ਮੈਂ ਤਾਂ ਬੋਲਾਂਗੀ - 8: 'ਮਰਦ ਕਦੇ ਮਜ਼ੇ ਲਈ, ਕਦੇ ਤਾਕਤ ਵਿਖਾਉਣ ਲਈ ਕਰਦੇ ਹਨ ਔਰਤਾਂ ਦਾ ਸ਼ੋਸ਼ਣ'

ਤਸਵੀਰ ਸਰੋਤ, STRDEL/AFP/Getty Images
ਮੇਰੇ ਖ਼ਿਆਲ ਵਿੱਚ ਔਰਤਾਂ ਦਾ ਜਿਨਸੀ ਸ਼ੋਸ਼ਣ ਵਧਿਆ ਨਹੀਂ ਹੈ। ਇਹ ਪਹਿਲਾਂ ਵੀ ਹੁੰਦਾ ਸੀ। ਲੋਕ ਹੁਣ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਲੱਗ ਪਏ ਹਨ। ਆਪਣੇ ਵਿਚਾਰ ਰਖਣ ਲਈ ਉਨ੍ਹਾਂ ਨੂੰ ਵਧੇਰੇ ਮੰਚ ਮਿਲ ਗਏ ਹਨ।
ਕੁੜੀਆਂ ਹੁਣ ਖੁੱਲ੍ਹ ਕੇ ਇਹ ਕਹਿ ਸਕਦੀਆਂ ਹਨ ਕਿ ਉਨ੍ਹਾਂ ਨੂੰ ਕਿਸੇ ਨੇ ਗਲਤ ਤਰੀਕੇ ਨਾਲ ਛੂਹਿਆ। ਪਹਿਲਾਂ ਇਹ ਗੱਲਾਂ ਕਰਨ ਤੋਂ ਉਹ ਝਿਜਕਦੀਆਂ ਸਨ।
ਜੇ ਕੋਈ ਉਨ੍ਹਾਂ ਨੂੰ ਛੇੜਦਾ ਸੀ ਤਾਂ ਇਸ ਬਾਰੇ ਗੱਲ ਕਰਨ ਵਿੱਚ ਉਹ ਸ਼ਰਮ ਮਹਿਸੂਸ ਕਰਦੀਆਂ ਸਨ। ਹੁਣ ਉਹ ਆਪਣੇ ਮਾਪਿਆਂ ਜਾਂ ਦੋਸਤਾਂ ਨਾਲ ਇਹ ਗੱਲ ਕਰ ਸਕਦੀਆਂ ਹਨ।
ਦੋ ਦਹਾਕੇ ਪਹਿਲਾਂ ਕੁੜੀਆਂ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਆਪਣਾ ਧਿਆਨ ਰੱਖਣਗੀਆਂ ਤੇ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਹਾਲਾਤ ਤੋਂ ਦੂਰ ਰੱਖਣਗੀਆਂ ਜਿੱਥੇ ਉਨ੍ਹਾਂ ਦਾ ਕੋਈ ਜਿਨਸੀ ਸ਼ੋਸ਼ਣ ਕਰੇ।

ਤਸਵੀਰ ਸਰੋਤ, AFP/Getty Images
ਸੋਸ਼ਲ ਮੀਡੀਆ ਨੇ ਲੋਕਾਂ ਨੂੰ ਇਸ ਬਾਰੇ ਗੱਲ ਕਰਨ ਲਈ ਇੱਕ ਥਾਂ ਦਿੱਤੀ ਹੈ। ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਗੁੱਸਾ ਵੀ ਹੈ।
'ਤਬਦੀਲੀ ਦੀ ਸ਼ੁਰੂਆਤ ਹੋ ਚੁੱਕੀ ਹੈ'
ਕੋਈ ਵੀ ਤਬਦੀਲੀ ਆਉਣ ਲਈ ਸਮਾਂ ਲਗਦਾ ਹੈ। ਤਬਦੀਲੀ ਦੀ ਸ਼ੁਰੂਆਤ ਦਾ ਪਹਿਲਾ ਪੜਾਅ ਹੈ ਇਹ ਮੰਨਣਾ ਕਿ ਕੋਈ ਸਮੱਸਿਆ ਹੈ।
ਦੂਸਰਾ ਹੈ ਉਸ ਬਾਰੇ ਚਰਚਾ ਕਰਨਾ। ਅਸੀਂ ਦੂਜੇ ਪੜਾਅ 'ਤੇ ਪਹੁੰਚ ਚੁੱਕੇ ਹਾਂ।
