‘ਮੇਰੇ ਇਲਾਵਾ ਪੂਰੀ ਦੁਨੀਆਂ ਮੇਰਾ ਬੱਚਾ ਚਾਹੁੰਦੀ ਸੀ’

ਤਸਵੀਰ ਸਰੋਤ, DEEPA BISHT
"ਪੀਰੀਅਡਸ ਦਾ ਦਰਦ ਸ਼ੁਰੂ ਹੋਣ ਦੇ ਨਾਲ ਹੀ ਮੇਰੇ ਦਿਲ ਵਿੱਚ ਇੱਕ ਡਰ ਜਿਹਾ ਬੈਠ ਜਾਂਦਾ ਸੀ।''
ਇਹ ਕਹਿਣਾ ਸੀ ਨੌਕਰੀ ਕਰਨ ਵਾਲੀ ਦੀਪਾ ਬਿਸ਼ਟ ਦਾ ਜਿਨ੍ਹਾਂ ਨੇ ਬੱਚਾ ਪੈਦਾ ਕਰਨ ਨੂੰ ਲੈ ਕੇ ਮਿਲਦੇ ਦਬਾਅ ਬਾਰੇ ਆਪਣਾ ਤਜਰਬਾ ਬੀਬੀਸੀ ਪੱਤਰਕਾਰ ਕਮਲੇਸ਼ ਨਾਲ ਸਾਂਝਾ ਕੀਤਾ।
ਅੋਹ! ਇਸ ਵਾਰ ਵੀ ਮਿਸ ਕਰ ਗਈ...ਹੁਣ ਸਵੇਰੇ ਦੱਸਣਾ ਪਵੇਗਾ ਅਤੇ ਫਿਰ ਕਈ ਦਿਨਾਂ ਤੱਕ ਮੇਣਿਆਂ ਦਾ ਸਿਲਸਿਲਾ ਚਲਦਾ ਰਹੇਗਾ।
ਉਹ ਮੇਣੇ, ਉਹ ਗੱਲਾਂ ਜਿਨ੍ਹਾਂ ਦਾ ਜਵਾਬ ਨਹੀਂ ਦੇ ਸਕਦੀ, ਜਿਨ੍ਹਾਂ ਲਈ ਜ਼ਿੰਮੇਵਾਰ ਵੀ ਨਹੀਂ। ਫਿਰ ਵੀ ਸੁਣਨੇ ਹੋਣਗੇ ਅਤੇ ਹਰ ਵਾਰ ਸੁਣਨੇ ਹੋਣਗੇ।
ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਮੈਨੂੰ ਇਸ ਉਲਝਣ ਅਤੇ ਤਕਲੀਫ਼ ਭਰੇ ਹਾਲਾਤ ਤੋਂ ਲੰਘਣਾ ਪਿਆ ਸੀ।

ਤਸਵੀਰ ਸਰੋਤ, DEEPA BISHT
ਹਰ ਮਹੀਨੇ ਦੇ ਪੀਰੀਅਡਸ ਅਤੇ ਬੱਚਾ ਨਾ ਹੋਣ ਨੂੰ ਲੈ ਕੇ ਦਿਲ ਦੁਖਾਉਣ ਵਾਲੀਆਂ ਗੱਲਾਂ ਹਰ ਰੋਜ਼ ਹੀ ਸੁਣਨ ਨੂੰ ਮਿਲਦੀਆਂ ਸੀ। ਲਾਚਾਰੀ ਤਾਂ ਇਹ ਸੀ ਕਿ ਨਾ ਮੈਂ ਪੀਰੀਡੀਅਸ ਰੋਕ ਸਕਦੀ ਸੀ ਤੇ ਨਾ ਹੀ ਮੇਣੇ।
ਸੱਸ ਦੇ ਮੇਣੇ...
