ਆਰਐੱਸਐੱਸ ਨੂੰ ਅਛੂਤ ਕਿਉਂ ਮੰਨਦੇ ਸਨ ਕੁਝ ਬੁੱਧੀਜੀਵੀ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਪੱਤਰਕਾਰ ਬੀਬੀਸੀ
1970ਵਿਆਂ ਤੱਕ ਭਾਰਤੀ ਜਨਸੰਘ ਦੀ ਸਭ ਤੋਂ ਵੱਡੀ ਸ਼ਿਕਾਇਤ ਸੀ ਕਿ ਉਸ ਨੂੰ ਭਾਰਤੀ ਸਿਆਸਤ ਵਿੱਚ ਅਛੂਤ ਕਿਉਂ ਸਮਝਿਆ ਜਾਂਦਾ ਹੈ?
ਸਾਲ 1967 ਦੇ ਜਨ ਸੰਘ ਦੇ ਕਾਲੀਕਟ ਸੰਮੇਲਨ ਵਿੱਚ ਪਾਰਟੀ ਦੇ ਪ੍ਰਧਾਨ ਦੀਨ ਦਿਆਲ ਉਪਾਧਿਆਏ ਨੇ ਦੁਖ ਦਾ ਪ੍ਰਗਟਾਵਾ ਕੀਤਾ ਸੀ।
ਉਨ੍ਹਾਂ ਕਿਹਾ ਸੀ, "ਭਾਰਤ ਦਾ ਗਿਆਨੀ ਵਰਗ ਛੂਤ- ਛਾਤ ਨੂੰ ਬਹੁਤ ਵੱਡਾ ਪਾਪ ਮੰਨਦਾ ਹੈ, ਪਰ ਸਿਆਸੀ ਜੀਵਨ ਵਿੱਚ ਭਾਰਤੀ ਜਨਸੰਘ ਕੀਤੇ ਜਾਣ ਵਾਲੇ ਛੂਤ-ਛਾਤ ਦੇ ਵਤੀਰੇ ਨੂੰ ਉਹ ਮਾਣ ਦੀ ਗੱਲ ਸਮਝਦਾ ਹੈ।"
ਸਵਾਲ ਉੱਠਦਾ ਹੈ ਕਿ ਦਹਾਕਿਆਂ ਤੱਕ ਭਾਰਤ ਦੀਆਂ ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਿਆਸੀ ਸਹਿਯੋਗ ਕਰਨ ਵਿੱਚ ਕਿਉਂ ਕਤਰਾਉਂਦੀਆਂ ਰਹੀਆਂ?
ਕਿੰਗਸ਼ੁਕ ਨਾਗ ਨੇ ਭਾਰਤੀ ਜਨਤਾ ਪਾਰਟੀ 'ਤੇ ਬਹੁਚਰਚਿਤ ਕਿਤਾਬ 'ਦਿ ਸੈਫਰਨ ਟਾਈਡ - ਦ ਰਾਈਜ਼ ਆਫ਼ ਦਿ ਬੀਜੇਪੀ' ਲਿਖੀ ਹੈ।
ਉਹ ਦੱਸਦੇ ਹਨ, "ਸ਼ਾਇਦ ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਭਾਰਤੀ ਜਨਤਾ ਪਾਰਟੀ ਦਾ ਸੱਭਿਆਚਾਰਕ ਰਾਸ਼ਟਰਵਾਦ ਅਤੇ ਹਿੰਦੂਤਵ ਦੀ ਧਾਰਨਾ ਹੈ।''
"ਸਾਲ 1998 ਦੇ ਭਾਜਪਾ ਦੇ ਚੋਣ ਮੈਨੀਫੈਸਟੋ ਵਿੱਚ ਕਿਹਾ ਗਿਆ ਸੀ ਕਿ ਉਹ ਇੱਕ ਰਾਸ਼ਟਰ, ਇੱਕ ਲੋਕ ਅਤੇ ਇੱਕ ਸੱਭਿਆਚਾਰ ਦੇ ਵਚਨਬੱਧ ਹਨ।''
"ਕਾਫ਼ੀ ਲੋਕ ਭਾਜਪਾ ਦੀ ਇਸ ਵਿਚਾਰਧਾਰਾ ਨਾਲ ਖੁਦ ਨੂੰ ਨਹੀਂ ਜੋੜ ਪਾਉਂਦੇ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਭਾਜਪਾ ਕਿਤੇ ਨਾ ਕਿਤੇ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦੀ ਹੈ ਕਿ ਭਾਰਤ ਇੱਕ ਸੰਸਕ੍ਰਿਤੀ ਵਾਲਾ ਦੇਸ ਹੈ।"
ਇਹ ਵੀ ਪੜ੍ਹੋ:
