ਕਠੂਆ-ਉਨਾਓ ਰੇਪ ਕੇਸਾਂ 'ਤੇ ਮੋਦੀ ਨੇ ਤੋੜੀ ਚੁੱਪੀ, ਦੋ ਭਾਜਪਾ ਮੰਤਰੀਆਂ ਦਾ ਅਸਤੀਫ਼ਾ

ਤਸਵੀਰ ਸਰੋਤ, Twitter/@PIB_India
ਉਨਾਓ ਅਤੇ ਕਠੂਆ ਵਿੱਚ ਹੋਈਆਂ ਰੇਪ ਦੀਆਂ ਘਟਾਨਾਵਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱਪੀ ਤੋੜ ਦਿੱਤੀ ਹੈ। ਦੋਵਾਂ ਘਟਨਾਵਾ ਨੂੰ ਸ਼ਰਮਨਾਕ ਕਹਿੰਦੇ ਹੋਏ ਮੋਦੀ ਨੇ ਕਿਹਾ ਕਿ ਗੁਨਹੇਗਾਰਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਇਸ ਮਾਮਲੇ ਵਿੱਚ ਸਰਕਾਰ ਕੋਈ ਕੋਤਾਹੀ ਨਹੀਂ ਵਰਤੇਗੀ।
ਹਾਲਾਂਕਿ ਉਨ੍ਹਾਂ ਨੇ ਦੋਵਾਂ ਮਾਮਲਿਆਂ ਨੂੰ ਲੈ ਕੇ ਭਾਜਪਾ ਖ਼ਿਲਾਫ਼ ਉੱਠ ਰਹੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ।
ਪ੍ਰਧਾਨ ਮੰਤਰੀ ਭੀਮਰਾਓ ਅੰਬੇਦਕਰ ਦੀ ਜਯੰਤੀ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਡਾਕਟਰ ਅੰਬੇਦਕਰ ਨੈਸ਼ਨਲ ਮੈਮੋਰੀਅਲ ਵਿੱਚ ਬੋਲ ਰਹੇ ਸਨ।
ਮੋਦੀ ਨੇ ਕਿਹਾ, ''ਪਿਛਲੇ ਦੋ ਦਿਨਾਂ ਤੋਂ ਜਿਹੜੀਆਂ ਘਟਨਾਵਾਂ ਚਰਚਾ ਵਿੱਚ ਹਨ ਉਹ ਕਿਸੇ ਵੀ ਇਜ਼ੱਤਦਾਰ ਸਮਾਜ ਨੂੰ ਸ਼ੋਭਾ ਨਹੀਂ ਦਿੰਦੀਆਂ। ਇੱਕ ਸਮਾਜ ਦੇ ਰੂਪ 'ਚ, ਇੱਕ ਦੇਸ ਦੇ ਰੂਪ 'ਚ ਅਸੀਂ ਸਾਰੇ ਇਸ ਲਈ ਸ਼ਰਮਸਾਰ ਹਾਂ।''

ਤਸਵੀਰ ਸਰੋਤ, FACEBOOK/IKULDEEPSENGAR
ਉਨ੍ਹਾਂ ਕਿਹਾ, ''ਦੇਸ ਦੇ ਕਿਸੇ ਵੀ ਸੂਬੇ 'ਚ, ਕਿਸੇ ਵੀ ਖੇਤਰ 'ਚ ਹੋਣ ਵਾਲੀਆਂ ਅਜਿਹੀਆਂ ਵਾਰਦਾਤਾਂ, ਸਾਡੀਆਂ ਮਨੁੱਖੀ ਸੰਵੇਦਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹਨ। ਪਰ ਮੈਂ ਦੇਸ ਨੂੰ ਵਿਸ਼ਵਾਸ ਦਵਾਉਣਾ ਚਾਹੁੰਦਾ ਹਾਂ ਕਿ ਕੋਈ ਮੁਲਜ਼ਮ ਨਹੀਂ ਬਚੇਗਾ, ਨਿਆਂ ਹੋਵੇਗਾ ਅਤੇ ਪੂਰੇ ਹੋਵੇਗਾ। ਸਾਡੀਆਂ ਧੀਆਂ ਨੂੰ ਨਿਆਂ ਮਿਲ ਕੇ ਰਹੇਗਾ।''
ਦੋ ਭਾਜਪਾ ਮੰਤਰੀਆਂ ਦਾ ਅਸਤੀਫ਼ਾ
ਭਾਰਤ-ਸ਼ਾਸਤ ਕਸ਼ਮੀਰ ਦੀ ਸਰਕਾਰ ਦੇ ਦੋ ਮੰਤਰੀਆ ਨੇ ਅਸਤੀਫ਼ਾ ਦੇ ਦਿੱਤਾ ਹੈ। ਇਹ ਦੋਵੇਂ ਭਾਜਪਾ ਤੋਂ ਹਨ ਅਤੇ ਕਠੂਆ ਰੇਪ ਕੇਸ ਦੇ ਕਥਿਤ ਮੁਲਜ਼ਮਾਂ ਦੇ ਸਮਰਥਨ ਵਿੱਚ ਹੋਈ ਰੈਲੀ 'ਚ ਸ਼ਾਮਲ ਹੋਏ ਸੀ।
ਪੀਟੀਆਈ ਦੀ ਖ਼ਬਰ ਮੁਤਾਬਕ ਜੰਗਲਾਤ ਮੰਤਰੀ ਚੌਧਰੀ ਲਾਲ ਸਿੰਘ ਅਤੇ ਉਦਯੋਗ ਮੰਤਰੀ ਚੰਦਰ ਪ੍ਰਕਾਸ਼ ਨੇ ਪਾਰਟੀ ਦੇ ਸੂਬਾ ਪ੍ਰਧਾਨ ਸੱਤ ਸ਼ਰਮਾ ਨੂੰ ਆਪਣਾ ਅਸਤੀਫ਼ਾ ਸੌਂਪਿਆ ਹੈ।
ਵਿਰੋਧੀ ਪਾਰਟੀਆਂ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵੱਲੋਂ ਦੋਵਾਂ ਮੰਤਰੀਆਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ।