ਵਿਆਹ ਨੂੰ ਅਜੇ ਇੱਕ ਮਹੀਨਾ ਹੋਇਆ ਸੀ। ਮੈਂ ਇੱਕ ਦਿਨ ਸੱਸ ਨਾਲ ਰਸੋਈ ਵਿੱਚ ਕੰਮ ਕਰ ਰਹੀ ਸੀ। ਉਦੋਂ ਸੱਸ ਨੇ ਕਿਹਾ,''ਹੁਣ ਬੱਚੇ ਬਾਰੇ ਵੀ ਸੋਚੋ। ਫਿਰ ਉਮਰ ਨਿਕਲ ਜਾਵੇਗੀ।''
ਐਨੀ ਛੇਤੀ ਮੈਂ ਬੱਚੇ ਬਾਰੇ ਸੋਚਿਆ ਨਹੀਂ ਸੀ। ਫਿਰ ਵੀ ਪਹਿਲੀ ਵਾਰ ਤਾਂ ਮੈਂ ਹੱਸ ਕੇ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ।
ਜਦੋਂ ਉਨ੍ਹਾਂ ਨੇ ਦੂਜੀ ਵਾਰ ਕਿਹਾ ਤਾਂ ਮੈਂ 'ਹਾਂ ਸੋਚਦੇ ਹਾਂ' ਕਹਿ ਕੇ ਗੱਲ ਟਾਲ ਦਿੱਤੀ। ਉਦੋਂ ਮੈਨੂੰ ਲੱਗਿਆ ਕਿ ਘਰ ਦੇ ਵੱਡੇ ਤਾਂ ਅਜਿਹਾ ਕਹਿੰਦੇ ਹੀ ਹਨ।
ਪਰ ਹੌਲੀ-ਹੌਲੀ ਇਹ ਗੱਲ ਰੋਜ਼ਾਨਾ ਦਾ ਕਿੱਸਾ ਬਣ ਗਈ। ਇੱਥੋਂ ਤੱਕ ਕਿ ਉਹ ਕਈ ਵਾਰ ਪ੍ਰੀਕੋਸ਼ਨ ਨਾ ਲੈਣ ਦੀ ਵੀ ਸਲਾਹ ਦੇਣ ਲੱਗੀ।
ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਦਾ ਇਹ ਦਖ਼ਲ ਮੈਨੂੰ ਬਿਲਕੁਲ ਚੰਗਾ ਨਹੀਂ ਲਗਦਾ ਸੀ। ਜਿਸ ਦਿਨ ਉਨ੍ਹਾਂ ਨੇ ਪਹਿਲੀ ਵਾਰ ਪ੍ਰੀਕੋਸ਼ਨ 'ਤੇ ਸਲਾਹ ਦਿੱਤੀ ਮੈਨੂੰ ਬਹੁਤ ਅਜੀਬ ਲੱਗਿਆ।

ਮੇਰੇ ਸਬੰਧ ਕਿਸ ਤਰ੍ਹਾਂ ਦੇ ਹੋਣ ਇਸ 'ਤੇ ਕਿਵੇਂ ਕੋਈ ਬੋਲ ਸਕਦਾ ਹੈ। ਇਹ ਮੇਰਾ ਨਿੱਜੀ ਮਾਮਲਾ ਸੀ ਅਤੇ ਇਸ 'ਤੇ ਗੱਲ ਕਰਦੇ ਤਾਂ ਮੈਂ ਖਿਝ ਜਾਂਦੀ ਸੀ।
ਪੀਰੀਅਡਸ ਨਿਸ਼ਾਨਾ ਬਣ ਗਏ
ਇੱਕ ਦਿਨ ਜਦੋਂ ਮੇਰੇ ਤੋਂ ਸਹਿਣ ਨਾ ਹੋਈ ਤਾਂ ਮੈਂ ਆਪਣੀ ਸੱਸ ਨੂੰ ਦੱਸ ਦਿੱਤਾ ਕਿ ਮੇਰਾ ਨਵੀਂ ਨੌਕਰੀ ਲੱਗੀ ਹੈ ਅਤੇ ਮੈਂ ਅਜੇ ਬੱਚਾ ਪੈਦਾ ਨਹੀਂ ਕਰ ਸਕਦੀ। ਕੁਝ ਸਾਲਾਂ ਬਾਅਦ ਤਾਂ ਕਰਨਾ ਹੀ ਹੈ।
