ਜਸਵੰਤ ਟਿਵਾਣਾ: ਆਧੁਨਿਕ ਮਸ਼ੀਨਾਂ ਦਾ ਕਾਢੀ ਇੱਕ ਜੁਗਤੀ ਕਿਸਾਨ
- ਲੇਖਕ, ਖ਼ੁਸਹਾਲ ਲਾਲੀ
- ਰੋਲ, ਬੀਬੀਸੀ ਨਿਊਜ਼ ਪੰਜਾਬੀ
ਲੋੜ ਕਾਢ ਦੀ ਮਾਂ ਹੈ, ਲੁਧਿਆਣਾ ਦੇ ਦੋਰਾਹਾ ਦਾ ਜਸਵੰਤ ਸਿੰਘ ਟਿਵਾਣਾ ਇਸ ਦੀ ਮੂੰਹ ਬੋਲਦੀ ਮਿਸਾਲ ਹੈ।
ਉਹ ਆਰਥਿਕ ਮੰਦੀ ਦੇ ਮਾਰੇ ਕਿਸਾਨਾਂ ਲਈ ਰਾਹ ਦਸੇਰਾ ਵੀ ਹੈ ਅਤੇ ਰੁਜ਼ਗਾਰ ਲਈ ਸ਼ਹਿਰਾਂ ਵੱਲ ਹਿਜ਼ਰਤ ਕਰ ਰਹੇ ਕਰੋੜਾਂ ਲੋਕਾਂ ਦਾ ਮਾਰਗ ਦਰਸ਼ਕ ਵੀ।
ਕਿਸਾਨੀ ਸੰਕਟ ਨਾਲ ਜੂਝ ਰਹੇ ਪਰਿਵਾਰ ਨਾਲ ਸਬੰਧਿਤ ਜਸਵੰਤ ਸਿੰਘ ਦਸਵੀਂ ਤੋਂ ਬਾਅਦ ਪੜ੍ਹ ਨਹੀਂ ਸਕਿਆ।
ਉਸ ਨੇ ਜਿਵੇਂ ਮਸ਼ੀਨਾਂ ਦੀ ਕਾਢ ਕੱਢੀ ਉਸ ਨੂੰ ਦੇਖ ਕੇ ਵੱਡੇ ਵੱਡੇ ਇੰਜਨੀਅਰਾਂ ਤੇ ਵਿਗਿਆਨੀਆਂ ਦੇ ਮੂੰਹ ਅੱਡੇ ਰਹਿ ਜਾਂਦੇ ਹਨ।
ਜਨਮ ਤੋਂ ਇੰਜਨੀਅਰ
60 ਸਾਲਾ ਜਸਵੰਤ ਸਿੰਘ ਟਿਵਾਣਾ ਦੱਸਦੇ ਹਨ, ''ਖੇਤੀ ਸੰਕਟ 'ਚੋਂ ਨਿਕਲਣ ਲਈ ਮੈਂ ਸ਼ਹਿਦ ਦੀ ਮੱਖੀ ਦੇ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ।"

ਤਸਵੀਰ ਸਰੋਤ, Ranjodh Aujla
ਜਿਸ ਦੀ ਸਿਖਲਾਈ ਲੈਣ ਮੈਂ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗਿਆ ਤਾਂ ਪਤਾ ਲੱਗਿਆ ਕਿ ਮੱਖੀਆਂ ਆਪਣਾ ਛੱਤਾ ਬਣਾਉਣ ਲਈ 10 ਕਿਲੋ ਸ਼ਹਿਦ ਖਾਂਦੀਆਂ ਹਨ।''
ਸਿਖਲਾਈ ਦੇ ਚਾਰ ਦਿਨਾਂ ਬਾਅਦ ਹੀ ਉਸ ਨੇ ਇੱਕ ਅਜਿਹੀ ਮਸ਼ੀਨ ਬਣਾ ਦਿੱਤੀ ਜਿਸ ਨਾਲ ਮੋਮ ਦੀਆਂ ਪਤਲੀਆਂ ਸ਼ੀਟਾਂ ਤੋਂ ਛੱਤੇ ਬਣਾਏ ਜਾ ਸਕਦੇ ਸਨ। ਛੋਟੇ ਮੱਖੀ ਪਾਲਕਾਂ ਲਈ ਇਹ ਵਰਦਾਨ ਬਣ ਗਈ।
