'ਇਹ ਹਿੰਦੀ ਬੋਲਦੇ ਹਨ, ਇਨ੍ਹਾਂ ਨਾਲ ਗੱਲ ਨਹੀਂ ਕਰਨੀ'- ਗੁਜਰਾਤ ਤੋਂ ਗ੍ਰਾਊਂਡ ਰਿਪੋਰਟ

- ਲੇਖਕ, ਨਿਤੀਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਸਵੇਰ ਦੇ ਸਾਢੇ 10 ਵੱਜੇ ਹਨ ਅਤੇ ਇੱਕ ਪਤਲੀ ਜਿਹੀ ਗਲੀ ਦੇ ਮੁਹਰੇ ਬੈਠ ਕੇ ਦੋ ਔਰਤਾਂ ਕਢਾਈ ਦਾ ਕੰਮ ਕਰ ਰਹੀਆਂ ਹਨ।
ਇੱਧਰ ਸਾੜੀਆਂ 'ਤੇ ਜ਼ਰੀ ਲੱਗ ਰਹੀ ਹੈ ਅਤੇ ਦੂਜੇ ਚਬੂਤਰੇ 'ਤੇ ਬੇਸਨ ਫੇਂਟਿਆ ਜਾ ਰਿਹਾ ਹੈ ਜਿਸ ਨੂੰ ਨੇੜੇ ਰੱਖੇ ਕੱਟੇ ਹੋਏ ਪਿਆਜ਼ ਅਤੇ ਹਰੀ ਮਿਰਚ ਵਿੱਚ ਮਿਲ ਕੇ ਪਕੌੜੇ ਬਣਨਗੇ।
ਆਲੇ-ਦੁਆਲੇ ਦੀਆਂ ਦੁਕਾਨਾਂ ਵਿੱਚ ਗੁੜ ਤੋਂ ਲੈ ਕੇ ਸੱਤੂ ਤੱਕ ਸਭ ਵਿਕ ਰਿਹਾ ਹੈ ਅਤੇ ਹਲਵਾਈ ਗਰਮ-ਗਰਮ ਜਲੇਬੀਆਂ ਕੱਢ ਕੇ ਦਹੀਂ ਨਾਲ ਵੇਚ ਰਹੇ ਹਨ।
ਇਹ ਵੀ ਪੜ੍ਹੋ:
ਇਹ ਬਿਹਾਰ ਜਾਂ ਯੂਪੀ ਦਾ ਕੋਈ ਸ਼ਹਿਰ ਨਹੀਂ ਸਗੋਂ ਗੁਜਰਾਤ ਦੇ ਅਹਿਮਦਾਬਾਦ ਦਾ ਅਮਰਾਵਾੜੀ ਇਲਾਕਾ ਹੈ ਜਿੱਥੇ ਸੈਂਕੜੇ ਉੱਤਰ-ਭਾਰਤੀ ਦਹਾਕਿਆਂ ਤੋਂ ਰਹਿੰਦੇ ਹਨ।
ਜ਼ਿਆਦਾਤਰ ਗੁਜਰਾਤੀ ਵਿੱਚ ਹੀ ਗੱਲ ਕਰਦੇ ਹਨ ਪਰ ਹਿੰਦੀ ਸੁਣ ਕੇ ਇਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਚਮਕ ਜ਼ਰੂਰੀ ਦਿਖਾਈ ਦਿੰਦੀ ਹੈ।
ਅੰਦਰ ਬਣੀ ਕਲੋਨੀ ਵਿੱਚ ਪੂਨਮ ਸਿੰਘ ਸੇਂਗਰ ਅਤੇ ਉਨ੍ਹਾਂ ਦੇ ਪਤੀ ਉਪੇਂਦਰ ਨਾਲ ਮੁਲਾਕਾਤ ਹੋਈ।
"70 ਸਾਲ ਪਹਿਲਾਂ ਮੇਰੇ ਮਾਤਾ-ਪਿਤਾ ਉੱਤਰ ਪ੍ਰਦੇਸ਼ ਦੇ ਇਟਾਵਾ ਤੋਂ ਇੱਥੇ ਰੁਜ਼ਗਾਰ ਦੀ ਤਲਾਸ਼ ਵਿੱਚ ਆਏ ਸਨ। ਮੇਰਾ ਜਨਮ ਇੱਥੇ ਹੀ ਹੋਇਆ ਅਤੇ ਵਿਆਹ ਵੀ'', ਪੇਸ਼ੇ ਤੋਂ ਸਕੂਲ ਟੀਚਰ ਪੂਨਮ ਨੇ ਦੱਸਿਆ।
