ਗੁਜਰਾਤ ਛੱਡ ਕਿਉਂ ਤਮਿਲਨਾਡੂ ਜਾਣਾ ਚਾਹੁੰਦਾ ਹੈ ਦਲਿਤ ਮੈਡੀਕਲ ਵਿਦਿਆਰਥੀ?

ਤਸਵੀਰ ਸਰੋਤ, Getty Images
- ਲੇਖਕ, ਰੌਕਸੀ ਗਾਗਡੇਕਰ ਛਾਰਾ
- ਰੋਲ, ਪੱਤਰਕਾਰ, ਬੀਬੀਸੀ
ਸਰਜਰੀ ਦੀ ਮਾਸਟਰਜ਼ ਡਿਗਰੀ ਕਰ ਰਿਹਾ ਇੱਕ ਵਿਦਿਆਰਥੀ ਅਹਿਮਦਾਬਾਦ ਦੇ ਸਿਵਿਲ ਹਸਪਤਾਲ ਵਿੱਚ ਜ਼ੇਰ-ਏ- ਇਲਾਜ ਹੈ।
ਡਿਗਰੀ ਦੇ ਤੀਜੇ ਸਾਲ ਦੇ ਵਿਦਿਆਰਥੀ ਡਾ. ਮਰੀ ਰਾਜ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਡਾ. ਰਾਜ ਨੇ ਇਲਜ਼ਾਮ ਲਾਇਆ ਕਿ ਉਸ ਨੂੰ ਸੀਨੀਅਰਾਂ ਨੇ ਜਨਤਕ ਤੌਰ 'ਤੇ ਜ਼ਲੀਲ ਕੀਤਾ। ਉਨ੍ਹਾਂ ਲਈ ਜ਼ਬਰੀ ਕੁਰਸੀ ਖਾਲੀ ਕਰਨ ਅਤੇ ਸੀਨੀਅਰਾਂ ਅਤੇ ਸਹਿਯੋਗੀਆਂ ਨੂੰ ਚਾਹ ਵਰਤਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਇਹ ਜਾਤੀਗਤ ਭੇਦਭਾਵ ਸੀ।
ਦੱਖਣੀ ਭਾਰਤ ਦੇ ਸੂਬੇ ਤਾਮਿਲ ਨਾਡੂ ਦੇ ਰਹਿਣ ਵਾਲੇ ਡਾ. ਰਾਜ ਨੇ ਇਲਜ਼ਾਮ ਲਾਇਆ ਕਿ 2015 ਤੋਂ ਹੀ ਜਦੋਂ ਤੋਂ ਉਨ੍ਹਾਂ ਨੇ ਕਾਲਜ ਵਿੱਚ ਦਾਖਲਾ ਲਿਆ ਹੈ, ਉਨ੍ਹਾਂ ਨਾਲ ਕਥਿਤ ਤੌਰ ਉੱਤੇ ਭੇਦਭਾਵ ਕੀਤਾ ਜਾ ਰਿਹਾ ਹੈ।
ਜੱਦੀ ਪਿੰਡ ਜਾਣ ਦੀ ਖਾਹਿਸ਼
ਉਨ੍ਹਾਂ ਨੇ ਹਸਪਤਾਲ ਦੇ 9 ਡਾਕਟਰਾਂ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਡਾ. ਰਾਜ ਜਾਤੀਗਤ, ਖੇਤਰੀ ਅਤੇ ਭਾਸ਼ਾਈ ਭੇਦਭਾਵ ਹੋਣ ਕਰਕੇ ਆਪਣੇ ਜੱਦੀ ਘਰ ਜਾ ਕੇ ਪੜ੍ਹਾਈ ਖ਼ਤਮ ਕਰਨਾ ਚਾਹੁੰਦੇ ਹਨ। ਡਾ. ਰਾਜ ਸ਼ਨੀਵਾਰ ਨੂੰ ਹਸਪਤਾਲ ਦੀ ਸਰਜੀਕਲ ਯੂਨਿਟ ਵਿੱਚ ਡਿਊਟੀ ਕਰਦੇ ਹਨ।
ਸ਼ਿਕਾਇਤ ਵਿੱਚ ਦਰਜ ਨੌ ਮੁਲਜ਼ਮਾਂ ਨੇ ਗੁਜਰਾਤ ਹਾਈਕੋਰਟ ਵਿੱਚ 10 ਜਨਵਰੀ ਨੂੰ ਪਟੀਸ਼ਨ ਦਾਖਲ ਕਰ ਦਿੱਤੀ ਹੈ। ਹਾਲਾਂਕਿ ਇਹ ਮਾਮਲਾ ਚੀਫ਼ ਜਸਟਿਸ ਡੇਬੀ ਪਾਰਦੀਵਾਲਾ ਕੋਲ ਲੰਬਿਤ ਪਈ ਹੈ।
ਇਸ ਬਾਰੇ ਦਲਿਤ ਕਾਰਕੁੰਨ ਕਾਂਤੀਲਾਲ ਪਰਮਾਰ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਦੌਰਾਨ ਕਿਹਾ, "ਅਹਿਮਦਾਬਾਦ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵਿੱਚ ਦੇਰੀ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਅਦਾਲਤ ਜਾਣ ਦਾ ਸਮਾਂ ਮਿਲ ਗਿਆ।"
