ਗੁਰਬਚਨ ਸਿੰਘ ਦਾ ਅਸਤੀਫ਼ਾ : ਸੇਵਾਦਾਰ ਤੋਂ ਅਕਾਲ ਤਖਤ ਦੇ ਜਥੇਦਾਰ ਤੱਕ- 9 ਨੁਕਤਿਆਂ 'ਚ ਪੂਰੀ ਕਹਾਣੀ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ

ਤਸਵੀਰ ਸਰੋਤ, Ravinder singh robin/bbc

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਸਿੱਖ ਧਰਮ ਦੀ ਸਰਬਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖ ਕੇ ਆਪਣਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ।

ਬੀਬੀਸੀ ਪੰਜਾਬੀ ਨਾਲ ਫੋਨ ਉੱਤੇ ਗੱਲ ਕਰਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆ ਕਿਹਾ, ''ਮੈਂ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਖਰਾਬ ਸਿਹਤ ਦੇ ਮੱਦੇਨਜ਼ਰ ਆਪਣਾ ਅਹੁਦਾ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਹੈ।'

ਆਪਣੇ ਅਸਤੀਫ਼ੇ ਵਿੱਚ ਉਨ੍ਹਾਂ ਲਿਖਿਆ ਹੈ,''ਕੁਦਰਤ ਦੇ ਨਿਯਮ ਅਨੁਸਾਰ ਵਡੇਰੀ ਉਮਰ ਅਤੇ ਇਸ ਨਾਲ ਜੂਝ ਰਹੀਆਂ ਸਿਹਤ ਦੀਆਂ ਕੁਝ ਦਿੱਕਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੀਆਂ ਹਨ ਕਿ ਬਹੁਤ ਜ਼ਿੰਮੇਵਾਰੀ ਵਾਲੀ ਸੇਵਾ ਨਿਭਾਉਣ ਤੋਂ ਦਾਸ ਅਸਮਰੱਥ ਹੈ।''

ਉਨ੍ਹਾਂ ਅੱਗੇ ਲਿਖਿਆ ਹੈ, ''ਖਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਅਹਿਮ ਅਹੁਦੇ ਲਈ ਯੋਗ ਵਿਅਕਤੀ ਨੂੰ ਨਿਯੁਕਤ ਕਰਕੇ ਉਨ੍ਹਾਂ ਨੂੰ ਸੇਵਾਮੁਕਤ ਕਰ ਦਿੱਤਾ ਜਾਵੇ।''

ਇਹ ਵੀ ਪੜ੍ਹੋ:

ਜਥੇਦਾਰ ਦੇ ਅਸਤੀਫ਼ੇ ਬਾਰੇ ਉਨ੍ਹਾਂ ਦੇ ਨਿੱਜੀ ਸਹਾਇਕ ਸਤਿੰਦਰਪਾਲ ਸਿੰਘ ਵੱਲੋਂ ਬਕਾਇਦਾ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਹੈ।

ਅਸਤੀਫ਼ਾ

ਤਸਵੀਰ ਸਰੋਤ, Sri akal takhat

ਤਸਵੀਰ ਕੈਪਸ਼ਨ, ਜਥੇਦਾਰ ਅਕਾਲ ਤਖ਼ਤ ਦੇ ਨਿੱਜੀ ਸਹਾਇਕ ਵੱਲੋਂ ਜਾਰੀ ਕੀਤਾ ਗਿਆ ਪ੍ਰੈੱਸ ਨੋਟ

ਡੇਰਾ ਮੁਖੀ ਦੀ ਮਾਫੀ 'ਤੇ ਕੀ ਕਿਹਾ

ਜਥੇਦਾਰ ਅਕਾਲ ਤਖ਼ਤ ਨੇ ਆਪਣੇ ਅਸਤੀਫ਼ੇ ਵਿੱਚ ਡੇਰਾ ਸੱਚਾ ਸੌਦਾ ਨੂੰ ਅਕਾਲ ਤਖ਼ਤ ਵੱਲੋਂ ਦਿੱਤੀ ਗਈ ਮਾਫ਼ੀ ਦਾ ਜ਼ਿਕਰ ਵੀ ਕੀਤਾ ਹੈ।