ਪਤੀ ਉਪੇਂਦਰ 45 ਸਾਲ ਪਹਿਲਾਂ ਇੱਥੇ ਆ ਕੇ ਵੱਸ ਗਏ ਸਨ ਅਤੇ ਹੁਣ ਖ਼ੁਦ ਨੂੰ ਗੁਜਰਾਤੀ ਹੀ ਸਮਝਦੇ ਹਨ।
ਪਰ ਪੂਨਮ ਦੇ ਦਿਲ ਵਿੱਚ ਅੱਜ-ਕੱਲ੍ਹ ਇੱਕ ਬੇਚੈਨੀ ਵੀ ਹੈ।

ਉਨ੍ਹਾਂ ਨੇ ਕਿਹਾ, "ਮੈਂ ਸਕੂਲ ਜਾਂਦੀ ਹਾਂ ਜਿੱਥੇ ਗੁਜਰਾਤੀ ਅਤੇ ਗੈਰ-ਗੁਜਰਾਤੀ ਦੋਵਾਂ ਦੇ ਬੱਚੇ ਪੜ੍ਹਦੇ ਹਨ। ਅਕਸਰ ਸੁਣਨ ਨੂੰ ਮਿਲਦਾ ਹੈ ਕਿ ਇਹ ਹਿੰਦੀ ਬੋਲਦਾ ਹੈ, ਇਸਦੇ ਨਾਲ ਗੱਲ ਨਹੀਂ ਕਰਨੀ। ਸ਼ਹਿਰ ਤੋਂ ਬਾਹਰ ਵੀ ਰੁਜ਼ਗਾਰ ਦੇ ਲਈ ਯੂਪੀ-ਬਿਹਾਰ ਦੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਹਨ। ਉਨ੍ਹਾਂ ਨੂੰ ਡਰ ਇਹ ਹੈ ਕਿ ਖ਼ੁਦ ਤਾਂ ਇੱਤੇ ਆ ਕੇ ਵੱਸ ਗਏ, ਹੁਣ ਅਜਿਹਾ ਕੁਝ ਮਾਹੌਲ ਬਣ ਜਾਵੇਗਾ ਤਾਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਵਾਂਗੇ।"
ਮਾਮਲਾ
28 ਸਤੰਬਰ ਨੂੰ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ ਇੱਕ ਬੱਚੀ ਦੇ ਬਲਾਤਕਾਰ ਤੋਂ ਬਾਅਦ ਤਣਾਅਪੂਰਨ ਹਾਲਾਤ ਪੈਦਾ ਹੋ ਗਏ ਸਨ।
ਬੱਚੀ ਸਥਾਨਕ ਠਾਕੋਰ ਭਾਈਚਾਰੇ ਦੀ ਸੀ ਅਤੇ ਮੁਲਜ਼ਮ ਬਿਹਾਰ ਤੋਂ ਆਇਆ ਇੱਕ ਮਜ਼ਦੂਰ।
ਕਰੀਬ ਦੋ ਹਫ਼ਤੇ ਤੱਕ ਉੱਤਰ-ਭਾਰਤੀਆਂ 'ਤੇ ਦੋ ਦਰਜਨ ਤੋਂ ਜ਼ਿਆਦਾ ਹਮਲੇ ਹੋਏ ਜਿਸਦਾ ਨਤੀਜਾ ਨਿਕਲਿਆ ਹਿਜਰਤ।

ਹਿੰਸਾ ਵਿੱਚ ਉੱਤਰ ਗੁਜਰਾਤ ਦੇ ਚਾਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਿਸ ਵਿੱਚ ਮੇਹਸਾਣਾ ਅਤੇ ਸਾਬਰਕਾਂਠਾ ਮੁੱਖ ਰਹੇ।
ਕਿਆਸ ਹਨ ਕਿ ਡਰ ਦੇ ਕਾਰਨ 15 ਦਿਨ ਦੇ ਅੰਦਰ ਸੂਬੇ ਵਿੱਚ ਘੱਟੋ-ਘੱਟ 10,000 ਲੋਕ ਯੂਪੀ, ਬਿਹਾਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਚਲੇ ਗਏ ਸਨ।
