ਅੰਮ੍ਰਿਤਸਰ ਰੇਲ ਹਾਦਸਾ: 'ਸਸਕਾਰ ਤਾਂ ਰੋਜ਼ਾਨਾ ਹੁੰਦੇ ਨੇ, ਪਰ ਇਨ੍ਹਾਂ ਲਾਸ਼ਾਂ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ'

ਅੰਮ੍ਰਿਤਸਰ ਰੇਲ ਹਾਦਸਾ, ਅੰਤਿਮ ਸੰਸਕਾਰ
ਤਸਵੀਰ ਕੈਪਸ਼ਨ, ਗੁਲਸ਼ਨ ਕੁਮਾਰ ਮੁਤਾਬਕ ਬੱਚਿਆਂ ਅਤੇ ਨੌਜਵਾਨਾਂ ਦੀਆਂ ਲਾਸ਼ਾਂ ਦੇਖ ਕੇ ਉਨ੍ਹਾਂ ਦਾ ਮਨ ਬਹੁਤ ਉਦਾਸ ਸੀ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"34 ਲੋਕਾਂ ਦੀਆਂ ਅੰਤਿਮ ਰਸਮਾਂ ਮੈਂ ਅਤੇ ਮੇਰੇ ਸਾਥੀਆਂ ਨੇ ਕੀਤੀਆਂ, ਐਨਾ ਕਹਿਣ ਤੋਂ ਬਾਅਦ ਗੁਲਸ਼ਨ ਕੁਮਾਰ ਚੁੱਪ ਹੋ ਗਿਆ।

ਫਿਰ ਲੰਮਾ ਹਉਂਕਾ ਲੈ ਕੇ ਬੋਲਿਆ, "ਪ੍ਰਮਾਤਮਾ ਕਿਸੇ ਦੇ ਘਰ ਦਾ ਜੀਅ ਨਾ ਖੋਹੇ, ਸ਼ਨੀਵਾਰ ਰਾਤੀਂ ਤਾਂ ਮੈਨੂੰ ਵੀ ਨੀਂਦ ਨਹੀਂ ਆਈ।"

ਪੰਡਿਤ ਗੁਲਸ਼ਨ ਕੁਮਾਰ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਦੇ ਸ਼ਿਵਪੁਰੀ ਸ਼ਿਵਾਲਾ ਸ਼ਮਸ਼ਾਨ ਘਾਟ ਵਿੱਚ ਵੀਹ ਸਾਲਾਂ ਤੋਂ ਪੁਰੋਹਿਤ ਹਨ।

ਇਹ ਵੀ ਪੜ੍ਹੋ:

