ਸਾਕਾ ਜਲ੍ਹਿਆਂਵਾਲਾ ਬਾਗ਼: ਗੋਲੀਕਾਂਡ 'ਤੇ ਬਣੇ ਡਰਾਮੇ ਨੂੰ PTV 'ਤੇ ਪ੍ਰਸਾਰਣ ਕਰਨ ਦੀ ਪਾਬੰਦੀ ਕਿਉਂ?

ਤਸਵੀਰ ਸਰੋਤ, Ravinder Singh Robin/bbc
- ਲੇਖਕ, ਤਾਹਿਰ ਸੰਧੂ
- ਰੋਲ, ਲਾਹੌਰ ਤੋਂ ਬੀਬੀਸੀ ਪੰਜਾਬੀ ਲਈ
ਜਲ੍ਹਿਆਂਵਾਲਾ ਬਾਗ਼ ਦੇ ਵਾਕਿਆ ਮਗਰੋਂ ਕਿਤੇ ਇਹ ਨਹੀਂ ਮਿਥਿਆ ਗਿਆ ਅਤੇ ਨਾ ਹੀ ਮਿਥਿਆ ਜਾ ਸਕਦਾ ਹੈ ਕਿ ਇਹ ਵਾਕਿਆ ਆਜ਼ਾਦੀ ਦੀ ਤਹਿਰੀਕ ਵਿੱਚ ਅਹਿਮ ਮੋੜ ਨਹੀਂ ਸੀ ਅਤੇ ਇਹ ਪਾਕਿਸਤਾਨ ਬਣਨ ਦੀ ਤਹਿਰੀਕ ਦਾ ਹਿੱਸਾ ਨਹੀਂ ਬਣ ਸਕਦਾ।
ਇਹ ਮਨੌਤ ਬੇਤੁਕੀ ਹੈ ਕਿ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਜ਼ਿਕਰ ਮਗਰਬੀ ਪੰਜਾਬ ਵਿੱਚ ਕਿਸੇ ਨਜ਼ਰੀਏ ਜਾਂ ਸੋਚ ਦੇ ਬਦਲਾਵ ਦਾ ਕਾਰਨ ਬਣ ਸਕਦਾ ਹੈ।
ਹਕੀਕਤ ਇਹ ਹੈ ਕਿ ਸਾਂਝੀ ਜੱਦੋ ਜਹਿਦ, ਸਾਂਝੀ ਧਰਤੀ ਅਤੇ ਸਾਂਝੀ ਆਜ਼ਾਦੀ ਖ਼ਾਤਿਰ ਸ਼ਹੀਦ ਹੋਣ ਵਾਲੇ ਨਾ ਹੀ ਪਾਕਿਸਤਾਨ ਦੀ ਤਹਿਰੀਕ ਨਾਲ ਮੁਖ਼ਾਲਫ਼ਤ ਰੱਖਦੇ ਸਨ ਅਤੇ ਨਾ ਹੀ ਦੋ-ਕੌਮੀ ਨਜ਼ਰੀਏ ਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਸਨ।
ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਤੋਂ ਹੀ ਪਾਕਿਸਤਾਨ ਦੀ ਤਹਿਰੀਕ ਨੇ ਜਨਮ ਲਿਆ ਅਤੇ ਇਸ ਦੀਆਂ ਨੀਹਾਂ ਵਿੱਚ ਉਨ੍ਹਾਂ ਸ਼ਹੀਦਾਂ ਦਾ ਵੀ ਖ਼ੂਨ ਹੈ।
ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ (ਅੰਮ੍ਰਿਤਸਰ) ਦੇ ਇਹਤਜਾਜੀ ਜਲਸੇ/ਰੋਸ ਮੁਜ਼ਾਹਰਾ ਅਤੇ ਵਿਸਾਖੀ ਦੇ ਮੇਲੇ ਵਿੱਚ ਆਏ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾਉਣ ਦਾ ਹੁਕਮ ਜਨਰਲ ਡਾਇਰ ਨੇ ਆਪਣੇ ਫ਼ੌਜੀਆਂ ਨੂੰ ਦਿੱਤਾ।
