You’re viewing a text-only version of this website that uses less data. View the main version of the website including all images and videos.
ਹਰਿਆਣਾ ਦੇ ਚੌਟਾਲਿਆਂ ਦੀ ਪਾਰਟੀ ਦੁਫਾੜ, ਦੁਸ਼ਯੰਤ ਨੇ ਕਿਹਾ ਪੱਗ ਦਾ ਹੱਕ ਮੇਰੇ ਪਿਤਾ ਦਾ
- ਲੇਖਕ, ਆਰਿਸ਼ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਹਰਿਆਣਾ ਦੀ ਰਾਜਨੀਤੀ 'ਚ ਚੌਟਾਲਿਆਂ ਦੀ ਹੀ ਇੱਕ ਹੋਰ ਪਾਰਟੀ ਬਣ ਗਈ ਹੈ। ਨਾਂ ਹੈ 'ਜਨਨਾਇਕ ਜਨਤਾ ਪਾਰਟੀ', ਝੰਡੇ ਦਾ ਰੰਗ ਹੈ ਹਰਾ, ਉੱਪਰ ਲੱਗੀ ਹੈ 'ਜਨਨਾਇਕ' ਆਖੇ ਜਾਣ ਵਾਲੇ, ਸਾਬਕਾ ਉੱਪ-ਪ੍ਰਧਾਨ ਮੰਤਰੀ ਦੇਵੀ ਲਾਲ ਦੀ ਫੋਟੋ।
ਇਸੇ ਨਾਲ ਦੇਵੀ ਲਾਲ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਤੇ ਪਾਰਟੀ 'ਚ ਦਰਾਰ ਰਸਮੀ ਤੌਰ 'ਤੇ ਪੱਕੀ ਹੋ ਗਈ, ਰੰਗ ਭਾਵੇਂ ਦੋਵਾਂ ਧਿਰਾਂ ਦਾ ਹਰਾ ਹੀ ਹੈ।
ਪਾਰਟੀ ਦਾ ਐਲਾਨ ਓਪੀ ਚੌਟਾਲਾ ਦੇ ਪੋਤਰੇ ਦੁਸ਼ਯੰਤ ਚੌਟਾਲਾ ਨੇ ਐਤਵਾਰ ਨੂੰ ਜੀਂਦ ਵਿਖੇ ਕੀਤਾ, ਸਟੇਜ ਉੱਤੇ ਦੁਸ਼ਯੰਤ ਦਾ ਛੋਟਾ ਭਾਈ ਦਿਗਵਿਜੇ ਵੀ ਮੌਜੂਦ ਸੀ, ਨਾਲ ਉਨ੍ਹਾਂ ਦੀ ਮਾਤਾ ਨੈਣਾ ਚੌਟਾਲਾ ਵੀ ਹਾਜ਼ਿਰ ਸਨ।
ਦੁਸ਼ਯੰਤ ਤੇ ਦਿਗਵਿਜੇ ਦੇ ਪਿਤਾ, ਅਜੇ ਚੌਟਾਲਾ, ਆਪਣੇ ਪਿਤਾ ਓਪੀ ਚੌਟਾਲਾ ਨਾਲ ਹੀ ਜੇਬੀਟੀ ਅਧਿਆਪਕਾਂ ਦੀ ਭਰਤੀ 'ਚ ਹੋਏ ਘੋਟਾਲੇ ਲਈ ਜੇਲ੍ਹ 'ਚ ਹਨ।
ਓਪੀ ਚੌਟਾਲਾ ਆਪਣੇ ਛੋਟੇ ਪੁੱਤਰ ਅਭੇ ਚੌਟਾਲਾ ਵੱਲ ਨਜ਼ਰ ਆ ਰਹੇ ਹਨ।
ਪੱਗ ਕਿਸ ਦੀ?