ਅਸਰ
ਅਹਿਮਦਾਬਾਦ ਤੋਂ ਜ਼ਿਆਦਾ ਦੂਰ ਨਹੀਂ ਹੈ ਸਾਨੰਦ ਜ਼ਿਲ੍ਹਾ ਜਿਸ ਨੂੰ ਹੁਣ ਗੁਜਰਾਤ ਦਾ 'ਇੰਡਸਟ੍ਰੀਅਲ ਹੱਬ' ਕਿਹਾ ਜਾਂਦਾ ਹੈ।
ਟਾਟਾ ਨੈਨੋ ਤੋਂ ਲੈ ਕੇ ਫੋਰਡ ਅਤੇ ਕੋਕਾ ਕੋਲਾ ਤੱਕ ਦੇ ਪਲਾਂਟ ਇੱਥੋਂ ਦੇ ਬੋੜਗਾਂਓ ਇਲਾਕੇ ਵਿੱਚ 24 ਘੰਟੇ ਚੱਲਦੇ ਰਹੇ।
250 ਤੋਂ ਵੱਧ ਫੈਕਟਰੀਆਂ ਵਾਲੇ ਇਸ ਚਹਿਲ-ਪਹਿਲ ਇਲਾਕੇ 'ਚ ਅੱਜ-ਕੱਲ੍ਹ ਸੁੰਨ ਪਈ ਹੋਈ ਹੈ।
ਬੋੜਗਾਂਓ ਦੇ ਪੰਚਾਇਤ ਭਵਨ ਦੇ ਠੀਕ ਸਾਹਮਣੇ ਗਿਰੀਡੀਹ (ਝਾਰਖੰਡ) ਦੇ ਰਹਿਣ ਵਾਲੇ ਡੀਕੇ ਮਿਸ਼ਰਾ ਇੱਕ ਚਾਹ-ਪਕੌੜੇ ਦੀ ਦੁਕਾਨ ਚਲਾਉਂਦੇ ਹਨ।
ਬੜੀ ਉਦਾਸੀ ਨਾਲ ਉਨ੍ਹਾਂ ਨੇ ਦੱਸਿਆ, "ਮੈਂ ਢਾਈ ਸਾਲ ਪਹਿਲਾਂ ਆਇਆ ਹਾਂ ਅਤੇ ਇੱਥੋਂ ਦੀ ਕੰਪਨੀ ਵਿੱਚ ਸੁਰੱਖਿਆ ਗਾਰਡ ਸੀ। ਮੈਂ ਜ਼ਿਆਦਾ ਹਿੰਦੀ ਬੋਲਣ ਲੱਗਾ ਸੀ, ਆਪਣੀ ਕੁਆਲੀਫਿਕੇਸ਼ਨ ਦਿਖਾਉਣ ਲੱਗਾ ਸੀ ਪਰ ਕੁਝ ਲੋਕ ਅਜਿਹੇ ਹਨ ਜਿਹੜੇ ਹਿੰਦੀ ਬੋਲੋ ਤਾਂ ਮਾਰਦੇ ਹਨ। ਆਖ਼ਰਕਾਰ ਮੇਰੀ ਨੌਕਰੀ ਚਲੀ ਗਈ। ਹਾਲਾਂਕਿ ਇੱਥੋਂ ਦੇ ਸਾਰੇ ਗੁਜਰਾਤੀ ਇੱਕੋ ਜਿਹਾ ਨਹੀਂ ਸੋਚਦੇ, ਪਰ ਕੁਝ ਲੋਕ ਸਾਨੂੰ ਨਾਪਸੰਦ ਕਰਦੇ ਹਨ।"

ਕੁਝ ਦਿਨ ਪਹਿਲਾਂ ਤੱਕ ਬੋੜਗਾਂਓ ਇਲਾਕੇ ਵਿੱਚ ਉੱਤਰ ਭਾਰਤ ਦੇ 15,000 ਤੋਂ ਵੀ ਵੱਧ ਮਜ਼ਦੂਰ ਕੰਮ ਕਰਦੇ ਸਨ ਪਰ ਹਾਲ ਹੀ ਦੀ ਹਿੰਸਾ ਤੋਂ ਬਾਅਦ ਘੱਟੋ ਘੱਟ 5,000 ਲੋਕ ਰਾਤੋ-ਰਾਤ ਘਰ ਵਾਪਿਸ ਆ ਗਏ।
ਹਾਲਾਂਕਿ ਗੁਜਰਾਤ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਮੁਖੀ ਜੈਮਿਨ ਵਾਸਾ ਦੇ ਮੁਤਾਬਕ, "ਚੀਜ਼ਾਂ ਪਹਿਲਾਂ ਵਾਂਗ ਹੋ ਰਹੀਆਂ ਹਨ। ਇਹ ਸਹੀ ਹੈ ਕਿ ਉੱਤਰ ਭਾਰਤ ਤੋਂ ਆਏ ਮਜ਼ਦੂਰਾਂ ਵਿੱਚ ਥੋੜ੍ਹਾ ਡਰ ਦਿਖਿਆ ਹੈ।"