ਇਸ ਕਤਲੇਆਮ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਵੱਡੀ ਗਿਣਤੀ ਵਿੱਚ ਜਨਰਲ ਡਾਇਰ ਦੇ ਫ਼ੌਜੀਆਂ ਹੱਥੋਂ ਮਾਰੇ ਗਏ ਅਤੇ ਪੰਜਾਬ ਦੀ ਧਰਤੀ ਨੂੰ ਅੰਗਰੇਜ਼ ਰਾਜ ਹੇਠੋਂ ਆਜ਼ਾਦ ਕਰਾਉਣ ਲਈ ਸ਼ਹੀਦ ਐਲਾਨਿਆ ਗਿਆ।
ਜਨਰਲ ਡਾਇਰ ਆਪਣੀ ਤਵਾਰੀਖ਼ ਦਾ ਸਭ ਤੋਂ ਵੱਡਾ ਜ਼ਾਲਮ, ਕਾਤਲ ਕਰਾਰ ਦਿੱਤਾ ਗਿਆ ਅਤੇ ਉਸ ਨੂੰ 'ਅੰਮ੍ਰਿਤਸਰ ਦੇ ਕਸਾਈ' ਦਾ ਲਕਬ ਦਿੱਤਾ ਗਿਆ।
ਅੰਗਰੇਜ਼ ਰਾਜ ਤੋਂ ਆਜ਼ਾਦੀ ਲੈਣ ਖ਼ਾਤਿਰ ਪੰਜਾਬ ਦੇ ਹਰ ਮਜ਼ਹਬ ਅਤੇ ਹਰ ਤਬਕੇ ਦੇ ਲੋਕਾਂ ਨੇ ਸਾਂਝੀ ਜੱਦੋਜਹਿਦ ਕੀਤੀ ਜਿਹੜੀ 1857ਈ. ਤੋਂ ਜਾਰੀ ਸੀ।

ਤਸਵੀਰ ਸਰੋਤ, Ravinder Singh Robin/bbc
ਪਹਿਲੀ ਆਲਮੀ ਜੰਗ (1914 ਤੋਂ 1918) ਦੇ ਮੁੱਕਣ ਮਗਰੋਂ ਆਜ਼ਾਦੀ ਦੀਆਂ ਲੋਕ -ਲਹਿਰਾਂ ਉੱਠਣ ਵਿੱਚ ਤੇਜ਼ੀ ਆ ਗਈ।
ਆਜ਼ਾਦੀ ਦੇ ਹੱਕ ਵਿੱਚ ਆਵਾਜ਼ ਬੁਲੰਦ
ਅੰਗਰੇਜ਼ ਹਕੂਮਤ ਖ਼ਿਲਾਫ਼ ਮੁਕਾਮੀ ਪੱਧਰ ਅਤੇ ਖ਼ਾਸ ਕਰ ਅੰਮ੍ਰਿਤਸਰ, ਲਾਹੌਰ, ਕਸੂਰ ਤੇ ਗੁੱਜਰਾਂਵਾਲਾ ਵਿੱਚ ਆਜ਼ਾਦੀ ਦੇ ਹੱਕ ਵਿੱਚ ਲੋਕਾਂ ਨੇ ਆਵਾਜ਼ ਬੁਲੰਦ ਕੀਤੀ।
ਅੰਗਰੇਜ਼ੀ ਨੀਤੀਆਂ ਅਤੇ ਕਾਨੂੰਨ ਦੇ ਖ਼ਿਲਾਫ਼ ਮੁਜ਼ਾਹਰਿਆਂ ਅਤੇ ਇਹਤਜਾਜੀ ਇਕੱਠਾਂ ਵਿੱਚ ਤੇਜ਼ੀ ਆਉਣ ਲੱਗੀ।
ਇਸੇ ਗੰਭੀਰ ਸੂਰਤ-ਏ-ਹਾਲ ਨੂੰ ਸਾਹਮਣੇ ਰੱਖਦਿਆਂ ਹੋਇਆਂ ਰੋਲਟ ਐਕਟ ਜਾਰੀ ਕਰ ਦਿੱਤਾ ਗਿਆ, ਜਿਸ ਦੇ ਤਹਿਤ ਹਕੂਮਤ ਖ਼ਿਲਾਫ਼ ਇਹਤਜਾਜ ਕਰਨ ਵਾਲਿਆਂ ਅਤੇ ਬਾਗ਼ੀਆਂ ਨੂੰ ਫ਼ੌਰੀ ਗ੍ਰਿਫ਼ਤਾਰ ਕਰ ਕੇ ਜੇਲ੍ਹ ਵਿੱਚ ਬੰਦ ਕਰਨ ਦਾ ਹੁਕਮ ਦਿੱਤਾ ਗਿਆ।
ਇਸ ਕਾਲੇ ਕਾਨੂੰਨ ਦੇ ਖ਼ਿਲਾਫ਼ ਹਿੰਦੂ, ਸਿੱਖ ਅਤੇ ਮੁਸਲਮਾਨ ਸਭ ਇੱਕ ਥਾਂ ਇਕੱਠੇ ਹੋ ਕੇ ਇਹਤਜਾਜ ਦੇ ਮਨਸੂਬੇ ਬਣਾ ਰਹੇ ਸਨ।
ਅੰਗਰੇਜ਼ ਸਰਕਾਰ ਨੇ ਖ਼ੁਫ਼ੀਆ ਜਾਣਕਾਰੀ ਅਤੇ ਪੱਕੀ ਮੁਖ਼ਬਰੀ ਨਾਲ ਜਲਸੇ ਦੇ ਮੋਹਰੀਆਂ ਡਾਕਟਰ ਸੈਫ਼-ਉੱਦ-ਦੀਨ ਕਿਚਲੂ ਅਤੇ ਸੱਤਿਆ ਪਾਲ ਨੂੰ 10 ਅਪ੍ਰੈਲ 1919ਈ. ਨੂੰ ਗ੍ਰਿਫ਼ਤਾਰ ਕਰ ਲਿਆ।
