ਬਲਾਤਕਾਰ, ਕਤਲ ਤੇ ਮੁਜ਼ਾਹਰਿਆਂ ਦੇ ਦੌਰ 'ਚ ਉਲਝੇ ਮਾਪੇ ਤੇ ਬੱਚੇ
- ਲੇਖਕ, ਦਲਜੀਤ ਅਮੀ
- ਰੋਲ, ਬੀਬੀਸੀ ਪੱਤਰਕਾਰ
ਬਲਾਤਕਾਰ, ਤਸ਼ੱਦਦ ਅਤੇ ਕਤਲਾਂ ਦੀਆਂ ਦੋ ਵਾਰਦਾਤਾਂ ਤੋਂ ਬਾਅਦ ਭਾਰਤ ਦੇ ਹਰ ਖਿੱਤੇ ਵਿੱਚ ਰੋਹ ਪ੍ਰਗਟਾਉਣ ਲਈ ਮੁਜ਼ਾਹਰੇ ਹੋ ਰਹੇ ਹਨ। ਹਰ ਤਬਕੇ ਦੇ ਲੋਕ ਇਨ੍ਹਾਂ ਮੁਜ਼ਾਹਰਿਆਂ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਵੀ ਇਨ੍ਹਾਂ ਮੁਜ਼ਾਹਰਿਆਂ ਵਿੱਚ ਨਾਲ ਲਿਆ ਰਹੇ ਹਨ।
ਜਦੋਂ ਬੱਚਿਆਂ ਨਾਲ ਬਲਾਤਕਾਰ ਅਤੇ ਤਸ਼ੱਦਦ ਦੀਆਂ ਖ਼ਬਰਾਂ ਚਰਚਾ ਵਿੱਚ ਹਨ ਤਾਂ ਮਾਪਿਆਂ ਲਈ ਆਪਣੇ ਬੱਚਿਆਂ ਨਾਲ ਗੱਲ ਕਰਨਾ ਅਹਿਮ ਹੋ ਗਿਆ ਹੈ। ਬੱਚੇ ਸੁਆਲ ਪੁੱਛ ਰਹੇ ਹਨ ਅਤੇ ਮਾਪੇ ਢੁਕਵਾਂ ਜੁਆਬ ਦੇਣ ਲਈ ਸੰਘਰਸ਼ ਕਰ ਰਹੇ ਹਨ। ਦੂਜੇ ਪਾਸੇ ਬੱਚੇ ਵੀ ਮੌਜੂਦਾ ਹਾਲਾਤ ਅਤੇ ਦਰਪੇਸ਼ ਮਸਲਿਆਂ ਨੂੰ ਸਮਝਣ ਲਈ ਸੰਘਰਸ਼ ਕਰ ਰਹੇ ਹਨ।
ਚੰਡੀਗੜ੍ਹ ਵਿੱਚ ਜਦੋਂ ਮੁਜ਼ਾਹਰਾ ਹੋਇਆ ਤਾਂ ਇੰਡੀਅਨ ਐਕਸਪ੍ਰੈਸ ਦੀ ਪੱਤਰਕਾਰ ਪਾਰੁਲ ਆਪਣੀ ਪੰਦਰਾਂ ਸਾਲਾਂ ਦੀ ਧੀ ਤਾਰਾ ਨੂੰ ਨਾਲ ਲਿਆਈ ਸੀ। ਮਾਂ-ਧੀ ਦੀ ਇਹ ਜੋੜੀ ਮੌਜੂਦਾ ਹਾਲਾਤ ਅਤੇ ਚਰਚਾ ਵਿੱਚ ਆਈਆਂ ਵਾਰਦਾਤਾਂ ਦੇ ਹਵਾਲੇ ਨਾਲ ਜ਼ਿੰਦਗੀ ਦੇ ਅਹਿਮ ਸੁਆਲਾਂ ਨਾਲ ਦੋ-ਚਾਰ ਹੋ ਰਹੀ ਹੈ।
'ਉਹ ਮੁੰਡਿਆਂ ਨਾਲ ਦੋਸਤੀ ਕਰੇ ਅਤੇ ਪਿਆਰ ਕਰੇ'