80 ਦੇ ਦਹਾਕੇ ਵਿੱਚ ਇਸ ਸੋਚ ਨੂੰ ਉਦੋਂ ਹੋਰ ਹੁੰਗਾਰਾ ਮਿਲਿਆ ਜਦੋਂ ਸੰਘ ਪਰਿਵਾਰ ਵੱਲੋਂ ਇੱਕ ਨਾਅਰਾ ਦਿੱਤਾ ਗਿਆ, "ਮਾਣ ਨਾਲ ਕਹੋ ਅਸੀਂ ਹਿੰਦੂ ਹਾਂ।"
ਇਸ ਵਾਕ ਦਾ ਸਭ ਤੋਂ ਪਹਿਲਾਂ ਇਸਤੇਮਾਲ ਆਰ ਐਸ ਐੱਸ ਦੇ ਪਹਿਲੇ ਮੁਖੀ (ਸਰਸੰਘਚਾਲਕ) ਗੁਰੂ ਗੋਲਵਲਕਰ ਨੇ ਕੀਤਾ ਸੀ।
ਆਲੋਚਕਾਂ ਨੇ ਸਹਿਜੇ ਹੀ ਇਸ ਦੀ ਤੁਲਨਾ ਜਵਾਹਰਲਾਲ ਨਹਿਰੂ ਨਾਲ ਕੀਤੀ ਜੋ ਕਿ ਭਾਰਤ ਦੀ ਧਰਮ ਨਿਰਪੱਖਤਾ ਦੇ ਰਾਹ 'ਤੇ ਲੈ ਜਾਉਣਾ ਚਾਹੁੰਦੇ ਸਨ, ਜਿੱਥੇ ਹਰ ਧਰਮ ਅਤੇ ਜਾਤੀ ਦੇ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਹੋਵੇ।
ਕਾਂਗਰਸ ਵਿੱਚ ਵੀ ਹਿੰਦੂ ਹਿੱਤਾਂ ਦੀ ਗੱਲ ਕਰਨ ਵਾਲੇ ਘੱਟ ਨਹੀਂ।
ਆਜ਼ਾਦੀ ਤੋਂ ਬਾਅਦ ਭਾਰਤ ਦਾ ਪਹਿਲਾ ਵੱਡਾ ਫਿਰਕੂ ਦੰਗਾ ਮੱਧ ਪ੍ਰਦੇਸ਼ ਦੇ ਸ਼ਹਿਰ ਜਬਲਪੁਰ ਵਿੱਚ ਹੋਇਆ ਸੀ ਜਿੱਥੇ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ।

ਤਸਵੀਰ ਸਰੋਤ, Getty Images
ਨਹਿਰੂ ਇਸ ਤੋਂ ਕਾਫੀ ਦੁਖੀ ਹੋਏ ਸਨ ਅਤੇ ਜਦੋਂ ਦੰਗਿਆਂ ਤੋਂ ਬਾਅਦ ਭੋਪਾਲ ਗਏ ਤਾਂ ਉਨ੍ਹਾਂ ਨੇ ਆਪਣੀ ਹੀ ਪਾਰਟੀ ਵਾਲਿਆਂ 'ਤੇ ਨਿਸ਼ਾਨਾ ਲਾਇਆ ਸੀ ਕਿ ਉਹ ਦੰਗਿਆਂ ਦੇ ਦੌਰਾਨ ਆਪਣੇ ਘਰਾਂ ਵਿੱਚ ਲੁਕੇ ਕਿਉਂ ਬੈਠੇ ਰਹੇ?
ਨਹਿਰੂ ਭਲੇ ਹੀ ਧਰਮ-ਨਿਰਪੱਖਤਾ ਦੇ ਬਹੁਤ ਵੱਡੇ ਪੈਰੋਕਾਰ ਰਹੇ ਹੋਣ ਪਰ ਉਨ੍ਹਾਂ ਦੀ ਪਾਰਟੀ ਕਈ ਵੱਡੇ ਆਗੂਆਂ ਦੀ ਹਮਦਰਦੀ ਸੱਜੇਪੱਖੀ ਤੱਤਾਂ ਦੇ ਨਾਲ ਰਹੀ।
ਜਿਨਾਹ ਦੇ ਮੁਸਲਿਮ ਲੀਗ ਨੂੰ ਕਬੂਲ ਇਸ ਲਈ ਕੀਤਾ ਜਾਣ ਲੱਗਾ ਕਿਉਂਕਿ ਉਨ੍ਹਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਕਾਂਗਰਸ ਤਾਂ ਸਿਰਫ਼ ਹਿੰਦੂ ਹਿੱਤਾਂ ਦੀ ਹੀ ਗੱਲ ਕਰਦੀ ਹੈ, ਹਾਲਾਂਕਿ ਇਹ ਕਾਫ਼ੀ ਹੱਦ ਤੱਕ ਸੱਚ ਨਹੀਂ ਸੀ।
ਕਾਂਗਰਸ ਨੇ ਹਿੰਦੂ ਪ੍ਰਤੀਕ ਦੇ 'ਵੰਦੇ ਮਾਤਰਮ' ਨੂੰ ਆਜ਼ਾਦੀ ਘੁਲਾਟੀਆਂ ਦਾ ਗੀਤ ਬਣਾਇਆ ਜਿਸ ਨੂੰ ਬੰਕਿਮ ਚੰਦਰ ਚਟੋਪਾਧਿਆਏ ਦੇ ਨਾਵਲ 'ਆਨੰਦਮੱਠ' ਵਿੱਚ ਹਿੰਦੂ ਬਾਗੀਆਂ ਨੂੰ ਮੁਸਲਮਾਨ ਸ਼ਾਸਕਾਂ ਦੇ ਖਿਲਾਫ਼ ਗਾਉਂਦੇ ਹੋਏ ਦਿਖਾਇਆ ਗਿਆ ਹੈ।