ਤਿਰੂਨੇਲਵੇਲੀ ਜ਼ਿਲ੍ਹੇ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਡਾ਼ ਰਾਜ ਨੇ ਕਿਹਾ ਕਿ ਉਹ ਅਗਲੇਰੀ ਪੜ੍ਹਾਈ ਲਈ ਦੇਸ ਦੀ ਕਿਸੇ ਵੀ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਸਕਦੇ ਸੀ, ਪਰ ਉਹ ਗੁਜਰਾਤ ਆਉਣਾ ਚਾਹੁੰਦੇ ਸੀ।

ਡਾ. ਰਾਜ ਨੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਦੌਰਾਨ ਕਿਹਾ, "ਹੁਣ ਮੈਂ ਆਪਣੇ ਸੂਬੇ ਵਿੱਚ ਵਾਪਿਸ ਜਾਣਾ ਚਾਹੁੰਦਾ ਹਾਂ।"
ਉਨ੍ਹਾਂ ਨੇ ਕਿਹਾ ਕਿ ਸੀਨੀਅਰਾਂ ਅਤੇ ਸਹਿਯੋਗੀਆਂ ਵੱਲੋਂ 5 ਜਨਵਰੀ, 2018 ਨੂੰ ਜ਼ਲੀਲ ਕਰਨ ਕਰਕੇ ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਨੀਂਦ ਦੀਆਂ ਗੋਲੀਆਂ ਖਾਣ ਕਰਕੇ ਉਨ੍ਹਾਂ ਨੂੰ ਐਮਰਜੈਂਸੀ ਵਾਰਡ ਵਿੱਚ ਭਰਤੀ ਕਰ ਦਿੱਤਾ ਗਿਆ ਸੀ।
ਉਨ੍ਹਾਂ ਨੇ ਸਾਹੀਬੌਗ੍ਹ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਡਾ. ਰਾਜ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਤੀ ਅਤੇ ਖੇਤਰ ਕਰਕੇ ਯੋਗਤਾ ਦੇ ਹਿਸਾਬ ਨਾਲ ਉਨ੍ਹਾਂ ਨੂੰ ਕੰਮ ਵੀ ਨਹੀਂ ਦਿੱਤਾ ਗਿਆ।
ਦੋਸ਼ਾਂ ਨੂੰ ਰੱਦ ਕੀਤਾ
ਵਿਭਾਗ ਦੇ ਮੁਖੀ ਡਾ. ਪ੍ਰਸ਼ਾਂਤ ਮਹਿਤਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਡਾ. ਰਾਜ ਦੇ ਇਲਜ਼ਾਮ ਬੇਬੁਨਿਆਦ ਹਨ।
"ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੀ ਡਿਊਟੀ ਮੇਰੇ ਨਾਲ ਲੱਗੀ ਹੋਈ ਹੈ ਤੇ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਘੱਟ ਮੌਕਾ ਮਿਲਿਆ ਹੈ, ਪਰ ਦਲਿਤ ਭਾਈਚਾਰੇ ਦੇ ਬਹੁਤ ਲੋਕ ਸਾਡੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਅਜਿਹੀ ਮੁਸ਼ਕਿਲ ਨਹੀਂ ਆਈ।"
ਕਿੱਥੋਂ ਦੀ ਹੈ ਇਹ ਘਟਨਾ?