13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਦੂਜਾ ਮੁਤਾਲਬਾ ਇਨ੍ਹਾਂ ਆਗੂਆਂ ਦੀ ਰਿਹਾਈ ਦਾ ਵੀ ਕੀਤਾ ਜਾਣਾ ਸੀ। ਇਸ ਇਕੱਠ ਦਾ ਸਾਰਾ ਇੰਤਜ਼ਾਮ ਵੀ ਡਾਕਟਰ ਮੁਹੰਮਦ ਬਸ਼ੀਰ ਦੇ ਜ਼ਿੰਮੇ ਲਾਇਆ ਗਿਆ ਸੀ।

ਤਸਵੀਰ ਸਰੋਤ, Ravinder Singh Robin/bbc
ਇੰਜ ਇਸ ਜਲਸੇ ਨੇ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨੂੰ ਇੱਕ ਥਾਂ ਇਕੱਠਾ ਕਰ ਕੇ ਸਾਬਤ ਕਰ ਦਿੱਤਾ ਕਿ ਆਜ਼ਾਦੀ ਦੀ ਜੰਗ ਸਭ ਦੀ ਸਾਂਝੀ ਸੀ।
ਡੁੱਲ੍ਹੇ ਖ਼ੂਨ ਦਾ ਰੰਗ ਇੱਕੋ ਹੀ ਸੀ
ਫ਼ਿਰ ਜਲ੍ਹਿਆਂਵਾਲਾ ਬਾਗ਼ ਅੰਦਰ ਜਿਹੜਾ ਹਜ਼ਾਰਾਂ ਪੰਜਾਬੀਆਂ ਦਾ ਖ਼ੂਨ ਡੁੱਲ੍ਹਿਆ ਉਸਦਾ ਰੰਗ ਇੱਕੋ ਹੀ ਸੀ— ਉਹ ਖ਼ੂਨ ਹਿੰਦੂ, ਸਿੱਖ ਅਤੇ ਮੁਸਲਿਮ ਖ਼ੂਨ ਨਹੀਂ ਸੀ—ਨਾ ਹੀ ਜਨਰਲ ਡਾਇਰ ਨੇ ਗੋਲੀ ਚਲਾਉਣ ਲੱਗਿਆ ਪੁੱਛਿਆ ਕਿ ਕੌਣ ਹਿੰਦੂ, ਕੌਣ ਮੁਸਲਿਮ ਅਤੇ ਕੌਣ ਸਿੱਖ ਹੈ?
ਇਸ ਕਤਲੇਆਮ ਵਿੱਚ ਸ਼ਹੀਦ ਹੋਣ ਵਾਲਿਆਂ ਦੇ ਖ਼ੂਨ ਨੇ ਅਜਿਹਾ ਰੰਗ ਫੜਿਆ ਕਿ ਪੂਰੇ ਹਿੰਦੁਸਤਾਨ ਖ਼ਾਸ ਕਰ ਪੰਜਾਬ ਵਿੱਚ ਆਜ਼ਾਦੀ ਦੀਆਂ ਲੋਕ ਲਹਿਰਾਂ ਹੋਰ ਤੇਜ਼ ਹੋ ਗਈਆਂ।
ਗੁੱਜਰਾਂਵਾਲਾ, ਕਸੂਰ ਅਤੇ ਲਾਹੌਰ ਵਿੱਚ ਇਸ ਕਤਲੇਆਮ ਦੇ ਖ਼ਿਲਾਫ਼ ਇਹਤਜਾਜੀ ਵਿਖਾਵੇ ਹੋਣ ਲੱਗ ਪਏ ਜਿਨ੍ਹਾਂ ਨੂੰ ਰੋਕਣ ਲਈ ਜਹਾਜ਼ ਰਾਹੀਂ ਬੰਬ ਸੁੱਟੇ ਗਏ, ਤੋਪਾਂ ਵਰਤੀਆਂ ਗਈਆਂ ਅਤੇ ਫਾਂਸੀਆਂ ਦਿੱਤੀਆਂ ਗਈਆਂ।
ਫ਼ਿਰ ਵੀ ਆਜ਼ਾਦੀ ਦੇ ਨਿਡਰ ਮੁਜਾਹਿਦ ਲੜਦੇ ਰਹੇ, ਲੋਕ ਤਹਿਰੀਕਾਂ ਕੋਸ਼ਿਸ਼ਾਂ ਕਰਦੀਆਂ ਰਹੀਆਂ, ਮਜ਼ਹਬੀ ਅਤੇ ਸਿਆਸੀ ਤਨਜ਼ੀਮਾਂ ਆਪਣੇ-ਆਪਣੇ ਢੰਗ ਨਾਲ ਆਜ਼ਾਦੀ ਦਾ ਮੁਕੱਦਮਾ ਲੜਦੀਆਂ ਰਹੀਆਂ ਪਰ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੇ ਖ਼ਾਬ ਨੂੰ ਪੂਰਾ ਕਰਨ ਲਈ ਇੱਕਮੁੱਠ ਹੋ ਕੇ ਜੁੱਟ ਗਈਆਂ।

