ਕੀ ਮਾਪਿਆਂ ਨੇ 'ਧੀ ਦੇ ਬਲਾਤਕਾਰੀ' ਤੋਂ ਪੈਸੇ ਲਏ?

ਤਸਵੀਰ ਸਰੋਤ, iStock
ਇੱਕ ਕੁੜੀ ਅਗਵਾ ਕੀਤੀ ਜਾਂਦੀ ਹੈ, ਉਸ ਦਾ ਗੈਂਗ ਰੇਪ ਹੁੰਦਾ ਹੈ, ਮਾਮਲਾ ਪੁਲਿਸ ਕੋਲ ਪਹੁੰਚਦਾ ਹੈ ਤੇ ਸ਼ੱਕੀ ਫੜ੍ਹੇ ਜਾਂਦੇ ਹਨ।
ਜਾਂਚ ਚੱਲ ਰਹੀ ਸੀ ਕਿ ਇਸ ਕੇਸ ਵਿੱਚ ਅਚਾਨਕ ਨਵਾਂ ਮੋੜ ਆ ਗਿਆ। ਹੁਣ ਪੀੜਤਾ ਨੇ ਆਪਣੇ ਹੀ ਮਾਪਿਆਂ 'ਤੇ ਗੰਭੀਰ ਇਲਜ਼ਾਮ ਲਾਏ ਹਨ। ਕੁੜੀ ਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਨੇ ਮੁਲਜ਼ਮ ਤੋਂ ਇਸ ਮਾਮਲੇ ਵਿੱਚ ਉਸ ਦਾ ਬਿਆਨ ਬਦਲਵਾਉਣ ਲਈ ਪੈਸੇ ਲਏ ਹਨ।
ਸਿਤੰਬਰ 2017 ਵਿੱਚ ਦਿੱਲੀ ਵਿੱਚ ਇਸ ਨਾਬਾਲਿਗ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਰੇਪ ਕੀਤਾ ਗਿਆ ਸੀ।
ਮਾਂ ਗ੍ਰਿਫ਼ਤਾਰ, ਪਿਤਾ ਫਰਾਰ
ਦਿੱਲੀ ਪੁਲਿਸ ਨੇ ਕਿਹਾ ਹੈ ਕਿ ਕੁੜੀ ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਫਿਲਹਾਲ ਫਰਾਰ ਹੈ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤਾ 5 ਲੱਖ ਰੁਪਏ ਦੇ ਨੋਟਾਂ ਦੇ ਨਾਲ ਪੁਲਿਸ ਥਾਣੇ ਪਹੁੰਚੀ। ਪੀੜਤਾ ਮੁਤਾਬਕ ਇਹ ਪੈਸਾ ਉਸ ਦੇ ਮਾਪਿਆਂ ਨੇ ਮੁਲਜ਼ਮ ਤੋਂ ਲਿਆ ਸੀ।

ਡਿਪਟੀ ਕਮਿਸ਼ਨਰ ਐੱਨਐੱਨ ਤਿਵਾਰੀ ਨੇ ਬੀਬੀਸੀ ਨੂੰ ਦੱਸਿਆ, "ਸਾਡਾ ਮੰਨਣਾ ਹੈ ਕਿ ਮੁਲਜ਼ਮ ਨੇ ਪੈਸੇ ਦੇ ਕੇ ਪੀੜਤਾ ਦੇ ਮਾਪਿਆਂ ਨਾਲ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕੀਤੀ ਹੈ।"
"ਨਾਬਾਲਿਗ ਨੂੰ ਇਸ ਮਾਮਲੇ ਦੀ ਜਾਣਕਾਰੀ ਸੀ ਅਤੇ ਇਹ ਵੀ ਪਤਾ ਸੀ ਕਿ ਉਸ ਦੇ ਮਾਪਿਆਂ ਨੇ ਪੈਸੇ ਕਿੱਥੇ ਲੁਕਾਏ ਹਨ। ਪਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਹੋਰ ਜਾਣਕਾਰੀ ਮਿਲੇਗੀ।"

ਪੁਲਿਸ ਨੇ ਕੁੜੀ ਦੇ ਮਾਪਿਆਂ ਅਤੇ ਕਥਿਤ ਮੁਲਜ਼ਮ ਦੇ ਖਿਲਾਫ਼ ਨਵਾਂ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਪਹਿਲਾ ਕੇਸ ਸਿਤੰਬਰ ਵਿੱਚ ਦਰਜ ਹੋਇਆ ਸੀ।
ਸਰੀਰਕ ਸ਼ੋਸ਼ਣ ਖਿਲਾਫ਼ ਦੀ ਸ਼ਿਕਾਇਤ ਦੇ ਮਾਮਲੇ ਵਧੇ
2012 ਵਿੱਚ ਰਾਜਧਾਨੀ ਦਿੱਲੀ ਵਿੱਚ ਇੱਕ ਚੱਲਦੀ ਬਸ ਵਿੱਚ ਇੱਕ 23 ਸਾਲਾ ਕੁੜੀ ਨਾਲ ਹੋਏ ਗੈਂਗਰੇਪ ਅਤੇ ਕਤਲ ਤੋਂ ਬਾਅਦ ਸਰੀਰਕ ਹਿੰਸਾ ਮਾਮਲੇ ਦਰਜ ਕਰਵਾਉਣ ਲਈ ਅੱਗੇ ਆਉਣ ਵਾਲਿਆਂ ਦੀ ਗਿਣਤੀ ਵਿੱਚ ਤੇਜ਼ੀ ਆਈ ਹੈ।

ਤਸਵੀਰ ਸਰੋਤ, Getty Images
ਇਸ ਤੋਂ ਬਾਅਦ ਕਈ ਦਿਨਾਂ ਤੱਕ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਪ੍ਰਦਰਸ਼ਨ ਹੋਏ ਅਤੇ ਸਰਕਾਰ ਨੂੰ ਰੇਪ ਦੀ ਸਜ਼ਾ ਦੇ ਕਾਨੂੰਨ ਵਿੱਚ ਬਦਲਾਅ ਕਰਦੇ ਹੋਏ ਇਸ ਨੂੰ ਹੋਰ ਸਖ਼ਤ ਬਣਾ ਦਿੱਤਾ।
ਫਿਰ ਵੀ ਔਰਤਾਂ ਅਤੇ ਬੱਚਿਆਂ ਖਿਲਾਫ਼ ਸਰੀਰਕ ਸ਼ੋਸਣ ਦੇ ਮਾਮਲਿਆਂ ਨੂੰ ਰਿਪੋਰਟ ਕਰਨ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਜੰਮੂ ਦੇ ਕਠੂਆ ਵਿੱਚ ਇੱਕ 8 ਸਾਲਾ ਬੱਚੀ ਦੇ ਨਾਲ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਤਾਂ ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਇੱਕ ਕੁੜੀ ਨਾਲ ਰੇਪ ਤੋਂ ਬਾਅਦ ਉਸ ਦੇ ਪਿਤਾ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ 'ਤੇ ਦੇਸ ਵਿੱਚ ਕਈ ਥਾਵਾਂ 'ਤੇ ਲੋਕ ਵੱਡੇ ਪੱਧਰ 'ਤੇ ਸੜਕਾਂ 'ਤੇ ਉਤਰ ਆਏ ਸੀ।