ਮਹਾਤਮਾ ਗਾਂਧੀ ਨੇ ਵੀ ਰਾਮਰਾਜ ਦੀ ਗੱਲ ਕੀਤੀ ਅਤੇ ਉਨ੍ਹਾਂ ਦੇ ਸਭ ਤੋਂ ਪਿਆਰਾ ਗੁਜਰਾਤੀ ਭਜਨ 'ਵੈਸ਼ਣਵ ਜਨ ਤਾਂ ਤੇਨੇ ਕਹੀਏ' ਸੀ।
ਸਰਦਾਰ ਪਟੇਲ ਅਤੇ ਸੰਘ
ਨਹਿਰੂ ਕੈਬਨਿਟ ਦੇ ਕਈ ਮੈਂਬਰ ਜਿਵੇਂ ਮਿਹਰਚੰਦ ਖੰਨਾ ਅਤੇ ਕੰਨ੍ਹੀਆਲਾਲ ਮੁੰਸ਼ੀ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਵਿੱਚ ਵਿਸ਼ਵਾਸ ਰੱਖਦੇ ਸਨ।

ਤਸਵੀਰ ਸਰੋਤ, PHOTO DIVISON
ਹੋਰ ਤਾਂ ਹੋਰ ਭਾਰਤੀ ਜਨਸੰਘ ਦੇ ਸੰਸਥਾਪਕ ਸ਼ਿਆਮਾਪ੍ਰਸਾਦ ਮੁਖਰਜੀ ਨਹਿਰੂ ਦੇ ਪਹਿਲੇ ਕੈਬਨਿਟ ਦੇ ਮੈਂਬਰ ਸਨ।
ਸਾਲ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਕੇਐਮ ਮੁੰਸ਼ੀ ਦੇ ਨਾਵਲਾਂ ਨੇ ਸੂਬੇ ਵਿੱਚ ਹਿੰਦੂਤਵ ਦੀ ਭਾਵਨਾ ਨੂੰ ਵਧਾਇਆ। ਇਨ੍ਹਾਂ ਨਾਵਲਾਂ ਦਾ ਸਾਰ ਸੋਮਨਾਥ ਦੇ ਮੰਦਿਰ 'ਤੇ ਮਹਿਮੂਦ ਗਜਨੀ ਦਾ ਹਮਲਾ ਸੀ।
ਸੱਜੇ ਪੱਖੀ ਸੋਚ ਵੱਲ ਝੁਕਾਅ ਰੱਖਣ ਵਾਲਿਆਂ ਵਿੱਚ 1950 ਵਿੱਚ ਕਾਂਗਰਸ ਦੇ ਪ੍ਰਧਾਨ ਬਣੇ ਪੁਰਸ਼ੋਤਮ ਦਾਸ ਟੰਡਨ ਅਤੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਵੱਲਭਭਾਈ ਪਟੇਲ ਦਾ ਨਾਮ ਵੀ ਲਿਆ ਜਾਂਦਾ ਹੈ।
ਮਹਾਤਮਾ ਗਾਂਧੀ ਦੇ ਕਤਲ ਤੋਂ ਪਹਿਲਾਂ ਸਰਦਾਰ ਆਰ ਐੱਸ ਐੱਸ ਦੇ ਬਾਰੇ ਵਿੱਚ ਸਕਾਰਤਮਕ ਰਾਏ ਰੱਖਦੇ ਸਨ।
ਉਨ੍ਹਾਂ ਦੀ ਨਜ਼ਰ ਵਿੱਚ ਇਸ ਸੰਗਠਨ ਨੇ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਨੂੰ ਨਵੇਂ ਸਿਰੇ ਤੋਂ ਵਸਾਉਣ ਅਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਕਾਫੀ ਯੋਗਦਾਨ ਦਿੱਤਾ ਸੀ।
ਸਰਦਾਰ ਪਟੇਲ ਦੇ ਕਹਿਣ 'ਤੇ ਹੀ ਗੁਰੂ ਗੋਲਵਲਕਰ ਨੇ ਕਸ਼ਮੀਰ ਜਾ ਕੇ ਮਹਾਰਾਜਾ ਹਰੀ ਸਿੰਘ 'ਤੇ ਭਾਰਤ ਵਿੱਚ ਮਿਲਾਉਣ ਲਈ ਜ਼ੋਰ ਪਾਇਆ ਸੀ।