ਤਸਵੀਰ ਸਰੋਤ, Ravinder Singh Robin/bbc
ਜਲ੍ਹਿਆਂਵਾਲਾ ਬਾਗ਼ ਦੇ ਇਸ ਵਾਕਿਆ ਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਨੀਂਹ ਇੰਜ ਪੱਕੀ ਕੀਤੀ ਕਿ 1947ਈ. ਵਿੱਚ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਸ਼ਕਲ ਵਿੱਚ ਆਜ਼ਾਦੀ ਨਸੀਬ ਵੀ ਹੋਈ।
ਇਸ ਵਾਕਿਆ ਦੇ 42 ਸਾਲ ਮਗਰੋਂ ਅਤੇ ਅੰਗਰੇਜ਼ ਰਾਜ ਤੋਂ ਆਜ਼ਾਦੀ ਮਿਲਣ ਦੇ 14 ਸਾਲ ਮਗਰੋਂ 1961ਈ. ਵਿੱਚ ਭਾਰਤ ਨੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਉਸੇ ਥਾਂ ਉੱਤੇ ਯਾਦਗਾਰ ਤਾਮੀਰ ਕੀਤੀ।
ਅੱਜ ਤੀਕ ਮਗਰਬੀ ਪੰਜਾਬ ਵਿੱਚ ਜਾਂ ਪੂਰੇ ਪਾਕਿਸਤਾਨ ਵਿੱਚ ਸਰਕਾਰੀ ਹਵਾਲੇ ਨਾਲ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਅਤੇ ਆਜ਼ਾਦੀ ਦੇ ਮੁਜਾਹਿਦਾਂ ਨੂੰ ਯਾਦ ਨਹੀਂ ਕੀਤਾ ਗਿਆ ਨਾ ਹੀ ਕੋਈ ਪ੍ਰੋਗਰਾਮ, ਤਕਰੀਬ, ਸੈਮੀਨਾਰ ਕਰਵਾਇਆ ਗਿਆ ਹੈ।
ਆਜ਼ਾਦੀ ਦੀਆਂ ਤਹਿਰੀਕਾਂ ਦਾ ਸੋਮਾ ਜਲ੍ਹਿਆਂਵਾਲਾ ਬਾਗ਼
ਬਸ ਇੱਕ ਆਮ ਬਿਆਨੀਆ ਸਾਹਮਣੇ ਆਉਂਦਾ ਹੈ ਕਿ ਅੰਮ੍ਰਿਤਸਰ ਭਾਰਤ ਵਿੱਚ ਹੈ, ਵਿਸਾਖੀ ਸਿੱਖਾਂ ਦਾ ਮਜ਼ਹਬੀ ਦਿਹਾੜਾ ਹੈ, ਵੱਡੇ-ਵੱਡੇ ਮੁਸਲਮਾਨ ਰਹਿਨੁਮਾ ਇਸ ਵਾਕਿਆ ਬਾਬਤ ਖ਼ਾਮੋਸ਼ ਰਹੇ, ਮੁਸਲਿਮ ਲੀਗ ਨੂੰ ਸਿਆਸੀ ਜਮਾਤ ਵਜੋਂ ਕੋਈ ਹਮਾਇਤ ਨਾ ਮਿਲੀ ਅਤੇ ਨਾ ਹੀ ਇਸ ਕਤਲੇਆਮ ਉੱਤੇ ਕੋਈ ਇਹਤਜਾਜ ਕੀਤਾ।
