ਉਹ ਮੰਦਿਰ ਜਿੱਥੇ ਮਾਹਵਾਰੀ ਦੌਰਾਨ ਵੀ ਔਰਤਾਂ ਪੂਜਾ ਕਰਦੀਆਂ ਹਨ

ਤਸਵੀਰ ਸਰੋਤ, Getty Images
- ਲੇਖਕ, ਏ ਡੀ ਬਾਲਾਸੁਬਰਾਮਣਿਅਮ
- ਰੋਲ, ਬੀਬੀਸੀ ਪੱਤਰਕਾਰ
ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਹਰੇਕ ਉਮਰ ਦੀਆਂ ਔਰਤਾਂ ਨੂੰ ਸਬਰੀਮਲਾ ਮੰਦਿਰ ਜਾਣ ਦੀ ਇਜਾਜ਼ਤ ਦਿੱਤੀ ਸੀ। ਪਰ ਹੁਣ ਇਸ ਫ਼ੈਸਲਾ ਦਾ ਵਿਰੋਧ ਹੋ ਰਿਹਾ ਹੈ। ਮੰਦਿਰ ਦੇ ਆਲੇ-ਦੁਆਲੇ ਲੋਕ ਇਸਦੇ ਖ਼ਿਲਾਫ਼ ਧਰਨੇ 'ਤੇ ਬੈਠੇ ਹਨ।
ਸ਼ੁੱਕਰਵਾਰ ਨੂੰ ਭਾਰੀ ਪੁਲਿਸ ਸੁਰੱਖਿਆ ਵਿਚਾਲੇ ਦੋ ਔਰਤਾਂ ਨੇ ਮੰਦਿਰ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਸ਼ਰਧਾਲੂਆਂ ਦੇ ਭਾਰੀ ਵਿਰੋਧ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਮੰਦਿਰ ਪਰਿਸਰ ਤੋਂ ਹੀ ਬਿਨਾਂ ਦਰਸ਼ਨਾਂ ਦੇ ਵਾਪਿਸ ਪਰਤਣਾ ਪਿਆ।
ਮੰਦਿਰ ਵਿੱਚ ਪਹਿਲਾਂ 10 ਤੋਂ 50 ਸਾਲ ਦੀ ਉਮੀਰ ਦੀਆਂ ਔਰਤਾਂ ਦੇ ਜਾਣ 'ਤੇ ਰੋਕ ਸੀ, ਜਿਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ:
ਸਬਰੀਮਲਾ 'ਤੇ ਵਿਵਾਦ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹਾਲਾਂਕਿ ਇੱਕ ਅਜਿਹਾ ਵੀ ਮੰਦਿਰ ਹੈ ਜਿੱਥੇ ਮਾਹਵਾਰੀ ਦੌਰਾਨ ਵੀ ਔਰਤਾਂ ਨੂੰ ਜਾਣ ਦੀ ਇਜਾਜ਼ਤ ਹੈ ਅਤੇ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੁੰਦਾ।