line

ਅੰਮ੍ਰਿਤਸਰ ਹਾਦਸੇ ਤੋਂ ਬਾਅਦ ਦੇ ਘਟਨਕ੍ਰਮ ਬਾਰੇ 7 ਅਹਿਮ ਨੁਕਤੇ꞉

  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹਤ ਕਾਰਜਾਂ ਲਈ ਮੰਤਰੀਆਂ ਦੀ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਅਤੇ ਮਜਿਸਟਰੇਟ ਜਾਂਚ ਦੇ ਹੁਕਮ ਦਿੱਤੇ।
  • ਹਾਦਸੇ ਤੋਂ ਬਾਅਦ ਭੜਕੇ ਲੋਕਾਂ ਨੇ ਨਵਜੋਤ ਸਿੱਧੂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਉੱਪਰ ਪਥਰਾਅ ਕੀਤਾ ਜਿਸ ਮਗਰੋਂ ਮਾਹੌਲ ਸਾਂਭਿਆ।
  • ਰੇਲਵੇ ਨੇ ਅਤੇ ਡਰਾਈਵਰ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਮਿਲੀ ਸੀ , ਇੰਜਣ ਦਾ ਹਾਰਨ ਵਜਾਇਆ ਗਿਆ ਸੀ।
  • ਸੁਖਬੀਰ ਸਿੰਘ ਬਾਦਲ꞉ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਉੱਪਰ ਐਫਆਈਆਰ ਦਰਜ ਕਰਨਦਿਆਂ ਹਾਦਸੇ ਨੂੰ ਕਤਲਿਆਮ ਦੱਸਿਆ।
  • ਨਵਜੋਤ ਸਿੰਘ ਸਿੱਧੂ꞉ ਮੈਂ ਅਸਤੀਫਾ ਨਹੀਂ ਦੇਵਾਂਗਾ, ਹਾਦਸਾ ਰੇਲਵੇ ਦੀ ਜ਼ਮੀਨ 'ਤੇ ਹੋਇਆ।
  • ਸਮਾਗਮ ਦੀ ਮੁੱਖ ਮਹਿਮਾਨ, ਡਾਕਟਰ ਨਵਜੋਤ ਕੌਰ ਸਿੱਧੂ ਸੀ ਉੱਪਰ ਲੋਕਾਂ ਦਾ ਇਲਜ਼ਾਮ ਸੀ ਕਿ ਉਹ ਹਾਦਸੇ ਤੋਂ ਬਾਅਦ ਉੱਥੋਂ ਚਲੀ ਗਈ, ਪਰ ਡਾਕਟਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਦਸੇ ਦੀ ਜਾਣਕਾਰੀ ਘਰੇ ਪਹੁੰਚਣ ਤੋਂ ਬਾਅਦ ਮਿਲੀ।
  • ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਮਿੱਠੂ ਮਦਾਨ ਨੇ ਇਸ ਸਮੁੱਚੇ ਹਾਦਸੇ ਨੂੰ ਕੁਦਰਤ ਦਾ ਕੰਮ ਦੱਸਿਆ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਸੀ।
line

ਗੁਲਸ਼ਨ ਨੇ ਦੱਸਿਆ ਕਿ ਰੇਲ ਹਾਦਸੇ ਦੇ ਮ੍ਰਿਤਕਾਂ ਵਿੱਚੋਂ 31 ਲੋਕਾਂ ਦਾ ਸਸਕਾਰ ਸ਼ਿਵਪੁਰੀ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਬੱਚਿਆਂ ਅਤੇ ਨੌਜਵਾਨਾਂ ਦੀਆਂ ਲਾਸ਼ਾਂ ਦੇਖ ਕੇ ਉਨ੍ਹਾਂ ਦਾ ਮਨ ਬਹੁਤ ਉਦਾਸ ਸੀ।

ਗੁਲਸ਼ਨ ਮੁਤਾਬਕ ਆਮ ਤੌਰ ਉੱਤੇ ਸ਼ਮਸ਼ਾਨ ਘਾਟ ਵਿਚ 15 ਤੋਂ 20 ਲੋਕਾਂ ਦਾ ਰੋਜ਼ਾਨਾ ਸਸਕਾਰ ਕੀਤਾ ਜਾਂਦਾ ਹੈ ਪਰ ਸ਼ਨੀਵਾਰ ਨੂੰ 50 ਲੋਕਾਂ ਦਾ ਸਸਕਾਰ ਕੀਤਾ ਗਿਆ ਜਿਸ ਵਿੱਚੋਂ 31 ਰੇਲ ਹਾਦਸੇ ਵਿਚ ਮਾਰੇ ਗਏ ਲੋਕ ਸਨ।

ਉਨ੍ਹਾਂ ਦੱਸਿਆ ਕਿ ਜ਼ਿੰਦਗੀ ਵਿੱਚ ਦੂਜੀ ਵਾਰ ਅਜਿਹਾ ਖ਼ੌਫ਼ਨਾਕ ਦ੍ਰਿਸ਼ ਦੇਖਿਆ ਹੈ।

ਕਈ ਸਾਲ ਪਹਿਲਾਂ ਖੰਨਾ ਨੇੜੇ ਹੋਏ ਰੇਲ ਹਾਦਸੇ ਨੂੰ ਯਾਦ ਕਰਦੇ ਹੋਏ ਗੁਲਸ਼ਨ ਨੇ ਦੱਸਿਆ ਕਿ ਉਸ ਦੇ ਜ਼ਿਆਦਾਤਰ ਮ੍ਰਿਤਕ ਯਾਤਰੀ ਅੰਮ੍ਰਿਤਸਰ ਦੇ ਸਨ।