ਬੀਜੇ ਮੈਡੀਕਲ ਕਾਲਜ ਅਹਿਮਦਾਬਾਦ ਦੇ ਸਿਵਲ ਹਸਪਤਾਲ ਕੈਂਪਸ ਦਾ ਹੀ ਹਿੱਸਾ ਹੈ। ਇਹ ਹਸਪਤਾਲ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ ਮੰਨਿਆ ਜਾਂਦਾ ਹੈ।
ਇਹ ਗੁਜਰਾਤ ਦੇ ਪਹਿਲੇ ਮੈਡੀਕਲ ਕਾਲਜਾਂ ਵਿੱਚੋਂ ਇੱਕ ਹੈ। ਅੱਧੀ ਦਰਜਨ ਤੋਂ ਜ਼ਿਆਦਾ ਸਿੱਖਿਆ ਅਦਾਰੇ ਹਨ ਜੋ ਕਿ ਬੀਜੇ ਮੈਡੀਕਲ ਕਾਲਜ ਨਾਲ ਮਾਨਤਾ ਪ੍ਰਾਪਤ ਹਨ।

ਡਾ. ਮਹਿਤਾ ਦਾ ਕਹਿਣਾ ਹੈ ਕਿ ਡਾ. ਰਾਜ ਨੇ 5 ਜਨਵਰੀ ਨੂੰ ਸਰਜਰੀ ਕਰਨ ਦੀ ਮੰਗ ਕੀਤੀ।
"ਵਿਭਾਗ ਦਾ ਮੁਖੀ ਹੋਣ ਦੇ ਨਾਤੇ ਮੈਂ ਇੱਕ ਵਿਦਿਆਰਥੀ ਨੂੰ ਸਰਜਰੀ ਕਰਨ ਦੀ ਇਜਾਜ਼ਤ ਨਹੀਂ ਦੇ ਸਕਦਾ। ਪਿਛਲੇ ਦੋ ਮਹੀਨਿਆਂ ਤੋਂ ਉਹ 22 ਸਰਜਰੀਆਂ ਦੌਰਾਨ ਸ਼ਾਮਿਲ ਰਿਹਾ ਹੈ।"
ਡਾ. ਮਹਿਤਾ ਉਨ੍ਹਾਂ ਮੁਲਜ਼ਮ ਡਾਕਟਰਾਂ ਵਿੱਚ ਸ਼ੁਮਾਰ ਹਨ ਜਿਨ੍ਹਾਂ ਖਿਲਾਫ਼ ਡਾ. ਰਾਜ ਨੇ ਅਨੁਸੂਚਿਤ ਜਾਤੀ ਐਕਟ ਦੇ ਖਿਲਾਫ਼ ਤਸ਼ਦੱਦ ਦੀ ਰੋਕਥਾਮ (ਪ੍ਰੀਵੈਂਸ਼ਨ ਆਫ਼ ਅਟ੍ਰਾਸਿਟੀਜ਼ ਅਗੇਂਸਟ ਸ਼ਡਿਊਲਡ ਕਾਸਟ ਐਕਟ) ਅਧੀਨ ਐੱਫ਼ਆਈਆਰ ਦਰਜ ਕਰਵਾਈ ਹੈ।
ਗ੍ਰਿਫ਼ਤਾਰੀ ਕਦੋਂ?