ਉੱਤਰ ਪ੍ਰਦੇਸ਼ ਦੇ ਸਾਬਕਾ ਗ੍ਰਹਿ ਸਕੱਤਰ ਰਾਜੇਸ਼ਵਰ ਦਿਆਲ ਦੀ ਆਤਮਕਥਾ 'ਅ ਲਾਈਫ਼ ਆਫ਼ ਆਵਰ ਟਾਈਮਜ਼' ਵਿੱਚ ਲਿਖਦੇ ਹਨ, "ਮੈਂ ਪੱਛਮ ਉੱਤਰ ਪ੍ਰਦੇਸ਼ ਵਿੱਚ ਫਿਰਕੂ ਤਣਾਅ ਵਧਾਉਣ ਵਿੱਚ ਗੁਰੂ ਗੋਲਵਲਕਰ ਦੀ ਭੂਮਿਕਾ ਦਾ ਸਬੂਤ ਪੰਤਜੀ ਸਾਹਮਣੇ ਰੱਖਿਆ ਸੀ।''
"ਤਾਂ ਉਨ੍ਹਾਂ ਨੇ ਨਾ ਸਿਰਫ਼ ਗੋਲਵਲਕਰ ਨੂੰ ਗ੍ਰਿਫ਼ਤਾਰ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਸਗੋਂ ਉਨ੍ਹਾਂ ਨੂੰ ਇਸ ਬਾਰੇ ਦੱਸ ਵੀ ਦਿੱਤਾ ਅਤੇ ਗੋਲਵਲਕਰ ਤੁਰੰਤ ਸੂਬੇ ਤੋਂ ਬਾਹਰ ਚਲੇ ਗਏ।"

ਤਸਵੀਰ ਸਰੋਤ, RSS.ORG
ਸਾਲ 1962 ਦੀ ਚੀਨ ਨਾਲ ਜੰਗ ਵਿੱਚ ਸੰਘ ਦੇ ਵਰਕਰਾਂ ਨੇ ਸਿਵਿਲ ਡਿਫੈਂਸ ਦੇ ਕੰਮ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਸੀ, ਜਿਸ ਤੋਂ ਖੁਸ਼ ਹੋ ਕੇ 1963 ਦੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਉਨ੍ਹਾਂ ਨੇ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ ਸੀ।
ਕਾਂਗਰਸ ਦਾ ਇੱਕ ਜ਼ਮਾਨੇ ਵਿੱਚ ਸੀ ਹਿੰਦੂ ਵੋਟ ਬੈਂਕ 'ਤੇ ਕਬਜਾ
ਇੱਥੇ ਇਸ ਸਭ ਦੀ ਚਰਚਾ ਕਰਨ ਦਾ ਮਕਸਦ ਇਹ ਹੈ ਕਿ ਧਰਮ ਨਿਰਪੱਖਤਾ ਦਾ ਦਾਅਵਾ ਕਰਨ ਵਾਲੀ ਕਾਂਗਰਸ ਪਾਰਟੀ ਵੀ ਹਿੰਦੂਤਵ ਦੇ ਬੁਖਾਰ ਤੋਂ ਅਛੂਤੀ ਨਹੀਂ ਰਹੀ ਹੈ।
ਕੁਝ ਵਿਸ਼ਲੇਸ਼ਕ ਤਾਂ ਇੱਥੋਂ ਤੱਕ ਮੰਨਦੇ ਹਨ ਕਿ ਉਹ ਉਸ ਸਮੇਂ ਤੱਕ ਲਗਾਤਾਰ ਸੱਤਾ ਵਿੱਚ ਰਹੀ ਜਦੋਂ ਤੱਕ ਹਿੰਦੂ ਵੋਟ ਉਨ੍ਹਾਂ ਦੇ ਨਾਲ ਰਿਹਾ।
ਇਹ ਵੀ ਪੜ੍ਹੋ:
ਜਦੋਂ ਹਿੰਦੂਆਂ ਨੂੰ ਲੱਗਿਆ ਕਿ ਕਾਂਗਰਸ ਨੇ ਹਿੰਦੂ ਹਿੱਤਾਂ ਵੱਲ ਧਿਆਨ ਦੇਣਾ ਘੱਟ ਕਰ ਦਿੱਤਾ ਹੈ ਤਾਂ ਉਨ੍ਹਾਂ ਨੇ ਉਸ ਦਾ ਸਾਥ ਛੱਡ ਦਿੱਤਾ ਅਤੇ ਉਸਦਾ ਬਦਲ ਲੱਭਣ ਲੱਗੇ।
50 ਦੇ ਦਹਾਕੇ ਤੋਂ ਲੈ ਕੇ 1967 ਤੱਕ ਹਿੰਦੂ ਵੋਟਾਂ 'ਤੇ ਕਾਂਗਰਸ ਦਾ ਏਕਲ ਰਾਜ ਰਿਹਾ ਜਿਸ ਦੇ ਕਾਰਨ ਉਸ ਨੂੰ ਸੱਤਾ ਹਾਸਿਲ ਕਰਨ ਵਿੱਚ ਕੋਈ ਗੰਭੀਰ ਚੁਣੌਤੀ ਨਹੀਂ ਮਿਲੀ।