ਦੁਸ਼ਯੰਤ ਨੇ ਭਾਸ਼ਣ 'ਚ ਕਿਹਾ ਕਿ ਓਪੀ ਚੌਟਾਲਾ ਦੀ ਪੱਗ ਅਜੇ ਚੌਟਾਲਾ ਦੇ ਸਿਰ ਹੈ। ਉਨ੍ਹਾਂ ਕਿਹਾ ਕਿ ਓਪੀ ਚੌਟਾਲਾ ਦੀ ਫੋਟੋ ਉਨ੍ਹਾਂ ਨੇ ਇਸ ਲਈ ਆਪਣੇ ਪੋਸਟਰਾਂ ਉੱਪਰ ਨਹੀਂ ਲਗਾਈ ਕਿਉਂਕਿ ਇਸ ਨਾਲ ਕਾਨੂੰਨੀ ਮੁਸ਼ਕਲ ਆਵੇਗੀ।
ਦੂਜੇ ਪਾਸੇ ਅਭੇ ਚੌਟਾਲਾ ਨੇ ਐਲਾਨਿਆ ਹੈ ਕਿ ਅਸਲ ਵਿਰਾਸਤ, ਯਾਨੀ ਹਰੀ ਝੰਡੀ ਵਾਲਾ ਹੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ), ਉਨ੍ਹਾਂ ਦੀ ਹੈ। ਉਨ੍ਹਾਂ ਨੇ ਪਹਿਲਾਂ ਹੀ ਦੁਸ਼ਯੰਤ ਵੱਲੋਂ ਮੁੱਖ ਮੰਤਰੀ ਬਣਨ ਦੇ ਵੇਖੇ ਕਥਿਤ ਸੁਪਨੇ ਦਾ ਵੀ ਮਜ਼ਾਕ ਉਡਾਇਆ ਹੈ।
ਆਪਣੀ ਉਮਰ ਬਾਰੇ ਬੋਲਦਿਆਂ ਦੁਸ਼ਯੰਤ ਨੇ ਕਿਹਾ, "ਲੋਕ ਕਹਿੰਦੇ ਹਨ ਇਹ 30 ਸਾਲਾਂ ਦਾ ਤਾਂ ਮੁੰਡਾ ਹੈ, ਕੀ ਕਰੇਗਾ? ਮੈਂ ਐੱਮਪੀ ਦੇ ਤੌਰ 'ਤੇ ਬਹੁਤ ਕੰਮ ਕੀਤਾ ਹੈ।" ਉਨ੍ਹਾਂ ਨੇ 15 ਸਾਲ ਪਹਿਲਾਂ ਇਨੈਲੋ ਸਰਕਾਰ ਦੌਰਾਨ ਹੋਏ ਕੰਮਾਂ ਦਾ ਸਿਹਰਾ ਆਪਣੇ ਪਿਤਾ ਅਜੇ ਦੇ ਸਿਰ ਬੰਨ੍ਹਿਆ।
ਅਗਲੇ ਸਾਲ ਹੋਣ ਵਾਲੇ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਉੱਪਰ ਨਜ਼ਰ ਰੱਖਦਿਆਂ ਦੁਸ਼ਯੰਤ ਨੇ ਆਪਣੇ ਭਾਸ਼ਣ 'ਚ ਸੂਬੇ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿੰਦਿਆ, ਨਾਲ ਹੀ ਕਾਂਗਰਸ ਉੱਪਰ ਵੀ ਲੋਕਾਂ ਦੀਆਂ ਮੁਸ਼ਕਲਾਂ ਵਧਾਉਣ ਦਾ ਇਲਜ਼ਾਮ ਲਗਾਇਆ।
ਇਹ ਵੀ ਜ਼ਰੂਰ ਪੜ੍ਹੋ
ਕੀਤੇ ਕਈ ਵਾਅਦੇ