ਬੀਬੀਸੀ ਨਾਲ ਗੱਲਬਾਤ ਦੌਰਾਨ ਐੱਸਐੱਸਪੀ ਰਾਜੇਸ਼ ਘੜੀਆ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਸੀਂ ਪ੍ਰਤੱਖਦਰਸ਼ੀਆਂ ਦੀ ਗਵਾਹੀ ਰਿਕਾਰਡ ਕਰ ਰਹੇ ਹਾਂ। ਹਾਲਾਂਕਿ ਹਾਲੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਉਨ੍ਹਾਂ ਕਿਹਾ, "ਜੇ ਕੋਈ ਪੁਖਤਾ ਸਬੂਤ ਜਾਂ ਗਵਾਹ ਮਿਲਦਾ ਹੈ ਤਾਂ ਅਸੀਂ ਉਨ੍ਹਾਂ ਦੀ ਗ੍ਰਿਫ਼ਤਾਰੀ ਕਰਾਂਗੇ।"
5 ਜਨਵਰੀ ਦੇ ਹਾਦਸੇ ਬਾਰੇ ਗੱਲਬਾਤ ਕਰਦਿਆਂ ਡਾ. ਰਾਜ ਨੇ ਕਿਹਾ, "ਉਨ੍ਹਾਂ ਨੇ ਮੇਰੇ ਖਿਲਾਫ਼ ਜ਼ਲੀਲ ਕਰਨ ਵਾਲੇ ਸ਼ਬਦ ਵਰਤੇ।"

ਇਹ ਪਹਿਲੀ ਵਾਰ ਨਹੀਂ ਹੈ ਕਿ ਡਾ. ਰਾਜ ਨੇ ਵਿਤਕਰੇ ਦੇ ਇਲਜ਼ਾਮ ਲਾਏ ਹੋਣ। ਉਨ੍ਹਾਂ ਕਿਹਾ ਕਿ ਸਤੰਬਰ, 2015 ਨੂੰ ਵੀ ਉਨ੍ਹਾਂ ਨੇ ਹਸਪਤਾਲ ਦੇ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।
"ਵਿਤਕਰਾ ਰੋਕਣ ਲਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ।"
ਕਿਸ ਤਰ੍ਹਾਂ ਦਾ ਸੀ ਸੀਨੀਅਰਾਂ ਦਾ ਵਤੀਰਾ?
ਡਾ. ਰਾਜ ਨੇ ਦੱਸਿਆ ਕਿ ਕਿਸ ਤਰ੍ਹਾਂ ਦਾ ਵਤੀਰਾ ਉਨ੍ਹਾਂ ਪ੍ਰਤੀ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਮੇਸ਼ਾਂ ਆਪਣੇ ਸੀਨੀਅਰਾਂ ਲਈ ਕੁਰਸੀ ਖਾਲੀ ਕਰਨ, ਖਾਣ-ਪੀਣ ਅਤੇ ਚਾਹ-ਪਾਣੀ ਲਿਆਉਣ ਲਈ ਕਿਹਾ ਜਾਂਦਾ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਦੇ ਵੀ ਯੋਗਤਾ ਦੇ ਹਿਸਾਬ ਨਾਲ ਕੰਮ ਕਰਨ ਨਹੀਂ ਦਿੱਤਾ ਗਿਆ।
ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, "ਮੈਂ ਤੀਜੇ ਸਾਲ ਦਾ ਵਿਦਿਆਰਥੀ ਹਾਂ ਅਤੇ ਮੈਨੂੰ ਸੀਨੀਅਰ ਡਾਕਟਰ ਦੇ ਨਾਲ ਮਿਲ ਕੇ ਸਰਜਰੀ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਪਰ ਮੇਰੇ ਨਾਲ ਤਾਂ ਹਮੇਸ਼ਾਂ ਵਿਤਕਰਾ ਹੀ ਕੀਤਾ ਜਾ ਰਿਹਾ ਹੈ।"
ਉਨ੍ਹਾਂ ਅੱਗੇ ਕਿਹਾ, "ਮੇਰੇ ਨਾਲ ਗੁਲਾਮਾਂ ਵਰਗਾ ਵਤੀਰਾ ਕੀਤਾ ਗਿਆ ਅਤੇ ਓਪਰੇਸ਼ਨ ਥੀਏਟਰ ਦੇ ਬਾਹਰ ਮੈਨੂੰ ਇੱਕ ਸੁਰੱਖਿਆ ਮੁਲਾਜ਼ਮ ਵਾਂਗ ਰੱਖਿਆ ਗਿਆ।"