ਉਨ੍ਹਾਂ ਲਿਖਿਆ ਹੈ ਕਿ ਇਸ ਫ਼ੈਸਲੇ ਉੱਤੇ ਕਿੰਤੂ-ਪ੍ਰੰਤੂ ਵੀ ਹੋਇਆ। ਖਾਲਸਾ ਪੰਥ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਸਿੰਘ ਸਾਹਿਬਾਨਾਂ ਦੀ ਰਾਇ ਨਾਲ ਇਹ ਫ਼ੈਸਲਾ ਵਾਪਿਸ ਲੈ ਲਿਆ ਗਿਆ।

ਉਨ੍ਹਾਂ ਲਿਖਿਆ ਹੈ ਕਿ ਦਾਸ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨੂੰ ਸਮਰਪਿਤ ਹੈ ਅਤੇ ਆਖ਼ਰੀ ਸਾਹ ਤੱਕ ਰਹੇਗਾ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਲਈ ਵੀ ਪੰਥ ਤੋਂ ਮਾਫ਼ੀ ਮੰਗੀ ਹੈ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ

ਤਸਵੀਰ ਸਰੋਤ, Getty Images

ਜਥੇਦਾਰ ਨੇ ਲਿਖਿਆ ਹੈ ਕਿ ਜੀਵ ਭੁੱਲਣ ਹਾਰ ਹੈ ਅਤੇ ਆਪਣੇ ਸੇਵਾ ਕਾਲ ਦੌਰਾਨ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਆਪਣੀ ਝੋਲੀ ਪਾਉਂਦੇ ਹੋਏ ਉਹ ਸਮੁੱਚੇ ਖਾਲਸਾ ਪੰਥ ਤੋਂ ਖਿਮਾ ਦੇ ਜਾਚਕ ਹਨ।

''ਭੁੱਲਣ ਵਿਚੀ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ।।''

ਜਥੇਦਾਰ ਗਿਆਨੀ ਗੁਰਬਚਨ ਸਿੰਘ ਪਿਛਲੇ 10 ਸਾਲ ਤੋਂ ਇਸ ਅਹੁਦੇ 'ਤੇ ਬਣੇ ਹੋਏ ਸਨ।

'ਕੌਮ ਤਾਂ ਵੀ ਮੁਆਫ਼ ਨਹੀਂ ਕਰੇਗੀ'

ਸਾਬਕਾ ਐਸਜੀਪੀਸੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਦਾ ਕਹਿਣਾ ਹੈ, ''ਕੀ ਸਿਰਫ ਅਸਤੀਫ਼ਾ ਦੇਣ ਨਾਲ ਪਾਪ ਘੱਟ ਜਾਣਗੇ। ਕੌਮ ਦੀ ਜਿੰਨੀ ਹੇਠੀ ਗਿਆਨੀ ਗੁਰਬਚਨ ਸਿੰਘ ਦੇ ਸਮੇਂ ਦੌਰਾਨ ਹੋਈ ਹੈ ਉਸਦੀ ਭਰਪਾਈ ਨਹੀਂ ਹੋ ਸਕਦੀ ਹੈ। ਇਹ ਇਤਿਹਾਸ ਦਾ ਕਾਲਾ ਸਮਾਂ ਗਿਣਿਆ ਜਾਵੇਗਾ।

''ਜੇ ਹੁਣ ਪਾਪ ਧੋਣ ਦਾ ਮਨ ਬਣਿਆਂ ਹੋਵੇ ਤਾਂ ਕੌਮ ਅੱਗੇ ਸੱਚ ਰੱਖੋ। ਕਿਹੜੇ ਹਾਲਾਤ ਸਨ ਤੇ ਕੌਣ ਲੋਕ ਸਨ ਜਿਨ੍ਹਾਂ ਦੇ ਪ੍ਰਭਾਵ ਥੱਲੇ, ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਹਾਲੇ ਛੁਟਕਾਰਾ ਨਹੀਂ ਹੋਣਾ ਜਵਾਬ ਦੇਣਾ ਪੈਣਾ ਹੈ।''