ਪਾਰੁਲ ਦੱਸਦੀ ਹੈ, "ਇਸ ਹਾਲਾਤ ਵਿੱਚ ਬੱਚਿਆਂ ਨਾਲ ਗੱਲ ਕਰਨਾ ਪੇਚੀਦਾ ਮਸਲਾ ਹੈ। ਮੈਂ ਚਾਹੁੰਦੀ ਹਾਂ ਕਿ ਉਹ ਲੋਕਾਂ ਉੱਤੇ ਯਕੀਨ ਕਰਨਾ ਸਿੱਖੇ ਅਤੇ ਜ਼ਿੰਦਗੀ ਦੀ ਖ਼ੂਬਸੂਰਤੀ ਦੇ ਅਹਿਸਾਸ ਨਾਲ ਵੱਡੀ ਹੋਵੇ। ਮੈਂ ਚਾਹੁੰਦੀ ਹਾਂ ਕਿ ਉਹ ਮੁੰਡਿਆਂ ਨਾਲ ਦੋਸਤੀ ਕਰੇ ਅਤੇ ਪਿਆਰ ਕਰੇ।"

ਉਹ ਅੱਗੇ ਕਹਿੰਦੀ ਹੈ, "ਬਲਾਤਕਾਰ ਅਤੇ ਕਤਲ ਦੀਆਂ ਵਾਰਦਾਤਾਂ ਉਸ ਨੂੰ ਪਰੇਸ਼ਾਨ ਕਰਦੀਆਂ ਹਨ ਅਤੇ ਉਹ ਸੁਆਲ ਕਰਦੀ ਹੈ, 'ਸਾਰੇ ਮਰਦ ਇਸੇ ਤਰ੍ਹਾਂ ਦੇ ਹੁੰਦੇ ਹਨ?' ਹੁਣ ਸੁਆਲ ਪੇਚੀਦਾ ਹੈ ਕਿਉਂਕਿ ਇੱਕ ਪਾਸੇ ਉਸ ਦੀ ਸੁਰੱਖਿਆ ਦਾ ਮਸਲਾ ਹੈ ਅਤੇ ਦੂਜੇ ਪਾਸੇ ਜ਼ਿੰਦਗੀ ਦੀ ਖ਼ੂਬਸੂਰਤੀ ਦਾ ਅਹਿਸਾਸ ਹੈ। ਮੈਂ ਉਸ ਨੂੰ ਸਮਝਾਉਂਦੀ ਹਾਂ ਕਿ ਸਾਰੇ ਮਰਦ ਇਸ ਤਰ੍ਹਾਂ ਦੇ ਨਹੀਂ ਹੁੰਦੇ।"
ਤਾਰਾ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਮੁਜ਼ਾਹਰੇ ਬਾਬਤ ਕਹਿੰਦੀ ਹੈ, "ਹਰ ਜੀਅ ਨੂੰ ਅਜਿਹੇ ਮੁਜ਼ਾਹਰੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਇਹ ਸਿਰਫ਼ ਕਿਸੇ ਇੱਕ ਕੁੜੀ ਦੀ ਹੋਣੀ ਨਹੀਂ ਹੈ। ਪੂਰੇ ਮੁਲਕ ਵਿੱਚ ਹਜ਼ਾਰਾਂ ਕੁੜੀਆਂ ਨਾਲ ਅਜਿਹਾ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਕੋਈ ਸੁਣਨ ਵਾਲਾ ਨਹੀਂ ਹੈ। ਕੁੜੀਆਂ ਨੂੰ ਅਜਿਹੇ ਮੌਕਿਆਂ ਉੱਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿ ਉਹ ਇੱਕਲੀਆਂ ਨਹੀਂ ਹਨ। ਕੁੜੀਆਂ ਜਿੰਨਾ ਜ਼ੋਰ ਨਾਲ ਬੋਲਣਗੀਆਂ, ਓਨਾ ਹੀ ਲੋਕ ਉਨ੍ਹਾਂ ਨੂੰ ਸੁਣਨਗੇ ਅਤੇ ਕੁਝ ਕਰਨਗੇ।"
