ਕੀ ਵਾਕਈ ਔਰਤਾਂ ਦਾ ਸਰੀਰ ਮਰਦਾਂ ਨੂੰ ਖਿੱਚਦਾ ਹੈ? - ਨਜ਼ਰੀਆ

ਤਸਵੀਰ ਸਰੋਤ, Getty Images
- ਲੇਖਕ, ਨਿਕਿਤਾ ਆਜ਼ਾਦ
- ਰੋਲ, ਬੀਬੀਸੀ ਪੰਜਾਬੀ ਲਈ
ਇੱਕ ਵਾਰ ਦਿੱਲੀ ਗੈਂਗਰੇਪ ਪੀੜਤ ਕੁੜੀ ਦੀ ਮਾਂ ਔਰਤਾਂ ਖਿਲਾਫ਼ ਹੁੰਦੇ ਜ਼ੁਰਮ ਦੇ ਕਿਸੇ ਸੈਮੀਨਾਰ ਵਿਚ ਆਪਣੇ ਵਿਚਾਰ ਰੱਖ ਰਹੀ ਸੀ ਕਿ ਸ੍ਰੋਤਿਆਂ ਵਿਚੋਂ ਕਿਸੇ ਨੇ ਪੁੱਛਿਆ - ਜੋਤੀ ਆਪਣੇ ਦੋਸਤ ਨਾਲ ਨੌ ਵਜੇ ਫ਼ਿਲਮ ਵੇਖਣ ਹੀ ਕਿਉਂ ਜਾ ਰਹੀ ਸੀ।
ਉਂਝ 2012 ਵਿਚ ਕਈ ਲੋਕਾਂ ਅਤੇ ਧੜਿਆਂ ਨੇ ਇਹ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸੀ ਕਿ ਪੀੜਤ ਨੇ ਜੀਨ ਕਿਉਂ ਪਾਈ ਸੀ, ਉਸ ਮੁੰਡੇ ਨਾਲ ਉਸ ਦਾ ਕੀ ਰਿਸ਼ਤਾ ਸੀ, ਕੀ ਉਹ ਕੁਵਾਰੀ ਵੀ ਸੀ ਪਰ ਮੰਚ ਤੇ ਖੜ੍ਹੀ ਉਸ ਕੁੜੀ ਦੀ ਮਾਂ ਨੂੰ ਪੁੱਛੇ ਗਏ ਇਸ ਸਵਾਲ ਨਾਲ ਉਸ ਉੱਤੇ ਕੀ ਬੀਤੀ ਹੋਵੇਗੀ, ਇਹ ਸਮਝ ਪਾਉਣਾ ਔਖਾ ਹੈ।
ਮੇਰੇ ਨਾਲ ਵੀ ਪਿਛਲੇ ਸਾਲ ਅਜਿਹੀ ਘਟਨਾ ਵਾਪਰੀ ਜਦੋਂ ਮੈਂ ਤੇ ਮੇਰਾ ਹਮਸਫ਼ਰ ਅੰਬਾਲਾ ਵਿਚ ਇਕ ਪਾਰਟੀ ਵਿਚ ਜਾਣ ਲਈ ਤਿਆਰ ਹੋ ਰਹੇ ਸੀ ਅਤੇ ਸਾਨੂੰ ਅਚਾਨਕ ਹਸਪਤਾਲ ਜਾਣਾ ਪੈ ਗਿਆ। ਮੇਰੀ ਡ੍ਰੈਸ ਵੇਖ ਕੇ ਬਾਈਕ ਉੱਤੇ ਜਾਂਦੇ ਦੋ ਮੁੰਡਿਆਂ ਨੇ ਟਿੱਪਣੀ ਕੀਤੀ 'ਫਿਰ ਕਹਿੰਦੀਆਂ ਨੇ ਬਲਾਤਕਾਰ ਹੋ ਜਾਂਦੇ ਨੇ।'
ਮੈਂ ਉਸ ਵੇਲੇ ਤਾਂ ਕਾਹਲ ਵਿਚ ਜਵਾਬ ਨਹੀਂ ਦੇ ਪਾਈ ਪਰ ਸੋਸ਼ਲ ਮੀਡੀਆ 'ਤੇ ਇੱਕ ਵਾਇਰਲ ਵੀਡੀਓ ਨੇ ਫਿਰ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ ਕਿ ਔਰਤਾਂ ਉੱਤੇ ਹੁੰਦੀ ਹਿੰਸਾ ਵਿਚ ਔਰਤ ਨੂੰ ਹੀ ਕਿਉਂ ਜਿੰਮੇਵਾਰ ਠਹਿਰਾਇਆ ਜਾਂਦਾ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, MANAN VATSYAYANA/Getty Images
ਪੀੜਤ ਨੂੰ ਦੋਸ਼ੀ ਕਿਉਂ ਸਮਝਿਆ ਜਾਂਦਾ ਹੈ?