ਉਸ ਸਮੇਂ ਉਹ ਬਿਲਕੁਲ ਚੁੱਪ ਹੋ ਗਈ ਅਤੇ ਕੁਝ ਨਹੀਂ ਬੋਲੀ। ਮੈਨੂੰ ਲੱਗਿਆ ਕਿ ਸ਼ਾਇਦ ਉਹ ਮੇਰੀ ਗੱਲ ਨੂੰ ਸਮਝੇਗੀ ਅਤੇ ਕੁਝ ਸਾਲ ਰੁੱਕ ਜਾਣਗੇ।
ਪਰ, ਮੇਰਾ ਸੋਚਣਾ ਗ਼ਲਤ ਸੀ। ਮੇਰੀ ਗੱਲ ਦਾ ਉਨ੍ਹਾਂ ਦੀ ਸੋਚ 'ਤੇ ਕੋਈ ਖ਼ਾਸ ਅਸਰ ਨਹੀਂ ਹੋਇਆ।
ਹੁਣ ਤਾਂ ਜਦੋਂ ਕੋਈ ਰਿਸ਼ਤੇਦਾਰ, ਗੁਆਂਢੀ ਆਉਂਦੇ, ਕੋਈ ਪੂਜਾ ਜਾਂ ਫੰਕਸ਼ਨ ਹੁੰਦਾ ਤਾਂ ਘਰ ਵਿੱਚ ਬੱਚਿਆਂ ਦੀ ਗੱਲ ਜ਼ਰੂਰ ਛਿੜਦੀ। 'ਦੂਧੋ ਨਹਾਓ, ਪੂਤੋ ਫਲੋ' ਦਾ ਅਸ਼ੀਰਵਾਦ ਮਿਲਣਾ ਤਾਂ ਤੈਅ ਹੀ ਹੁੰਦਾ।
ਮੁੰਡੇ ਹੋਵੇ ਜਾਂ ਕੁੜੀ ਇਸ 'ਤੇ ਲੰਬੀ ਚਰਚਾ ਹੁੰਦੀ ਹੀ ਸੀ। ਦੂਜਿਆਂ ਦੀ ਦਖ਼ਲਅੰਦਾਜ਼ੀ ਮੈਨੂੰ ਹੋਰ ਵੱਧ ਪ੍ਰੇਸ਼ਾਨ ਕਰਦੀ।

ਤਸਵੀਰ ਸਰੋਤ, iStock
ਉਨ੍ਹਾਂ ਕੋਲ ਅਜਿਹੀਆਂ ਕੁ਼ੜੀਆਂ ਦੇ ਉਦਾਹਰਣ ਹੁੰਦੇ ਜਿਹੜੀਆਂ ਵਿਆਹ ਦੇ ਇੱਕ-ਦੋ ਮਹੀਨੇ ਬਾਅਦ ਹੀ ਗਰਭਵਤੀ ਹੋ ਗਈਆਂ। ਇਸ ਨਾਲ ਮੇਰੇ ਘਰ ਵਾਲਿਆਂ ਦੀਆਂ ਉਮੀਦਾਂ ਹੋਰ ਵੱਧ ਜਾਂਦੀਆਂ।
ਰਸੋਈ ਦੇ ਭਾਂਡੇ ਖੜਕਣ ਲਗਦੇ
ਅਜਿਹਾ ਲਗਦਾ ਸੀ ਜਿਵੇਂ ਮੇਰੇ ਇਲਾਵਾ ਪੂਰੀ ਦੁਨੀਆਂ ਨੂੰ ਮੇਰਾ ਬੱਚਾ ਚਾਹੀਦਾ। ਸਲਾਹ ਦਿੰਦੇ-ਦਿੰਦੇ ਉਹ ਖ਼ੁਦ ਨੂੰ ਮੇਰੇ 'ਤੇ ਥੋਪਣ ਲੱਗੇ ਸੀ।
ਹੌਲੀ-ਹੌਲੀ ਘਰ ਵਾਲਿਆਂ ਦਾ ਬੋਲਣਾ ਗੁੱਸੇ ਅਤੇ ਮੇਣਿਆਂ ਵਿੱਚ ਬਦਲ ਗਿਆ। ਹੁਣ ਨਿਰਾਸ਼ਾ ਮੇਰੇ ਪੀਰੀਅਡਸ ਬਣ ਗਏ।