ਐਮਰਜੈਂਸੀ ਵਰਦਾਨ ਸੀ ਸੰਘ ਦੇ ਵਰਕਰਾਂ ਦੇ ਲਈ
ਸਾਲ 1975 ਵਿੱਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਤਾਂ ਸੰਘ ਪਰਿਵਾਰ ਨੂੰ ਵਿਕਸਿਤ ਹੋਣ ਦਾ ਮੌਕਾ ਮਿਲ ਗਿਆ।
ਐਮਰਜੈਂਸੀ ਦੇ ਦੌਰਾਨ ਸੰਘ ਦੇ ਹਜ਼ਾਰਾਂ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਤਸਵੀਰ ਸਰੋਤ, Getty Images
ਇਸ ਦੇ ਬਾਵਜੂਦ ਉਨ੍ਹਾਂ ਨੇ ਇੰਦਰਾ ਗਾਂਧੀ ਸਰਕਾਰ ਦੇ ਖਿਲਾਫ਼ ਅੰਡਰਗਰਾਊਂਡ ਅੰਦੋਲਨ ਚਲਾਇਆ।
ਜੇਲ੍ਹ ਵਿੱਚ ਉਨ੍ਹਾਂ ਨੂੰ ਹੋਰਨਾਂ ਵਿਰੋਧੀ ਆਗੂਆਂ ਨਾਲ ਰਹਿਣ ਦਾ ਮੌਕਾ ਮਿਲਿਆ ਜਿਸ ਨਾਲ ਉਨ੍ਹਾਂ ਦੀ ਸੋਚ ਵਿੱਚ ਕਾਫ਼ੀ ਵਿਸਥਾਰ ਹੋਇਆ।
ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਜੈਪ੍ਰਕਾਸ਼ ਨਾਰਾਇਣ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਾਂਗਰਸ ਦੇ ਖਿਲਾਫ਼ ਬਣਾਏ ਜਾ ਰਹੇ ਚੋਣ ਗਠਜੋੜ ਦਾ ਹਿੱਸਾ ਬਣਨ।
ਧਰਮ ਪਰਿਵਰਤਨ ਕਾਰਨ ਹੋਇਆ ਸੀ ਵਿਸ਼ਵ ਹਿੰਦੂ ਪਰੀਸ਼ਦ ਦਾ ਗਠਨ
ਜਨਤਾ ਪਾਰਟੀ ਦੇ ਟੁੱਟਣ ਤੋਂ ਬਾਅਦ ਸਾਲ 1980 ਵਿੱਚ ਭਾਰਤੀ ਜਨਸੰਘ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਫਿਰ ਤੋਂ ਸਾਹਮਣੇ ਆਇਆ।
ਉਦੋਂ ਉਸ ਨੇ ਗਾਂਧੀਵਾਦੀ ਸਮਾਜਵਾਦ ਨੂੰ ਆਪਣਾ ਮੁੱਖ ਸਿਧਾਂਤ ਬਣਾਇਆ।
ਇਸ 'ਤੇ ਕੁਝ ਵੇਲੇ ਲਈ ਸੰਘ ਦੇ ਮੁਖੀ ਬਾਲਾਸਾਹਿਬ ਦੇਵਰਸ ਪ੍ਰੇਸ਼ਾਨ ਵੀ ਹੋਏ।
ਉਨ੍ਹਾਂ ਨੂੰ ਲੱਗਿਆ ਕਿ ਪਾਰਟੀ ਸ਼ਾਇਦ ਆਪਣਾ ਹਿੰਦੂਤਵ ਦਾ ਆਧਾਰ ਛੱਡ ਰਹੀ ਹੈ।

ਤਸਵੀਰ ਸਰੋਤ, FACEBOOK@RSSORG
ਉਨ੍ਹਾਂ ਨੇ ਹਿੰਦੂ ਵਿਚਾਰਧਾਰਾ ਨੂੰ ਜ਼ਿੰਦਾ ਰੱਖਣ ਲਈ ਵਿਸ਼ਵ ਹਿੰਦੂ ਪਰੀਸ਼ਦ ਦਾ ਸਹਾਰਾ ਲੈਣ ਦੀ ਰਣਨੀਤੀ ਬਣਾਈ।
ਇਸ ਦਾ ਮੁੱਖ ਕਾਰਨ ਸੀ ਸਾਲ 1981 ਵਿੱਚ ਤਾਮਿਲਨਾਡੂ ਦੇ ਪਿੰਡ ਮੀਨਾਕਸ਼ੀਪੁਰਮ ਵਿੱਚ ਸੈਂਕੜੇ ਦਲਿਤਾਂ ਦਾ ਇਸਲਾਮ ਵਿੱਚ ਧਰਮ ਪਰਿਵਰਤਨ ਸੀ।
ਸ਼ਾਹਬਾਨੋ ਮਾਮਲਾ ਅਤੇ ਰਾਮ ਜਨਮਭੂਮੀ ਅੰਦੋਲਨ