ਖ਼ੁਦ ਗੁਜਰਾਤੀ ਮੂਲ ਦੇ ਲੋਕ ਵੀ ਭੜਕੀ ਹਿੰਸਾ ਅਤੇ ਇਸ ਤੋਂ ਬਾਅਦ ਹੋਏ ਪ੍ਰਵਾਸੀ ਉੱਤਰ ਭਾਰਤੀਆਂ ਦੇ ਪਲਾਇਨ ਤੋਂ ਦੁਖੀ ਹਨ।
ਇਹ ਵੀ ਪੜ੍ਹੋ:
ਸਾਨੰਦ ਦੇ ਇੱਕ ਛੋਟੇ ਜਿਹੇ ਹਸਪਤਾਲ ਵਿੱਚ ਬਤੌਰ ਨਰਸ ਕੰਮ ਕਰਨ ਵਾਲੀ ਪਾਇਲ ਠਾਕੋਰ ਮੁਤਾਬਕ, "ਜੋ ਹੋਇਆ ਉਹ ਬਿਲਕੁਲ ਗ਼ਲਤ ਸੀ।"
ਉਨ੍ਹਾਂ ਨੇ ਕਿਹਾ, "ਹਸਪਤਾਲ ਵਿੱਚ ਜਿੰਨੇ ਮਰੀਜ਼ ਸਨ ਹੁਣ ਉਸਦੇ 20 ਫ਼ੀਸਦ ਵੀ ਨਹੀਂ ਰਹੇ। ਮੌਲ, ਸਬਜ਼ੀ ਮੰਡੀ ਅਤੇ ਕਰਿਆਨੇ ਦੀ ਦੁਕਾਨ 'ਤੇ ਸਭ ਲੋਕ ਨੁਕਾਸਨ ਵਿੱਚ ਹਨ। ਜਿਹੜੇ ਗੁਨਾਹਗਾਰ ਹਨ ਉਨ੍ਹਾਂ ਨੂੰ ਸਜ਼ਾ ਦਿਓ, ਸਾਰਿਆਂ ਨੂੰ ਨਹੀਂ। ਉਹ ਲੋਕ ਇੱਥੇ ਕਮਾਉਣ ਲਈ ਆਏ ਸਨ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਅਚਾਨਕ ਤਾਂ ਨਹੀਂ ਕੱਢਿਆ ਜਾ ਸਕਦਾ।''
ਕਾਰਨ
ਗੁਜਰਾਤ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਨਵੇਂ-ਨਵੇਂ ਉਦਯੋਗਿਕ ਖੇਤਰ ਬਣਾਏ ਗਏ ਅਤੇ ਕਿਸਾਨਾਂ ਤੋਂ ਜ਼ਮੀਨਾਂ ਚੰਗੇ ਭਾਅ ਵਿੱਚ ਖਰੀਦੀਆਂ ਗਈਆਂ।
ਨਵੀਆਂ ਫੈਕਟਰੀਆਂ ਲਈ ਮਜ਼ਦੂਰਾਂ ਦੀ ਲੋੜ ਪਈ ਤਾਂ ਪਰਵਾਸੀ ਉੱਤਰ ਭਾਰਤੀਆਂ ਦੇ ਇੱਥੇ ਆ ਕੇ ਕੰਮ ਕਰਨ ਦੀ ਗਿਣਤੀ ਵਿੱਚ ਇਜ਼ਾਫ਼ਾ ਹੋਇਆ।
ਪਿਛਲੇ ਸਾਲਾਂ ਵਿੱਚ ਸੂਬੇ ਦੀ ਆਬਾਦੀ ਛੇ ਕਰੋੜ ਤੋਂ ਵੱਧ ਹੋ ਚੁੱਕੀ ਹੈ ਅਤੇ ਇਸ ਵਿੱਚ ਪ੍ਰਵਾਸੀਆਂ ਦੀ ਕੁੱਲ ਤਾਦਾਦ 10 ਫ਼ੀਸਦ ਦੱਸੀ ਜਾ ਰਹੀ ਹੈ।
ਵਿਕਾਸ ਅਤੇ ਉਦਯੋਗੀਕਰਨ ਦੇ ਨਾਲ ਸੂਬੇ ਵਿੱਚ ਰੁਜ਼ਗਾਰ ਲੱਭਣ ਲੋਕ ਦੂਰ-ਦੂਰ ਤੋਂ ਆਏ ਹੋਏ ਹਨ।