ਜਸਵੰਤ ਮੁਤਾਬਕ ਕੁਝ ਹੀ ਸਮੇਂ 'ਚ ਇਹ ਮਸ਼ੀਨ ਹਿੱਟ ਹੋ ਗਈ। ਜਸਵੰਤ ਸਿੰਘ ਮੱਖੀ ਪਾਲਕ ਦੇ ਨਾਲ ਨਾਲ ਇੰਜਨੀਅਰ ਵਜੋਂ ਮਸ਼ਹੂਰ ਹੋ ਗਏ। ਉਸ ਵਲੋਂ ਬਣਾਈਆਂ ਮਸ਼ੀਨਾਂ ਦੀ ਮੰਗ ਵਧਣ ਲੱਗੀ।

ਤਸਵੀਰ ਸਰੋਤ, Ranjodh Aujla
ਇਸ ਅਰਸੇ ਦੌਰਾਨ ਉਨ੍ਹਾਂ ਜਿੱਥੇ ਛੋਟੀਆਂ ਮਸ਼ੀਨਾਂ ਨੂੰ ਕੰਪਿਊਟਰਾਇਜ਼ ਕਰ ਦਿੱਤਾ ਉੱਥੇ ਹਨੀ ਪ੍ਰੋਸੈਸਿੰਗ ਪਲਾਂਟ, ਆਟੋਮੈਟਿਕ ਬੋਟਲਿੰਗ ਮਸ਼ੀਨ, ਆਟੋਮੈਟਿਕ ਕੌਂਬ ਫਾਉਂਡੇਸ਼ਨ ਮਿੱਲ, ਹਾਈਡ੍ਰੋਲਿਕ ਵੈਕਸ ਮਸ਼ੀਨ ਵਰਗੀ ਹਰ ਤਰ੍ਹਾਂ ਦੀ ਮਸ਼ੀਨਰੀ ਵੀ ਤਿਆਰ ਕਰ ਦਿੱਤੀ।
ਜਨਮ ਤੋਂ ਹੀ ਮਸ਼ੀਨਾਂ 'ਚ ਰੁਚੀ ਰੱਖਣ ਵਾਲੇ ਸਿਰਫ਼ ਦਸਵੀਂ ਪਾਸ ਜਸਵੰਤ ਦੀਆਂ ਦੇਸੀ ਜੁਗਤਾਂ ਨਾਲ ਤਿਆਰ ਆਧੁਨਿਕ ਮਸ਼ੀਨਾਂ ਸ਼ਹਿਦ ਸਨਅਤ ਵਿੱਚ ਖਿੱਚ ਦਾ ਕੇਂਦਰ ਹਨ।
ਦੋ ਦਹਾਕਿਆਂ ਤੋਂ ਔਨ-ਲਾਇਨ ਕਿਸਾਨ
ਜਸਵੰਤ ਸਿੰਘ ਮਾਮੂਲੀ ਪੜ੍ਹਿਆ ਹੈ। ਪਰ ਉਸ ਦਾ ਕੰਮ ਚੰਗਾ ਚੱਲ ਪਿਆ ਸੀ।
ਉਸ ਦੇ ਪਿੰਡ ਦੇ ਹੀ ਇੱਕ ਮੁੰਡੇ ਨੇ ਉਸ ਨੂੰ ਇੰਟਰਨੈੱਟ ਬਾਰੇ ਦੱਸਿਆ। ਜਿਸ ਨੂੰ ਸਿਰਫ਼ ਪੰਜ ਹਜ਼ਾਰ ਰੁਪਏ ਦੇ ਕੇ ਉਸ ਨੇ ਦੋ ਦਹਾਕੇ ਪਹਿਲਾਂ `ਟਿਵਾਣਾ ਬੀ ਕੀਪਿੰਗ ਫਾਰਮ` ਦੀ ਵੈੱਬ ਸਾਇਟ ਬਣਵਾ ਲਈ।
ਇਸ ਸਾਇਟ ਨੇ ਜਸਵੰਤ ਦੇ ਕਾਰੋਬਾਰ ਦੀ ਦਿਸ਼ਾ ਹੀ ਬਦਲ ਦਿੱਤੀ। ਉਸ ਨੂੰ ਦੇਸ਼ ਵਿਦੇਸ਼ ਤੋਂ ਸ਼ਹਿਦ ਤੇ ਮਸ਼ੀਨਰੀ ਦੇ ਵੱਡੇ ਆਰਡਰ ਮਿਲਣ ਲੱਗੇ।

ਤਸਵੀਰ ਸਰੋਤ, Ranjodh Aujla
ਦੇਖਦੇ ਹੀ ਦੇਖਦੇ ਉਨ੍ਹਾਂ ਦਾ ਕਾਰੋਬਾਰ 80 ਫ਼ੀਸਦ ਔਨਲਾਇਨ ਹੋ ਗਿਆ। ਇਸ ਸਾਇਟ ਨੇ ਜਸਵੰਤ ਨੂੰ ਪੰਜਾਬ ਦਾ ਪਹਿਲਾ ਔਨ-ਲਾਇਨ ਕਿਸਾਨ ਵੀ ਬਣਾ ਦਿੱਤਾ।