- ਦੁਸ਼ਯੰਤ ਨੇ ਕਿਸਾਨਾਂ ਲਈ ਐਲਾਨਿਆ, "ਜਿਸ ਦਿਨ ਸਾਡੀ ਸਰਕਾਰ ਬਣੇਗੀ, ਸਹਿਕਾਰੀ ਬੈਂਕਾਂ ਤੋਂ ਲਿਆ ਕਰਜ਼ਾ ਮਾਫ ਕਰਾਂਗੇ, ਟਿਊਬਵੈੱਲ ਲੈਣਾ ਸੌਖਾ ਕਰ ਦਿਆਂਗੇ। ਮੋਦੀ ਦੁਗਣੀ ਆਮਦਨ ਦੀ ਗੱਲ ਕਰਦੇ ਹਨ... ਲੋਕਾਂ ਤੋਂ ਪੁੱਛੋ ਕੀ ਹਾਲ ਹੈ! ਅਸੀਂ ਹਰੇਕ ਫਸਲ ਉੱਪਰ ਐੱਮਐੱਸਪੀ ਤੋਂ 10 ਫ਼ੀਸਦ ਜਾਂ 100 ਰੁਪਏ ਵੱਧ ਦਿਆਂਗੇ।"
- ਸਰਕਾਰੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ।
- ਬੁਢਾਪਾ ਪੈਨਸ਼ਨ ਲਈ ਉਮਰ ਦੀ ਸੀਮਾ ਹੇਠਾਂ ਲਿਆਉਣ ਦਾ ਵੀ ਐਲਾਨ ਕੀਤਾ।
- ਸਿੱਖਿਆ ਤੇ ਇਲਾਜ ਦੀ ਕੀਮਤ ਘਟਾਉਣ ਦੀ ਵੀ ਗੱਲ ਕੀਤੀ।
- ਨੌਜਵਾਨਾਂ ਲਈ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਅਧਿਆਪਕ ਲੱਗਣ ਲਈ ਟੀ.ਈ.ਟੀ ਨੂੰ ਹਟਾ ਦੇਣਗੇ।
ਹਾਲਾਂਕਿ ਓਪੀ ਚੌਟਾਲਾ ਹੁਣ ਤੱਕ ਅਭੇ ਚੌਟਾਲਾ ਵੱਲ ਹੀ ਨਜ਼ਰ ਆਏ ਹਨ ਪਰ ਨਵੀਂ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਨੂੰ ਇੱਜ਼ਤਯੋਗ ਆਖਿਆ ਹੈ।
ਸਟੇਜ ਤੋਂ ਬੋਲਦੇ ਕਈ ਆਗੂਆਂ ਨੇ ਜਾਟ ਬਰਾਦਰੀ ਦੇ ਸਾਥ 'ਤੇ ਜ਼ੋਰ ਦਿੱਤਾ।
ਪਿਛਲੇ ਮਹੀਨੇ, ਇੰਡੀਅਨ ਨੈਸ਼ਨਲ ਲੋਕ ਦਲ ਦੀ ਗੋਹਾਨਾ ’ਚ ਇੱਕ ਰੈਲੀ 'ਚ ਦੁਸ਼ਯੰਤ ਦੇ ਸਮਰਥਕਾਂ ਵੱਲੋਂ ਨਾਅਰੇਬਾਜ਼ੀ ਤੋਂ ਬਾਅਦ, ਕੌਮੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਪੋਤਰੇ ਅਤੇ ਹਿਸਾਰ ਤੋਂ ਲੋਕ ਸਭਾ ਮੈਂਬਰ ਦੁਸ਼ਯੰਤ ਤੇ ਦਿਗਵਿਜੇ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ 'ਚੋਂ ਫਾਰਗ ਕਰ ਦਿੱਤਾ ਸੀ। ਇਸ ਰੈਲੀ ਵਿਚ ਪੈਰੋਲ ਉੱਤੇ ਆਏ ਓਮ ਪ੍ਰਕਾਸ਼ ਚੌਟਾਲਾ ਮੌਜੂਦ ਸਨ।
ਓਮ ਪ੍ਰਕਾਸ਼ ਚੌਟਾਲਾ ਦੇ ਟੀਚਰ ਭਰਤੀ ਘੋਟਾਲੇ ਵਿਚ ਜੇਲ੍ਹ ਜਾਣ ਤੋਂ ਬਾਅਦ ਪਾਰਟੀ ਦੀ ਵਿਰਾਸਤ ਸੰਭਾਲਣ ਲਈ ਪਰਿਵਾਰ ਵਿੱਚ ਲੜਾਈ ਕਾਫੀ ਦੇਰ ਤੋਂ ਚੱਲ ਰਹੀ ਹੈ।
