ਸੀਰੀਆ ਉੱਤੇ ਤਣਾਅ ਬਾਰੇ ਰੂਸ ਦੀ ਅਮਰੀਕਾ ਨੂੰ ਚੇਤਾਵਨੀ

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਸੀਰੀਆ ਵਿੱਚ ਅਮਰੀਕੀ ਕਾਰਵਾਈ ਬਾਰੇ ਬਹੁਤ ਜਲਦੀ ਫ਼ੈਸਲਾ ਲੈ ਲਿਆ ਜਾਵੇਗਾ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਦਫ਼ਤਰ ਡੂਮਾ ਤੇ ਹੋਏ ਰਸਾਇਣਕ ਹਮਲੇ ਮਗਰੋਂ ਸਥਿਤੀ ਤੇ ਗੰਭੀਰ ਨਿਗ੍ਹਾ ਰੱਖ ਰਿਹਾ ਹੈ।
ਰੂਸ ਜੋ ਕਿ ਸੀਰੀਆ ਦਾ ਪੱਖੀ ਹੈ, ਪੱਛਮੀ ਤਾਕਤਾਂ ਦੇ ਅਜਿਹੇ ਹਮਲੇ ਦਾ ਵਿਰੋਧ ਕਰ ਰਿਹਾ ਹੈ।
ਅਮਰੀਕਾ ਨੂੰ ਚਿਤਾਵਨੀ
ਰੂਸ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੀਰੀਆ ਦੇ ਸ਼ੱਕੀ ਕੈਮੀਕਲ ਹਮਲੇ ਦੇ ਜਵਾਬ ਹਵਾਈ ਹਮਲੇ ਤੋਂ ਬਚੇ ਵਰਨਾ ਦੋਵਾਂ ਦੇਸ਼ਾਂ ਦੇ ਵਿਚਾਲੇ ਯੁੱਧ ਛਿੜ ਸਕਦਾ ਹੈ।
ਮਾਸਕੋ ਦੇ ਸੰਯੁਕਤ ਰਾਸ਼ਟਰ ਵਿਚਲੇ ਰਾਜਦੂਤ ਵੈਸਲੀ ਨੇਬੈਂਜੀਆ ਨੇ ਵੀਰਵਾਰ ਨੂੰ ਕਿਹਾ ਕਿ "ਫ਼ੌਰੀ ਪ੍ਰਾਥਮਿਕਤਾ ਯੁੱਧ ਦੇ ਖ਼ਤਰੇ ਨੂੰ ਰੋਕਣਾ ਹੈ।"

ਤਸਵੀਰ ਸਰੋਤ, Getty Images
ਰੂਸ ਨੇ ਵਾਸ਼ਿੰਗਟਨ ਉੱਤੇ ਕੌਮਾਂਤਰੀ ਸ਼ਾਂਤੀ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਲਾਇਆ ਹੈ ਅਤੇ ਕਿਹਾ ਕਿ ਸਥਿਤੀ "ਬਹੁਤ ਖਤਰਨਾਕ" ਹੈ।
ਰੂਸ ਵਲੋਂ ਹਮਲੇ ਦਾ ਵਿਰੋਧ
ਪੱਛਮੀ ਤਾਕਤਾਂ ਸੀਰੀਆ ਉੱਤੇ ਹਮਲੇ ਦੀ ਤਿਆਰੀ ਕਰ ਰਹੀਆਂ ਹਨ ਪਰ ਰੂਸ ਸੀਰੀਆਈ ਹਮਦਰਦ ਹੋਣ ਕਾਰਨ ਇਸ ਦਾ ਵਿਰੋਧ ਕਰ ਰਿਹਾ ਹੈ।
ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਬੈਠਕ ਤੋਂ ਬਾਅਦ ਨੇਬੈਂਜੀਆ ਨੇ ਪੱਤਰਕਾਰਾਂ ਨੂੰ ਕਿਹਾ, "ਅਸੀਂ ਕਿਸੇ ਵੀ ਸੰਭਾਵਨਾ ਨੂੰ ਰੱਦ ਨਹੀਂ ਕਰ ਕਰਦੇ।
ਉਸ ਨੇ ਕਿਹਾ ਕਿ ਸੀਰੀਆ ਵਿੱਚ ਰੂਸੀ ਫੌਜੀ ਮੌਜੂਦਗੀ ਦੇ ਕਾਰਨ ਤਣਾਅ ਜਾ ਖ਼ਤਰਾ ਵਧ ਗਿਆ ਹੈ।
ਵੀਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਅਮੈਨੂਅਲ ਮੈਕਰੌਨ ਨੇ ਕਿਹਾ, 'ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਡੂਮਾ ਵਿੱਚ ਹਮਲਾ ਸੀਰੀਆ ਨੇ ਹੀ ਕੀਤਾ ਸੀ'।
ਬਰਤਾਨਵੀ ਪ੍ਰਧਾਨ ਮੰਤਰੀ ਟੈਰਿਜ਼ਾ ਮੇਅ ਦੇ ਦਫ਼ਤਰ ਨੇ ਕਿਹਾ ਕਿ ਕੈਬਨਿਟ 'ਰਸਾਇਣਕ ਹੱਥਿਆਰਾਂ ਦੀ ਹੋਰ ਵਰਤੋਂ ਰੋਕਣ ਲਈ ਕਾਰਵਾਈ' ਦੀ ਜ਼ਰੂਰਤ 'ਤੇ ਸਹਿਮਤ ਹੋ ਗਈ ਹੈ।
ਉੱਧਰ ਪਿਛਲੇ ਦਿਨੀਂ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਪੂਰਬੀ ਗੂਟਾ 'ਚ ਹੋਏ ਹਮਲੇ ਦੌਰਾਨ ਜ਼ਖ਼ਮੀ ਹੋਏ ਮਰੀਜ਼ਾਂ ਵਿੱਚ ਕੈਮੀਕਲ ਹਮਲੇ ਦੇ ਲੱਛਣ ਮਿਲੇ ਹਨ। ਜਿਸ ਕਰਕੇ ਉਸ ਨੂੰ ਪ੍ਰਭਾਵਿਤ ਖੇਤਰ ਵਿੱਚ ਬੇਰੋਕ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇ।