ਮਨੋਵਿਗਿਆਨੀ ਪੀੜਤ ਨੂੰ ਦੋਸ਼ੀ ਕਰਾਰ ਦੇਣ ਵਾਲੀ ਵਿਚਾਰਧਾਰਾ ਨੂੰ ਲੋਕਾਂ ਦੇ ਨਿਆਂਪੂਰਨ ਦੁਨੀਆਂ ਵੇਖਣ ਦੇ ਸੁਪਨੇ ਦੇ ਪ੍ਰਸੰਗ ਵਿਚ ਦੇਖਦੇ ਹਨ। ਉਹ ਕਹਿੰਦੇ ਹਨ ਕਿ ਲੋਕ ਅਜਿਹੀ ਦੁਨੀਆਂ ਦੇ ਸੰਕਲਪ ਵਿਚ ਯਕੀਨ ਰੱਖਣਾ ਚਾਹੁੰਦੇ ਹਨ ਜਿਥੇ ਜੋ ਮਾੜੇ ਕਰਮ ਕਰਦਾ ਹੈ, ਉਸਨੂੰ ਉਸਦਾ ਨਤੀਜਾ ਭੁਗਤਣਾ ਪੈਂਦਾ ਹੈ।
ਜੋ ਚੰਗੇ ਕਰਮ ਕਰਦਾ ਚਲਦਾ ਹੈ, ਉਸ ਨਾਲ ਇਨਸਾਫ ਹੁੰਦਾ ਹੈ। ਲਰਨਰ ਅਤੇ ਸਿਮਨਸ (1966) ਦਾ ਬਹੁਚਰਚਿਤ ਖੋਜ ਪੱਤਰ ਇਸ ਵਿਚਾਰ ਦੀ ਪੁਸ਼ਟੀ ਕਰਦਾ ਹੈ ਕਿ ਮਨੁੱਖ ਦੁਨੀਆਂ ਦੇ ਨਿਆਂਪੂਰਨ ਹੋਣ ਉੱਤੇ ਭਰੋਸਾ ਕਰਨਾ ਚਾਹੁੰਦੇ ਹਨ ਜਿੱਥੇ ਜੈਸੀ ਕਰਨੀ ਵੈਸੀ ਭਰਨੀ ਦਾ ਸਿਧਾਂਤ ਹਰ ਵੇਲੇ ਸਮਾਜ ਵਿਚ ਸੰਤੁਲਨ ਬਣਾਈ ਰੱਖੇ।
ਉਨ੍ਹਾਂ ਵੱਲੋਂ ਇੱਕ ਪ੍ਰਯੋਗ ਕੀਤਾ ਗਿਆ ਜਿਸ ਵਿਚ ਕੁਝ ਲੋਕਾਂ ਨੂੰ ਇੱਕ ਮਨੁੱਖ ਉੱਤੇ ਹੁੰਦਾ ਸਰੀਰਕ ਤਸ਼ੱਦਦ ਵੇਖਣ ਨੂੰ ਕਿਹਾ ਗਿਆ। ਵੀਡੀਓ ਦਿਖਾਉਣ ਤੋਂ ਬਾਅਦ ਲੋਕਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਇੱਕ ਗਰੁੱਪ ਨੂੰ ਇਸ ਅਤਿਆਚਾਰ ਦੇ ਕਾਰਨ ਦੱਸੇ ਗਏ ਅਤੇ ਦੂਜੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਖੋਜ ਦਾ ਨਤੀਜਾ ਇਹ ਨਿਕਲਿਆ ਕਿ ਜਿਸ ਗਰੁੱਪ ਨੂੰ ਕਾਰਨ ਦੱਸੇ ਗਏ ਸਨ ਹੁਣ ਉਹ ਪੀੜਤ ਮਨੁੱਖ ਦੀ ਮਦਦ ਕਰਨ ਦੇ ਘੱਟ ਇੱਛੁਕ ਸਨ ਅਤੇ ਦੂਜਾ ਗਰੁੱਪ ਆਪਸ ਵਿਚ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਤਸ਼ਦੱਦ ਨੂੰ ਤਰਕਸੰਗਤ ਦੱਸਕੇ ਦੋਵੇਂ ਗਰੁੱਪ ਆਪਣੀ ਮਾਨਸਿਕ ਸ਼ਾਂਤੀ ਅਤੇ ਸੰਤੁਸ਼ਟੀ ਲਈ ਘੰਟਿਆਂ ਤੱਕ ਕੋਸ਼ਿਸ਼ ਕਰਦੇ ਰਹੇ।
ਕੀ ਵਾਕਈ ਔਰਤਾਂ ਦਾ ਸਰੀਰ ਮਰਦਾਂ ਨੂੰ ਖਿੱਚਦਾ ਹੈ?
ਇਸ ਖੋਜ ਦਾ ਭਾਵੇਂ ਸਰਵ ਵਿਆਪੀਕਰਨ ਕਰਨਾ ਠੀਕ ਨਹੀਂ ਪਰ ਕਿਸੇ ਹੱਦ ਤਕ ਇਹ ਸਾਨੂੰ ਦਸਦਾ ਹੈ ਕਿ ਮਨੁੱਖ ਲਈ ਹਰ ਘਟਨਾ ਨੂੰ ਤਰਕਸੰਗਤ ਕਰਨਾ ਅੱਜ ਦੀ ਆਧੁਨਿਕਤਾਵਾਦੀ ਜੀਵਨ ਦੀ ਲੋੜ ਬਣ ਗਈ ਹੈ।
ਜੇ ਦਿਨ ਦਿਹਾੜੇ ਕਿਸੇ ਨਾਲ ਬਲਾਤਕਾਰ, ਕੁੱਟ-ਮਾਰ, ਚੋਰੀ, ਕਤਲ ਹੋ ਸਕਦੇ ਹਨ, ਫਿਰ ਸਾਡੇ ਨਾਲ ਇਹ ਹੋਣ ਤੋਂ ਕੌਣ ਰੋਕ ਸਕਦਾ ਹੈ?
ਇਸ ਲਈ ਖੁਦ ਨੂੰ ਦਿਲਾਸਾ ਦੇਣ ਲਈ ਅਸੀਂ ਖੁਦ ਅਤੇ ਆਪਣੀ ਜੀਵਨਸ਼ੈਲੀ ਨੂੰ ਪੀੜਤ ਤੋਂ ਦੂਰ ਅਤੇ ਅੱਡ ਦੇਖਣ ਲਗ ਜਾਂਦੇ ਹਾਂ।

ਸ਼ਾਇਦ ਉਸ ਨੇ ਛੋਟੇ ਕਪੜੇ ਪਾਏ ਹੋਣ, ਸ਼ਾਇਦ ਉਸ ਨੇ ਘਰ ਖੁੱਲ੍ਹਾ ਛੱਡ ਦਿੱਤਾ ਹੋਵੇ। ਸ਼ਾਇਦ ਉਹ ਰਾਤੀ ਕੱਲੀ ਹੋਵੇ ਵਰਗੇ ਬਹਾਨੇ ਘੜ੍ਹ ਕੇ ਅਸੀਂ ਆਪਣੀ ਤੱਸਲੀ ਕਰਦੇ ਹਾਂ ਕਿ ਸਾਡੇ ਨਾਲ ਜਾਂ ਸਾਡੀਆਂ ਘਰ ਦੀਆਂ ਔਰਤਾਂ ਨਾਲ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰ ਸਕਦੀ।
