ਰਾਮ ਮੰਦਰ: ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਸਾਲਾਨਾ ਭਾਸ਼ਣ ਦਾ ਚੋਣ ਕੁਨੈਕਸ਼ਨ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਸਾਲਾਨਾ ਦਸਹਿਰਾ ਰੈਲੀ ਵਿੱਚ ਆਪਣੇ ਭਾਸ਼ਣ 'ਚ ਕੇਂਦਰ ਸਰਕਾਰ ਤੋਂ ਰਾਮ ਮੰਦਰ ਬਣਾਉਣ ਲਈ ਕਾਨੂੰਨ ਦੀ ਮੰਗ ਕੀਤੀ ਹੈ। ਅਯੁੱਧਿਆ 'ਚ ਰਾਮ ਮੰਦਰ/ਬਾਬਰੀ ਮਸਜਿਦ ਵਾਲੀ ਜ਼ਮੀਨ ਦਾ ਮਸਲਾ ਫਿਲਹਾਲ ਸੁਪਰੀਮ ਕੋਰਟ 'ਚ ਹੈ।
ਦਿ ਇੰਡੀਅਨ ਐਕਸਪ੍ਰੈੱਸ ਨੇ ਇਸ ਬਿਆਨ ਦੀ ਟਾਈਮਿੰਗ ਨੂੰ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨਾਲ ਜੋੜ ਕੇ ਦੱਸਿਆ ਹੈ ਕਿ ਸੰਘ ਮੁਖੀ ਨੇ ਇਸ ਸਾਲਾਨਾ ਤਕਰੀਰ 'ਚ ਰਾਮ ਮੰਦਰ ਦਾ ਮੁੱਦਾ 2014 ਦੀਆਂ ਚੋਣਾਂ 'ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਚੁੱਕਿਆ ਹੈ।
ਅਸਲ 'ਚ ਉਨ੍ਹਾਂ ਨੇ ਆਪਣੇ ਇਸ ਭਾਸ਼ਣ 'ਚ ਆਖ਼ਿਰੀ ਵਾਰ ਇਹ ਮੁੱਦਾ 2012 'ਚ ਚੁੱਕਿਆ ਸੀ।
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
ਬਾਦਲ ਦੇ ‘ਕਤਲ ਦੀ ਯੋਜਨਾ ਦਾ ਮਾਸਟਰਮਾਇੰਡ’ ਗ੍ਰਿਫਤਾਰ
ਪਟਿਆਲਾ ਪੁਲਿਸ ਨੇ ਰਾਜਸਥਾਨ ਪੁਲਿਸ ਨਾਲ ਮਿਲ ਕੇ ਜਰਮਨ ਸਿੰਘ ਨਾਂ ਦੇ ਇੱਕ ਆਦਮੀ ਨੂੰ ਬੀਕਾਨੇਰ ਨੇੜਿਓਂ ਗ੍ਰਿਫਤਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜਸ਼ ਦਾ ਮਾਸਟਰਰਮਾਇੰਡ ਸੀ।

ਤਸਵੀਰ ਸਰੋਤ, Getty Images
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੁਲਿਸ ਦਾ ਦਾਅਵਾ ਹੈ ਜਰਮਨ ਸਿੰਘ ਨੇ ਬਾਦਲ ਨੂੰ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਇੱਕ ਰੈਲੀ ਦੌਰਾਨ ਮਾਰਨ ਦੀ ਯੋਜਨਾ ਬਣਾਈ ਸੀ।
84 ਦੀ ਉਮਰ 'ਚ ਨੌਕਰੀ ਹੋਈ ਪੱਕੀ
ਪੰਜਾਬ-ਹਰਿਆਣਾ ਹਾਈ ਕੋਰਟ ਨੇ 84-ਸਾਲਾ ਸ਼ਾਂਤੀ ਦੇਵੀ ਦੀ ਪੰਜਾਬ ਸਰਕਾਰ ਦੇ ਇੱਕ ਸਕੂਲ 'ਚ ਸਫਾਈ ਕਰਮਚਾਰੀ ਵਜੋਂ ਨੌਕਰੀ ਪੱਕੀ ਕਰ ਦਿੱਤੀ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਸ਼ਾਂਤੀ ਦੇਵੀ 1977 ਤੋਂ ਹੀ ਸੰਗਰੂਰ ਦੇ ਖਨੌਰੀ ਕਲਾਂ ਪਿੰਡ ਦੇ ਸਕੂਲ 'ਚ ਪਾਣੀ ਪਿਲਾਉਣ ਤੇ ਛੋਟੇ-ਮੋਟੇ ਕੰਮਾਂ ਦੀ ਜਿੰਮੇਵਾਰੀ ਨਿਭਾ ਰਹੇ ਹਨ।
ਉਨ੍ਹਾਂ ਦੇ ਵਕੀਲ ਨੇ ਦਿ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ, "ਸੂਬਾ ਸਰਕਾਰ ਦੀਆਂ ਨੀਤੀਆਂ ਮੁਤਾਬਕ ਉਨ੍ਹਾਂ ਨੂੰ ਹੁਣ ਬਤੌਰ ਸਵੀਪਰ ਪੱਕੀ ਨੌਕਰੀ ਮਿਲੇਗੀ।" ਨਾਲ ਹੀ ਕੋਰਟ ਨੇ ਇੱਕ 48-ਸਾਲਾ ਮਹਿਲਾ ਨੂੰ ਵੀ ਬਤੌਰ ਸਵੀਪਰ ਪੱਕੀ ਨੌਕਰੀ ਦੇ ਆਦੇਸ਼ ਦਿੱਤੇ।
ਇਹ ਵੀ ਪੜ੍ਹੋ
ਚੌਟਾਲਾ ਦੀ ਪਾਰਟੀ ਦੁਫਾੜ ਹੋਣ ਦੇ ਰਾਹ;ਪੋਤੇ ਕੀਤੇ ਮੁਅੱਤਲ
ਹਰਿਆਣਾ ਦੇ ਚੌਟਾਲਾ ਪਰਿਵਾਰ ਦੀ ਅਗੁਆਈ ਵਾਲੇ ਇੰਡੀਅਨ ਨੈਸ਼ਨਲ ਲੋਕ ਦਲ ਦੁਫਾੜ ਹੁੰਦਾ ਨਜ਼ਰ ਆ ਰਿਹਾ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਦੁਸ਼ਯੰਤ ਤੇ ਉਨ੍ਹਾਂ ਦੇ ਛੋਟੇ ਭਾਈ ਦਿਗਵਿਜੇ ਚੌਟਾਲਾ ਪਾਰਟੀ 'ਤੋਂ ਸਸਪੈਂਡ ਕਰ ਦਿੱਤੇ ਗਏ ਹਨ।

ਤਸਵੀਰ ਸਰੋਤ, Getty Images
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਵੀਰਵਾਰ ਨੂੰ ਹੋਈ ਇੱਕ ਬੈਠਕ 'ਚ ਪਾਰਟੀ ਮੁਖੀ ਓਮ ਪ੍ਰਕਾਸ਼ ਚੌਟਾਲਾ ਦੇ ਪੋਤੇ, ਲੋਕ ਸਭਾ ਮੈਂਬਰ ਦੁਸ਼ਯੰਤ ਚੌਟਾਲਾ, ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਉੱਠੀ ਹੈ।