ਤਾਰਾ ਨਾਲ ਉਸ ਦੀ 14 ਸਾਲਾ ਦੋਸਤ ਸਵੇਰਾ ਅਰੰਨਿਆ ਹੈ ਜੋ ਆਪਣੇ ਪਿਤਾ ਨਾਲ ਮੁਜ਼ਾਹਰੇ ਵਿੱਚ ਆਈ ਹੈ। ਉਹ ਦੱਸਦੀ ਹੈ, "ਇਹ ਮੁਜ਼ਾਹਰੇ ਬਹੁਤ ਅਹਿਮ ਹਨ ਕਿਉਂ ਕਿ ਅਸੀਂ ਸਭ ਨੂੰ ਦੱਸਣਾ ਹੈ ਕਿ ਇਹ ਸਾਨੂੰ ਕਬੂਲ ਨਹੀਂ ਹੈ ਅਤੇ ਸਭ ਲੋਕਾਂ ਨੂੰ ਜਾਇਜ਼ ਮੰਗਾਂ ਲਈ ਲੜਨਾ ਚਾਹੀਦਾ ਹੈ।"

ਇੰਨਾ ਕਹਿਣ ਤੋਂ ਬਾਅਦ ਸਵੇਰਾ ਅੱਗੇ ਬੋਲਣ ਲਈ ਸੰਘਰਸ਼ ਕਰਦੀ ਹੈ ਜਿਵੇਂ ਢੁਕਵੇਂ ਸ਼ਬਦ ਦੀ ਭਾਲ ਕਰ ਰਹੀ ਹੋਵੇ। ਉਹ ਆਪਣੇ-ਆਪ ਨੂੰ ਸੰਭਾਲ ਕੇ ਅੱਗੇ ਬੋਲਦੀ ਹੈ, "ਖ਼ਬਰਾਂ ਪੜ੍ਹ-ਸੁਣ-ਦੇਖ ਕੇ ਬਹੁਤ ਗੁੱਸਾ ਆਉਂਦਾ ਹੈ ਕਿ ਇਸ ਮੁਲਕ ਵਿੱਚ ਕੀ ਹੋ ਰਿਹਾ ਹੈ ਅਤੇ ਇਹ ਕਦੋਂ ਰੁਕੇਗਾ।"
'ਮੈਂ ਉਸ ਨੂੰ ਸਨਕੀ ਨਹੀਂ ਬਣਨ ਦੇਣਾ ਚਾਹੁੰਦੀ'
ਇਸ ਤੋਂ ਬਾਅਦ ਉਸ ਦੀਆਂ ਅੱਖਾਂ ਅਤੇ ਚਿਹਰਾ ਗੱਲ ਅੱਗੇ ਤੋਰਦੇ ਹਨ ਪਰ ਉਹ ਮੁੜ ਕੇ ਸ਼ਬਦਾਂ ਦੀ ਲੜੀ ਜੋੜ ਲੈਂਦੀ ਹੈ, "ਇੰਨੇ ਵੱਡੇ ਮੁਲਕ ਵਿੱਚ ਕੁੜੀਆਂ ਬਹੁਤ ਕੁਝ ਝੱਲ ਰਹੀਆਂ ਹਨ। ਉਨ੍ਹਾਂ ਦੀ ਕੋਈ ਇਮਦਾਦ ਨਹੀਂ ਕਰਦਾ … ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।"
ਤਾਰਾ ਅਤੇ ਸਵੇਰਾ ਦੀਆਂ ਅਣਕਹੀਆਂ ਅਤੇ ਕਹੀਆਂ ਦਾ ਅੰਦਾਜ਼ਾ ਪਾਰੁਲ ਦੀ ਗੱਲ ਤੋਂ ਹੁੰਦਾ ਹੈ। ਉਹ ਦੱਸਦੀ ਹੈ, "ਮੈਨੂੰ ਉਸ ਦੇ ਦੇਰ ਨਾਲ ਘਰ ਆਉਣ ਜਾਂ ਪਸੰਦ ਦੇ ਕੱਪੜੇ ਪਾਉਣ ਨਾਲ ਕੋਈ ਨੈਤਿਕ ਔਖ ਨਹੀਂ ਪਰ ਹਾਲਾਤ ਨੂੰ ਧਿਆਨ ਵਿੱਚ ਰੱਖ ਕੇ ਮੈਂ ਉਸ ਨੂੰ ਕੱਪੜਿਆਂ ਅਤੇ ਘਰ ਪਰਤਣ ਦੇ ਸਮੇਂ ਬਾਬਤ ਸਲਾਹ ਦਿੰਦੀ ਹਾਂ।"