ਕਈਆਂ ਨੂੰ ਇਹ ਲੱਗਦਾ ਹੈ ਕਿ ਉਹ ਕਿਸੇ ਵੀ ਔਰਤ ਨੂੰ ਛੇੜ ਕੇ ਬੱਚ ਸਕਦੇ ਹਨ...ਉਨ੍ਹਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ।
ਉਹ ਔਰਤਾਂ ਦਾ ਸ਼ੋਸ਼ਣ ਆਪਣੇ ਮਜ਼ੇ ਲਈ ਜਾਂ ਆਪਣੀ ਤਾਕਤ ਵਿਖਾਉਣ ਲਈ ਕਰਦੇ ਹਨ।
ਬਚਪਨ ਵਿੱਚ ਸਾਡੀਆਂ ਕਿਤਾਬਾਂ ਵਿੱਚ ਲਿਖਿਆ ਹੁੰਦਾ ਸੀ ਕਿ ਪਿਤਾ ਦਫ਼ਤਰ ਗਏ ਅਤੇ ਮਾਤਾ ਰਸੋਈ ਵਿੱਚ ਕੰਮ ਕਰ ਰਹੀ ਹੈ।

ਸਮਾਜ ਔਰਤਾਂ ਤੇ ਮਰਦਾਂ ਦੀ ਭੂਮਿਕਾ ਨੂੰ ਪ੍ਰਭਾਸ਼ਿਤ ਤਰੀਕੇ ਨਾਲ ਦੇਖਦਾ ਹੈ। ਇਸ ਨੂੰ ਬਦਲਣ ਦੀ ਲੋੜ ਹੈ। ਕੁਝ ਹਦ ਤਕ ਇਹ ਬਦਲ ਰਿਹਾ ਹੈ, ਪਰ ਹੋਰ ਤਬਦੀਲੀ ਦੀ ਲੋੜ ਹੈ।
'ਹਰ ਖਿੱਤੇ ਵਿੱਚ 50 ਫੀਸਦ ਔਰਤਾਂ ਹੋਣ'
ਲਗਭਗ ਸਾਰੇ ਖਿੱਤਿਆਂ ਵਿੱਚ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। ਇਹ 50 ਫੀਸਦ ਹੋਣੀ ਚਾਹੀਦੀ ਹੈ।
ਪਰ ਪੈਤਰਕ ਵਿਵਸਥਾ ਦੇ ਕਾਰਨ ਇਹ ਹੋ ਨਹੀਂ ਰਿਹਾ। ਇਸ 'ਤੇ ਗੌਰ ਕਰਨ ਦੀ ਲੋੜ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਔਰਤਾਂ ਲਈ 50 ਫੀਸਦ ਰਾਖਵਾਂਕਰਨ ਕੀਤਾ ਜਾਵੇ। ਇਸ ਨਾਲ ਔਰਤਾਂ ਨੂੰ ਸਮਾਜ ਵਿੱਚ ਬਰਾਬਰ ਦਾ ਦਰਜਾ ਮਿਲੇਗਾ।
ਸਰਕਾਰ ਨੂੰ ਵੱਡੇ ਪੱਧਰ 'ਤੇ ਇੱਕ ਜਨ-ਸੂਚਨਾ ਮੁਹਿੰਮ ਚਲਾਉਣੀ ਚਾਹੀਦੀ ਹੈ ਜਿਸ ਵਿੱਚ ਮੁੰਡਿਆਂ ਤੇ ਕੁੜੀਆਂ ਦੀ ਬਰਾਬਰੀ ਬਾਰੇ ਸੰਦੇਸ਼ ਦਿੱਤਾ ਜਾਵੇ।
ਇਹ ਉਸ ਪੱਧਰ 'ਤੇ ਹੋਣੀ ਚਾਹੀਦੀ ਹੈ ਜਿਸ 'ਤੇ ਪਲਸ ਪੋਲੀਓ ਜਾਂ ਟੀਬੀ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਮੁਹਿੰਮ ਕਈ ਦਹਾਕੇ ਚਲਾਉਣੀ ਪਏਗੀ।

ਤਸਵੀਰ ਸਰੋਤ, STRDEL/AFP/Getty Images