ਦੋ-ਕੌਮੀ ਨਜ਼ਰੀਆ ਹੀ ਪਾਕਿਸਤਾਨ ਦੀ ਅਸਲ ਰੂਹ ਮਿਥਿਆ ਗਿਆ ਜਿਸਦੀ ਇਸ ਵਾਕਿਆ ਨਾਲ ਅਸਲੋਂ ਜੁੜਤ ਨਹੀਂ ਬਣਦੀ, ਵਗ਼ੈਰਾ ਵਗ਼ੈਰਾ। ਤਹਿਰੀਕ ਪਾਕਿਸਤਾਨ ਇਸ ਵਾਕਿਆ ਦੇ ਕਿਤੇ ਬਾਅਦ ਵਿੱਚ ਸ਼ੁਰੂ ਹੋਈ ਅਤੇ ਇਸ ਤੋਂ ਪਹਿਲਾਂ ਹੀ ਅੰਗਰੇਜ਼ ਰਾਜ ਦੀ ਗ਼ੁਲਾਮੀ ਤੋਂ ਆਜ਼ਾਦੀ ਹਾਸਲ ਕਰਨ ਲਈ ਤਹਿਰੀਕਾਂ ਚੱਲ ਪਈਆਂ ਜਿਨ੍ਹਾਂ ਦਾ ਸੋਮਾ ਜਲ੍ਹਿਆਂਵਾਲਾ ਬਾਗ਼ ਵੀ ਸੀ।

ਤਸਵੀਰ ਸਰੋਤ, Ravinder Singh Robin/bbc
ਮੁਸਲਮਾਨ ਆਗੂਆਂ ਵਿੱਚੋਂ ਅਲੀ ਬਰਾਦਰਾਨ (ਮੌਲਾਨਾ ਮੁਹੰਮਦ ਅਲੀ ਜੌਹਰ, ਮੌਲਾਨਾ ਸ਼ੌਕਤ) ਅਤੇ ਹੋਰ ਮਸ਼ਹੂਰ ਆਗੂਆਂ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਪਾਰੋਂ ਮੁਸਲਿਮ ਰਿਆਸਤ ਪਾਕਿਸਤਾਨ ਵਜੂਦ ਵਿੱਚ ਆਈ ਉਹ ਵੀ ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦੇ ਸ਼ਹੀਦਾਂ ਦੇ ਹੱਕ ਵਿੱਚ ਖੜ੍ਹੇ ਰਹੇ।
ਅੰਗਰੇਜ਼ ਹਕੂਮਤ ਦੀਆਂ ਜ਼ਾਲਮਾਨਾ ਕਾਰਵਈਆਂ ਦੇ ਖ਼ਿਲਾਫ਼ ਭਰਵੀਂ ਇਹਤਜਾਜ ਕਰਦੇ ਰਹੇ ਅਤੇ ਪਾਕਿਸਤਾਨ ਦੇ ਬਾਨੀਆਂ ਵਿੱਚ ਉਨ੍ਹਾਂ ਦਾ ਨਾਮ ਲਿਖਿਆ ਗਿਆ।
ਜਿਹੜੇ ਆਪਣੀ ਇਸ ਧਰਤੀ ਦੀ ਆਜ਼ਾਦੀ ਖ਼ਾਤਿਰ ਜਾਨਾਂ ਕੁਰਬਾਨ ਕਰ ਗਏ ਉਨ੍ਹਾਂ ਨੂੰ ਅੱਜ ਤੀਕ ਯਾਦ ਵੀ ਨਹੀਂ ਕੀਤਾ ਗਿਆ। ਉਨ੍ਹਾਂ ਦੀਆਂ ਕੁਰਬਾਨੀਆਂ ਉੱਤੇ ਮਜ਼ਹਬੀ, ਨਜ਼ਰੀਆਤੀ ਅਤੇ ਸਿਆਸੀ ਸਵਾਲੀਆ ਨਿਸ਼ਾਨ ਲਗਾ ਕੇ ਤਰੀਖ਼ ਵਿੱਚੋਂ ਬਾਹਰ ਹੀ ਕੱਢ ਦਿੱਤਾ ਗਿਆ।
ਜਲ੍ਹਿਆਂਵਾਲਾ ਬਾਗ਼ ਦਾ ਹਵਾਲਾ ਜਾਂ ਜ਼ਿਕਰ ਪਾਕਿਸਤਾਨ ਦੀ ਤਵਾਰੀਖ਼ ਵਿੱਚ ਨਹੀਂ ਮਿਲਦਾ ਅਤੇ ਨਾ ਹੀ ਕਾਲਜਾਂ, ਸਕੂਲਾਂ ਦੇ ਸਿਲੇਬਸ ਵਿੱਚ ਅੱਜ ਤੀਕ ਸ਼ਾਮਿਲ ਕੀਤਾ ਗਿਆ ਹੈ। ਪਾਕਿਸਤਾਨ ਵਿੱਚ ਕਿਸੇ ਹੱਦ ਤੀਕਰ ਸਹਾਫ਼ਤੀ ਖੇਤਰ ਵਿੱਚ, ਅਦਬੀ ਤਨਜ਼ੀਮਾਂ ਦੇ ਇਕੱਠਾਂ ਵਿੱਚ, ਅਦੀਬਾਂ, ਲਿਖਾਰੀਆਂ, ਦਾਨਿਸ਼ਵਰਾਂ ਦੀਆਂ ਤਹਿਰੀਰਾਂ ਵਿੱਚ ਜਲ੍ਹਿਆਂਵਾਲਾ ਬਾਗ਼ ਦਾ ਜ਼ਿਕਰ ਜ਼ਰੂਰ ਮਿਲਦਾ ਹੈ।

ਤਸਵੀਰ ਸਰੋਤ, Getty Images
