ਸੀਰੀਆ ਵਿੱਚ ਕੈਮੀਕਲ ਹਮਲਾ, ਰਾਹਤ ਦਲ ਦਾ ਦਾਅਵਾ 70 ਦੀ ਮੌਤ

ਤਸਵੀਰ ਸਰੋਤ, Getty Images
ਸੀਰੀਆ ਵਿੱਚ ਰਾਹਤ ਬਚਾਅ ਕਰਮੀਆਂ ਦਾ ਕਹਿਣਾ ਹੈ ਕਿ ਡੋਮਾ ਸ਼ਹਿਰ ਵਿੱਚ ਜ਼ਹਿਰੀਲੀ ਗੈਸ ਦੇ ਹਮਲੇ ਵਿੱਚ ਘੱਟੋ - ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ।
ਹਾਲਾਂਕਿ ਅਮਰੀਕੀ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਹੋ ਸਕਦੀ ਹੈ।
ਪੂਰਬੀ ਗੂਟਾ ਵਿੱਚ ਬਾਗੀਆਂ ਦੇ ਕਬਜ਼ੇ ਵਾਲਾ ਡੋਮਾ ਆਖ਼ਰੀ ਸ਼ਹਿਰ ਹੈ। ਸੀਰੀਆ 'ਚ ਦਿ ਵਾਈਟ ਹੈਲਮੇਟਸ' ਇੱਕ ਸਵੈਮਸੇਵੀ ਸੰਸਥਾ ਹੈ ਅਤੇ ਉਸ ਨੇ ਟਵਿੱਟਰ 'ਤੇ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ।
'ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ'
ਇਨ੍ਹਾਂ ਤਸਵੀਰਾਂ ਵਿੱਚ ਬੇਸਮੈਂਟ ਵਿੱਚ ਲਾਸ਼ਾਂ ਦਿਖ ਰਹੀਆਂ ਹਨ। ਇਸ ਸੰਸਥਾ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਹਾਲਾਂਕਿ ਇਸ ਖ਼ਬਰ ਦੀ ਅਜੇ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।

ਤਸਵੀਰ ਸਰੋਤ, Getty Images
'ਦਿ ਵਾਈਟ ਹੈਲਮੇਟਸ' ਨੇ ਪਹਿਲਾਂ ਟਵਿੱਟਰ 'ਤੇ 150 ਲੋਕਾਂ ਦੀ ਗੱਲ ਕਹੀ ਸੀ, ਪਰ ਬਾਅਦ ਵਿੱਚ ਇਸ ਟਵੀਟ ਨੂੰ ਹਟਾ ਦਿੱਤਾ ਗਿਆ।
ਸੀਰੀਆਈ ਸਰਕਾਰ ਦਾ ਕਹਿਣਾ ਹੈ ਕਿ ਰਸਾਇਣ ਹਮਲੇ ਦੀ ਖ਼ਬਰ ਇੱਕ 'ਝੂਠ' ਤੋਂ ਸਿਵਾ ਕੁਝ ਨਹੀਂ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਖ਼ਬਰਾਂ 'ਤੇ ਨਜ਼ਰ ਬਣੀ ਹੋਈ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਰੂਸ ਸੀਰੀਆਈ ਸਰਕਾਰ ਵੱਲੋਂ ਲੜ ਰਿਹਾ ਹੈ ਅਤੇ ਜੇਕਰ ਜਾਨਲੇਵਾ ਰਸਾਇਣਕ ਹਮਲਾ ਹੀ ਸਾਬਿਤ ਹੋਇਆ ਤਾਂ ਉਸ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, "ਅਤੀਤ ਵਿੱਚ ਸਰਕਾਰਾਂ ਆਪਣੇ ਲੋਕਾਂ ਦੇ ਖ਼ਿਲਾਫ਼ ਰਸਾਇਣਕ ਹਥਿਆਰਾਂ ਦਾ ਇਸਤੇਮਾਲ ਕਰਦੀਆਂ ਰਹੀਆਂ ਹਨ ਅਤੇ ਇਸ ਨੂੰ ਲੈ ਕੇ ਕੋਈ ਵਿਵਾਦ ਦੀ ਸਥਿਤੀ ਨਹੀਂ ਹੈ। ਰੂਸ ਨੂੰ ਆਖ਼ਰਕਾਰ ਅਣਗਿਣਤ ਸੀਰੀਆਈ ਨਾਗਰਿਕਾਂ 'ਤੇ ਕੀਤੇ ਰਸਾਇਣਕ ਹਥਿਆਰਾਂ ਨਾਲ ਭਿਆਨਕ ਹਮਲੇ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ।"
ਗੂਟਾ ਵਿੱਚ ਵਿਰੋਧੀ ਸਮਰਥਕ ਮੀਡੀਆ ਦਾ ਕਹਿਣਾ ਹੈ ਕਿ ਇਸ ਰਸਾਇਣਕ ਹਮਲੇ 'ਚ ਇੱਕ ਹਜ਼ਾਰ ਤੋਂ ਵਧ ਲੋਕ ਪ੍ਰਭਾਵਿਤ ਹੋਏ ਹਨ।
ਮੀਡੀਆ ਦਾ ਕਹਿਣਾ ਹੈ ਕਿ ਕਥਿਤ ਤੌਰ 'ਤੇ ਇੱਕ ਹੈਲੀਕਾਪਟਰ ਰਾਹੀਂ ਬੈਰਲ ਬੰਬ ਸੁੱਟਿਆ ਗਿਆ, ਜਿਸ ਵਿੱਚ ਸੇਰੇਨ ਅਤੇ ਟਾਕਸਿਕ ਨਰਵ ਏਜੈਂਟ ਸਨ।