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈਆਂ ਆਮ ਚੋਣਾਂ ਵਿੱਚ ਸੰਘ ਨੇ ਭਾਰਤੀ ਜਨਤਾ ਪਾਰਟੀ ਦਾ ਸਾਥ ਨਾ ਦੇਣ ਕਾਰਨ ਕਾਂਗਰਸ ਦਾ ਸਾਥ ਦਿੱਤਾ ਜਿਸ ਕਾਰਨ ਕਾਂਗਰਸ 400 ਤੋਂ ਵੱਧ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ।
ਭਾਰਤੀ ਜਨਤਾ ਪਾਰਟੀ ਨੂੰ ਸਿਰਫ਼ ਦੋ ਸੀਟਾਂ 'ਤੇ ਸਬਰ ਕਰਨਾ ਪਿਆ।
ਸ਼ਾਇਦ ਇਹੀ ਵਜ੍ਹਾ ਹੈ ਕਿ ਪਾਰਟੀ ਨੇ ਹਿੰਦੂ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਰਾਮ ਜਨਮਭੂਮੀ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਲਿਆ।
ਸ਼ਾਹਬਾਨੋ ਮਾਮਲੇ ਵਿੱਚ ਰਾਜੀਵ ਗਾਂਧੀ ਸਰਕਾਰ ਵੱਲੋਂ ਲਏ ਗਏ ਕਦਮ ਨੇ ਉਨ੍ਹਾਂ ਵੋਟਰਾਂ ਵਿੱਚ ਨਾਪਸੰਦਗੀ ਪੈਦਾ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਆਪਣੀਆਂ ਜੜ੍ਹਾਂ ਜਮਾਉਣ ਵਿੱਚ ਮਦਦ ਮਿਲ ਗਈ।
ਸਭ ਤੋਂ ਵੱਡੀ ਚੁਣੌਤੀ ਨੌਜਵਾਨਾਂ ਦਾ ਸਮਰਥਨ ਬਰਕਰਾਰ ਰੱਖਣਾ
ਉਸ ਤੋਂ ਬਾਅਦ ਸੰਘ ਪਰਿਵਾਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਨੱਬੇ ਦੇ ਦਹਾਕੇ ਤੋਂ ਬਾਅਦ ਆਰ ਐੱਸ ਐੱਸ ਦੀ ਗਿਣਤੀ ਵਿਸ਼ਵ ਦੀ ਸਭ ਤੋਂ ਵੱਡੀ ਗੈਰਸਰਕਾਰੀ ਸੰਸਥਾਵਾਂ ਵਿੱਚ ਹੋਣ ਲੱਗੀ।
ਇਕ ਅੰਦਾਜ਼ੇ ਮੁਤਾਬਕ ਇਸ ਸਮੇਂ ਆਰ ਐੱਸ ਐੱਸ ਦੇ ਮੈਂਬਰਾਂ ਦੀ ਗਿਣਤੀ 15 ਤੋਂ 20 ਲੱਖ ਦੇ ਵਿਚਾਲੇ ਹੈ।
ਇਸ ਦੀਆਂ 57,000 ਬ੍ਰਾਂਚਾਂ ਦੀਆਂ ਰੋਜ਼ਾਨਾ ਮੀਟਿੰਗਾਂ ਹੁੰਦੀਆਂ ਹਨ। ਇਸ ਤੋਂ ਇਲਾਵਾ 14000 ਹਫ਼ਤਾਵਰੀ ਅਤੇ 7000 ਮਹੀਨਾਵਾਰ ਸ਼ਾਖਾਵਾਂ ਵੀ ਆਯੋਜਿਤ ਕੀਤੀਆਂ ਜਾਂਦੀਆਂ ਹਨ।
ਇਸ ਤੋਂ ਇਲਾਵਾ ਆਰਐਸਐਸ ਦੇ 6000 ਫੁੱਲ-ਟਾਈਮ ਮੈਂਬਰ ਵੀ ਹਨ।
ਆਰ ਐੱਸ ਐੱਸ ਨੇ ਵਧ-ਚੜ੍ਹ ਕੇ ਪੀੜਤਾਂ ਦੀ ਮਦਦ ਕੀਤੀ
ਉੱਤਰਾਖੰਡ ਦਾ ਤਬਾਹੀ ਮਚਾਉਣ ਵਾਲਾ ਹੜ੍ਹ ਹੋਵੇ ਜਾਂ ਕੇਰਲ ਵਿੱਚ ਹਾਲ ਹੀ ਵਿੱਚ ਆਇਆ ਭਿਆਨਕ ਹੜ੍ਹ, ਆਰ ਐੱਸ ਐੱਸ ਨੇ ਮੁਸ਼ਕਿਲਾਂ ਵਿੱਚ ਫਸੇ ਲੋਕਾਂ ਦੀ ਅੱਗੇ ਵੱਧ ਕੇ ਮਦਦ ਕੀਤੀ।
