ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ 'ਤੇ ਕੌਣ ਕੀ ਕਹਿ ਰਿਹਾ

ਤਸਵੀਰ ਸਰੋਤ, Ravinder singh robin/bbc
ਸ਼੍ਰੋਮਣੀ ਕਮੇਟੀ ਦੇ ਸਕੱਤਰ ਤੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਅਕਾਲ ਤਖਤ ਦੇ ਜਥੇਦਾਰ ਦਾ ਅਸਤੀਫ਼ਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਪਹੁੰਚ ਜਾਣ ਦੀ ਪੁਸ਼ਟੀ ਕੀਤੀ ਹੈ।
ਬੀਬੀਸੀ ਪ੍ਰਤੀਨਿਧ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦਿਆਂ ਦਲਜੀਤ ਸਿੰਘ ਬੇਦੀ ਨੇ ਕਿਹਾ, 'ਜਥੇਦਾਰ ਸਾਹਿਬ ਦਾ ਅਸਤੀਫ਼ਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲ ਗਿਆ ਹੈ। ਇਸ ਉੱਤੇ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਐਮਰਜੈਂਸੀ ਬੈਠਕ ਸੱਦੀ ਗਈ ਹੈ'।
ਜਥੇਦਾਰ ਨੇ ਆਪਣੇ ਅਸਤੀਫ਼ੇ ਵਿਚ ਵਡੇਰੀ ਉਮਰ ਕਾਰਨ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਹੈ। ਦਲਜੀਤ ਸਿੰਘ ਬੇਦੀ ਮੁਤਾਬਕ 22 ਤਰੀਕ ਨੂੰ ਹੋਣ ਵਾਲੀ ਕਾਰਜਾਕਾਰਨੀ ਬੈਠਕ ਵਿਚ ਜਥੇਦਾਰ ਦੇ ਅਸਤੀਫ਼ੇ ਉੱਤੇ ਵਿਚਾਰ ਕੀਤਾ ਜਾਵੇਗਾ।
ਸ਼੍ਰੋਮਣੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, ' ਇਸ ਬਾਰੇ ਫ਼ੈਸਲਾ ਵਿਚਾਰ ਕਰਨ ਤੋਂ ਬਾਅਦ ਹੀ ਕੀਤਾ ਜਾਵੇਗਾ। ਉੱਧਰ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ, 'ਤੁਸੀਂ ਸੰਗਤਾਂ ਲਈ ਕੁਝ ਨਹੀਂ ਕੀਤਾ, ਇਸ ਲਈ ਸੰਗਤ ਤੁਹਾਨੂੰ ਮਾਫ਼ ਕਿਉਂ ਕੀਤਾ ਜਾਵੇ।'
ਇਹ ਵੀ ਪੜ੍ਹੋ
ਜਥੇਦਾਰ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ। 22 ਅਕਤੂਬਰ ਦੀ ਇਕੱਤਕਤਾ ਵਿਚ ਜਥੇਦਾਰ ਦਾ ਅਸਤੀਫ਼ਾ ਰਸਮੀ ਤੌਰ ਉੱਤੇ ਸਵਿਕਾਰ ਕੀਤਾ ਜਾਵੇਗਾ ਅਤੇ ਨਵੇਂ ਜਥੇਦਾਰ ਦਾ ਨਾਮ ਦਾ ਐਲਾਨ ਕੀਤਾ ਜਾਵੇਗਾ। ਸ਼੍ਰਮੋਣੀ ਕਮੇਟੀ ਸੂਤਰਾਂ ਮੁਤਾਬਕ ਨਵੇਂ ਜਥੇਦਾਰ ਦੀ ਭਾਲ ਸ਼ੁਰੂ ਹੋ ਚੁੱਕੀ ਹੈ ਅਤੇ ਕਈ ਅਹਿਮ ਨਾਂਵਾਂ ਉੱਤੇ ਵਿਚਾਰ ਹੋ ਰਿਹਾ ਹੈ।