ਗਿਆਨੀ ਗੁਰਬਚਨ ਸਿੰਘ ਦਾ ਸਫ਼ਰ

  • ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ 5 ਅਗਸਤ 2008 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੰਭਾਲਿਆ ਸੀ।
  • ਸਿੱਖਾਂ ਦੀ ਸਰਬਉੱਚ ਸੰਸਥਾ ਦੇ ਮੁਖੀ ਦੇ ਅਹੁਦੇ ਤੇ 10 ਸਾਲ ਬਿਰਾਜਮਾਨ ਰਹਿਣ ਵਾਲੇ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਵਿੱਚ ਸੇਵਾਦਾਰ ਵਜੋਂ 1972 ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿੱਚ ਸੇਵਾ ਸ਼ੁਰੂ ਕੀਤੀ ਸੀ।
  • ਉਨ੍ਹਾਂ ਨੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਅਸਤੀਫ਼ੇ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਉਹ 19 ਜਨਵਰੀ 2005 ਨੂੰ ਇਸ ਅਹੁਦੇ ਉੱਤੇ ਆਸੀਨ ਹੋਏ ਸਨ।
ਵੀਡੀਓ ਕੈਪਸ਼ਨ, ਜਥੇਦਾਰ ਦਾ ਅਸਤੀਫ਼ਾ ਮਜਬੂਰੀ ਜਾਂ ਦਬਾਅ
  • ਗਿਆਨੀ ਗੁਰਬਚਨ ਸਿੰਘ ਦਾ ਜਨਮ 6 ਅਪ੍ਰੈਲ 1948 ਨੂੰ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੱਕ ਬਾਜਾ ਵਿੱਚ ਹੋਇਆ ਜੋ ਪ੍ਰਕਾਸ਼ ਸਿੰਘ ਬਾਦਲ ਦਾ ਵੀ ਜੱਦੀ ਜ਼ਿਲ੍ਹਾ ਹੈ।
  • ਗਿਆਨੀ ਗੁਰਬਚਨ ਸਿੰਘ, ਬਾਦਲ ਪਰਿਵਾਰ ਦੇ ਨਜ਼ਦੀਕੀਆਂ ਵਿੱਚੋਂ ਸਮਝੇ ਜਾਂਦੇ ਹਨ ਅਤੇ ਉਹ ਅਕਾਲ ਤਖ਼ਤ ਸਾਹਿਬ ਦੇ 24ਵੇਂ ਜਥੇਦਾਰ ਹਨ।
  • ਗਿਆਨੀ ਗੁਰਬਚਨ ਸਿੰਘ ਉੱਤੇ ਬਾਦਲ ਪਰਿਵਾਰ ਦੇ ਸਿਆਸੀ ਦਬਾਅ ਹੇਠ ਕੰਮ ਕਰਨ ਦੇ ਇਲਜ਼ਾਮ ਲੱਗਦੇ ਰਹੇ ਭਾਵੇਂ ਕਿ ਉਨ੍ਹਾਂ ਨੇ ਹਮੇਸ਼ਾ ਇਨ੍ਹਾਂ ਇਲਜ਼ਾਮਾ ਨੂੰ ਰੱਦ ਕੀਤਾ।
  • ਡੇਰਾ ਸੱਚਾ ਸੌਦਾ ਮੁਖੀ ਨੂੰ ਇੱਕ ਪੱਤਰ ਦੇ ਆਧਾਰ 'ਤੇ ਮਾਫ਼ੀ ਦੇਣ ਕਾਰਨ ਉਨ੍ਹਾਂ ਦਾ ਸਖ਼ਤ ਵਿਰੋਧ ਹੋਇਆ ।
  • ਪਿਛਲੇ ਦਿਨੀਂ ਵਿਧਾਨ ਸਭਾ ਵਿਚ ਬਹਿਸ ਦੌਰਾਨ ਉਨ੍ਹਾਂ ਦੇ ਪੁੱਤਰ ਦੇ ਕਾਰੋਬਾਰ ਅਤੇ ਜਾਇਦਾਦ ਬਾਰੇ ਸਵਾਲ ਵੀ ਉੱਠੇ ਸਨ। ਜਿਨ੍ਹਾਂ ਨੂੰ ਜਥੇਦਾਰ ਨੇ ਖੁਦ ਰੱਦ ਕੀਤਾ ਸੀ।
  • ਅਕਾਲੀ ਦਲ ਦੇ ਵਿਰੋਧੀਆਂ , ''ਕਈ ਅਕਾਲੀ ਆਗੂਆਂ ਅਤੇ ਸਿੱਖ ਸੰਗਠਨਾਂ ਵੱਲੋਂ ਜਥੇਦਾਰ ਉੱਤੇ ਅਸਤੀਫ਼ਾ ਦੇਣ ਦਾ ਦਬਾਅ ਚੱਲ ਰਿਹਾ ਸੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)