ਪਰ ਆਰ ਐੱਸ ਐੱਸ 'ਤੇ ਕਿਤਾਬ ਲਿਖਣ ਵਾਲੇ ਸ਼ਮਸੁਲ ਇਸਲਾਮ ਦਾ ਮੰਨਣਾ ਹੈ ਕਿ ਦਲਿਤਾਂ ਜਾਂ ਔਰਤਾਂ 'ਤੇ ਹੋਣ ਵਾਲੇ ਤਸ਼ਦੱਦਾਂ 'ਤੇ ਆਰ ਐੱਸ ਐੱਸ ਦੀ ਚੁੱਪੀ ਰਹੱਸ ਵਾਲੀ ਹੈ।
ਇਸ ਗੱਲ ਦੇ ਵੀ ਕਾਫੀ ਘੱਟ ਉਦਾਹਰਣ ਮਿਲਦੇ ਹਨ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਉਹ ਸਿੱਖਾਂ ਦੀ ਮਦਦ ਲਈ ਅੱਗੇ ਆਏ ਹੋਣ।

ਤਸਵੀਰ ਸਰੋਤ, Getty Images
ਆਰ ਐੱਸ ਐੱਸ 'ਤੇ ਕਾਫ਼ੀ ਚਰਚਾ ਵਿੱਚ ਰਹੀ ਕਿਤਾਬ 'ਦਿ ਆਰ ਐੱਸ ਐੱਸ ਆ ਵਿਊ ਟੂ ਦਿ ਇਨਸਾਈਡ' ਲਿਖਣ ਵਾਲੇ ਵਾਲਟਰ ਐਂਡਰਸਨ ਨੌਜਵਾਨਾਂ ਵਿੱਚ ਸੰਘ ਲਈ ਝੁਕਾਅ ਦਾ ਕਾਰਨ ਦੱਸਦੇ ਹਨ।
ਉਨ੍ਹਾਂ ਦੱਸਿਆ, "ਨੌਜਵਾਨਾਂ ਵਿੱਚ ਆਰ ਐੱਸ ਐੱਸ ਦੀ ਪਸੰਦ ਦਾ ਕਾਰਨ ਭਾਰਤੀ ਸਮਾਜ ਦਾ ਆਧੁਨਿਕਤਾ ਦੇ ਨਾਲ-ਨਾਲ ਪੁਰਾਤਨ ਕਦਰਾਂ ਕੀਮਤਾਂ ਨੂੰ ਵੀ ਉੰਨੀ ਹੀ ਅਹਿਮੀਅਤ ਦੇਣਾ ਹੈ।''
"ਪਰ ਬਾਵਜੂਦ ਇਸ ਦੇ ਆਰ ਐੱਸ ਐੱਸ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ, ਇਨ੍ਹਾਂ ਨੌਜਵਾਨਾਂ ਦੇ ਸਮਰਥਨ ਨੂੰ ਬਰਕਰਾਰ ਰੱਖਣਾ।"
ਆਰ ਐੱਸ ਐੱਸ ਤੇ 'ਲਾਸਟ ਈਅਰਜ਼ ਆਫ਼ ਆਰ ਐੱਸ ਐੱਸ' ਕਿਤਾਬ ਲਿਖਣ ਵਾਲੇ ਸੰਜੀਵ ਕੇਲਕਰ ਕਹਿੰਦੇ ਹਨ, " ਇੱਕ ਆਧੁਨਿਕ ਸੰਗਠਨ ਦੇ ਸੀਈਓ ਦੀ ਪੂਰੂ ਕੋਸ਼ਿਸ਼ ਹੁੰਦੀ ਹੈ ਕਿ ਸੰਗਠਨ ਦੇ ਅੰਦਰ ਇਸ ਤਰ੍ਹਾਂ ਦਾ ਸਕਾਰਤਮਕ ਮਾਹੌਲ ਬਣੇ ਕਿ ਉਸ ਦੇ ਮੈਂਬਰਾਂ ਨੂੰ ਕੰਮ ਕਰਨ ਵਿੱਚ ਮਜ਼ਾ ਆਵੇ।''
"ਪਰ ਸੰਘ ਦੇ ਸਖ਼ਤ ਪਦ-ਕ੍ਰਮ (ਹਾਈਰਾਰਕੀ) ਅਤੇ ਸਥਿਰ ਕਾਰਜ ਪ੍ਰਕਿਰਿਆ ਕਾਰਨ ਜਲਦੀ ਹੀ ਮੋਹਭੰਗ ਹੋ ਜਾਂਦਾ ਹੈ।
ਸਮਾਜਿਕ ਤੌਰ 'ਤੇ ਕਬੂਲ ਕਰਨ ਉੱਤੇ ਸਵਾਲ
ਆਧੁਨਿਕ ਯੁੱਗ ਵਿੱਚ ਉਹੀ ਸੰਸਥਾ ਪ੍ਰਫੁੱਲਤ ਹੁੰਦੀ ਹੈ ਜਿੱਥੇ ਗਿਆਨ ਸਭ ਤੋਂ ਉੱਪਰ ਹੈ ਅਤੇ ਜਿੱਥੇ ਕਿ ਸਾਰਾ ਕੰਮਕਾਜ ਕਰਨ ਲਈ ਜਿੰਨਾ ਵੀ ਸੰਭਵ ਹੋ ਸਕੇ, ਸੂਚਨਾ ਤਕਨੀਕ ਦੀ ਵਰਤੋਂ ਕੀਤੀ ਜਾਵੇ।