ਤਾਮਿਲਨਾਡੂ ਦੇ ਆਦਿ ਪਕਾਸ਼ਕਤੀ ਵਿੱਚ ਔਰਤਾਂ ਬਿਨਾਂ ਕਿਸੇ ਰੋਕ-ਟੋਕ ਪਵਿੱਤਰ ਸਥਾਨ ਤੱਕ ਜਾ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਇਹ ਇਜਾਜ਼ਤ ਕਈ ਦਹਾਕਿਆਂ ਤੋਂ ਹੈ।
ਮੰਦਿਰ ਔਰਤਾਂ ਦੀ ਮਾਹਵਾਰੀ ਨੂੰ ਅਪਵਿੱਤਰ ਨਹੀਂ ਮੰਨਦਾ ਅਤੇ ਇਸ ਨੂੰ ਇੱਕ ਆਮ ਸਰੀਰਕ ਬਦਲਾਅ ਸਮਝਦਾ ਹੈ।
ਸਥਾਪਨਾ ਅਤੇ ਲੋਕਪ੍ਰਿਅਤਾ
ਦੱਖਣੀ ਭਾਰਤ ਵਿੱਚ ਜ਼ਿਆਦਾਤਰ ਮੰਦਿਰਾਂ ਦੇ ਉਲਟ ਇਸ ਮੰਦਿਰ ਵਿੱਚ ਕੋਈ ਪੁਜਾਰੀ ਨਹੀਂ ਹੁੰਦਾ।

ਮੰਦਿਰ ਦੇ ਲੋਕਸੰਪਰਕ ਅਧਿਕਾਰੀ ਰਵਿਚੰਦਰਨ ਕਹਿੰਦੇ ਹਨ, "ਇਸ ਮੰਦਿਰ ਵਿੱਚ ਮਰਦਾਂ ਦੀ ਤਰ੍ਹਾਂ ਔਰਤਾਂ ਮੰਦਿਰ ਦੇ ਪਵਿੱਤਰ ਸਥਾਨ ਤੱਕ ਜਾ ਸਕਦੀਆਂ ਹਨ ਅਤੇ ਪੂਜਾ ਕਰ ਸਕਦੀਆਂ ਹਨ। ਇੱਥੇ ਜਾਤ, ਧਰਮ, ਲਿੰਗ ਅਤੇ ਉਮਰ ਮਾਇਨੇ ਨਹੀਂ ਰੱਖਦੇ।''
ਕੁਝ ਦਹਾਕੇ ਪਹਿਲਾਂ ਚੇਨੱਈ-ਵਿਲੁੱਪੁਰਮ ਨੈਸ਼ਨਲ ਹਾਈਵੇ 'ਤੇ ਵਸੇ ਇੱਕ ਮਰੂਵਥੂਰ ਪਿੰਡ 'ਚ ਇੱਕ ਸਕੂਲ ਦੇ ਅਧਿਆਪਕ ਬੰਗਾਰੂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਇੱਕ ਨਿੰਮ ਦੇ ਦਰਖ਼ਤ ਤੋਂ ਦੁੱਧ ਨਿਕਲਦਾ ਦੇਖਿਆ ਸੀ।
ਉਨ੍ਹਾਂ ਨੇ ਇਸ ਦਾਅਵੇ ਤੋਂ ਕੁਝ ਦਿਨ ਬਾਅਦ ਤੇਜ਼ ਹਨੇਰੀ ਕਾਰਨ ਉਹ ਦਰਖ਼ਤ ਡਿੱਗ ਗਿਆ ਅਤੇ ਬੰਗਾਰੂ ਨੇ ਮੁੜ ਤੋਂ ਦਾਅਵਾ ਕੀਤਾ ਕਿ ਸਵਯੰਭੂ ਲਿੰਗ ਉੱਥੇ ਪ੍ਰਗਟ ਹੋਏ।
ਇਸ ਤੋਂ ਬਾਅਦ ਉਹ ਖ਼ੁਦ ਨੂੰ 'ਸ਼ਕਤੀ' ਕਹਿਣ ਲੱਗੇ ਅਤੇ ਉਸ ਰੁੱਖ ਵਾਲੀ ਥਾਂ 'ਤੇ ਆਦਿ ਪਰਾਸ਼ਕਤੀ ਦਾ ਨਿਰਮਾਣ ਕੀਤਾ। ਮੰਦਿਰ ਵਿੱਚ ਆਦਿ ਪਰਾਸ਼ਕਤੀ ਦੀ ਮੂਰਤੀ ਸਥਾਪਿਤ ਹੋ ਗਈ। ਉਹ ਲੋਕਾਂ ਨੂੰ ਬਾਅਦ ਵਿੱਚ ਉਪਦੇਸ਼ ਵੀ ਦੇਣ ਲੱਗੇ।