ਉਸ ਸਮੇਂ ਵੀ ਉਹ ਇਥੇ ਹੀ ਸੀ ਅਤੇ ਦੂਜੀ ਵਾਰ ਫਿਰ ਉਹੀ ਦ੍ਰਿਸ਼ ਉਸ ਦੀਆਂ ਅੱਖਾਂ ਸਾਹਮਣੇ ਆਇਆ ਹੈ।

ਅੰਮ੍ਰਿਤਸਰ ਰੇਲ ਹਾਦਸਾ, ਅੰਤਿਮ ਸੰਸਕਾਰ

ਉਸ ਨੇ ਦੱਸਿਆ, "ਸ਼ਮਸ਼ਾਨ ਘਾਟ ਵਿੱਚ ਲੋਕਾਂ ਦੇ ਅੰਤਿਮ ਸਸਕਾਰ ਮੌਕੇ ਧਾਰਮਿਕ ਰਸਮਾਂ ਕਰਨੀਆਂ ਮੇਰਾ ਕੰਮ ਹੈ, ਇਸ ਕਰਕੇ ਮਨ ਉੱਤੇ ਹੁਣ ਜ਼ਿਆਦਾ ਅਸਰ ਨਹੀਂ ਹੁੰਦਾ ਪਰ ਸ਼ਨੀਵਾਰ ਦੀ ਘਟਨਾ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ।"

ਗੁਲਸ਼ਨ ਨੇ ਦੱਸਿਆ, "ਸਾਨੂੰ ਅੰਤਿਮ ਰਸਮਾਂ ਦੀ ਦਕਸ਼ਿਣਾ ਮਿਲਦੀ ਪਰ ਸ਼ਨਿੱਚਰਵਾਰ ਨੂੰ ਅਸੀਂ ਸਸਕਾਰ ਮੌਕੇ ਕਿਸੇ ਤੋਂ ਵੀ ਕੋਈ ਪੈਸਾ ਨਹੀਂ ਲਿਆ ਅਤੇ ਇਹਨਾਂ ਦੀਆਂ ਅਗਲੀਆਂ ਰਸਮਾਂ ਵੀ ਮੁਫ਼ਤ ਕਰਾਂਗੇ।"

ਸ਼ਮਸ਼ਾਨ ਭੂਮੀ ਦਾ ਦ੍ਰਿਸ਼

ਸ਼ਿਵਪੁਰੀ ਸ਼ਮਸ਼ਾਨ ਘਾਟ ਵਿੱਚ ਚੀਕਾਂ ਅਤੇ ਰੋਣ ਦੀਆਂ ਆਵਾਜ਼ਾਂ ਅੱਜ ਵੀ ਆ ਰਹੀਆਂ ਸਨ। ਇਹ ਦ੍ਰਿਸ਼ ਇੱਥੇ ਆਮ ਹੈ ਪਰ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਵਿੱਚੋਂ ਕੁਝ ਦਾ ਸਸਕਾਰ ਸ਼ਨੀਵਾਰ ਅਤੇ ਐਤਵਾਰ ਨੂੰ ਇੱਥੇ ਕੀਤਾ ਗਿਆ ਜਿਸ ਕਾਰਨ ਦੋਵੇਂ ਦਿਨ ਇੱਥੇ ਜ਼ਿਆਦਾ ਗ਼ਮ ਦਾ ਮਾਹੌਲ ਵੇਖਣ ਨੂੰ ਮਿਲਿਆ।