ਫ਼ਿਰ ਵੀ ਇਹ ਜਵਾਬ ਅਧੂਰਾ ਹੈ ਕਿਉਂਕਿ ਮਨੋਵਿਗਿਆਨ ਦਾ ਇੱਕ ਸੀਮਤ ਘੇਰਾ ਹੈ ਜਿਸ ਤੋਂ ਬਾਹਰ ਨਿਕਲ ਕੇ ਹੀ ਔਰਤਾਂ ਨੂੰ ਦੋਸ਼ੀ ਠਹਿਰਾਉਣ ਵਾਲੀ ਧਾਰਨਾ ਦੀ ਜੜ੍ਹ ਤਕ ਪਹੁੰਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਭਾਰਤੀ ਸਮਾਜ ਦੇ ਪਿੱਤਰਕੀ-ਢਾਂਚੇ ਵਿਚ ਔਰਤ ਦੀ ਹੋਂਦ ਉਸਦੀ ਦੇਹ ਅਤੇ ਲਿੰਗ ਤੱਕ ਮਹਿਦੂਦ ਹੈ। ਇਸ ਗੱਲ ਨੂੰ ਜਿੰਨਾ ਦੁਹਰਾਇਆ ਜਾਵੇ ਘੱਟ ਹੈ। ਇਸਦਾ ਅਰਥ ਇਹ ਹੈ ਕਿ ਔਰਤ ਦੇਹ, ਲਿੰਗ ਅਤੇ ਸੰਭੋਗ ਦਾ ਚਿੰਨ੍ਹ ਹੈ। ਸੜਕਾਂ, ਸਕੂਲਾਂ, ਕਾਰਖ਼ਾਨਿਆਂ, ਖੇਤਾਂ, ਘਰਾਂ ਵਿਚ ਉਸਦੀ ਮੌਜੂਦਗੀ ਸੰਭੋਗ ਦੀ ਨਿਰੰਤਰਤਾ ਦਾ ਪ੍ਰਤੀਕ ਬਣ ਚੁਕੀ ਹੈ।
ਇਸ ਲਈ ਮੁੱਖਧਾਰਾਈ ਮੀਡਿਆ - ਫ਼ਿਲਮ, ਗੀਤ, ਸਾਹਿਤ - ਵਿਚ ਵਾਰੀ- ਵਾਰੀ ਇਹ ਬਿੰਬ ਸਿਰਜਿਆ ਜਾਂਦਾ ਹੈ ਕਿ ਔਰਤ ਮਰਦ ਨੂੰ ਆਪਣੇ ਹੁਸਨ ਦੇ ਜਲਵਿਆਂ ਨਾਲ ਖਿੱਚਦੀ ਹੈ ਅਤੇ ਬੇਕਾਬੂ ਕਰ ਦਿੰਦੀ ਹੈ।

ਕਿਹਾ ਜਾਂਦਾ ਹੈ ਕਿ ਬਲਾਤਕਾਰ, ਸਰੀਰਕ ਹਿੰਸਾ ਅਤੇ ਛੇੜਛਾੜ ਕਰਨ ਵਾਲੇ ਮਰਦ ਮਾੜੇ ਨਹੀਂ ਹੁੰਦੇ। ਔਰਤਾਂ ਦਾ ਸਰੀਰ ਉਨ੍ਹਾਂ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਬਲਾਤਕਾਰ ਕਰਨ ਲਈ ਮਜਬੂਰ ਕਰਦਾ ਹੈ।
ਇਹ ਵਿਚਾਰ ਔਰਤ ਦੀ ਮਨੁੱਖੀ ਹੋਂਦ ਨੂੰ ਕੁਚਲਣ ਦਾ ਕੰਮ ਤਾਂ ਕਰਦਾ ਹੀ ਹੈ, ਉਂਝ ਵੀ ਤੱਥ-ਰਹਿਤ ਹੈ।
ਕੀ ਛੋਟੇ ਕੱਪੜੇ ਰੇਪ ਦੀ ਵਜ੍ਹਾ?