ਇਹ ਵੀ ਪੜ੍ਹੋ:
ਹੌਲੀ-ਹੌਲੀ ਉਨ੍ਹਂ ਦੀ ਲੋਕਪ੍ਰਿਅਤਾ ਵਧਦੀ ਚਲੀ ਗਈ ਅਤੇ ਤਾਮਿਲਨਾਡੂ ਤੇ ਆਲੇ-ਦੁਆਲੇ ਦੇ ਸੂਬੇ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਤੋਂ ਹਜ਼ਾਰਾਂ ਭਗਤ ਉਨ੍ਹਾਂ ਨੂੰ ਸੁਣਨ ਆਉਂਦੇ ਸਨ।
ਮੰਦਿਰ ਦਾ ਦਾਇਰਾ ਵਧਦਾ ਗਿਆ ਅਤੇ ਕਈ ਸਮਾਜਿਕ ਤੇ ਸਿੱਖਿਅਕ ਸੰਸਥਾਨ ਮੰਦਿਰ ਦੇ ਨਾਮ 'ਤੇ ਖੋਲ੍ਹੇ ਗਏ। ਮੰਦਿਰ ਦੇ ਟਰੱਸਟ ਨੇ ਪਿੰਡ ਵਿੱਚ ਇੱਕ ਮੈਡੀਕਲ ਕਾਲਜ ਵੀ ਖੋਲ੍ਹਿਆ ਹੈ, ਜਿੱਥੇ ਦੂਰ-ਦੂਰ ਤੋਂ ਬੱਚੇ ਪੜ੍ਹਨ ਆਉਂਦੇ ਹਨ।
ਮੁੱਖ ਅਹੁਦਿਆਂ 'ਤੇ ਔਰਤਾਂ
ਮੰਦਿਰ ਨਾਲ ਜੁੜੇ ਟਰੱਸਟ ਪੂਰੇ ਸੂਬੇ ਅਤੇ ਆਲੇ-ਦੁਆਲੇ ਦੇ ਸੂਬਿਆਂ ਵਿੱਚ ਚਲਾਏ ਜਾਂਦੇ ਹਨ ਅਤੇ ਇੱਥੇ ਜ਼ਿਆਦਾਤਰ ਅਹੁਦਿਆਂ 'ਤੇ ਔਰਤਾਂ ਹੀ ਹਨ।

ਰਵਿਚੰਦਰਨ ਦਾਅਵਾ ਕਰਦੇ ਹਨ, "ਬੰਗਾਰੂ ਨੇ ਸਵਯੰਭੂ ਲਿੰਗਮ ਦੀ ਖੋਜ 1966 ਵਿੱਚ ਕੀਤੀ ਸੀ। ਹੁਣ ਇਸ ਨਾਲ ਜੁੜੇ ਕਰੀਬ 5 ਹਜ਼ਾਰ ਪੂਜਾ ਸੰਸਥਾਨ ਹਨ। ਇਨ੍ਹਾਂ ਵਿੱਚੋਂ ਕੁਝ ਤਾਂ ਵਿਦੇਸ਼ਾਂ ਵਿੱਚ ਹਨ।"
ਹਾਲਾਂਕਿ ਮੰਦਿਰ ਨਾਲ ਸਬੰਧਿਤ ਕਈ ਸੰਸਥਾਵਾਂ ਨਾਲ ਵਿਵਾਦ ਜੁੜੇ ਹਨ।
ਕਰੀਬ 30 ਸਾਲਾਂ ਤੱਕ ਮੰਦਿਰ ਵਿੱਚ ਪੂਜਾ ਕਰਨ ਵਾਲੀ ਮੀਨਾ ਕੁਮਾਰੀ ਕਨਗਰਾਜ ਉਸ ਪਲ ਨੂੰ ਯਾਦ ਕਰਦੀ ਹੈ ਜਦੋਂ ਉਹ ਪਹਿਲੀ ਵਾਰ ਮੰਦਿਰ ਗਈ ਸੀ।
