ਐਨਡੀ ਤਿਵਾਰੀ ਨੂੰ 89 ਸਾਲ ਦੀ ਉਮਰੇ ਕਰਵਾਉਣਾ ਪਿਆ ਸੀ ਵਿਆਹ

ਐਨਡੀ ਤਿਵਾਰੀ

ਤਸਵੀਰ ਸਰੋਤ, RISHI BALLABH/ HINDUSTAN TIMES VIA GETTY IMAGES

ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨਾਰਾਇਣ ਦੱਤ ਤਿਵਾਰੀ ਦੀ ਵੀਰਵਾਰ ਨੂੰ ਮੌਤ ਹੋ ਗਈ। ਉਹ 93 ਸਾਲਾਂ ਦੇ ਸਨ।

ਐਨਡੀ ਤਿਵਾਰੀ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

ਉਨ੍ਹਾਂ ਦਾ ਜਨਮ 18 ਅਕਤੂਬਰ 1925 ਨੂੰ ਹੋਇਆ। ਐਨਡੀ ਤਿਵਾਰੀ ਦਾ ਦੇਹਾਂਤ ਵੀ ਉਨ੍ਹਾਂ ਦੇ ਜਨਮ ਵਾਲੇ ਦਿਨ ਹੀ ਹੋਇਆ।

ਇਹ ਵੀ ਪੜ੍ਹੋ:

ਐਨਡੀ ਤਿਵਾਰੀ ਦਾ ਸਿਆਸੀ ਕਾਰਜਕਾਲ ਕਰੀਬ ਪੰਜ ਦਹਾਕੇ ਲੰਬੇ ਰਿਹਾ। ਤਿਵਾਰੀ ਦੇ ਨਾਮ ਇੱਕ ਅਜਿਹੀ ਉਪਲਬਧੀ ਹੈ ਜਿਸਦੀ ਮਿਸਾਲ ਭਾਰਤ ਦੀ ਸਿਆਸਤ ਵਿੱਚ ਸ਼ਾਇਦ ਹੀ ਮਿਲੇ।

ਉਹ ਦੋ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਰਹੇ। ਤਿਵਾਰੀ 1976-77, 1984-84 ਅਤੇ 1988-89 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਅਤੇ ਸਾਲ 2002 ਤੋਂ 2007 ਤੱਕ ਉਤਰਾਖੰਡ ਦੇ ਤੀਜੇ ਮੁੱਖ ਮੰਤਰੀ ਰਹੇ।

ਐਨਡੀ ਤਿਵਾਰੀ

ਤਸਵੀਰ ਸਰੋਤ, DP NAUTIYAL/BBC

ਤਸਵੀਰ ਕੈਪਸ਼ਨ, ਉੱਤਰ ਪ੍ਰਦੇਸ਼ ਵਿੱਚ ਕਮਲਾਪਤੀ ਤ੍ਰਿਪਾਠੀ ਦੀ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਨਾਰਾਇਣ ਦੱਤ ਤਿਵਾਰੀ

ਸਾਲ 1986-87 ਵਿੱਚ ਐਨਡੀ ਤਿਵਾਰੀ ਰਾਜੀਵ ਗਾਂਧੀ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਵਿੱਚ ਕਈ ਹੋਰ ਮੰਤਰਾਲੇ ਵੀ ਸਾਂਭੇ।

ਸਾਲ 2007-09 ਦੇ ਦੌਰਾਨ ਉਹ ਆਂਧਰਾ ਪ੍ਰਦੇਸ਼ ਦੇ ਰਾਜਪਾਲ ਵੀ ਰਹੇ।

ਇਹ ਵੀ ਪੜ੍ਹੋ:

ਤਿਵਾਰੀ ਨੇ ਆਪਣਾ ਸਿਆਸੀ ਸਫ਼ਰ ਪ੍ਰਜਾ ਸੋਸ਼ਲਿਸਟ ਪਾਰਟੀ ਤੋਂ ਸ਼ੁਰੂ ਕੀਤਾ ਸੀ, ਪਰ ਬਾਅਦ ਵਿੱਚ ਉਹ ਕਾਂਗਰਸ ਨਾਲ ਜੁੜੇ ਗਏ। ਜਨਵਰੀ 2017 ਵਿੱਚ ਉਨ੍ਹਾਂ ਨੇ ਆਪਣੇ ਮੁੰਡੇ ਰੋਹਿਤ ਸ਼ੇਖਰ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਹੱਥ ਫੜ ਲਿਆ ਸੀ।