ਜ਼ਾਹਰ ਹੈ, ਨੌਕਰੀਆਂ-ਤਨਖ਼ਾਹਾਂ ਨੂੰ ਲੈ ਕੇ ਕੁਝ ਵਿਰੋਧ ਵੀ ਹੋਇਆ ਹੈ।
ਗੁਜਰਾਤ ਯੂਨੀਵਰਸਿਟੀ ਵਿੱਚ ਸਮਾਜਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਗੋਰਾਂਗ ਜਾਨੀ ਦੀ ਮੰਨੀਏ ਤਾਂ ਖੱਟਾਸ "ਵਧਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ"।
ਉਨ੍ਹਾਂ ਨੇ ਦੱਸਿਆ, "ਬਾਹਰ ਦੇ ਮਜ਼ਦੂਰਾਂ ਤੋਂ ਕੰਮ ਸਸਤੇ ਵਿੱਚ ਹੋ ਜਾਂਦਾ ਹੈ ਕਿਉਂਕਿ ਸਲਾਨਾ ਮਜ਼ਦੂਰੀ ਦੇ ਠੇਕੇ ਦੇ ਦਿੱਤੇ ਜਾਂਦੇ ਹਨ। ਬਾਹਰੀ ਲੋਕ ਕੰਮ ਵੀ ਜ਼ਿਆਦਾ ਕਰਦੇ ਹਨ ਅਤੇ ਦਿਹਾੜੀ ਵੀ ਘੱਟ ਲੈਂਦੇ ਹਨ। ਜਦਕਿ ਗੁਜਰਾਤ ਵਿੱਚ ਸਥਾਨਕ ਮਜ਼ਦੂਰ ਤੋਂ ਅੱਠ ਘੰਟੇ ਕੰਮ ਕਰਵਾਉਣ ਲਈ ਇੱਕ ਤੈਅ ਦਿਹਾੜੀ ਦੇਣੀ ਪੈਂਦੀ ਹੈ।"
ਉੱਤਰ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਦੇ ਸੜਾ ਪਿੰਡ ਵਿੱਚ ਸਾਡੀ ਮੁਲਾਕਾਤ ਸਾਬਕਾ ਸਰਪੰਚ ਰਜਿੰਦਰ ਸਿੰਘ ਰਾਠੋਰ ਨਾਲ ਹੋਈ।
ਉਨ੍ਹਾਂ ਦਾ ਕਹਿਣਾ ਸੀ, "ਜਿਹੜੇ ਲੋਕ ਫੈਕਟਰੀਆਂ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਵਿੱਚੋਂ 90 ਫ਼ੀਸਦ ਗੁਜਰਾਤੀ ਨਹੀਂ ਹੈ। ਜਿਹੜੇ ਬਾਹਰ ਦੇ ਲੋਕ ਹਨ ਉਨ੍ਹਾਂ ਨੂੰ ਵੀ ਰੱਖੋ ਅਸੀਂ ਕਦੋਂ ਨਾਂਹ ਕੀਤੀ ਹੈ। ਪਰ ਸਾਡਾ ਜਿਹੜਾ ਲੋਕਲ ਆਦਮੀ ਹੈ, ਅਹਿਮਦਾਬਾਦ, ਸੂਰਤ ਜਾਂ ਬੜੌਦਾ ਵਿੱਚ ਉਸਦਾ ਕੀ। ਸਥਾਨਕ ਲੋਕਾਂ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ।"
ਹਾਲ ਹੀ ਵਿੱਚ ਸੂਬਾ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੇ ਬਿਆਨ ਆਏ ਹਨ ਕਿ , "ਨੌਕਰੀਆਂ ਵਿੱਚ ਘੱਟੋ-ਘੱਟ 80% ਲੋਕਾਂ ਨੂੰ ਸਥਾਨਕ ਹੋਣਾ ਚਾਹੀਦਾ ਹੈ।"