ਉਨ੍ਹਾਂ ਅੱਗੇ ਕਿਹਾ, "ਮੈਨੂੰ ਛੱਡ ਕੇ ਸਾਰੇ ਰੈਜ਼ੀਡੈਂਟ ਡਾਕਟਰਾਂ ਨੂੰ ਸੈਮੀਨਾਰ ਕਰਨ ਦੀ ਇਜਾਜ਼ਤ ਹੈ।"

ਤਸਵੀਰ ਸਰੋਤ, Getty Images
5 ਜਨਵਰੀ ਤੋਂ ਡਾ. ਰਾਜ ਹਸਪਤਾਲ ਵਿੱਚ ਦਾਖਲ ਹੈ, ਪਰ ਡਾਕਟਰ ਸੋਮਵਾਰ ਤੋਂ ਉਸ ਨੂੰ ਦੇਖਣ ਨਹੀਂ ਆਏ।
"ਮੇਰਾ ਇਲਾਜ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਖਾਣਾ ਦਿੱਤਾ ਜਾ ਰਿਹਾ ਹੈ। ਇੱਥੇ ਤੈਨਾਤ ਪੁਲਿਸ ਅਧਿਕਾਰੀ ਮੇਰੇ ਲਈ ਖਾਣੇ ਦਾ ਪ੍ਰਬੰਧ ਕਰਦੇ ਹਨ।"
ਹਸਪਤਾਲ ਦੇ ਇੱਕ ਕਮਰੇ ਵਿੱਚ ਇਕੱਲੇ ਬੈਠੇ ਹੋਏ ਡਾ. ਰਾਜ ਨੇ ਇਲਜ਼ਾਮ ਲਗਾਇਆ ਕਿ ਮੁਲਜ਼ਮਾਂ ਦੀ ਮਦਦ ਕਰਨ ਲਈ ਉਸ ਨੂੰ ਗੈਰ-ਕਾਨੂੰਨੀ ਢੰਗ ਨਾਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਮਾਂ ਨੇ ਵੀ ਲਿਖੀ ਸੀ ਚਿੱਠੀ
ਡਾ. ਰਾਜ ਦਾ ਵੱਡਾ ਭਰਾ ਵਿਗਿਆਨੀ ਹੈ ਅਤੇ ਉਹ ਜਾਪਾਨ ਵਿੱਚ ਰਹਿੰਦਾ ਹੈ, ਜਦਕਿ ਉਸ ਦਾ ਛੋਟਾ ਭਰਾ ਤਾਮਿਲਨਾਡੂ ਵਿੱਚ ਐੱਮਬੀਬੀਐੱਸ ਕਰ ਰਿਹਾ ਹੈ।
ਪਿਛਲੇ ਸਾਲ ਸਤੰਬਰ 'ਚ ਉਨ੍ਹਾਂ ਦੀ ਮਾਂ ਐੱਮ. ਇੰਦਰਾ ਨੇ ਅਨੁਸੂਚਿਤ ਜਾਤੀ ਦੇ ਕੌਮੀ ਕਮਿਸ਼ਨ ਦੇ ਚੇਅਰਮੈਨ ਨੂੰ ਆਪਣੇ ਪੁੱਤਰ ਨਾਲ ਹੋ ਰਹੇ ਕਥਿਤ ਵਿਤਕਰੇ ਬਾਰੇ ਲਿਖਿਆ ਸੀ।
- 2016 ਦੇ ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਗੁਜਰਾਤ ਉਨ੍ਹਾਂ ਦਸ ਸਭ ਤੋਂ ਮਾੜੇ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਅਨੁਸੂਚਿਤ ਜਾਤੀ ਦੇ ਲੋਕਾਂ ਵਿਰੁੱਧ ਅਪਰਾਧ ਅਤੇ ਧੱਕੇਸਾਹੀ ਕੀਤੀ ਜਾਂਦੀ ਹੈ।
- ਅੰਕੜੇ ਦੱਸਦੇ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਪਛੜੇ ਵਰਗਾਂ ਦੇ ਵਿਰੁੱਧ ਅਪਰਾਧਾਂ ਦੀ ਦਰ ਵਧੀ ਹੈ, ਹਾਲਾਂਕਿ ਸਜ਼ਾ ਸੁਣਾਏ ਜਾਣ ਦੀ ਦਰ ਘਟ ਚੁੱਕੀ ਹੈ।
- ਹਾਲ ਹੀ ਵਿੱਚ ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ ਵਿੱਚ ਜਾਤੀ ਹਿੰਸਾ ਤੋਂ ਬਾਅਦ ਦਲਿਤਾਂ ਦੇ ਖਿਲਾਫ਼ ਹਿੰਸਾ ਭੜਕੀ। ਮੌਕਾ ਸੀ ਜੰਗ ਦੀ 200ਵੀਂ ਵਰ੍ਹੇਗੰਢ ਦਾ ਜਿਸ ਵਿੱਚ ਮਹਾਰ ਫੌਜੀਆਂ ਨੇ ਪੇਸ਼ਵਾ ਉੱਤੇ ਜਿੱਤ ਦਰਜ ਕੀਤੀ ਸੀ।