ਐਤਵਾਰ ਨੂੰ ਵੀ ਰੇਲ ਹਾਦਸੇ ਵਿੱਚ ਮਾਰੇ ਗਏ ਤਿੰਨ ਲੋਕਾਂ ਦਾ ਇੱਥੇ ਸਸਕਾਰ ਕੀਤਾ ਗਿਆ।

ਗੀਤਾ ਸ਼ਮਸ਼ਾਨ ਦੇ ਗੇਟ 'ਤੇ ਇੱਕ ਪੱਕੇ ਖੋਖੇ ਵਿੱਚ ਲੋਕਾਂ ਨੂੰ ਪਾਣੀ ਪਿਆਉਣ ਦੀ ਸੇਵਾ ਕਰਦੀ ਹੈ।

ਚਿਹਰੇ 'ਤੇ ਉਦਾਸੀ ਲਈ ਚੁੱਪ-ਚਾਪ ਉੱਥੇ ਪਏ ਗਲਾਸਾਂ ਵਿੱਚ ਪਾਣੀ ਭਰਦੀ ਗੀਤਾ ਨਾਲ ਜਦੋਂ ਰੇਲ ਹਾਦਸੇ ਬਾਰੇ ਗੱਲ ਕੀਤੀ ਤਾਂ ਉਸ ਦਾ ਪਹਿਲਾਂ ਜਵਾਬ ਸੀ, "ਬੱਸ ਹੁਣ ਇਸ ਦੀ ਗੱਲ ਨਾ ਕਰੋ ਬਹੁਤ ਭੈੜਾ ਦ੍ਰਿਸ਼ ਸੀ।"

ਕਾਫ਼ੀ ਦੇਰ ਚੁੱਪ ਰਹਿਣ ਤੋਂ ਬਾਅਦ ਸ਼ਨੀਵਾਰ ਦੇ ਦਿਨ ਨੂੰ ਯਾਦ ਕਰਦੀ ਹੋਈ ਗੀਤਾ ਫਿਰ ਬੋਲੀ, "ਰੱਬ ਇਹ ਦਿਨ ਫਿਰ ਕਦੇ ਨਾ ਲੈ ਕੇ ਆਵੇ।"

ਗੀਤਾ ਨੇ ਦੱਸਿਆ ਕਿ ਪੰਦਰਾਂ ਸਾਲ ਤੋਂ ਉਹ ਉੱਥੇ ਆਪਣੇ ਪਤੀ ਨਾਲ ਘਰ ਦੀ ਮਜਬੂਰੀ ਕਾਰਨ ਨੌਕਰੀ ਕਰ ਰਹੀ ਹੈ।

ਉਸ ਨੇ ਕਿਹਾ, "ਲੋਕਾਂ ਦੇ ਰੋਜ਼ਾਨਾ ਇੱਥੇ ਸਸਕਾਰ ਹੁੰਦੇ ਹਨ ਕਦੇ ਮਨ ਖ਼ਰਾਬ ਨਹੀਂ ਹੋਇਆ ਕਿਉਂਕਿ ਇਹ ਮੇਰਾ ਕੰਮ ਹੈ। ਪਰ ਸ਼ਨੀਵਾਰ ਨੂੰ ਮੇਰੇ ਹੰਝੂ ਰੁਕ ਨਹੀਂ ਸੀ ਰਹੇ। ਉਸ ਦਿਨ ਤਾਇਨਾਤ ਪੰਜਾਬ ਪੁਲਿਸ ਦੀਆਂ ਕਈ ਮਹਿਲਾ ਕਰਮੀਆਂ ਦੀਆਂ ਅੱਖਾਂ ਵਿਚ ਵੀ ਮੈਂ ਹੰਝੂ ਦੇਖੇ।"

ਅੰਮ੍ਰਿਤਸਰ ਰੇਲ ਹਾਦਸਾ, ਅੰਤਿਮ ਸੰਸਕਾਰ
ਤਸਵੀਰ ਕੈਪਸ਼ਨ, ਗੀਤਾ ਸ਼ਮਸ਼ਾਨ ਦੇ ਗੇਟ 'ਤੇ ਇੱਕ ਪੱਕੇ ਖੋਖੇ ਵਿੱਚ ਲੋਕਾਂ ਨੂੰ ਪਾਣੀ ਪਿਆਉਣ ਦੀ ਸੇਵਾ ਕਰਦੀ ਹੈ

