ਗੁਜਰਾਤ: 'ਡਰਾਉਣੇ ਸੁਪਨੇ ਹਾਲੇ ਵੀ ਸੌਣ ਨਹੀਂ ਦਿੰਦੇ'

- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
15 ਸਾਲ ਲੰਘ ਚੁੱਕੇ ਹਨ ਗੁਜਰਾਤ ਦੇ ਖ਼ੂਨ ਖਰਾਬੇ ਨੂੰ ਪਰ ਹਾਲੇ ਵੀ ਹਿਜਰਤੀਆਂ ਵਾਂਗ ਜਿਊਂ ਰਹੇ ਨੇ ਲੋਕ ਤੇ ਨਿਰਾਸ਼ ਹਨ ਮੁਲਕ ਦੇ ਸਿਆਸੀ ਨਿਜਾਮ ਅਤੇ ਸਿਆਸੀ ਪਾਰਟੀਆਂ ਤੋਂ।
ਅਹਿਮਦਾਬਾਦ ਸ਼ਹਿਰ ਦੇ ਬਾਰਡਰ ਤੇ ਪਹੁੰਚਦਿਆਂ ਹੀ ਸਾਡੇ ਸਾਹਮਣੇ ਇੱਕ ਪਹਾੜ ਦੀ ਸ਼ਕਲ ਉੱਭਰਦੀ ਹੈ।
ਇਹ ਸ਼ਹਿਰ ਦਾ ਦਿਨ ਰਾਤ ਵਧਦਾ ਕੂੜੇ ਦਾ ਪਹਾੜ ਹੈ। ਸਾਰੀਆਂ ਗੈਸਾਂ, ਧੂੰਏਂ ਤੇ ਬਦਬੋ ਕੋਲ ਰੇਸ਼ਮਾ ਆਪਾ ਰਹਿੰਦੇ ਹਨ।

ਗਲੀਆਂ ਦੀ ਘੁੰਮਣ ਘੇਰੀ ਵਿਚਦੀ ਲਭਦਿਆਂ ਮੈਨੂੰ 'ਸਿਟੀਜ਼ਨ ਨਗਰ' ਕਲੌਨੀ ਮਿਲੀ। ਇਸ ਕਲੌਨੀ ਵਿੱਚ ਰੇਸ਼ਮਾ ਆਪਾ ਦੇ ਪਰਿਵਾਰ ਸਮੇਤ 100 ਹੋਰ ਦੰਗਾ ਪੀੜਤ ਪਰਿਵਾਰ ਵਸਦੇ ਹਨ।
ਮੈਂ ਉਸ ਨੂੰ ਸ਼ਾਮ ਦੇ ਛੇ ਵਜੇ 'ਸਿਟੀਜ਼ਨ ਨਗਰ' ਦੇ ਬਾਹਰਵਾਰ ਇੱਕ 'ਰਾਹਤ ਕਲੀਨਿਕ' ਵਿੱਚ ਮਿਲੀ।
ਭਾਈਚਾਰੇ ਦੀ ਸਹਾਇਤਾ ਨਾਲ ਵਸੇ 'ਸਿਟੀਜ਼ਨ ਨਗਰ' ਵਾਂਗ ਹੀ ਚੌਗਿਰਦੇ ਦੇ ਇੱਕਲੌਤੇ ਕਲੀਨਿਕ ਨੂੰ ਵੀ ਸਮਾਜ ਸੇਵੀਆਂ ਨੇ ਹੀ ਕਾਇਮ ਕੀਤਾ ਸੀ।