ਪੀਰੀਅਡਸ ਹੋਣ 'ਤੇ ਪੂਜਾ ਨਹੀਂ ਕਰਦੀ ਸੀ ਤਾਂ ਸੱਸ ਨੂੰ ਪਤਾ ਲੱਗ ਜਾਂਦਾ ਸੀ ਕਿ ਮੈਨੂੰ ਪੀਰੀਅਡਸ ਹੋ ਰਹੇ ਹਨ। ਇਸ ਤੋਂ ਬਾਅਦ ਤਾਂ ਰਸੋਈ ਦੇ ਭਾਂਡੇ ਖੜਕਣ ਲਗਦੇ।
ਮੇਰੀ ਸੱਸ ਮੈਨੂੰ ਨੀਵਾਂ ਦਿਖਾਉਣ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਅਤੇ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਦੀ।
ਮੈਨੂੰ ਸ਼ਰਮ ਮਹਿਸੂਸ ਕਰਵਾਉਣ ਲਈ ਉਹ ਰਸੋਈ ਦਾ ਕੰਮ ਕਰ ਦਿੰਦੀ ਜਦਕਿ ਹਰ ਰੋਜ਼ ਮੈਂ ਕਰਦੀ ਸੀ।
ਬੱਚਾ ਨਹੀਂ ਚਾਹੁੰਦੇ ਸੀ
ਪੀਰੀਅਡਸ 'ਤੇ ਨਾਰਾਜ਼ ਹੋਣਾ ਜਿਵੇਂ ਉਨ੍ਹਾਂ ਦੀ ਆਦਤ ਬਣ ਗਈ ਸੀ।
ਜਦੋਂ ਵੀ ਪੀਰੀਅਡਸ ਲੇਟ ਆਉਂਦੇ ਤਾਂ ਉਹ ਖੁਸ਼ ਹੋ ਜਾਂਦੀ ਪਰ ਜਿਵੇਂ ਹੀ ਆ ਜਾਂਦੇ ਤਾਂ ਉਨ੍ਹਾਂ ਦੀਆਂ ਉਮੀਦਾਂ ਟੁੱਟ ਜਾਂਦੀਆਂ ਅਤੇ ਉਸਦਾ ਗੁੱਸਾ ਮੇਰੇ 'ਤੇ ਕੱਢ ਦਿੰਦੀ।

ਤਸਵੀਰ ਸਰੋਤ, Getty Images
ਮੇਰੇ ਪੀਰੀਅਸ ਮੇਰੇ ਤੋਂ ਵੱਧ ਸੱਸ ਨੂੰ ਯਾਦ ਰਹਿਣ ਲੱਗੇ ਸੀ। ਕਿੰਨੇ ਦਿਨ ਲੇਟ ਹੋਏ ਉਹ ਸਾਰਾ ਹਿਸਾਬ-ਕਿਤਾਬ ਰਖਦੀ।
ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਸੱਸ ਨੂੰ ਕਿਵੇਂ ਸਮਝਾਇਆ ਜਾਵੇ। ਮੈਂ ਤੇ ਮੇਰੇ ਪਤੀ ਦੋਵੇਂ ਉਸ ਸਮੇਂ ਬੱਚਾ ਨਹੀਂ ਚਾਹੁੰਦੇ ਸੀ।
ਪਰ ਉਨ੍ਹਾਂ ਨੂੰ ਲਗਦਾ ਸੀ ਕਿ ਜਿਵੇਂ ਸਿਰਫ਼ ਮੇਰੇ ਚਾਹੁਣ ਨਾਲ ਸਭ ਹੋ ਜਾਵੇਗਾ। ਹੁਣ ਤਾਂ ਜਿਵੇਂ-ਜਿਵੇਂ ਪੀਰੀਅਡਸ ਨੇੜੇ ਆਉਂਦੇ, ਮੇਰੇ ਦਿਲ ਦੀ ਧੜਕਣ ਵਧਣ ਲਗਦੀ।