ਗੀਤਾ ਮੁਤਾਬਕ ਅਜਿਹਾ ਪਹਿਲਾਂ ਕਦੇ ਵੀ ਉਸ ਨੇ ਨਹੀਂ ਦੇਖਿਆ।

ਗੀਤਾ ਨੇ ਆਖਿਆ ਕਿ ਰੋਜਾਨਾ ਸ਼ਮਸ਼ਾਨ ਭੂਮੀ ਵਿਚ ਲਾਸ਼ਾਂ ਨੂੰ ਦੇਖਦੀ ਹੈ ਪਰ ਸ਼ਨੀਵਾਰ ਦੇ ਦ੍ਰਿਸ਼ ਨੂੰ ਯਾਦ ਕਰਕੇ ਉਹ ਹੁਣ ਵੀ ਸਹਿਮ ਜਾਂਦੀ ਹੈ।

ਰੂਪ ਲਾਲ ਰੋਜ਼ ਦੀ ਤਰ੍ਹਾਂ ਇੱਕ ਵਿਅਕਤੀ ਦਾ ਸਸਕਾਰ ਕਰ ਕੇ ਬਲਦੀ ਚਿਤਾ ਦੇ ਇੱਕ ਪਾਸੇ ਖੜ੍ਹਾ ਸੀ। ਮੂਲ ਰੂਪ ਵਿਚ ਯੂ ਪੀ ਦਾ ਰਹਿਣ ਵਾਲਾ ਹੈ ਅਤੇ ਸਮਸ਼ਾਨ ਘਾਟ ਵਿੱਚ ਕੰਮ ਕਰਦਾ ਹੈ।

ਰੂਪ ਲਾਲ ਨੇ ਦੱਸਿਆ ਬੇਸ਼ੱਕ ਉਸ ਦਾ ਕੰਮ ਸਸਕਾਰ ਕਰਨਾ ਹੈ ਸ਼ਨੀਵਾਰ ਲੋਕਾਂ ਦਾ ਵਿਰਲਾਪ ਦੇਖ ਕੇ ਉਸ ਨੂੰ ਬਹੁਤ ਦੁੱਖ ਹੋਇਆ।

"ਪਰ ਬਾਵਜੂਦ ਇਸ ਦੇ ਮੈਂ ਆਪਣਾ ਫ਼ਰਜ਼ ਅਦਾ ਕੀਤਾ।"

ਇਹ ਵੀ ਪੜ੍ਹੋ:

ਰੂਪ ਲਾਲ ਮੁਤਾਬਕ ਉਸ ਸਮੇਤ ਅੱਠ ਵਿਅਕਤੀ ਰੋਜ਼ਾਨਾ ਡਿਊਟੀ ਉੱਤੇ ਰਹਿੰਦੇ ਹਨ ਪਰ ਐਤਵਾਰ ਨੂੰ 10 ਹੋਰ ਵਿਅਕਤੀਆਂ ਨੇ ਉਸ ਦਾ ਸਾਥ ਦਿੱਤਾ।

ਉਸ ਨੇ ਦੱਸਿਆ ਕਿ ਆਮ ਤੌਰ 'ਤੇ ਮ੍ਰਿਤਕ ਦੇ ਰਿਸ਼ਤੇਦਾਰ ਸਸਕਾਰ ਕਰਨ ਤੋਂ ਬਾਅਦ ਚਲੇ ਜਾਂਦੇ ਹਨ ਪਰ ਉਨ੍ਹਾਂ ਦਾ ਕੰਮ ਸਸਕਾਰ ਤੋਂ ਬਾਅਦ ਅਸਥੀਆਂ ਚੁਗਣ ਤੱਕ ਰਹਿੰਦਾ ਹੈ।