ਸਰਕਾਰ ਦਾ ਇਸ ਵਿੱਚ ਕੋਈ ਸਹਿਯੋਗ ਨਹੀਂ ਹੈ।
ਰੇਸ਼ਮਾ ਦਾ ਕਹਿਣਾ ਹੈ ਕਿ ਕੇਂਦਰੀ ਅਹਿਮਦਾਬਾਦ ਤੋਂ ਲੈ ਕੇ ਇਸ ਦੁਰਾਡੇ ਸਥਾਨ ਤੱਕ ਸਰਕਾਰ ਨੇ ਉਨ੍ਹਾਂ ਨੂੰ ਕੁੱਝ ਨਹੀਂ ਦਿੱਤਾ। "ਦੰਗਿਆ ਮਗਰੋਂ ਸਰਕਾਰ ਨੇ ਜਾਂ ਵਿਰੋਧੀਆਂ ਨੇ ਸਾਨੂੰ ਕੋਈ ਘਰ, ਕੋਈ ਸਕੂਲ, ਕੋਈ ਕਲੀਨਿਕ ਨਾ ਰੁਜ਼ਗਾਰ ਹੀ ਦਿੱਤਾ। ਅਸੀਂ 15 ਸਾਲ ਵੋਟਾਂ ਪਾ ਕੇ ਇਹੀ ਵੇਖਿਆ ਹੈ ਤੇ ਇਸ ਵਾਰ ਅਸੀਂ ਵੋਟ ਨਹੀਂ ਪਾਵਾਂਗੇ"
ਬੁਨਿਆਦੀ ਸਹੂਲਤਾਂ ਤੋਂ ਸੱਖਣੀ ਆਬਾਦੀ
ਇਕਹਿਰੀ ਮੰਜਿਲ ਦੇ ਘਰਾਂ ਦੀਆਂ ਕਤਾਰਾਂ ਹਨ ਤੇ ਹਰੇਕ ਘਰ ਵਿੱਚ ਦੋ ਕਮਰੇ ਤੇ ਘਰ ਦੇ ਬਾਹਰਵਾਰ ਇੱਕ ਬਿਜਲੀ ਦਾ ਮੀਟਰ ਲੱਗਿਆ ਹੋਇਆ ਹੈ। ਪਾਣੀ ਦੀ ਨਿਕਾਸੀ ਦਾ ਕੋਈ ਇੰਤਿਜ਼ਾਮ ਨਹੀਂ ਹੈ।

ਕੋਈ ਤਿੰਨ ਕਿਲੋਮੀਟਰ ਦੂਰ ਸਰਕਾਰੀ ਸਕੂਲ ਹੈ। ਆਬਾਦੀ ਅੰਦਰਵਾਰ ਹੈ ਤੇ ਇੱਥੇ ਰਿਕਸ਼ਿਆਂ ਜਾਂ ਬੱਸਾਂ ਦੀ ਪਹੁੰਚ ਨਾ ਹੋਣ ਕਾਰਨ ਰੋਜ਼ਾਨਾ ਦੀ ਆਵਾਜਾਈ ਕਾਫ਼ੀ ਖਰਚੀਲੀ ਹੈ।
ਹੋਰ ਕਿਸੇ ਵੋਟਰ ਲਈ ਸਰਕਾਰ ਦੇ ਕੀ ਮਾਇਨੇ ਹੁੰਦੇ ਹਨ?
ਡਰਾਉਣੇ ਸੁਪਨੇ ਹਾਲੇ ਵੀ ਸੌਣ ਨਹੀਂ ਦਿੰਦੇ
ਆਰਬਰ ਅਲੀ ਸਈਅਦ ਨੇ ਰਾਹਤ ਕਲੀਨਿਕ ਦਾ ਮੁੱਢ ਬੰਨਿਆ ਤੇ ਡਾਕਟਰ ਜੁਟਾਏ। ਉਹੀ ਇਸਦਾ ਖਰਚਾ ਚੁੱਕ ਰਹੇ ਹਨ। ਜਦੋਂ ਦੰਗੇ ਭੜਕੇ ਸਨ ਤਾਂ ਅਲੀ 22 ਸਾਲਾਂ ਦੇ ਸਨ।