ਉਸ ਦੀ ਦੋਚਿੱਤੀ ਉਸ ਵੇਲੇ ਸਮਝ ਆਉਂਦੀ ਹੈ ਜਦੋਂ ਉਹ ਕਹਿੰਦੀ ਹੈ, "ਮੈਨੂੰ ਉਸ ਦੀ ਚਿੰਤਾ ਹੈ ਪਰ ਮੈਂ ਉਸ ਨੂੰ ਸਨਕੀ ਨਹੀਂ ਬਣਨ ਦੇਣਾ ਚਾਹੁੰਦੀ।"

ਦਿੱਲੀ ਵਿੱਚ ਡਾਕਟਰੀ ਕਰਦੇ ਬੱਚਿਆਂ ਦੇ ਮਨੋਵਿਗਿਆਨੀ ਸਮੀਰ ਪਾਰਿਖ਼ ਇਸ ਮਾਮਲੇ ਵਿੱਚ ਦਲੀਲ ਦਿੰਦੇ ਹਨ, "ਬੱਚਿਆਂ ਨੂੰ ਪੜ੍ਹਾਉਣ-ਸਮਝਾਉਣ ਦਾ ਕੰਮ ਇੱਕੋ ਵਾਰ ਮੁਕੰਮਲ ਨਹੀਂ ਹੋ ਜਾਂਦਾ। ਉਨ੍ਹਾਂ ਦੀ ਉਮਰ ਅਤੇ ਜਗਿਆਸਾ ਮੁਤਾਬਕ ਵਾਰਦਾਤਾਂ ਦੀਆਂ ਖ਼ਬਰਾਂ ਉਨ੍ਹਾਂ ਨਾਲ ਗੱਲਾਂ ਕਰਨ ਦਾ ਮੌਕਾ ਬਣਦੀਆਂ ਹਨ।"
ਚੰਡੀਗੜ੍ਹ ਦੇ ਮੁਜ਼ਾਹਰੇ ਵਿੱਚ ਨਵਜੀਤ ਕੌਰ ਵੀ ਆਈ ਹੈ ਜੋ ਪੇਸ਼ੇ ਪੱਖੋਂ ਕੌਸਟਿਊਮ ਡਿਜਾਈਨਰ ਹੈ। ਉਹ ਇਸ ਮੌਕੇ ਕਹਿੰਦੀ ਹੈ, "ਮੈਂ ਇਸ ਮੁਜ਼ਾਹਰੇ ਵਿੱਚ ਆਪਣਾ ਦੁੱਖ ਜ਼ਾਹਿਰ ਕਰਨ ਆਈ ਹਾਂ। ਧਰਮ, ਸਿਆਸਤ ਅਤੇ ਪਰਿਵਾਰ ਰਾਹੀਂ ਅਜਿਹੀ ਮਾਨਸਿਕਤਾ ਪਨਪ ਚੁੱਕੀ ਹੈ ਜਿਸ ਨਾਲ ਕੋਈ ਬੱਚਾ ਅਤੇ ਔਰਤ ਸੁਰੱਖਿਅਤ ਨਹੀਂ ਹੈ।
ਸਾਡੇ ਸਮਾਜ ਦੇ ਮਰਦ ਵੀ ਨਿਰਪੱਖ ਹੋ ਕੇ ਫ਼ੈਸਲੇ ਲੈਣ ਦੀ ਹਾਲਤ ਵਿੱਚ ਨਹੀਂ ਹਨ। ਔਰਤ ਦੀ ਆਜ਼ਾਦੀ ਬਹਾਦਰ ਅਤੇ ਸਮਝਦਾਰ ਸਮਾਜ ਦੀ ਸਿਰਜਣਾ ਨਾਲ ਜੁੜੀ ਹੋਈ ਹੈ ਜਿਸ ਵਿੱਚ ਅਸੀਂ ਔਰਤਾਂ ਅਤੇ ਮਰਦਾਂ ਦੀ ਬਰਾਬਰੀ ਮਜ਼ਬੂਤ ਕਰ ਸਕੀਏ।"