ਇਸੀ ਦੌਰਾਨ ਰੂਪ ਲਾਲ ਦਾ ਇੱਕ ਹੋਰ ਸਾਥੀ ਰਾਜੂ ਆਉਂਦਾ ਹੈ।

ਥੋੜ੍ਹੀ ਦੇਰ ਚੁੱਪ ਰਹਿਣ ਅਤੇ ਸਾਡੀ ਗੱਲਬਾਤ ਸੁਣਨ ਤੋਂ ਬਾਅਦ ਕਹਿੰਦਾ ਹੈ, "ਸਾਹਿਬ ਦੁਨੀਆਂ ਬਹੁਤ ਦੇਖੀ ਪਰ ਸ਼ਨਿੱਚਰਵਾਰ ਦਾ ਦ੍ਰਿਸ਼ ਬਿਆਨ ਕਰਨਾ ਔਖਾ ਹੈ, ਖ਼ੈਰ ਸਾਡਾ ਕੰਮ ਇਹੀ ਹੈ ਅਸੀਂ ਫਿਰ ਤੋਂ ਅੱਜ ਉਸ ਵਿੱਚ ਜੁੱਟ ਗਏ ਹਾਂ।"

ਇਸ ਤੋਂ ਬਾਅਦ ਰਾਜੂ ਨੇੜੇ ਬਲ ਰਹੀ ਚਿਤਾ ਦੀਆਂ ਲੜਕੀਆਂ ਬਾਂਸ ਨਾਲ ਠੀਕ ਕਰਨ ਲੱਗ ਜਾਂਦਾ ਹੈ।

ਰੇਲ ਹਾਦਸੇ ਵਿਚ ਮਾਰੇ ਗਏ ਕੁਝ ਵਿਅਕਤੀਆਂ ਦਾ ਸਸਕਾਰ ਸ਼ਹੀਦਾਂ ਸਾਹਿਬ ਸ਼ਮਸ਼ਾਨ ਘਾਟ ਵਿੱਚ ਵੀ ਕੀਤਾ ਗਿਆ। ਇੱਥੇ ਕੰਮ ਕਰਨ ਵਾਲੇ ਛੋਟੂ ਨੇ ਦੱਸਿਆ ਕਿ ਪਹਿਲੀ ਵਾਰ ਇਸ ਹਾਦਸੇ ਨੇ ਉਸ ਦਾ ਮਨ ਦੁਖੀ ਕੀਤਾ ਹੈ।

ਛੋਟੂ ਨੇ ਦੱਸਿਆ, "ਬੇਸ਼ੱਕ ਉਸ ਦੀ ਡਿਊਟੀ ਹੈ ਪਰ ਹਾਦਸੇ ਵਿਚ ਮਾਰੇ ਗਏ ਜ਼ਿਆਦਾ ਲੋਕ ਨੌਜਵਾਨ ਸਨ।"

'ਮੇਰਾ ਪੁੱਤ ਹੁਣ ਕਦੇ ਨਹੀਂ ਆਵੇਗਾ'

ਜਿੰਨਾ ਤਿੰਨ ਲੋਕਾਂ ਦਾ ਸਸਕਾਰ ਐਤਵਾਰ ਨੂੰ ਸ਼ਿਵਪੁਰੀ ਸ਼ਮਸ਼ਾਨ ਘਾਟ ਵਿੱਚ ਹੋਇਆ ਉਨ੍ਹਾਂ ਵਿੱਚ 19 ਸਾਲਾ ਅਸ਼ੀਸ ਵੀ ਸ਼ਾਮਲ ਸੀ।

ਗ਼ਮਗੀਨ ਮਾਹੌਲ ਵਿਚ ਅਸ਼ੀਸ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮੌਜੂਦ ਲੋਕ ਇਸ ਹਾਦਸੇ ਨੂੰ ਮੰਦਭਾਗਾ ਕਹਿ ਰਹੇ ਸਨ।

ਅੰਮ੍ਰਿਤਸਰ ਰੇਲ ਹਾਦਸਾ, ਅੰਤਿਮ ਸੰਸਕਾਰ
ਤਸਵੀਰ ਕੈਪਸ਼ਨ, ਅਸ਼ੀਸ਼ ਦਾ ਪਿਤਾ ਹੱਥ ਜੋੜ ਕੇ ਲੋਕਾਂ ਨੂੰ ਆਖ ਰਿਹਾ ਸੀ "ਪ੍ਰਮਾਤਮਾ ਮੇਰਾ ਕਸੂਰ ਕੀ ਹੈ ਮੈਨੂੰ ਇੰਨੀ ਵੱਡੀ ਸੱਟ ਕਿਓ ਮਾਰੀ।"