ਸੁਰੱਖਿਅਤ ਗਵਾਂਢ ਦੀ ਤਲਾਸ਼ ਵਿੱਚ ਅਹਿਮਦਾਬਾਦ ਦੇ ਸ਼ਾਹ ਆਲਮ ਵਿਚਲਾ ਘਰ ਫ਼ਰਵਰੀ-ਮਾਰਚ ਵਿੱਚ ਹੋਈ ਸ਼ੁਰੂਆਤੀ ਤਿੰਨ ਦਿਨਾਂ ਦੀ ਹਿੰਸਾ ਕਾਰਨ ਕਈ ਵਾਰ ਛੱਡਣਾ ਪਿਆ।
'ਮੁੱਲਾ ਮੀਂਆ' ਦੀਆਂ ਹੋਛੀਆਂ ਟਿੱਪਣੀਆਂ ਤੇ ਫ਼ਸਾਦ ਦੇ ਖਦਸ਼ਿਆਂ ਨਾਲ ਉਨ੍ਹਾਂ ਨੂੰ ਕਈ ਸਾਲਾਂ ਤੱਕ ਡਰਾਉਣੇ ਸੁਪਨੇ ਆਉਂਦੇ ਰਹੇ।
ਆਰਬਰ ਹੁਣ ਅਹਿਮਦਾਬਾਦ ਯੂਨੀਵਰਸਿਟੀ 'ਚ ਪੜ੍ਹਾਉਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 15 ਸਾਲਾਂ ਨੇ ਉਨ੍ਹਾਂ ਨੂੰ ਕਿਸੇ ਪਾਰਟੀ ਤੇ ਭਰੋਸਾ ਨਾ ਕਰਨਾ ਸਿਖਾਇਆ ਹੈ ਬਲਕਿ ਇਹ ਮੰਨਦੇ ਹਨ ਕਿ ਲੋਕਾਂ 'ਚ ਯਕੀਨ ਰੱਖੋ।
ਉਹ ਕਹਿੰਦੇ ਹਨ, "ਇਹ ਸਾਫ਼ ਹੈ ਕਿ ਭਾਜਪਾ ਸਰਕਾਰ ਨੇ 2002 ਤੋਂ ਮਗਰੋਂ ਹਿੰਦੂ ਤੇ ਮੁਸਲਿਮ ਭਾਈਚਾਰਿਆਂ 'ਚ ਵਿਤਕਰਾ ਕੀਤਾ ਪਰ ਕਾਂਗਰਸ ਨੇ 1980ਵਿਆਂ 'ਚ ਹੀ ਫਿਰਕੂ ਧੜਿਆਂ 'ਚ ਵੰਡਣਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਵੀ ਰਾਹੁਲ ਗਾਂਧੀ, ਮੁਸਲਿਮ ਆਗੂਆਂ ਨੂੰ ਕਿਉਂ ਨਹੀਂ ਮਿਲ ਰਹੇ?"
ਮੁੜ ਵਸੇਬਾ ਸਰਕਾਰ ਨਹੀਂ ਬਲਕਿ ਲੋਕ ਕਰ ਰਹੇ ਹਨ
ਦੰਗਿਆਂ ਦਾ 15 ਸਾਲ ਪਿੱਛੋਂ, ਸਭ ਤੋਂ ਵੱਡੀ ਤਬਦੀਲੀ ਤਾਂ ਸ਼ਾਇਦ ਇਹ ਹੈ ਕਿ 36 ਪ੍ਰਭਾਵਿਤ ਪਰਿਵਾਰਾਂ ਨੂੰ ਅਹਿਮਦਾਬਾਦ ਤੋਂ ਚਾਰ ਘੰਟਿਆਂ ਦੀ ਦੂਰੀ ਤੇ ਵਸਾ ਦਿੱਤਾ ਗਿਆ ਹੈ।
ਇਸ ਵਾਰ ਵੀ ਸਰਕਾਰ ਨੇ ਨਹੀਂ ਬਲਕਿ ਭਾਈਚਾਰੇ ਨੇ ਹੀ ਬਿਲਕਿਸ ਸੁਸਾਈਟੀ ਨੂੰ ਵਸਾਇਆ ਸੀ।
ਇਸ ਕਲੌਨੀ ਵਿੱਚ ਵੀ ਪਾਣੀ ਦੀ ਨਿਕਾਸੀ ਨਹੀਂ ਹੈ, ਗੰਦ ਫ਼ੈਲਿਆ ਪਿਆ ਹੈ। ਲੋਕਾਂ ਕੋਲ ਗੈਸ ਕਨੈਕਸ਼ਨ ਨਹੀਂ ਹੈ, ਖਾਣਾ ਹਾਲੇ ਵੀ ਸਟੋਵਾਂ ਉੱਪਰ ਹੀ ਪੱਕ ਰਿਹਾ ਹੈ।
ਇਸ ਸਭ ਦੇ ਬਾਵਜੂਦ 17 ਸਾਲਾ ਇਕਰਾ ਅਸਲਮ ਸ਼ਿਕਰੀ ਨੇ ਸਕੂਲੀ ਪੜ੍ਹਾਈ ਪੂਰੀ ਕੀਤੀ ਹੈ। ਉਹ ਮੁਸਲਿਮ ਭਾਈਚਾਰੇ ਦੀ ਸਹਾਇਤਾ ਨਾਲ ਚੱਲ ਰਹੇ ਇੱਕ ਸਕੂਲ ਵਿੱਚ ਪੜ੍ਹੀ।