ਅਫ਼ਸਾਨਾ ਨਿਗਾਰ ਸਆਦਤ ਹਸਨ ਮੰਟੋ ਨੇ ਕੁਝ ਅਫ਼ਸਾਨੇ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਉੱਤੇ ਲਿਖੇ ਜਿਨ੍ਹਾਂ ਰਾਹੀਂ ਆਜ਼ਾਦੀ ਦੇ ਮੁਜਾਹਿਦਾਂ ਨੂੰ ਹਮੇਸ਼ਾ ਲਈ ਯਾਦ ਰੱਖਿਆ ਗਿਆ।
ਮਸ਼ਹੂਰ ਤੇ ਮੰਨੇ-ਪ੍ਰਮੰਨੇ ਨਾਵਲਕਾਰ, ਸਫ਼ਰਨਾਮਾ ਨਿਗਾਰ, ਡਰਾਮਾ ਨਿਗਾਰ ਅਤੇ ਪਾਕਿਸਤਾਨ ਟੈਲੀਵਿਜ਼ਨ ਦੇ ਮਸ਼ਹੂਰ ਮੇਜ਼ਬਾਨ ਅਤੇ ਮਸ਼ਹੂਰ ਕਾਲਮ ਨਿਗਾਰ ਮਸਤਨਸਰ ਹੁਸੈਨ ਤਾਰੜ ਨੇ 13 ਮਾਰਚ 2016 ਨੂੰ ਰੋਜ਼ਨਾਮਾ ਨਈ ਬਾਤ ''ਮੇਰਾ ਡਰਾਮਾ ਜਲ੍ਹਿਆਂਵਾਲਾ ਬਾਗ਼ ਜੋ ਪਾਕਿਸਤਾਨ ਕੀ ਤਾਰੀਖ਼ ਭੀ ਹੈ'' ਮਜ਼ਮੂਨ ਵਿੱਚ ਇਸ ਖ਼ੂਨੀ ਦਿਨ ਦਾ ਜ਼ਿਕਰ ਕਰਦੇ ਹਨ, 'ਜਦੋਂ ਜਲ੍ਹਿਆਂਵਾਲਾ ਬਾਗ਼ ਅੰਦਰ ਪੰਜਾਬ ਦੇ ਨਿਹੱਥੇ ਲੋਕਾਂ ਉੱਤੇ ਗੋਲੀਆਂ ਬਰਸਾਈਆਂ ਗਈਆਂ,
ਆਜ਼ਾਦੀ ਦੇ ਮਤਵਾਲਿਆਂ ਆਪਣੀਆਂ ਜਾਨਾਂ ਆਪਣੀ ਇਸ ਪੰਜਾਬ ਧਰਤੀ ਉੱਤੇ ਕੁਰਬਾਨ ਕਰ ਦਿੱਤੀਆਂ ਪਰ ਉਨ੍ਹਾਂ ਦੀ ਇਸ ਕੁਰਬਾਨੀ ਨੂੰ ਪਾਕਿਸਤਾਨ ਦੀ ਤਵਾਰੀਖ਼ ਵਿੱਚ ਥਾਂ ਨਹੀਂ ਦਿੱਤੀ ਗਈ। ਕਿਸੇ ਵੀ ਸਰਕਾਰੀ ਮਹਿਕਮੇ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਉੱਤੇ ਕੰਮ ਨਹੀਂ ਕਰਨ ਦਿੱਤਾ।'

ਤਸਵੀਰ ਸਰੋਤ, Getty Images
ਉਨ੍ਹਾਂ ਪਾਕਿਸਤਾਨ ਟੈਲੀਵਿਜ਼ਨ ਦੀ ਪਾਲਿਸੀ ਬਾਰੇ ਸਾਫ਼-ਸਾਫ਼ ਲਿਖਿਆ ਹੈ ਕਿ ਜਲ੍ਹਿਆਂਵਾਲਾ ਬਾਗ਼ ਦਾ ਤਾਅਲੁੱਕ ਪਾਕਿਸਤਾਨ ਦੀ ਤਹਿਰੀਕ ਨਾਲ ਨਹੀਂ ਇਸ ਕਰ ਕੇ 'ਜਲਿਆਂਵਾਲਾ ਬਾਗ਼ ਡਰਾਮਾ' PTV ਉੱਤੇ ਨਹੀਂ ਚੱਲ ਸਕਦਾ।
ਅਯਾਜ਼ ਮੇਰ ਨੇ 29 ਮਾਰਚ 2014 ਨੂੰ ਆਪਣੇ ਇੱਕ ਕਾਲਮ 'ਇਕਬਾਲ ਕਾ ਆਫ਼ਆਕੀ ਪੈਗ਼ਾਮ ਔਰ ਤਕਸੀਮ-ਏ-ਹਿੰਦ' ਵਿੱਚ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦਾ ਜ਼ਿਕਰ ਕੀਤਾ ਅਤੇ ਪਾਕਿਸਤਾਨ ਦੇ ਕੌਮੀ ਸ਼ਾਇਰ ਅੱਲਾਮਾ ਇਕਬਾਲ ਦੇ ਇਸ ਵਾਕਿਆ ਉੱਤੇ ਚੁੱਪ ਰਹਿਣ ਦਾ ਜ਼ਿਕਰ ਕੀਤਾ।
