੰਦੀ ਹੈ ਅਤੇ 4.72 ਲੱਖ ਟਰੈਕਟਰ ਹਨ।

ਇਸ ਤਰਾਂ ਸੂਬੇ ਵਿੱਚ ਇੱਕ ਟਰੈਕਟਰ ਪਿੱਛੇ 21 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ ਮੁਤਾਬਕ ਹੈ।

ਕਿਸਾਨ

ਤਸਵੀਰ ਸਰੋਤ, Getty Images

ਪੰਜਾਬ ਵਿੱਚ ਪੰਜ ਏਕੜ ਤੋਂ ਘੱਟ ਵਾਲੇ 3.64 ਲੱਖ ਕਿਸਾਨ ਹਨ, ਇਨ੍ਹਾਂ ਵਿੱਚੋਂ ਇੱਕ- ਤਿਹਾਈ ਕੋਲ ਟਰੈਕਟਰ ਹਨ। ਇਨ੍ਹਾਂ ਟਰੈਕਟਰਾਂ ਨਾਲ ਹੀ ਬਾਕੀ ਦੇ ਦੋ-ਤਿਹਾਈ ਛੋਟੇ ਕਿਸਾਨਾਂ ਦੀ ਜ਼ਮੀਨ ਉੱਤੇ ਕੰਮ ਹੁੰਦਾ ਹੈ।

ਇਹ ਟਰੈਕਟਰ ਛੋਟੀ ਕਿਸਾਨੀ ਦੇ ਸੰਕਟ ਦਾ ਕਾਰਨ ਹਨ ਪਰ ਇਨ੍ਹਾਂ ਕਿਸਾਨਾਂ ਨੂੰ ਬੱਲਦਾਂ ਨਾਲ ਖੇਤੀ ਹੋਰ ਵੀ ਮਹਿੰਗੀ ਪਵੇਗੀ।

ਪੂਰੇ ਸੂਬੇ ਵਿੱਚ ਸਿਰਫ਼ 1560 ਸਹਿਕਾਰੀ ਸਭਾਵਾਂ ਹਨ ਜੋ ਟਰੈਕਟਰ ਕਿਰਾਏ ਉੱਤੇ ਦਿੰਦੀਆਂ ਹਨ। ਪ੍ਰੋ. ਸੁਖਪਾਲ ਇਨ੍ਹਾਂ ਹਾਲਾਤ ਬਾਬਤ ਦਲੀਲ ਦਿੰਦੇ ਹਨ, "ਟਰੈਕਟਰ ਰੱਖਣਾ ਕਿਸਾਨਾਂ ਦੀ ਮਜਬੂਰੀ ਹੈ।"

ਨਸ਼ਿਆਂ ਦੀ ਮਾਰ ਵਿੱਚ ਕੌਣ ਹੈ?

ਪੰਜਾਬ ਸਰਕਾਰ ਨੇ ਸਮੁੱਚੇ ਸੂਬੇ ਦੇ ਖੁਦਕੁਸ਼ੀ ਕਰਨ ਵਾਲੇ ਜੀਆਂ ਦੇ ਪਰਿਵਾਰਾਂ ਦੀ ਮਰਦਮਸ਼ੁਮਾਰੀ ਕਰਵਾਈ ਹੈ। ਸੂਬੇ ਵਿੱਚ ਸਰਕਾਰੀ ਅੰਕੜਿਆਂ ਮੁਤਾਬਕ 2000-2015 ਦੌਰਾਨ 16606 ਖ਼ੁਦਕੁਸ਼ੀਆਂ ਦਰਜ ਹੋਈਆਂ ਹਨ।

ਖੁਦਕੁਸ਼ੀਆਂ ਦੀ ਗਿਣਤੀ ਵਿੱਚ 9243 ਕਿਸਾਨ ਅਤੇ 7363 ਮਜ਼ਦੂਰ ਹਨ। ਪ੍ਰੋ. ਸੁਖਪਾਲ ਦੱਸਦੇ ਹਨ, "ਸੂਬੇ ਵਿੱਚ ਸਾਲਾਨਾ 1038 ਅਤੇ ਰੋਜ਼ਾਨਾ ਤਿੰਨ ਖ਼ੁਦਕੁਸ਼ੀਆਂ ਹੋ ਰਹੀਆਂ ਹਨ।"

ਕਿਸਾਨ

ਤਸਵੀਰ ਸਰੋਤ, NARINDER NANU/getty images

ਪ੍ਰੋ. ਸੁਖਪਾਲ ਨੇ ਆਪ ਮਾਲਵਾ ਖਿੱਤੇ ਦਾ ਅਧਿਐਨ ਕੀਤਾ ਹੈ। ਉਨ੍ਹਾਂ ਨੇ ਦੱਸਿਆ, "ਨਸ਼ੇ ਬਹੁਤ ਅਹਿਮ ਮਸਲਾ ਹਨ ਪਰ ਖੇਤੀ ਸੰਕਟ ਦਾ ਮੂਲ ਕਾਰਨ ਨਹੀਂ ਹਨ।

ਸੰਗਰੂਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਖੁਦਕੁਸ਼ੀਆਂ ਕਰਨ ਵਾਲੇ ਜੀਅ ਕ੍ਰਮਵਾਰ 65 ਅਤੇ 59 ਫ਼ੀਸਦੀ ਨਸ਼ੇੜੀ ਨਹੀਂ ਸਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)