ਸਰੀਰ ਦੇ ਦਰਦ ਨੂੰ ਬਰਦਾਸ਼ਤ ਕਰ ਲੈਂਦੀ ਪਰ ਉਨ੍ਹਾਂ ਮੇਣਿਆਂ ਦਾ ਕੀ। ਇਹੀ ਸੋਚ ਕੇ ਜਿਵੇਂ ਇੱਕ-ਇੱਕ ਮਿੰਟ ਪੂਰੇ ਦਿਨ ਦੇ ਬਰਾਬਰ ਹੋ ਜਾਂਦਾ। ਇੱਕ ਡਰ ਪੈਦਾ ਹੋ ਗਿਆ ਸੀ।
ਪੀਰੀਅਡਸ ਲੁਕਾਉਣ ਦੀ ਕੋਸ਼ਿਸ਼
ਹਰ ਮਹੀਨੇ ਪੀਰੀਅਡਸ 'ਤੇ ਹੋਣ ਵਾਲਾ ਇਹ ਵਰਤਾਰਾ ਮੇਰੇ ਲਈ ਸਹਿਣਾ ਔਖਾ ਹੋ ਗਿਆ ਸੀ।
ਨਾ ਮੈਂ ਪੀਰੀਅਡਸ ਰੋਕ ਸਕਦੀ ਸੀ ਤੇ ਨਾ ਹੀ ਆਪਣੀ ਸੱਸ ਨੂੰ। ਇਸ ਲਈ ਫਿਰ ਮੈਂ ਆਪਣੀ ਪੀਰੀਡਅਸ ਦੀ ਤਰੀਕ ਹੀ ਸੱਸ ਤੋਂ ਲੁਕਾਉਣੀ ਸ਼ੁਰੂ ਕਰ ਦਿੱਤੀ।
ਹੁਣ ਪੀਰੀਅਡਸ ਹੋਣ 'ਤੇ ਪੂਜਾ ਕਰਨੀ ਮੈਂ ਜਾਰੀ ਰੱਖੀ, ਤਾਂਕਿ ਉਨ੍ਹਾਂ ਨੂੰ ਪਤਾ ਨਾ ਲੱਗੇ। ਮੈਂ ਸੋਚਿਆ ਚਲੋ ਇੱਕ ਡੇਢ ਮਹੀਨਾ ਹੀ ਸ਼ਾਂਤੀ ਨਾਲ ਨਿਕਲ ਜਾਵੇ।

ਤਸਵੀਰ ਸਰੋਤ, Getty Images
ਇੱਕ ਵਾਰ ਤਾਂ ਦੋ ਮਹੀਨੇ ਗੁਜ਼ਰ ਗਏ ਤੇ ਉਨ੍ਹਾਂ ਨੇ ਸਿੱਧਾ ਪੁੱਛਿਆ,''ਨੌਕਰੀ ਕਦੋਂ ਛੱਡ ਰਹੀ ਹੈ। ਦੋ ਮਹੀਨਿਆਂ ਤੋਂ ਪੀਰੀਅਡਸ ਨਹੀਂ ਆਏ ਤਾਂ ਬੱਚਾ ਹੀ ਹੋਵੇਗਾ।''
ਹੁਣ ਮੇਰੇ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਸੀ। ਸੱਚ ਕਿਵੇਂ ਬੋਲਾ ਮੈਨੂੰ ਸਮਝ ਨਹੀਂ ਆ ਰਹੀ ਸੀ। ਮੈਂ ਸੋਚਿਆਂ ਜਿੰਨੇ ਦਿਨ ਗੱਲ ਲੁਕਾਵਾਂਗੀ ਓਨੀ ਮੁਸੀਬਤ ਵੀ ਵਧਦੀ ਜਾਵੇਗੀ।
ਇੱਕ ਦਿਨ ਹਿੰਮਤ ਕਰਕੇ ਮੈਂ ਦੱਸ ਹੀ ਦਿੱਤਾ ਕਿ ਮੈਨੂੰ ਪੀਰੀਅਡਸ ਆਏ ਹਨ। ਸੱਸ ਨੇ ਹੈਰਾਨ ਹੋ ਕੇ ਸਵਾਲ ਕੀਤਾ,''ਬੱਚਾ ਡਿੱਗ ਗਿਆ?