ਜਦੋਂ ਮੈਂ ਉਸਨੂੰ ਮਿਲੀ ਤਾਂ ਉਸਨੇ ਪੁੱਛਿਆ," ਪੰਜ ਸਾਲ ਪਹਿਲਾਂ ਵੀ ਆਏ ਸਨ ਪੱਤਰਕਾਰ ਤੇ ਲੀਡਰ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਕੁਝ ਵੀ ਤਾਂ ਨਹੀਂ ਬਦਲਿਆ। ਅਸੀਂ ਤੁਹਾਡੇ ਨਾਲ ਕਿਉਂ ਗੱਲ ਕਰੀਏ, ਕੀ ਬਦਲੇਗਾ?"
ਇੱਥੇ ਬਹੁਤੇ ਪਰਿਵਾਰ ਵਦੋਦਰਾ ਤੋਂ ਆਏ ਹਨ। ਕੁਝ ਕੱਪੜੇ ਸਿਊਂ ਕੇ ਰੋਜ਼ੀ ਰੋਟੀ ਕਮਾਂਉਦੇ ਹਨ ਜਦ ਕਿ ਦੂਸਰੇ ਅਗਰਬੱਤੀ ਫੈਕਟਰੀ ਵਿੱਚ ਦਿਹਾੜੀ ਕਰਦੇ ਹਨ।
ਭੀੜੇ ਘਰਾਂ 'ਚੋਂ ਖੇਤਾਂ 'ਚ ਸੌਣ ਲਈ ਮਜਬੂਰ
ਇੱਥੇ ਘਰ 'ਸਿਟੀਜ਼ਨ ਨਗਰ' ਤੋਂ ਵੀ ਛੋਟੇ ਹਨ।

34 ਸਾਲਾ ਸਮੀਰਾ ਹੁਸੈਨ ਨੇ ਮੈਨੂੰ ਦੱਸਿਆ ਕਿ ਕਈ ਵਾਰ ਤਾਂ ਘਰ ਦੇ ਮਰਦ ਸੌਣ ਲਈ ਖੇਤਾਂ ਵਿੱਚ ਜਾਂਦੇ ਹਨ।
ਸਮੀਰਾ ਨੇ ਇੱਥੇ ਹੀ ਵਸੇ ਇੱਕ ਪਰਿਵਾਰ ਦੇ ਪੁਰਸ਼ ਨਾਲ ਵਿਆਹ ਕਰਵਾਇਆ। ਉਸਦਾ ਕਹਿਣਾ ਹੈ ਕਿ ਉਸ ਕੋਲ ਹੋਰ ਚਾਰਾ ਹੀ ਨਹੀਂ ਸੀ।
ਉਹ ਅੱਠ ਜਮਾਤਾਂ ਪੜ੍ਹੀ ਹੈ। ਉਹ ਦਸਦੀ ਹੈ ਕਿ ਦੰਗਿਆਂ ਤੋਂ ਪਹਿਲਾਂ ਮੁਸਲਿਮ ਕੁੜੀਆਂ ਐਨਾ ਕੁ ਹੀ ਪੜ੍ਹਦੀਆਂ ਸਨ।
ਅਗਲੀ ਪੀੜ੍ਹੀ ਦੀ ਫ਼ਿਕਰ
ਹੁਣ ਸਮੀਰਾ ਦੀ 10 ਸਾਲਾਂ ਦੀ ਇੱਕ ਧੀ ਅਤੇ ਇੱਕ ਦੁੱਧ ਮੂੰਹਾਂ ਬੱਚਾ ਹੈ।