ਮੁਜ਼ਾਹਰੇ ਵਿੱਚ ਨਜਵੀਤ ਕੌਰ ਦੀ ਮਾਂ ਸ਼ਰਨਜੀਤ ਕੌਰ ਅਤੇ ਭਰਾ ਜਸਦੀਪ ਸਿੰਘ ਨੇ ਵੀ ਸ਼ਿਰਕਤ ਕੀਤੀ। ਉਹ ਜ਼ਿੰਦਗੀ ਵਿੱਚ ਇਸ ਮੁਜ਼ਾਹਰੇ ਤੱਕ ਦੇ ਸਫ਼ਰ ਬਾਬਤ ਦੱਸਦੀ ਹੈ, "ਜਵਾਨ ਹੋਣ ਦੇ ਬਾਵਜੂਦ ਮੈਂ ਆਪਣੀ ਮਾਂ ਜਿੰਨੀ ਆਸਮੰਦ ਨਹੀਂ ਹਾਂ। ਮੈਂ ਉਂਝ ਅਜਿਹੀ ਸਰਗਰਮੀ ਵਿੱਚ ਹਿੱਸਾ ਨਹੀਂ ਲੈਂਦੀ। ਇੱਕ ਤਾਂ ਇਹ ਮਾਮਲੇ ਬਹੁਤ ਭਿਆਨਕ ਸਨ ਅਤੇ ਦੂਜੇ ਮੈਨੂੰ ਆਪਣੀ ਮਾਂ ਨਾਲ ਆਉਣਾ ਵੀ ਅਹਿਮ ਲੱਗਿਆ।"
'ਸੱਭਿਆਚਾਰ ਦੇ ਖ਼ਿਲਾਫ਼ ਵੱਡੀ ਲੜਾਈ ਦਾ ਹਿੱਸਾ'
ਇਸ ਮੁਜ਼ਾਹਰੇ ਵਿੱਚ ਪਹੁੰਚਣ ਵਾਲੀ ਮਨੋਵਿਗਿਆਨੀ ਹਰਸੁਮੀਤ ਕੌਰ ਨੂੰ ਲੱਗਦਾ ਹੈ ਕਿ ਇਹ ਬਲਾਤਕਾਰ ਦੇ ਸੱਭਿਆਚਾਰ ਦੇ ਖ਼ਿਲਾਫ਼ ਵੱਡੀ ਲੜਾਈ ਦਾ ਹਿੱਸਾ ਹੈ। ਉਹ ਕਹਿੰਦੀ ਹੈ, "ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਜਿਣਸੀ ਹਿੰਸਾ ਦੇ ਮਾਮਲੇ ਵਧ ਰਹੇ ਹਨ। ਇਹ ਮੁਜ਼ਾਹਰਾ ਲੋਕਾਂ ਤੱਕ ਇਸ ਸੋਚ ਨੂੰ ਲਿਜਾਣ ਦਾ ਉਪਰਾਲਾ ਹੈ ਕਿ ਔਰਤਾਂ ਅਤੇ ਸਮਾਜ ਦੇ ਕਮਜ਼ੋਰ ਤਬਕਿਆਂ ਖ਼ਿਲਾਫ਼ ਹੁੰਦੀ ਹਿੰਸਾ ਨੂੰ ਖ਼ਤਮ ਕਰਨ ਲਈ ਸੰਘਰਸ਼ ਜ਼ਰੂਰੀ ਹੈ।"
ਹਰਸੁਮੀਤ ਕੌਰ ਦਾ ਕਹਿਣਾ ਹੈ ਕਿ ਅਜਿਹੇ ਮੌਕਿਆਂ ਉੱਤੇ ਬੱਚਿਆਂ ਅਤੇ ਮਾਪਿਆਂ ਦੀ ਆਪਸੀ ਗੱਲਬਾਤ ਬਹੁਤ ਅਹਿਮ ਹੈ। ਉਹ ਕਹਿੰਦੀ ਹੈ, "ਮੇਰੇ ਪਿਤਾ ਜੀ ਮੈਨੂੰ ਆਪਣੇ ਨਾਲ ਅਜਿਹੇ ਮੌਕਿਆਂ ਉੱਤੇ ਆਪਣੇ ਨਾਲ ਲਿਜਾਂਦੇ ਰਹੇ ਹਨ। ਹੁਣ ਇਨ੍ਹਾਂ ਮੁੱਦਿਆਂ ਉੱਤੇ ਗੱਲ ਕਰਨਾ ਅਤੇ ਅਜਿਹੇ ਮੌਕਿਆਂ ਉੱਤੇ ਹਾਜ਼ਰ ਹੋਣਾ ਮੈਨੂੰ ਆਪਣੀ ਜ਼ਿੰਮੇਵਾਰੀ ਲੱਗਦਾ ਹੈ।"