''ਜਲ੍ਹਿਆਂਵਾਲਾ ਬਾਗ਼ ਪੁਰ ਕਿਆ ਗੁਜ਼ਰੀ''
ਰੋਜ਼ਨਾਮਾ ਜੰਗ ਵਿੱਚ 12 ਅਗਸਤ 2013 ਨੂੰ 'ਆਈਏ ਤਹਿਰੀਕ-ਏ-ਅਜ਼ਾਦੀ ਕੇ ਇੱਕ ਹੀਰੋ ਕੋ ਯਾਦ ਕਰਤੇ ਹੈਂ' ਮਜ਼ਮੂਨ ਵਿੱਚ ਸ਼ਾਹਿਦ ਜਤੋਈ ਹੋਰਾਂ ਬੜੇ ਸੋਹਣੇ ਢੰਗ ਨਾਲ ਊਧਮ ਸਿੰਘ ਅਤੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸਿਵਲ ਹਸਪਤਾਲ ਕੋਇਟਾ ਪਾਕਿਸਤਾਨ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਵਿੱਚ ਬੇਗੁਨਾਹ ਸ਼ਹੀਦ ਹੋਏ ਲੋਕਾਂ ਨਾਲ ਜੋੜਿਆ।
'ਹਮ ਸਭ' ਵੈਬ ਮੈਗਜ਼ੀਨ ਵਿੱਚ ਵੀ ਜਲ੍ਹਿਆਂਵਾਲਾ ਬਾਗ਼ ਬਾਬਤ ਮਜ਼ਮੂਨ ਛਪ ਚੁੱਕੇ ਹਨ। 13 ਅਪ੍ਰੈਲ 2017 ਨੂੰ ਇਸ ਵਾਕਿਆ ਵਾਲੇ ਦਿਨ ਤਨਵੀਰ ਜਹਾਂ ਹੋਰਾਂ ਦਾ ਬਹੁਤ ਚੰਗਾ ਮਜ਼ਮੂਨ ''ਜਲ੍ਹਿਆਂਵਾਲਾ ਬਾਗ਼ ਪੁਰ ਕਿਆ ਗੁਜ਼ਰੀ'' ''ਹਮ ਸਭ'' ਉੱਤੇ ਛਪਿਆ।

ਤਸਵੀਰ ਸਰੋਤ, Ravinder Singh Robin/bbc
'ਮਸ਼ਰਿਕ' 23 ਮਾਰਚ 2018 ਸ਼ੀਨ ਸ਼ੌਕਤ ਹੋਰਾਂ ਆਪਣੇ ਮਜ਼ਮੂਨ 'ਯੋਮ-ਏ-ਤਜਦੀਦ-ਏ-ਅਹਿਦ' ਵਿੱਚ ਜਲਿਆਂਵਾਲਾ ਬਾਗ਼ ਦੇ ਕਤਲੇਆਮ ਬਾਰੇ ਭਰਵੀਂ ਜਾਣਕਾਰੀ ਦਿੱਤੀ।
ਮਜ਼ਹਬੀ ਤਨਜ਼ੀਮ ਦੇ ਮੈਗਜ਼ੀਨ 'ਮਾਹਨਾਮਾ ਮਨਹਾਜ ਅਲ-ਕੁਰਆਨ' ਦੇ ਜਨਵਰੀ 2018 ਦੇ ਅੰਕ ਵਿੱਚ ਮਾਡਲ ਟਾਊਨ ਲਾਹੌਰ ਵਿੱਚ ਪੰਜਾਬ ਪੁਲਿਸ ਦੀ ਮੁਜ਼ਾਹਰਾਕਾਰੀਆਂ ਉਤੇ ਚਲਾਈ ਜਾਣ ਵਾਲੀ ਗੋਲੀ ਨੂੰ ਜਲਿਆਂਵਾਲਾ ਬਾਗ਼ ਦੇ ਕਤਲੇਆਮ ਨਾਲ ਜੋੜਿਆ ਗਿਆ।
ਇਸ ਤੋਂ ਇਲਾਵਾ ਪਾਕਿਸਤਾਨ ਦੇ ਹੋਰ ਕਈ ਅਖ਼ਬਾਰਾਂ, ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਜਲ੍ਹਿਆਂਵਾਲਾ ਬਾਗ਼ ਅਤੇ ਮਜ਼ਮੂਨ ਛਪ ਚੁੱਕੇ ਹਨ ਜਿਨ੍ਹਾਂ ਵਿੱਚ ਇਸ ਵਾਕਿਆ ਦੇ ਸ਼ਹੀਦਾਂ ਨੂੰ ਨਾ ਸਿਰਫ਼ ਯਾਦ ਕੀਤਾ ਗਿਆ ਹੈ ਸਗੋਂ ਉਨ੍ਹਾਂ ਨੂੰ ਜ਼ਾਲਮ ਅਤੇ ਡਾਹਢੇ ਹਾਕਮ ਅੱਗੇ ਡਟ ਜਾਣ ਦੀ ਮਿਸਾਲ ਬਣਾ ਕੇ ਪੇਸ਼ ਕੀਤਾ ਗਿਆ ਹੈ।