ਉਹ ਕਹਿੰਦੀ ਹੈ, "ਕਿਸੇ ਪਾਰਟੀ ਨੇ ਸਾਨੂੰ ਕੁੱਝ ਨਹੀਂ ਦਿੱਤਾ। ਨਾ ਘਰ ਨਾ ਮੁਆਵਜਾ। ਹੁਣ ਬੱਚਿਆਂ ਦਾ ਭਵਿੱਖ ਦਾਅ ਉੱਤੇ ਹੈ। ਉਨ੍ਹਾਂ ਨੂੰ ਪੜ੍ਹਾਉਣ, ਕੰਮ ਸਿਖਾਉਣ ਦੀ ਤੇ ਕਿੱਤੇ ਦੇ ਯੋਗ ਕਰਨ ਵਿੱਚ ਕੋਈ ਇਮਦਾਦ ਦੀ ਲੋੜ ਹੈ।"
ਵਕਾਰ ਕਾਜ਼ੀ ਨੇ ਬੱਚਿਆਂ, ਕਬਾਈਲੀਆਂ ਤੇ ਮੁਸਲਿਮ ਬਿਰਦਰੀਆਂ ਨਾਲ ਗੈਰ-ਸਰਕਾਰੀ ਸੰਗਠਨ 'ਊਰਜਾ ਘਰ' ਰਾਹੀਂ ਕਈ ਸਾਲ ਕੰਮ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਮੁਸਲਿਮ ਔਰਤਾਂ ਨੇ ਦੰਗਿਆਂ ਤੋਂ ਬਾਅਦ ਤਾਕਤ ਫੜੀ ਹੈ।

ਦੰਗਿਆਂ ਤੋਂ ਬਾਅਦ ਭਾਈਚਾਰੇ ਦੇ ਪੁਰਸ਼ਾਂ ਵਿੱਚ ਡਰ ਦੀ ਭਾਵਨਾ ਸੀ ਇਸ ਲਈ ਔਰਤਾਂ ਨੇ ਪੁਲਿਸ ਨਾਲ, ਰਾਹਤ ਕਮੇਟੀਆਂ, ਨਿਆਂ ਪ੍ਰਣਾਲੀ ਅਤੇ ਰੁਜ਼ਗਾਰ ਲਈ ਘਰਾਂ ਤੋਂ ਬਾਹਰ ਨਿਕਲਣਾ ਪਿਆ।"
ਹੁਣ ਸਿੱਖਿਆ ਦੀ ਅਹਿਮੀਅਤ ਪਛਾਣੀ ਜਾ ਰਹੀ ਹੈ ਤੇ ਕੁੜੀਆਂ ਦੀ ਪੜ੍ਹਾਈ ਵੀ ਪੂਰੀ ਕਰਵਾਈ ਜਾ ਰਹੀ ਹੈ।

ਹਾਲਾਂਕਿ ਇਸ ਵਿੱਚ ਵੀ ਬਹੁਤਾ ਯੋਗਦਾਨ ਮੁਸਲਿਮ ਭਾਈਚਾਰੇ ਦਾ ਹੀ ਹੈ।
ਨੇਰ੍ਹਿਆਂ ਨੂੰ ਕੋਸਣ ਨਾਲੋਂ ਚੰਗਾ ਹੈ ਦੀਵਾ ਜਗਾ ਲਈਏ
ਆਰਬਰ ਕਲੀਨਿਕ ਤੋਂ ਬਾਅਦ ਬੱਚਿਆਂ ਦੀ ਸਿੱਖਿਆ ਲਈ ਵੀ ਕੁੱਝ ਕਰਨਾ ਚਾਹੁੰਦੇ ਹਨ।
ਉਹ ਦਸਦੇ ਹਨ ਕਿ ਕਈ ਗੈਰ-ਮੁਸਲਿਮ ਵੀ ਇਨ੍ਹਾਂ ਕੋਸ਼ਿਸ਼ਾਂ ਵਿੱਚ ਸ਼ਾਮਲ ਹਨ। ਸ਼ਾਇਦ ਇਸੇ ਕਰਕੇ ਪਿੱਛਲੇ 15 ਸਾਲਾਂ ਦੌਰਾਨ ਸਿਆਸਤ ਵਿੱਚ ਖ਼ਤਮ ਹੋਇਆ ਭਰੋਸਾ ਇਨਸਾਨੀਅਤ ਉੱਪਰ ਵਧਿਆ ਹੈ।