ਸੈਕਸ ਸਕੈਂਡਲ ਵਿੱਚ ਫਸੇ

ਔਰਤਾਂ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਤਿਵਾਰੀ ਦੀ ਕਾਫ਼ੀ ਕਿਰਕਰੀ ਹੋਈ। ਹੱਦ ਤਾਂ ਉਦੋਂ ਹੋ ਗਈ ਜਦੋਂ ਉਹ ਆਂਧਰਾ ਪ੍ਰਦੇਸ਼ ਦੇ ਰਾਜਪਾਲ ਸਨ।

ਐਨਡੀ ਤਿਵਾਰੀ

ਤਸਵੀਰ ਸਰੋਤ, DP NAUTIYAL/BBC

ਤਸਵੀਰ ਕੈਪਸ਼ਨ, ਇੰਦਰਾ ਗਾਂਧੀ ਦੇ ਨਾਲ ਨਾਰਾਇਣ ਦੱਤ ਤਿਵਾਰੀ

ਇਸ ਦੌਰਾਨ ਇੱਕ ਤੇਲਗੂ ਚੈਨਲ ਨੇ ਰਾਜਭਵਨ ਦੇ ਬਿਸਤਰੇ 'ਤੇ ਤਿੰਨ ਔਰਤਾਂ ਨਾਲ ਉਨ੍ਹਾਂ ਦਾ ਵੀਡੀਓ ਦਿਖਾਇਆ। ਇਸ ਕਾਰਨ ਤਿਵਾਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਵੀ ਦੇਣਾ ਪਿਆ ਸੀ।

ਦਿਲੀਪ ਅਵਸਥੀ ਦੱਸਦੇ ਹਨ, "ਇਨਸਾਨ ਵਿੱਚ ਕੁਝ ਕਮਜ਼ੋਰੀਆਂ ਵੀ ਹੁੰਦੀਆਂ ਹਨ। ਔਰਤਾਂ ਨੂੰ ਲੈ ਕੇ ਇਨ੍ਹਾਂ ਦੀ ਕਮਜ਼ੋਰੀ ਅੱਜ ਦੀ ਨਹੀਂ, ਬਹੁਤ ਪਹਿਲਾਂ ਤੋਂ ਸੀ। ਇਨ੍ਹਾਂ ਬਾਰੇ ਬਹੁਤ ਸਾਰੇ ਕਿੱਸੇ ਸੱਤਾ ਦੇ ਗਲਿਆਰਿਆਂ ਵਿੱਚ ਮਸ਼ਹੂਰ ਰਹੇ ਹਨ। ਕਿਹਾ ਜਾਂਦਾ ਹੈ ਕਿ ਸੋਹਣੀਆਂ ਔਰਤਾਂ ਲਈ ਉਨ੍ਹਾਂ ਦੇ ਦਿਲ ਵਿੱਚ ਹਮੇਸ਼ਾ ਸੌਫਟ-ਕਾਰਨਰ ਰਿਹਾ ਹੈ।''

ਸਾਲ 2008 ਵਿੱਚ ਰੋਹਿਤ ਸ਼ੇਖਰ ਨੇ ਇੱਕ ਅਦਾਲਤ ਵਿੱਚ ਇਹ ਦਾਅਵਾ ਕਰਦੇ ਹੋਏ ਪੈਟਰਨਿਟੀ ਸੂਟ ਦਾਇਰ ਕੀਤਾ ਸੀ ਕਿ ਨਾਰਾਇਣ ਦੱਤ ਤਿਵਾਰੀ ਉਨ੍ਹਾਂ ਦੇ ਪਿਤਾ ਹਨ।