ਖ਼ਬਰ ਮੁਤਾਬਕ ਓ.ਪੀ. ਚੌਟਾਲਾ — ਜੋ ਕਿ ਉੰਝ ਤਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਜ਼ਾ ਭੁਗਤ ਰਹੇ ਹਨ ਪਰ ਵੀਰਵਾਰ ਤੱਕ ਪੈਰੋਲ ਉੱਪਰ ਜੇਲ੍ਹੋਂ ਬਾਹਰ ਸਨ — ਨੇ ਮੌਜੂਦ ਲੀਡਰਾਂ ਨੂੰ ਆਖਿਆ ਕਿ ਉਹ 25 ਅਕਤੂਬਰ ਨੂੰ ਫੈਸਲਾ ਲੈਣਗੇ।
ਦੁਸ਼ਯੰਤ ਤੇ ਦਿਗਵਿਜੇ ਦੇ ਪਿਤਾ, ਅਜੇ ਚੌਟਾਲਾ ਵੀ ਇਸੇ ਮਾਮਲੇ 'ਚ ਜੇਲ੍ਹ 'ਚ ਹਨ। ਅਜੇ ਦੇ ਪਰਿਵਾਰ ਦਾ ਉਨ੍ਹਾਂ ਦੇ ਭਾਈ ਅਭੇ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ। ਅਜੇ ਵੀ ਸ਼ੁੱਕਰਵਾਰ ਨੂੰ ਫਰਲੋ 'ਤੇ ਜੇਲ੍ਹ 'ਚੋਂ ਬਾਹਰ ਆਉਣਗੇ।
ਇਹ ਵੀ ਪੜ੍ਹੋ
ਅਫ਼ਗ਼ਾਨਿਸਤਾਨ: ਚੋਣਾਂ ਤੋਂ ਪਹਿਲਾਂ ਕੰਧਾਰ 'ਚ ਪੁਲਿਸ ਤੇ ਖੂਫ਼ੀਆ ਏਜੰਸੀ ਦੇ ਮੁਖੀ ਹਲਾਕ
ਅਫ਼ਗ਼ਾਨਿਸਤਾਨ 'ਚ ਸ਼ਨੀਵਾਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਦੋ ਦਿਨ ਪਹਿਲਾਂ ਹੀ ਕੰਧਾਰ ਦੇ ਪੁਲਿਸ ਮੁਖੀ ਜਨਰਲ ਅਬਦੁਲ ਰਜ਼ੀਕ ਦਾ ਇੱਕ ਅੰਗਰੱਖਿਅਕ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਥਾਨਕ ਖੂਫ਼ੀਆ ਏਜੰਸੀ ਪ੍ਰਮੁੱਖ ਵੀ ਮਾਰੇ ਗਏ ਤੇ ਨਾਲ ਹੀ ਸੂਬੇ ਦੇ ਗਵਰਨਰ ਨੂੰ ਸੱਟਾਂ ਲੱਗੀਆਂ।

ਤਸਵੀਰ ਸਰੋਤ, AFP
ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਹੈ। ਤਾਲਿਬਾਨ ਮੁਤਾਬਕ ਅਮਰੀਕੀ ਕਮਾਂਡਰ ਜਨਰਲ ਸਕਾਟ ਮਿਲਰ ਵੀ ਨਿਸ਼ਾਨੇ 'ਤੇ ਸਨ ਪਰ ਬੱਚ ਗਏ।
ਹਮਲਾ ਗਵਰਨਰ ਪਰਿਸਰ ਦੇ ਅੰਦਰ ਉਸ ਵੇਲੇ ਹੋਇਆ ਜਦੋਂ ਰਜ਼ੀਕ ਇੱਕ ਬੈਠਕ ਤੋਂ ਪਰਤ ਰਹੇ ਸਨ। ਤਿੰਨ ਅਮਰੀਕੀ ਵਿਅਕਤੀਆਂ ਦੇ ਫੱਟੜ ਹੋਣ ਦੀ ਵੀ ਖ਼ਬਰ ਹੈ।
ਮਿਲੀਆਂ ਰਿਪੋਰਟਾਂ ਅਨੁਸਾਰ ਹਮਲਾਵਰ ਵੀ ਮਾਰਿਆ ਗਿਆ।