ਅਸਤੀਫ਼ੇ 'ਤੇ ਕੌਣ ਕੀ ਕਹਿ ਰਿਹਾ
2016 ਵਿਚ ਚੱਬਾ ਦੇ ਸਰਬੱਤ ਖਾਲਸਾ ਦੌਰਾਨ ਤਖਤ ਦਮਦਮਾ ਸਾਹਿਬ ਦੇ ਥਾਪੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ, ' ਗਿਆਨੀ ਗੁਰਬਚਨ ਸਿੰਘ ਨੂੰ ਕੌਮ ਪਹਿਲਾਂ ਹੀ ਰੱਦ ਕਰ ਚੁੱਕਾ ਸੀ, ਉਨ੍ਹਾਂ ਜੋ ਗਲਤੀਆਂ ਕੀਤੀਆਂ ਹਨ, ਸੰਗਤਾਂ ਉਨ੍ਹਾਂ ਨੂੰ ਮਾਫ਼ ਨਹੀਂ ਕਰਨਗੀਆਂ'।
ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ, ' ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹੀ ਮੰਨ ਗਏ ਸੀ ਕਿ ਸਿਰਸੇ ਵਾਲੇ ਨੂੰ ਮਾਫ਼ੀ ਗਲਤ ਸੀ ਤਾਂ ਪਿੱਛੇ ਕੀ ਬਚਦਾ ਸੀ। ਇਹ ਅਸਤੀਫ਼ਾ ਤਿੰਨ ਸਾਲ ਪਹਿਲਾਂ ਹੋ ਜਾਣਾ ਸੀ।
ਅਕਾਲੀ ਆਗੂ ਅਤੇ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਿਹਾ, ' ਜਥੇਦਾਰ ਦੇ ਸੇਵਾਮੁਕਤ ਹੋਣ ਦੇ ਫ਼ੈਸਲੇ ਤੋਂ ਬਾਅਦ ਹੁਣ ਅਜਿਹੇ ਯੋਗ ਵਿਅਕਤੀ ਦੀ ਚੋਣ ਹੋਣੀ ਚਾਹੀਦੀ ਹੈ ,ਜੋ ਅਕਾਲ ਤਖਤ ਦੀ ਮਰਿਯਾਦਾ ਬਹਾਲ ਰੱਖ ਸਕੇ'।
ਇਹ ਵੀ ਪੜ੍ਹੋ
ਐਡਵੋਕੇਟ ਜਸਵਿੰਦਰ ਸਿੰਘ ਦਾ ਕਹਿਣ ਹੈ, 'ਬੇਅਦਬੀ ਘਟਨਾਵਾਂ ਉੱਤੇ ਕਾਰਵਾਈ ਨਾ ਕਰਨਾ ਅਤੇ ਬਾਦਲ ਪਰਿਵਾਰ ਦੇ ਦਬਾਅ ਹੇਠ ਡੇਰਾ ਸੱਚਾ ਸੌਦਾ ਮੁਖੀ ਨੂੰ ਮਾਫ਼ੀ ਦੇਣਾ ਵੱਡੇ ਪਾਪ ਹਨ, ਜਿਸ ਲਈ ਸੰਗਤਾਂ ਮਾਫ਼ ਨਹੀਂ ਕਰਨਗੀਆਂ। ਪਰ ਹੁਣ ਜਥੇਦਾਰ ਇੰਨਾ ਜਰੂਰ ਕਰ ਸਕਦੇ ਹਨ, ਕਿ ਉਹ ਉਨ੍ਹਾਂ ਹਾਲਤਾਂ ਬਾਰੇ ਜਰੂਰ ਦੱਸ ਸਕਦੇ ਹਨ, ਜਿੰਨ੍ਹਾਂ ਨੇ ਅਜਿਹੇ ਫ਼ੈਸਲੇ ਲੈਣ ਲਈ ਮਜ਼ਬੂਰ ਕੀਤਾ'।
ਤਖਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਮੁਤਾਬਕ, ' ਇਸ ਅਸਤੀਫ਼ੇ ਨਾਲ ਕੌਮੀ ਹਾਲਾਤ ਵਿਚ ਕੋਈ ਫ਼ਰਕ ਨਹੀਂ ਪੈਣਾ।ਇਸ ਨਾਲ ਸ਼੍ਰੋਮਣੀ ਕਮੇਟੀ ਦੇ ਰਾਜਸੀਕਰਨ ਦਾ ਰੁਝਾਨ ਰੱਦ ਨਹੀਂ ਹੁੰਦਾ'।ਅਸਤੀਫ਼ੇ ਉੱਤੇ ਕਿਸਨੇ ਕੀ ਕਿਹਾ
ਗਿਆਨੀ ਗੁਰਬਚਨ ਸਿੰਘ ਦਾ ਸਫ਼ਰ
- ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 5 ਅਗਸਤ 2008 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੰਭਾਲਿਆ ਸੀ।
- ਸਿੱਖਾਂ ਦੀ ਸਰਬਉੱਚ ਸੰਸਥਾ ਦੇ ਮੁਖੀ ਦੇ ਅਹੁਦੇ ਤੇ 10 ਸਾਲ ਬਿਰਾਜਮਾਨ ਰਹਿਣ ਵਾਲੇ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਵਿੱਚ ਸੇਵਾਦਾਰ ਵਜੋਂ 1972 ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿੱਚ ਸੇਵਾ ਸ਼ੁਰੂ ਕੀਤੀ ਸੀ।
- ਉਨ੍ਹਾਂ ਨੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਅਸਤੀਫ਼ੇ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਉਹ 19 ਜਨਵਰੀ 2005 ਨੂੰ ਇਸ ਅਹੁਦੇ ਉੱਤੇ ਆਸੀਨ ਹੋਏ ਸਨ।
- ਗਿਆਨੀ ਗੁਰਬਚਨ ਸਿੰਘ ਦਾ ਜਨਮ 6 ਅਪ੍ਰੈਲ 1948 ਨੂੰ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੱਕ ਬਾਜਾ ਵਿੱਚ ਹੋਇਆ ਜੋ ਪ੍ਰਕਾਸ਼ ਸਿੰਘ ਬਾਦਲ ਦਾ ਵੀ ਜੱਦੀ ਜ਼ਿਲ੍ਹਾ ਹੈ।
- ਗਿਆਨੀ ਗੁਰਬਚਨ ਸਿੰਘ, ਬਾਦਲ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਸਮਝੇ ਜਾਂਦੇ ਹਨ ਅਤੇ ਉਹ ਅਕਾਲ ਤਖ਼ਤ ਸਾਹਿਬ ਦੇ 24ਵੇਂ ਜਥੇਦਾਰ ਹਨ।
- ਗਿਆਨੀ ਗੁਰਬਚਨ ਸਿੰਘ ਉੱਤੇ ਬਾਦਲ ਪਰਿਵਾਰ ਦੇ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਇਲਜ਼ਾਮ ਲੱਗਦੇ ਰਹੇ ਭਾਵੇਂ ਕਿ ਉਨ੍ਹਾਂ ਨੇ ਹਮੇਸ਼ਾ ਇਨ੍ਹਾਂ ਇਲਜ਼ਾਮਾ ਨੂੰ ਰੱਦ ਕੀਤਾ।
- ਡੇਰਾ ਸੱਚਾ ਸੌਦਾ ਮੁਖੀ ਨੂੰ ਇੱਕ ਪੱਤਰ ਦੇ ਆਧਾਰ 'ਤੇ ਮਾਫ਼ੀ ਦੇਣ ਕਾਰਨ ਉਨ੍ਹਾਂ ਦਾ ਸਖ਼ਤ ਵਿਰੋਧ ਹੋਇਆ ।
- ਪਿਛਲੇ ਦਿਨੀਂ ਵਿਧਾਨ ਸਭਾ ਵਿਚ ਬਹਿਸ ਦੌਰਾਨ ਉਨ੍ਹਾਂ ਦੇ ਪੁੱਤਰ ਦੇ ਕਾਰੋਬਾਰ ਅਤੇ ਜਾਇਦਾਦ ਬਾਰੇ ਸਵਾਲ ਵੀ ਉੱਠੇ ਸਨ। ਜਿਨ੍ਹਾਂ ਨੂੰ ਜਥੇਦਾਰ ਨੇ ਖੁਦ ਰੱਦ ਕੀਤਾ ਸੀ।
- ਅਕਾਲੀ ਦਲ ਦੇ ਵਿਰੋਧੀਆਂ , ''ਕਈ ਅਕਾਲੀ ਆਗੂਆਂ ਅਤੇ ਸਿੱਖ ਸੰਗਠਨਾਂ ਵੱਲੋਂ ਜਥੇਦਾਰ ਉੱਤੇ ਅਸਤੀਫ਼ਾ ਦੇਣ ਦਾ ਦਬਾਅ ਚੱਲ ਰਿਹਾ ਸੀ।''