ਐਨਡੀ ਤਿਵਾਰੀ

ਤਸਵੀਰ ਸਰੋਤ, DP NAUTIYAL/BBC

ਤਸਵੀਰ ਕੈਪਸ਼ਨ, ਸਾਲ 2007-09 ਦੇ ਦੌਰਾਨ ਉਹ ਆਂਧਰਾ ਪ੍ਰਦੇਸ਼ ਦੇ ਰਾਜਪਾਲ ਵੀ ਰਹੇ

ਡੀਐਨਏ ਜਾਂਚ ਤੋਂ ਬਾਅਦ ਅਦਾਲਤ ਵਿੱਚ ਇਹ ਸਾਬਿਤ ਹੋ ਗਿਆ ਕਿ ਐਨਡੀ ਤਿਵਾਰੀ ਰੋਹਿਤ ਸ਼ੇਖਰ ਦੇ ਬਾਇਓਲੌਜੀਕਲ ਪਿਤਾ ਹਨ।

89 ਸਾਲ ਦੀ ਉਮਰ ਵਿੱਚ ਵਿਆਹ

ਸਾਲ 2014 ਵਿੱਚ ਨਾਰਾਇਣ ਦੱਤ ਤਿਵਾਰੀ ਨੇ ਰੋਹਿਤ ਸ਼ੇਖਰ ਦੀ ਮਾਂ ਉਜਵਲਾ ਤਿਵਾਰੀ ਨਾਲ ਵਿਆਹ ਕਰਵਾਇਆ ਸੀ। ਉਸ ਸਮੇਂ ਤਿਵਾਰੀ ਦੀ ਉਮਰ 89 ਸਾਲ ਸੀ।

ਤਿਵਾਰੀ ਦੇ ਪ੍ਰਧਾਨ ਸਕੱਤਰ ਰਹੇ ਯੋਗਿੰਦਰ ਨਾਰਾਇਣ ਦੱਸਦੇ ਹਨ, "ਇੱਕ ਵਾਰ ਜਦੋਂ ਅਸੀਂ ਦਿੱਲੀ ਦੇ ਉੱਤਰ ਪ੍ਰਦੇਸ਼ ਭਵਨ ਵਿੱਚ ਠਹਿਰੇ ਹੋਏ ਸੀ, ਦੇਰ ਰਾਤ ਇੱਕ ਔਰਤ ਆਈ ਅਤੇ ਤਿਵਾਰੀ ਜੀ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ।''

ਐਨਡੀ ਤਿਵਾਰੀ

ਤਸਵੀਰ ਸਰੋਤ, ARUN SHARMA/ HINDUSTAN TIMES VIA GETTY IMAGES

ਤਸਵੀਰ ਕੈਪਸ਼ਨ, ਆਪਣੇ ਪੁੱਤਰ ਰੋਹਿਤ ਸ਼ੇਖਰ ਅਤੇ ਪਤਨੀ ਉਜਵਲਾ ਨਾਲ ਐਨਡੀ ਤਿਵਾਰੀ

''ਤਿਵਾਰੀ ਜੀ ਸੋਣ ਜਾ ਚੁੱਕੇ ਸਨ, ਇਸ ਲਈ ਉਸ ਔਰਤ ਨੂੰ ਅਗਲੇ ਦਿਨ ਆਉਣ ਲਈ ਕਿਹਾ ਗਿਆ। ਉਸ ਔਰਤ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਜਾ ਕੇ ਸੂਚਿਤ ਕਰੇ ਕਿ ਉਹ ਉਨ੍ਹਾਂ ਦੇ ਪੁੱਤਰ ਨਾਲ ਉੱਥੇ ਆਈ ਹੈ।''

ਐਨਡੀ ਤਿਵਾਰੀ

ਤਸਵੀਰ ਸਰੋਤ, ASHOK DUTTA/HINDUSTAN TIMES VIA GETTY

"ਜਿਵੇਂ ਹੀ ਉਨ੍ਹਾਂ ਦੇ ਨਿੱਜੀ ਸਕੱਤਰ ਨੇ ਤਿਵਾਰੀ ਨੂੰ ਇਹ ਗੱਲ ਦੱਸੀ, ਉਹ ਤੁਰੰਤ ਬਾਹਰ ਆ ਗਏ। ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ। ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਇਸ ਮਹਿਲਾ ਅਤੇ ਉਨ੍ਹਾਂ ਦੇ ਪੁੱਤਰ ਨੇ ਅਦਾਲਤ ਦਾ ਸਹਾਰਾ ਲਿਆ ਹੈ ਅਤੇ ਤਿਵਾਰੀ ਨੂੰ ਉਨ੍ਹਾਂ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਕਰਨਾ ਪਿਆ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)