ਥੋੜ੍ਹੀ ਦੂਰ ਇੱਕ ਕੁੜੀ ਦਾ ਰੋ ਰੋ ਕੇ ਬੁਰਾ ਹਾਲ ਸੀ। ਪਤਾ ਲੱਗਿਆ ਇਹ ਅਸ਼ੀਸ਼ ਦੀ ਇਕਲੌਤੀ ਭੈਣ ਸਵਿੱਤਰੀ ਹੈ।

ਕੱਲ੍ਹ ਜਦੋਂ ਅਸੀਂ ਅਸ਼ੀਸ਼ ਦੇ ਘਰ ਪਹੁੰਚੇ ਤਾਂ ਉਸ ਦੇ ਪਿਤਾ ਅਨਿਲ ਕੁਮਾਰ ਨੇ ਦੱਸਿਆ ਕਿ ਮਾਂ ਨੂੰ ਪੁੱਤ ਦੇ ਤੁਰ ਜਾਣ ਬਾਰੇ ਨਹੀਂ ਦੱਸਿਆ ਗਿਆ ਸੀ ਪਰ ਅੱਜ ਸ਼ਮਸ਼ਾਨ ਘਾਟ ਵਿਚ ਅਸ਼ੀਸ਼ ਦੀ ਮਾਤਾ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ।

ਰਿਸ਼ਤੇਦਾਰ ਮਾਂ ਨੂੰ ਦਿਲਾਸਾ ਦੇ ਰਹੇ ਸਨ ਪਰ ਉਹ ਵਾਰ ਵਾਰ ਆਖ ਰਹੀ ਸੀ, "ਮੇਰੇ ਪੁੱਤ ਦਾ ਕਸੂਰ ਕੀ ਸੀ, ਕੋਈ ਮੈਨੂੰ ਇਸ ਦਾ ਜਵਾਬ ਦਿਓ।"

ਇਹ ਵੀ ਪੜ੍ਹੋ:

ਪੁੱਤ ਦੀ ਚਿਖਾ ਵੱਲ ਦੇਖ ਉਹ ਕਦੇ ਚੀਕਾਂ ਮਾਰਦੀ ਅਤੇ ਕਦੇ ਉੱਚੀ ਬੋਲਦੀ "ਰੇਲ ਨੇ ਮੇਰੇ ਪੁੱਤ ਖੋਹ ਲਿਆ।"

ਅਸ਼ੀਸ਼ ਦਾ ਪਿਤਾ ਹੱਥ ਜੋੜ ਕੇ ਲੋਕਾਂ ਨੂੰ ਆਖ ਰਿਹਾ ਸੀ "ਪ੍ਰਮਾਤਮਾ ਮੇਰਾ ਕਸੂਰ ਕੀ ਹੈ ਮੈਨੂੰ ਇੰਨੀ ਵੱਡੀ ਸੱਟ ਕਿਓ ਮਾਰੀ।" ਇਸ ਤੋਂ ਬਾਅਦ ਉਹ ਲੰਬਾ ਹਉਂਕਾ ਲੈ ਕੇ ਨੀਝ ਨਾਲ ਪੁੱਤਰ ਦੀ ਚਿਖਾ ਨੂੰ ਦੇਖਣ ਲੱਗ ਜਾਂਦਾ ਹੈ।

ਸ਼ਨਿੱਚਰਵਾਰ ਨੂੰ ਜਦੋਂ ਅਸੀਂ ਅਨਿਲ ਨੂੰ ਮਿਲੇ ਸੀ ਤਾਂ ਅਨਿਲ ਕੁਮਾਰ ਨੇ ਦੱਸਿਆ ਕਿ ਉਸਦਾ ਪਿਛੋਕੜ ਉੱਤਰ ਪ੍ਰਦੇਸ਼ ਹੈ ਅਤੇ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਪਰਿਵਾਰ ਪਾਲ ਰਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)