ਭਾਰਤ ਵਿਚ ਕੀਤੀਆਂ ਪੜਤਾਲਾਂ ਹੀ ਇਹ ਦਸਦੀਆਂ ਹਨ ਕਿ ਬਲਾਤਕਾਰ ਦੇ ਤਕਰੀਬਨ 90% ਕੇਸਾਂ ਵਿਚ ਕੁੜੀਆਂ ਨੇ ਸੂਟ-ਸਾੜੀ ਵਰਗੇ ਆਮ ਕਪੜੇ ਪਾਏ ਹੁੰਦੇ ਹਨ।
ਇੱਕ ਅਧਿਐਨ ਮੁਤਾਬਕ ਜਿਸ ਵਿਚ ਸਿਰਫ਼ ਮੁਜਰਮਾਂ ਦੇ ਪੱਖ ਅਤੇ ਸਚਾਈ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ, ਮੁਜਰਮਾਂ ਦੇ ਕਈ ਬਿਆਨ ਦੱਸਦੇ ਹਨ ਕਿ ਮੁਜਰਿਮ ਆਮ ਕੱਪੜੇ ਪਾਉਣ ਵਾਲੀਆਂ ਕੁੜੀਆਂ ਦਾ ਬਲਾਤਕਾਰ ਕਰਨ ਵਿਚ ਵੱਧ ਮਹਿਫੂਜ਼ ਮਹਿਸੂਸ ਕਰਦੇ ਹਨ ਕਿਉਂਕਿ ਆਮ ਘਰਾਂ ਦੀਆਂ ਕੁੜੀਆਂ ਕੇਸ ਨਹੀਂ ਕਰ ਸਕਦੀਆਂ।

ਤਸਵੀਰ ਸਰੋਤ, AFP
ਜੇ ਅਜੇ ਵੀ ਸਾਨੂੰ ਇਹ ਲੱਗਦਾ ਹੈ ਕਿ ਮਰਦ ਵਾਕਈ ਖੁਦ ਨੂੰ ਔਰਤ ਦੇ ਸਰੀਰ ਦਾ ਕੋਈ ਨੰਗਾ ਹਿੱਸਾ ਵੇਖ ਕੇ ਰੋਕ ਨਹੀਂ ਪਾਉਂਦੇ ਤਾਂ ਡੀਨ ਬਰਨੈੱਟ, ਅਮਰੀਕੀ ਨਿਓਰੋ-ਵਿਗਿਆਨੀ ਦੀ ਖੋਜ ਪੜ੍ਹ ਲੈਣੀ ਚਾਹੀਦੀ ਹੈ ਜੋ ਸਿੱਧ ਕਰਦੀ ਹੈ ਕਿ ਦਿਮਾਗ ਦੇ ਕਾਮੁਕ ਖਿੱਚ ਨੂੰ ਕਾਬੂ ਵਿਚ ਰੱਖਣ ਵਾਲੇ ਹਿੱਸੇ ਉੱਤੇ ਕੱਪੜੇ ਕੋਈ ਅਸਰ ਨਹੀਂ ਕਰਦੇ (orbitofrontal cortex)।
ਉਂਝ ਰੋਜ਼ਾਨਾ 6 ਮਹੀਨੇ ਤੋਂ ਲੈ ਕੇ 80 ਸਾਲ ਦੀ ਔਰਤ ਨਾਲ ਹੁੰਦੇ ਜਬਰ ਜਿਨਾਹ ਦੀਆਂ ਖਬਰਾਂ ਕੱਪੜਿਆਂ ਵਾਲੀ ਦਲੀਲ ਨੂੰ ਸਿਰੇ ਤੋਂ ਖਾਰਿਜ ਕਰ ਦਿੰਦੀ ਹੈ। ਇਸ ਲਈ ਦੇਸ ਭਰ ਵਿੱਚ ਔਰਤਾਂ ਅਤੇ ਕੁੜੀਆਂ ਇਹ ਕਹਿੰਦੀਆਂ ਹਨ ਕਿ ਅਸੀਂ ਤੁਹਾਡੀ ਬੇਕਾਬੂ ਪ੍ਰਵਿਰਤੀ ਦਾ ਠੇਕਾ ਨਹੀਂ ਚੁੱਕਾਂਗੇ।