ਪਾਰਟੀ ਦੀ ਵਿਦਿਆਰਥੀ ਇਕਾਈ ਇੰਡੀਅਨ ਨੈਸ਼ਲਨ ਸਟੂਡੈਂਟ ਔਰਗਨਾਈਜ਼ੇਸ਼ਨ — ਜਿਸ ਦੀ ਅਗਵਾਈ ਦਿਗਵਿਜੇ ਚੌਟਾਲਾ ਕਰ ਰਹੇ ਸਨ — ਭੰਗ ਕਰ ਦਿੱਤੀ ਸੀ।
ਮੰਨਿਆ ਜਾ ਰਿਹਾ ਸੀ ਕਿ ਦੁਸ਼ਯੰਤ ਤੇ ਦਿਗਵਿਜੇ ਆਪਣੇ ਚਾਚੇ ਦੀ ਅਗਵਾਈ ਨੂੰ ਸਵੀਕਾਰ ਨਹੀਂ ਕਰ ਰਹੇ ਹਨ।
ਇਹ ਵੀ ਜ਼ਰੂਰ ਪੜ੍ਹੋ
ਅਨੁਸ਼ਾਸਨ ਦਾ ਸੁਆਲ
ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ, "ਦੁਸ਼ਯੰਤ ਚੌਟਾਲਾ ਅਤੇ ਦਿਗਵਿਜੇ ਸਿੰਘ ਦੋਹਾਂ 'ਤੇ ਹੀ ਅਨੁਸ਼ਾਸਨਹੀਣਤਾ, ਗੁੰਡਾਗਰਦੀ ਅਤੇ ਚੌਧਰੀ ਦੇਵੀ ਲਾਲ ਦੇ ਜਨਮ ਦਿਵਸ ਮੌਕੇ ਗੋਹਾਨਾ ਵਿੱਚ 7 ਅਕਤੂਬਰ ਨੂੰ ਪਾਰਟੀ ਲੀਡਰਸ਼ਿਪ ਖਿਲਾਫ਼ ਕਾਰਕੁਨਾਂ ਨੂੰ ਭੜਕਾਉਣ ਦੇ ਇਲਜ਼ਾਮ ਲੱਗੇ ਹਨ।"
ਪਾਰਟੀ ਦਫਤਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕਿਸੇ ਬਾਹਰੀ ਸਬੂਤ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਅੱਖੀਂ ਦੇਖਿਆ ਕਿ ਕਿਸ ਤਰ੍ਹਾਂ ਅਨੁਸ਼ਾਸਨ ਭੰਗ ਕੀਤਾ ਗਿਆ ਅਤੇ ਭਾਸ਼ਨ ਦੌਰਾਨ ਹੰਗਾਮਾ ਕੀਤਾ ਸੀ।
ਫਿਰ ਵੀ ਉਨ੍ਹਾਂ ਨੇ ਇਹ ਮਾਮਲਾ ਅਨੁਸ਼ਾਸਨ ਕਮੇਟੀ ਕੋਲ ਭੇਜ ਦਿੱਤਾ। ਚੌਟਾਲਾ ਨੇ ਕਿਹਾ, "ਅਨੁਸ਼ਾਸਨ ਕਮੇਟੀ ਨੇ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ"
ਇਹ ਵੀ ਜ਼ਰੂਰ ਪੜ੍ਹੋ
ਚੌਟਾਲਾ ਪਰਿਵਾਰ ਹਰਿਆਣਾ ਦੀ ਸੱਤਾ ਉੱਤੇ ਕਿਸੇ ਵੇਲੇ ਕਾਬਜ਼ ਰਿਹਾ ਪਰ ਹੁਣ ਕਰੀਬ 15 ਸਾਲ ਤੋਂ ਸੱਤਾ ਤੋਂ ਬਾਹਰ ਹੈ। ਸਾਲ 2014 ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੂਜੀ ਵੱਡੀ ਪਾਰਟੀ ਵਜੋਂ ਉੱਭਰੀ ਸੀ।