ਜ਼ੀਰੋ ਨਿਵੇਸ਼ ਦਾ ਗੁਰਮੰਤਰ
ਸੇਬਾਂ ਦੀਆਂ ਖਾਲੀ ਪੇਟੀਆਂ, ਜ਼ਮੀਨ 'ਚ ਟੋਏ ਪੁੱਟ ਕੇ ਅਤੇ ਫਟੇ ਪੁਰਾਣੇ ਕੱਪੜਿਆਂ ਤੋਂ ਮੱਖੀਆਂ ਨੂੰ ਹਨ੍ਹੇਰਾ ਕਰਕੇ ਪਾਲਣ ਵਰਗੇ ਸਸਤੇ ਵਿਲੱਖਣ ਫਾਰਮੂਲਿਆਂ ਕਾਰਨ ਜਸਵੰਤ ਸਿੰਘ ਦਿਨੋਂ ਦਿਨ ਛਾ ਗਏ ।
ਨਾਬਾਰਡ ਜਦੋਂ ਆਂਧਰਾ ਪ੍ਰਦੇਸ਼ ਵਿੱਚ ਆਦਿ ਵਾਸੀਆਂ ਨੂੰ ਮੱਖੀ ਪਾਲਣ ਸਿਖਾਉਂਦਾ ਹੈ ਜਸਵੰਤ ਸਿੰਘ ਦੀ ਤਕਨੀਕ ਤੇ ਸਸਤੀ ਮਸ਼ੀਨਰੀ ਵਰਤਦਾ ਹੈ।

ਤਸਵੀਰ ਸਰੋਤ, Ranjodh aujla
ਜਸਵੰਤ ਸਿੰਘ ਮੁਤਾਬਕ ਉਸ ਨੇ 15 ਹੋਰ ਕਿਸਾਨਾਂ ਨੂੰ ਖੇਤੀ ਸੰਕਟ 'ਚੋ ਕੱਢ ਕੇ ਮੱਖੀ ਪਾਲਕ ਬਣਾਇਆ ਹੈ।
ਉਹ ਹਰ ਕਿਸਾਨ ਨੂੰ ਇਹ ਧੰਦਾ ਕਰਨ ਦਾ ਸੱਦਾ ਦਿੰਦੇ ਹਨ। ਜਿਸ ਲਈ ਉਹ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕਰਦੇ ਹਨ।
ਦੇਸ਼-ਵਿਦੇਸ਼ਾਂ ਚ ਧੂੰਮਾਂ
ਜਸਵੰਤ ਸਿੰਘ ਕਹਿੰਦੇ ਹਨ, 'ਅੱਜ 35 ਸਾਲ ਬਾਅਦ ਸ਼ਹਿਦ ਸਨਅਤ ਦੀ ਅਜਿਹੀ ਕੋਈ ਮਸ਼ੀਨਰੀ ਨਹੀਂ ਹੈ, ਜੋ ਮੈਂ ਨਾ ਬਣਾਈ ਹੋਵੇ।
ਇਨ੍ਹਾਂ ਦੀ ਮੰਗ ਹੁਣ ਭਾਰਤ 'ਚ ਹੀ ਨਹੀਂ ਅਫਰੀਕੀ ਦੇਸ਼ਾਂ ਚ ਵੀ ਹੈ।'
ਜਸਵੰਤ ਸਿੰਘ ਮੁਤਾਬਿਕ ਫਾਰਮਰਜ਼ ਐਕਸਚੇਂਜ਼ ਪ੍ਰੋਗਰਾਮ ਤਹਿਤ ਅਮਰੀਕਾ ਤੇ ਪੋਲੈਂਡ ਤੋਂ ਕਿਸਾਨ ਅਤੇ ਵਿਗਿਆਨੀ ਉਸ ਦੇ ਟਿਵਾਣਾ ਫਾਰਮ ਉੱਤੇ ਕਈ ਵਾਰ ਆ ਚੁੱਕੇ ਹਨ।
ਪੰਜਾਬ ਤੇ ਹਰਿਆਣਾ ਦੀਆਂ ਖੇਤੀ ਯੂਨੀਵਰਸਿਟੀਆਂ ਹੋਰ ਕਈ ਸੰਸਥਾਨ ਉਨ੍ਹਾਂ ਨੂੰ ਅਗਾਂਹਵਧੂ ਕਿਸਾਨ ਵਜੋਂ ਸਨਮਾਨਿਤ ਕਰ ਚੁੱਕੇ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)