ਅਸੀਂ ਤੁਹਾਡੀ ਅਖੌਤੀ 'ਕਮਜ਼ੋਰੀ' ਜੋ ਕਿਸੇ ਵੀ ਕੁੜੀ ਨੂੰ ਵੇਖ ਕੇ ਜਾਗ ਜਾਂਦੀ ਹੈ ਦੀ ਜੁੰਮੇਵਾਰੀ ਨਹੀਂ ਚੁੱਕਾਂਗੇ, ਅਸੀਂ ਆਪਣੀ ਜ਼ਿੰਦਗੀ ਮਾਣ ਅਤੇ ਆਤਮ-ਵਿਸ਼ਵਾਸ ਨਾਲ ਜੀਵਾਂਗੇ ਅਤੇ ਤੁਹਾਡੀ ਮਰਦਾਨਗੀ ਨੂੰ ਭੱਠੇ ਪਾਉਣ ਲਈ ਆਪਣੇ ਅਸਤਿਤਵ ਨੂੰ ਹੋਰ ਨਹੀਂ ਦੱਬਾਂਗੇ।
ਤੱਥ ਅਤੇ ਵਿਗਿਆਨ ਪੱਖੋਂ ਕੀਤੀ ਇਹ ਪੜਤਾਲ ਜ਼ਾਹਿਰ ਕਰ ਦਿੰਦੀ ਹੈ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਜੋ ਮਰਦ ਨੂੰ ਔਰਤ ਦੇ ਛੋਟੇ ਕਪੜੇ ਵੇਖ ਕੇ ਭੜਕਾ ਸਕੇ ਅਤੇ ਬਲਾਤਕਾਰ ਕਰਨ ਲਈ ਮਜਬੂਰ ਕਰ ਦੇਵੇ।
ਇਹ ਵੀ ਪੜ੍ਹੋ:
ਇਸ ਦਲੀਲ ਪਿੱਛੇ ਇੱਕੋ ਹੀ ਕਾਰਨ ਹੋ ਸਕਦਾ ਹੈ - ਮਰਦ-ਪ੍ਰਧਾਨ ਸਮਾਜ ਵੱਲੋਂ ਮਰਦਾਂ ਵਿਚ ਭਰੀ ਜਾਂਦੀ ਹਉਮੈ ਅਤੇ ਅਧਿਕਾਰ ਦੀ ਭਾਵਨਾ ਜੋ ਉਨ੍ਹਾਂ ਨੂੰ ਜਤਾਉਂਦੀ ਹੈ ਕਿ ਔਰਤ ਇਕ ਭੋਗ-ਵਿਲਾਸ ਦੀ ਵਸਤੂ ਹੈ ਜਿਸ ਉੱਤੇ ਹੱਕ ਜਮਾਉਣਾ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ।
ਇਸ ਸੱਚ ਨੂੰ ਛੁਪਾਉਣ ਲਈ ਖੁਦ ਨੂੰ ਦਿਲਾਸਾ ਦੇਣ ਲਈ ਕਿ ਸਮਾਜ ਔਰਤਾਂ ਲਈ ਇੰਨਾ ਵੀ ਭੈੜਾ ਨਹੀਂ ਹੈ ਅਤੇ ਪਿੱਤਰਕੀ ਨੂੰ ਕਾਬਜ਼ ਬਣਾਏ ਰੱਖਣ ਲਈ ਮੁੜ-ਮੁੜ ਔਰਤਾਂ ਨੂੰ ਆਪਣੇ ਹੀ ਬਲਾਤਕਾਰ ਦਾ ਦੋਸ਼ੀ ਦੱਸਿਆ ਜਾਂਦਾ ਹੈ।
(ਲੇਖਕ ਯੂਨੀਵਰਸਿਟੀ ਆਫ਼ ਆਕਸਫੋਰਡ ਵਿਚ ਵੂਮਨ ਸਟੂਡੀਜ਼ ਦੀ ਐਮ ਫਿਲ ਕਰ ਰਹੀ ਹੈ ਅਤੇ Rhodes ਸਕਾਲਰਸ਼ਿਪ 'ਤੇ ਪੜ੍ਹ ਰਹੀ। )
ਇਹ ਵੀ ਦੋਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