ਉਹ ਦੱਸਦੀ ਹੈ, "ਉਸ ਤਜਰਬੇ ਨੂੰ ਮੈਂ ਸ਼ਬਦਾਂ ਵਿੱਚ ਨਹੀਂ ਬਿਆਨ ਕਰ ਸਕਦੀ। ਜਦੋਂ ਮੈਨੂੰ ਮੰਦਿਰ ਦੇ ਅੰਦਰ ਜਾਣ ਦੀ ਇਜਾਜ਼ਤ ਮਿਲੀ ਅਤੇ ਮੈਨੂੰ ਪੂਜਾ ਕਰਨ ਲਈ ਕਿਹ ਗਿਆ, ਉਸ ਸਮੇਂ ਮੇਰੀ ਖੁਸ਼ੀ ਸਤਵੇਂ ਅਸਮਾਨ 'ਤੇ ਸੀ। ਮੰਦਿਰ ਵਿੱਚ ਸ਼ਰਧਾਲੂਆਂ ਨੇ ਕਿਹਾ ਕਿ ਇੱਥੇ ਮਾਹਵਾਰੀ ਨੂੰ ਅਪਵਿੱਤਰ ਨਹੀਂ ਮੰਨਿਆ ਜਾਂਦਾ।''
"ਉਨ੍ਹਾਂ ਨੇ ਮੈਨੂੰ ਇਹ ਕਿਹਾ ਕਿ ਮੰਦਿਰ ਨੂੰ ਆਪਣੇ ਘਰ ਦੀ ਤਰ੍ਹਾਂ ਸਮਝੋ। ਮੈਂ ਉਸੇ ਤਰ੍ਹਾਂ ਦਾ ਤਜਰਬਾ ਲਿਆ। ਮੰਦਿਰ ਦੇ ਅੰਦਰ ਸਮਾਨਤਾ ਬਾਰੇ ਬਹੁਤ ਕੁਝ ਲਿਖਿਆ ਹੋਇਆ ਸੀ।"
ਸਾਰੀਆਂ ਜਾਤਾਂ ਦੇ ਲੋਕ
ਉਹ ਦਾਅਵਾ ਕਰਦੀ ਹੈ ਕਿ ਇਹ ਸਮਾਨਤਾ ਨਾ ਸਿਰਫ਼ ਲਿੰਗ ਦੇ ਆਧਾਰ 'ਤੇ ਸਗੋਂ ਜਾਤ ਦੇ ਆਧਾਰ 'ਤੇ ਵੀ ਲਾਗੂ ਹੈ।
"ਸਾਡੀ ਪ੍ਰਥਾਨਾ ਸਭਾ ਦੇ ਮੈਂਬਰ ਸਾਡੇ ਵਰਗੇ ਪ੍ਰੋਫੈਸਰ ਤਾਂ ਹੈ ਹੀ, ਕੁੜਾ ਚੁੱਕਣ ਵਾਲੀਆਂ ਅਤੇ ਕੱਪੜੇ ਧੋਣ ਵਾਲੀਆਂ ਔਰਤਾਂ ਵੀ ਹਨ।"

"ਉਹ ਸਾਰੀਆਂ ਮੰਦਿਰ ਦੇ ਪਵਿੱਤਰ ਸਥਾਨ ਤੱਕ ਜਾ ਸਕਦੀਆਂ ਹਨ ਅਤੇ ਪੂਜਾ ਕਰ ਸਕਦੀਆਂ ਹਨ। ਉੱਥੇ ਤੁਹਾਡੀ ਜਾਤ ਨਹੀਂ ਪੁੱਛੀ ਜਾਂਦੀ।"
ਇਹ ਵੀ ਪੜ੍ਹੋ:
"ਸਾਰਿਆਂ ਨੂੰ ਉੱਥੇ ''ਸ਼ਕਤੀ'' ਕਹਿ ਕੇ ਬੁਲਾਇਆ ਜਾਂਦਾ ਹੈ। ਔਰਤਾਂ ਦੀ ਮਾਹਵਾਰੀ ਨੂੰ ਵੀ ਅਪਵਿੱਤਰ ਨਹੀਂ ਸਮਝਿਆ ਜਾਂਦਾ ਹੈ। "
ਸੀਨੀਅਰ ਲੇਖਕ ਈਰਾ ਮੁਰੂਗਵਲ ਨੇ ਬੀਬੀਸੀ ਨੂੰ ਕਿਹਾ, "ਕਬਾਇਲੀ ਖੇਤਰ ਵਿੱਚ ਔਰਤਾਂ ਦੀ ਮਾਹਵਾਰੀ ਨੂੰ ਚੰਗਾ ਮੰਨਿਆ ਜਾਂਦਾ ਹੈ। ਇਹ ਸਮਝਿਆ ਜਾਂਦਾ ਹੈ ਕਿ ਪੀੜ੍ਹੀਆਂ ਨੂੰ ਅੱਗੇ ਵਧਾਉਣ ਦਾ ਪ੍ਰਤੀਕ ਹੈ।"