ਕਰਾਚੀ ਵਿੱਚ ਇਸੇ ਸਾਲ ਮਾਰਚ 2018 ਵਿੱਚ ਇੱਕ ਡਰਾਮਾ 'ਹਵਾ ਕੁਛ ਯੂੰ' ਖੇਡਿਆ ਗਿਆ ਜਿਸ ਦੇ ਲਿਖਾਰੀ ਮਸ਼ਹੂਰ ਅਦਾਕਾਰ ਸਾਜਿਦ ਹੁਸਨ ਹਨ। ਇਸ ਡਰਾਮੇ ਵਿੱਚ ਜਲ੍ਹਿਆਂਵਾਲਾ ਬਾਗ਼ ਦਾ ਮੰਜ਼ਰ ਦਿਖਾਇਆ ਗਿਆ ਹੈ। ਇਸ ਡਰਾਮੇ ਦੀ ਧੁੰਮ ਚੰਗੀ ਪਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਡਰਾਮਾ ਪਾਕਿਸਤਾਨ ਦੇ ਦੂਜੇ ਸ਼ਹਿਰਾਂ ਵਿੱਚ ਵੀ ਖੇਡਿਆ ਜਾਏਗਾ।

ਤਸਵੀਰ ਸਰੋਤ, Ravinder Singh Robin/bbc
7 ਅਪ੍ਰੈਲ ਨੂੰ 'ਅੰਜੂਮਨ ਤਰੱਕੀਪਸੰਦ ਮੁਸੱਨਫ਼ੀਨ' ਪਾਕ ਟੀ ਹਾਊਸ ਲਾਹੌਰ ਦੇ ਹਫ਼ਤਾਵਾਰੀ ਇਜਲਾਸ ਵਿੱਚ ਜਲ੍ਹਿਆਂਵਾਲਾ ਬਾਗ਼ 'ਤੇ ਉਚੇਚਾ ਇਕੱਠ ਹੋਇਆ ਜਿਸ ਵਿੱਚ ਲਿਖਾਰੀਆਂ ਤੇ ਸੂਝਵਾਨਾਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਤੋਂ ਅੱਡ ਅੱਜ ਸੋਸ਼ਲ ਮੀਡੀਆ ਇੱਕ ਅਜਿਹਾ ਜ਼ਰੀਆ ਹੈ ਕਿ ਇਸ ਰਾਹੀਂ ਆਮ ਲੋਕਾਂ ਤੀਕ ਜਲ੍ਹਿਆਂਵਾਲਾ ਬਾਗ਼ ਦੀ ਤਵਾਰੀਖ਼ੀ ਹਕੀਕਤ ਪਾਕਿਸਤਾਨੀ ਅਵਾਮ ਤੀਕ ਅਪੜਾਈ ਜਾ ਸਕਦੀ ਹੈ ਅਤੇ ਇਸ ਹਕੀਕਤ ਨੂੰ ਸਰਕਾਰ ਤੋਂ ਵੀ ਮਨਵਾਇਆ ਜਾ ਸਕਦਾ ਹੈ।
ਅਗਲੇ ਸਾਲ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ 100ਵੀਂ ਬਰਸੀ ਹੈ ਅਤੇ ਪਾਕਿਸਤਾਨ ਸਰਕਾਰ ਖ਼ਾਸ ਕਰ ਕੇ ਲਹਿੰਦੇ ਪੰਜਾਬ ਦੀ ਸਰਕਾਰ ਤੋਂ ਉਮੀਦ ਹੈ ਕਿ ਸਰਕਾਰੀ ਤੌਰ ਤੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਯਾਦ ਮਨਾਈ ਜਾਵੇਗੀ।
(ਲੇਖਕ ਤਾਹਿਰ ਸੰਧੂ ਇਤਿਹਾਸਕ ਤੇ ਸਮਾਜਿਕ ਮੁੱਦਿਆਂ ਦੇ ਟਿੱਪਣੀਕਾਰ ਹਨ)