ਜਦੋਂ ਤਕ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਵੇਗਾ ਉਦੋਂ ਤਕ ਜਿਨਸੀ ਸ਼ੋਸ਼ਣ ਦੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।
ਲੋਕਾਂ ਵਿੱਚ ਕਾਨੂੰਨ ਦਾ ਡਰ ਨਹੀਂ ਹੈ। ਔਰਤਾਂ ਨੂੰ ਆਪਣੇ ਤੋਂ ਘਟ ਮੰਨਣ ਵਾਲੇ ਮਰਦ ਇਹ ਸਮਝਦੇ ਨੇ ਕਿ ਔਰਤਾਂ ਖ਼ਿਲਾਫ਼ ਕੀਤਾ ਜ਼ੁਰਮ ਤਾਂ ਜ਼ੁਰਮ ਹੈ ਹੀ ਨਹੀਂ।
ਲੋਕ ਚੋਰੀ ਨੂੰ ਤਾਂ ਜ਼ੁਰਮ ਮੰਨ ਲੈਂਦੇ ਹਨ, ਪਰ ਔਰਤਾਂ ਨੂੰ ਗਲਤ ਤਰੀਕੇ ਨਾਲ ਛੂਹਣ ਨੂੰ ਨਹੀਂ। ਉਨ੍ਹਾਂ ਦੀ ਇੱਜ਼ਤ ਨਹੀਂ ਕੀਤੀ ਜਾਂਦੀ।
ਜੇ ਔਰਤਾਂ ਪੁਲਿਸ ਵਿੱਚ ਸ਼ਿਕਾਇਤ ਕਰਦੀਆਂ ਹਨ ਤਾਂ ਮਾਮਲੇ ਦਾ ਫੈਸਲਾ ਹੋਣ ਵਿੱਚ ਕਈ ਸਾਲ ਬੀਤ ਜਾਂਦੇ ਹਨ।
ਇਸ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ ਤਾਕਿ ਔਰਤਾਂ ਖ਼ਿਲਾਫ਼ ਜੁਰਮ ਨੂੰ ਰੋਕਿਆ ਜਾ ਸਕੇ।
(ਅਦਾਕਾਰਾ ਗੁਲ ਪਨਾਗ ਜੋ ਆਮ ਆਦਮੀ ਪਾਰਟੀ ਤੋਂ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜ ਚੁੱਕੇ ਹਨ, ਨੇ ਜਿਨਸੀ ਸ਼ੋਸ਼ਣ ਬਾਰੇ ਬੀਬੀਸੀ ਪੱਤਰਕਾਰ ਖ਼ੁਸ਼ਬੂ ਸੰਧੂ ਦੇ ਨਾਲ ਗੱਲਬਾਤ ਕੀਤੀ)
(ਐੱਨਸੀਆਰਬੀ ਮੁਤਾਬਕ, 2016 ਵਿੱਚ ਪੰਜਾਬ 'ਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ 325 ਕੇਸ ਦਰਜ ਕੀਤੇ ਗਏ। ਜਿਨਸੀ ਸ਼ੋਸ਼ਣ ਦੇ ਇਰਾਦੇ ਨਾਲ ਔਰਤਾਂ 'ਤੇ ਹਮਲੇ ਦੇ 1025 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਬਲਾਤਕਾਰ ਦੇ 838ਅਤੇ ਪਿੱਛਾ ਕਰਨ ਦੇ 99 ਕੇਸ ਦਰਜ ਕੀਤੇ ਗਏ। ਬੀਬੀਸੀ ਦੀ ਖ਼ਾਸ ਲੜੀ ਵਿੱਚ ਅਸੀਂ ਕੁਝ ਔਰਤਾਂ ਦੀਆਂ ਕਹਾਣੀਆਂ ਲੈ ਕੇ ਆਏ ਹਾਂ ਜੋ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਅਤੇ ਉਨ੍ਹਾਂ ਨੇ ਡੱਟ ਕੇ ਇਸ ਦਾ ਮੁਕਾਬਲਾ ਕੀਤਾ ਹੈ।)