ਮਾਤਮ ਦਾ ਮਾਹੌਲ
ਮੈਨੂੰ ਸੱਸ ਦੇ ਇਸ ਸਵਾਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ। ਮੈਨੂੰ ਤਾਂ ਲੱਗਿਆ ਸੀ ਕਿ ਉਹ ਪਹਿਲੇ ਦੀ ਤਰ੍ਹਾਂ ਨਾਰਾਜ਼ ਹੋ ਕੇ ਬੋਲਣਾ ਬੰਦ ਕਰ ਦੇਵੇਗੀ।

ਤਸਵੀਰ ਸਰੋਤ, iStock
ਪਰ ਹੁਣ ਇਸਦਾ ਕੀ ਜਵਾਬ ਦੇਵਾਂ ਮੈਨੂੰ ਕੁਝ ਦੇਰ ਤੱਕ ਤਾਂ ਸਮਝ ਨਹੀਂ ਆਇਆ।
ਇਸ ਲਈ ਜ਼ਿਆਦਾ ਨਾ ਸੋਚਦੇ ਹੋਏ ਮੈਂ ਕਹਿ ਦਿੱਤਾ ਹਾਂ, ਇਸ ਲਈ ਤਾਂ ਪੀਰੀਅਡਸ ਮਿਸ ਹੋਏ ਹੋਣਗੇ।
ਮੇਰੇ ਇਸ ਜਵਾਬ ਨਾਲ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਕਈ ਮਹੀਨਿਆਂ ਤੱਕ ਘਰ ਵਿੱਚ ਮਾਤਮ ਦਾ ਮਾਹੌਲ ਬਣਿਆ ਰਿਹਾ।
ਉਨ੍ਹਾਂ ਲਈ ਤਾਂ ਇਹ ਵੱਡੀ ਘਟਨਾ ਸੀ ਪਰ ਮੇਰੇ ਲਈ ਇਸ ਮਾਤਮ ਵਿੱਚ ਖੁਸ਼ੀ ਸੀ।
ਕੁਝ ਮਹੀਨਿਆਂ ਤੱਕ ਮੁੜ ਬੱਚੇ ਲਈ ਕਿਸੇ ਨੇ ਨਹੀਂ ਕਿਹਾ। ਮੈਨੂੰ ਥੋੜ੍ਹਾ ਬ੍ਰੇਕ ਮਿਲ ਗਿਆ। ਹਾਲਾਂਕਿ ਇਹ ਖੁਸ਼ੀ ਜ਼ਿਆਦਾ ਦਿਨ ਤੱਕ ਟਿਕ ਨਹੀਂ ਸਕੀ।
ਸੱਸ ਨੇ ਪੁਰਾਣਾ ਰਾਗ਼ ਮੁੜ ਤੋਂ ਅਲਾਪਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਲਈ ਸ਼ੁਰੂ ਹੋਇਆ ਪੀਰੀਅਡਸ ਤੋਂ ਵੀ ਵੱਡਾ ਦਰਦ....
(ਬੀਬੀਸੀ ਪੱਤਰਕਾਰ ਕਮਲੇਸ਼ ਨਾਲ ਦੀਪਾ ਬਿਸ਼ਟ ਦੀ ਗੱਲਬਾਤ 'ਤੇ ਆਧਾਰਿਤ)