ਮੁੰਬਈ ਦੀ ਮੋਨਾ ਦੇਸਾਈ ਦੀ ਧੀ ਗਿਆਰਾਂ ਸਾਲਾਂ ਦੀ ਹੈ ਅਤੇ ਉਸ ਦੀ ਸਿਆਸੀ ਅਤੇ ਮੌਜੂਦਾ ਮਾਹੌਲ ਵਿੱਚ ਬਹੁਤ ਦਿਲਚਸਪੀ ਹੈ। ਮੋਨਾ ਆਪਣੀ ਧੀ ਦੇ ਇਸ ਸੁਆਲ ਨਾਲ ਸੰਘਰਸ਼ ਕਰ ਰਹੀ ਹੈ ਕਿ ਕੀ ਕਠੂਆ ਵਰਗੀ ਵਾਰਦਾਤ ਆਮ ਹੈ ਜਾਂ ਇਹ ਕਦੇ-ਕਦਾਈ ਹੋਣ ਵਾਲਾ ਮਾਮਲਾ ਹੈ।
ਮੋਨਾ ਕਹਿੰਦੀ ਹੈ, "ਜਦੋਂ ਮੇਰੀ ਧੀ ਵਧ ਤੋਂ ਵਧ ਆਜ਼ਾਦੀ ਦੀ ਤਵੱਕੋ ਕਰ ਰਹੀ ਹੈ ਤਾਂ ਮੈਂ ਉਸ ਉੱਤੇ ਉਹ ਪਾਬੰਦੀਆਂ ਲਗਾ ਰਹੀ ਹਾਂ ਜਿਨ੍ਹਾਂ ਦੇ ਪੱਖ ਵਿੱਚ ਮੇਰੇ ਕੋਲ ਕੋਈ ਦਲੀਲ ਨਹੀਂ ਹੈ।"
ਬੈਂਗਲੂਰੂ ਦੀ ਸੁਨੰਨਿਆ ਰਾਓ ਦੇ ਦੋ ਪੁੱਤਰ ਤਿੰਨ ਅਤੇ ਗਿਆਰਾਂ ਸਾਲ ਦੇ ਹਨ। ਉਹ ਆਪਣੇ ਵੱਡੇ ਪੁੱਤਰ ਨਾਲ ਬਲਾਤਕਾਰ, ਹਿੰਸਾ ਅਤੇ ਸਹਿਮਤੀ ਵਰਗੇ ਮਸਲਿਆਂ ਉੱਤੇ ਗੱਲਬਾਤ ਕਰਦੀ ਹੈ।
ਸੁਨੰਨਿਆ ਆਪਣਾ ਤਜਰਬਾ ਸਾਂਝਾ ਕਰਦੀ ਹੈ, "ਮੈਂ ਆਪਣੇ ਪੁੱਤਰਾਂ ਨੂੰ ਖ਼ਬਰਾਂ ਤੋਂ ਬਚਾਉਣ ਦਾ ਤਰੱਦਦ ਨਹੀਂ ਕਰਦੀ ਪਰ ਉਨ੍ਹਾਂ ਉੱਤੇ ਇਹ ਗੱਲਬਾਤ ਥੋਪਦੀ ਵੀ ਨਹੀਂ। ਮੈਂ ਉਨ੍ਹਾਂ ਨੂੰ ਮੌਕਾ ਦਿੰਦੀ ਹਾਂ ਕਿ ਉਹ ਇਨ੍ਹਾਂ ਮੁੱਦਿਆਂ ਉੱਤੇ ਗੱਲਬਾਤ ਸ਼ੁਰੂ ਕਰਨ।"
( ਇਸ ਰਿਪੋਰਟ ਵਿੱਚ ਬੀਬੀਸੀ ਪੱਤਰਕਾਰ ਨਿਕਿਤਾ ਮੰਨਧਾਨੀ ਵਲੋਂ ਭੇਜੀ ਗਈ ਜਾਣਕਾਰੀ ਵੀ ਸ਼ਾਮਲ ਕੀਤੀ ਗਈ ਹੈ)