ਇਹ ਵੀ ਜ਼ਰੂਰ ਪੜ੍ਹੋ
ਮੁੜ ਉਹੀ ਹੋਇਆ
ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਨੇ ਕੁਝ ਦਿਨ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ ਕਿ ਇਸ ਘਰੇਲੂ ਲੜਾਈ ਦਾ ਅਸਰ ਸੱਤਾ ਤੋਂ 15 ਸਾਲ ਬਾਅਦ ਵੀ ਪਾਰਟੀ ਦੀ ਵਾਗਡੋਰ ਲਈ ਲੜਨ ਵਾਲਿਆਂ ਉੱਪਰ ਪਏਗਾ।
"ਓਮ ਪ੍ਰਕਾਸ਼ ਚੌਟਾਲਾ ਦੇ ਪਿਤਾ ਦੇਵੀ ਲਾਲ ਇੱਕ ਲੋਕ ਆਗੂ ਸਨ ਪਰ ਉਨ੍ਹਾਂ ਦੇ ਪੁੱਤਰ ਓਮ ਪ੍ਰਕਾਸ਼ ਨੇ ਨਵੀਂ ਸਿਆਸਤ ਅਪਣਾਈ।"
ਤਕਸ਼ਕ ਨੇ ਕਿਹਾ ਸੀ ਕਿ ਦੇਵੀ ਲਾਲ ਵੀਪੀ ਸਿੰਘ ਵਜ਼ਾਰਤ ਵਿੱਚ ਉਪ-ਪ੍ਰਧਾਨ ਮੰਤਰੀ ਸਨ ਅਤੇ ਸਾਲ 1989 ਵਿੱਚ ਸੂਬੇ ਵਿੱਚ ਸੱਤਾ ਦੀ ਵਾਗਡੋਰ ਓਪੀ ਚੌਟਾਲਾ ਦੇ ਹੱਥਾਂ ਵਿੱਚ ਸੀ।
"ਦੇਵੀ ਲਾਲ ਨੇ ਆਪਣੇ ਛੋਟੇ ਪੁੱਤਰ ਰਣਜੀਤ ਸਿੰਘ ਦੀ ਥਾਂ ਓਪੀ ਚੌਟਾਲਾ, ਜੋ ਕਿ ਸਿਆਸੀ ਤੌਰ 'ਤੇ ਵਧੇਰੇ ਢੁਕਵੇਂ ਸਨ, ਨੂੰ ਆਪਣਾ ਵਾਰਸ ਬਣਾਇਆ।"
ਹੁਣ ਓਪੀ ਨੇ ਛੋਟੇ ਪੁੱਤਰ ਨੂੰ ਚੁਣਿਆ ਲਗਦਾ ਹੈ।
ਸੀਨੀਅਰ ਪੱਤਰਕਾਰ ਪਵਨ ਬਾਂਸਲ ਮੁਤਾਬਕ ਸਾਲ 1989 ਵਿੱਚ ਦੇਵੀ ਲਾਲ ਨੇ ਬੜੀ ਚੁਸਤੀ ਨਾਲ ਓਪੀ ਚੌਟਾਲਾ ਨੂੰ ਉਭਾਰਨ ਲਈ ਰਣਜੀਤ ਨੂੰ ਕਾਬੂ ਕੀਤਾ।
ਉਨ੍ਹਾਂ ਮੁਤਾਬਕ ਚੌਟਾਲਾ ਦੀ ਅਗਵਾਈ 'ਚ ਪਾਰਟੀ ਨੇ ਤਰੱਕੀ ਕੀਤੀ, ਪਰ ਜਦੋਂ ਅਜੇ ਨੇ ਵਾਗਡੋਰ ਭਰਾ ਅਭੇ ਦੇ ਹੱਥ ਦਿੱਤੀ ਤਾਂ ਹਾਲਾਤ ਵਿਗੜ ਗਏ। ਪਾਰਟੀ ਦੇ ਵਾਰਸ ਬਣਨ ਬਾਰੇ ਸੋਚ ਰਹੇ ਅਜੇ ਦੇ ਪੁੱਤਰ ਆਪਣੇ ਆਪ ਨੂੰ ਹਾਸ਼ੀਏ ਉੱਪਰ ਧੱਕੇ ਮਹਿਸੂਸ ਕਰ ਰਹੇ ਹਨ।
ਇਹ ਵੀਡੀਓ ਵੀ ਜ਼ਰੂਰ ਦੇਖੋ