ਪ੍ਰੋਫ਼ੈਸਰ ਗੋਰਾਂਗ ਜਾਨੀ ਮੁਤਾਬਕ, "ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਮਾਹੌਲ ਬਿਹਤਰ ਨਹੀਂ ਸਗੋਂ ਹੋਰ ਖ਼ਰਾਬ ਹੋ ਸਕਦਾ ਹੈ।"

ਉਨ੍ਹਾਂ ਨੇ ਕਿਹਾ, "ਭਾਵੇਂ ਸ਼ਾਕਾਹਾਰੀ-ਮਾਸਾਹਾਰੀ ਖਾਣ ਦੀ ਗੱਲ ਹੋਵੇ, ਭਾਵੇਂ ਧਰਮ ਦੀ ਗੱਲ ਹੋਵੇ, ਭਾਵੇਂ ਫਿਰਕੂਵਾਦ ਦੀ ਗੱਲ ਹੋਵੇ, ਗੁਜਰਾਤ ਵਿੱਚ ਅਸਹਿਣਸ਼ੀਲਤਾ ਦਾ ਜਿਹੜਾ ਵਾਤਾਵਰਨ ਹੈ ਉਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਜਦੋਂ ਅਜਿਹੇ ਛੋਟੇ-ਮੋਟੇ ਹਾਦਸੇ ਹੁੰਦੇ ਹਨ ਤਾਂ ਉਸਦਾ ਬਹੁਤ ਵੱਡਾ ਮੁੱਦਾ ਬਣ ਜਾਂਦਾ ਹੈ।"
ਹਾਲ ਹੀ ਵਿੱਚ ਭੜਕੇ ਮਾਮਲੇ 'ਤੇ ਸਿਆਸਤ ਵੀ ਹੋਈ ਹੈ ਅਤੇ ਦਿਲਾਸੇ ਵੀ ਦਿੱਤੇ ਗਏ ਹਨ।
ਸੂਬਾ ਸਰਕਾਰ ਨੇ ਸੈਕੜਿਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪ੍ਰਵਾਸੀਆਂ ਨੂੰ ਸੁਰੱਖਿਆ ਦੇਣ ਦੀ ਗਰੰਟੀ ਵੀ ਦਿੱਤੀ ਹੈ।
ਇਹ ਵੀ ਪੜ੍ਹੋ:
ਪ੍ਰਵਾਸੀ ਉੱਤਰ ਭਾਰਤੀ ਜਦੋਂ ਇੱਥੋਂ ਭੱਜੇ ਸਨ ਤਾਂ ਪਿੱਛੇ ਸਭ ਕੁਝ ਛੱਡ ਗਏ ਸਨ।
ਹੁਣ ਉਡੀਕ ਛੱਠ-ਪੂਜਾ ਅਤੇ ਦੀਵਾਲੀ ਖ਼ਤਮ ਹੋਣ ਦੀ ਹੈ। ਉਦੋਂ ਹੀ ਪਤਾ ਲੱਗੇਗਾ ਕਿੰਨੇ ਉੱਤਰ ਭਾਰਤੀ ਵਾਪਿਸ ਪਰਤਦੇ ਹਨ ਅਤੇ ਕਿੰਨੇ ਨਹੀਂ।
ਚੱਲਣ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਭਾਰਗਵ ਪਾਰੀਖ ਨੇ ਕਿਹਾ, "ਗੁਜਰਾਤ ਨੇ ਪਹਿਲਾਂ ਵੀ ਵਿਵਾਦ ਦੇਖਿਆ ਹੈ। ਪਰ ਇਸ ਵਾਰ ਜੋ ਹੋਇਆ ਉਸ ਨਾਲ ਇਸ ਸੂਬੇ ਨੂੰ ਅਪਨਾਉਣ ਆਏ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਹੈ।''