ਸੰਜੀਵ ਕੇਲਕਰ ਕਹਿੰਦੇ ਹਨ, "ਆਰ ਐੱਸ ਐੱਸ ਦੇ ਸਭ ਤੋਂ ਵੱਡੇ ਪੈਰੋਕਾਰ ਵੀ ਮੰਨਦੇ ਹਨ ਕਿ ਇਹ ਕਦੇ ਵੀ ਗਿਆਨ ਕੇਂਦਰਿਤ ਸੰਗਠਨ ਨਹੀਂ ਰਿਹਾ। ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਗਿਆਨ ਲੋੜ ਕੇਂਦਰਿਤ ਗੁਣ ਨਹੀਂ ਹੈ।''
"ਗਿਆਨ ਨੂੰ ਗਿਆਨ ਲਈ ਹੀ ਲੈਣਾ ਚਾਹੀਦਾ ਹੈ ਜਿਸ ਦੇ ਬਿਨਾਂ ਸਾਧਾਰਨ ਹੋਣਾ ਇੱਕ ਆਦਰਸ਼ ਬਣ ਜਾਵੇਗਾ। ਆਰ ਐੱਸ ਐੱਸ ਨੂੰ ਪ੍ਰਭਾਵਸ਼ਾਲੀ ਰਣਨੀਤੀ ਬਣਾਉਣ ਲਈ ਸੂਚਨਾ ਤਕਨੀਕ ਦੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।"

ਤਸਵੀਰ ਸਰੋਤ, FACEBOOK@RSSORG
"ਆਰ ਐੱਸ ਐੱਸ ਦੇ ਸਾਹਮਣੇ ਇੱਕ ਹੋਰ ਟੀਚਾ ਹੋਣਾ ਚਾਹੀਦਾ ਹੈ ਅਤੇ ਜਿਸ ਵੱਲ ਉਨ੍ਹਾਂ ਦਾ ਧਿਆਨ ਵੀ ਬਿਲਕੁਲ ਨਹੀਂ ਗਿਆ ਹੈ, ਉਹ ਹੈ ਸਮਾਜ ਦੇ ਕਾਬਿਲ ਅਤੇ ਬੌਧਿਕ ਲੋਕਾਂ ਨੂੰ ਆਪਣੇ ਨਾਲ ਜੋੜਨਾ।
ਜਦੋਂ ਤੱਕ ਦੇਸ ਦੇ ਸਿਖਰ ਦੇ ਬੁੱਧੀਜੀਵੀ, ਲੇਖਕ, ਵਿਗਿਆਨੀ, ਅਤੇ ਓਪੀਨੀਅਨ ਮੇਕਰ ਉਸ ਨਾਲ ਨਹੀਂ ਜੁੜਨਗੇ, ਉਸ ਦੀ ਸਮਾਜਿਕ ਮਕਬੂਲੀਅਤ ਉੱਤੇ ਸਵਾਲ ਉੱਠਦੇ ਰਹਿਣਗੇ।"
ਲੋੜ ਹੈ ਸੋਚ ਦੇ ਬਦਲਾਅ ਦੀ
ਸੰਘ ਦੇ ਅੰਦਰ ਉਸ ਦੇ ਬਾਹਰੀ ਸਵਰੂਪ ਵਿੱਚ ਬਦਲਾਅ ਬਾਰੇ ਸੋਚਣ 'ਤੇ ਵੀ ਇੱਕ ਤਰ੍ਹਾਂ ਪਾਬੰਦੀ ਰਹੀ ਹੈ।
ਸੰਘ ਦੀਆਂ ਸ਼ਾਖਾਵਾਂ ਵਿੱਚ ਦੇਸ਼ਭਗਤੀ ਦੇ ਗੀਤ ਅਤੇ ਪੁਰਾਣੇ ਸੰਸਕ੍ਰਿਤ ਸ਼ਲੋਕਾਂ ਨੂੰ ਗਾਉਂਦੇ ਹੋਏ ਬੋਰਿੰਗ ਡ੍ਰਿਲ (ਡੰਡੇ ਜਾਂ ਡੰਡੇ ਤੋਂ ਬਿਨਾਂ ਵੀ) ਨੌਜਵਾਨਾਂ ਨੂੰ ਕਾਫ਼ੀ ਦਿਨਾਂ ਤੱਕ ਖਿੱਚ ਨਹੀਂ ਸਕੇਗੀ।
ਜਦੋਂ ਤੱਕ ਸੰਘ ਦੇ ਕੰਮ ਕਰਨ ਦੇ ਤਰੀਕੇ ਵਿੱਚ ਆਧੁਨਿਕ ਵਿਚਾਰ ਅਤੇ ਦੁਨੀਆਂ ਭਰ ਦੇ ਨੌਜਵਾਨਾਂ ਦੀ ਬਦਲਦੀ ਸੋਚ ਦਾ ਇਨਪੁੱਟ ਨਹੀਂ ਹੋਵੇਗਾ, ਨੌਜਵਾਨ ਉਸ ਵੱਲ ਖਿੱਚੇ ਵੀ ਜਾਣ ਪਰ ਲੰਬੇ ਸਮੇਂ ਤੱਕ ਉਸ ਨਾਲ ਜੁੜੇ ਨਹੀਂ ਰਹਿ ਪਾਉਣਗੇ।












