ਪੈਡ ਦਾਦੀ ਪੈਡ ਤੋਂ ਲੈ ਕੇ ਅੰਡਰ ਗਾਰਮੈਂਟਸ ਵੀ ਕਰਦੀ ਹੈ ਦਾਨ

ਤਸਵੀਰ ਸਰੋਤ, ATUL MEHTA
- ਲੇਖਕ, ਦੀਪਲ ਕੁਮਾਰ ਸ਼ਾਹ
- ਰੋਲ, ਪੱਤਰਕਾਰ, ਬੀਬੀਸੀ
''ਭਾਰਤ ਵਿੱਚ ਲੋਕ ਕਈ ਚੀਜ਼ਾਂ ਦਾਨ ਕਰਦੇ ਹਨ ਪਰ ਸੈਨੇਟਰੀ ਪੈਡ ਤੇ ਅੰਡਰਗਾਰਮੈਂਟਜ਼ ਦਾਨ ਕਰਨ ਬਾਰੇ ਜ਼ਿਆਦਾਤਰ ਲੋਕ ਸੋਚ ਵੀ ਨਹੀਂ ਪਾਉਂਦੇ। ਜ਼ਰਾ ਉਨ੍ਹਾਂ ਬਾਰੇ ਸੋਚੋ ਜੋ ਇਨ੍ਹਾਂ ਨੂੰ ਖਰੀਦ ਵੀ ਨਹੀਂ ਸਕਦੇ।''
ਇਹ ਕਹਿਣਾ ਹੈ 62 ਸਾਲ ਦੀ ਮੀਨਾ ਮਹਿਤਾ ਦਾ ਜੋ ਗੁਜਰਾਤ ਦੇ ਸੂਰਤ ਵਿੱਚ ਰਹਿੰਦੀ ਹੈ।
ਸੂਰਤ ਦੇ ਸਰਕਾਰੀ ਸਕੂਲਾਂ ਦੀਆਂ ਕੁੜੀਆਂ ਉਨ੍ਹਾਂ ਨੂੰ ਪੈਡ ਦਾਦੀ ਕਹਿ ਕੇ ਬੁਲਾਉਂਦੀਆਂ ਹਨ ਜਦਕਿ ਝੁੱਗੀਆਂ ਵਿੱਚ ਰਹਿਣ ਵਾਲੀਆਂ ਕੁੜੀਆਂ ਉਨ੍ਹਾਂ ਨੂੰ 'ਪੈਡ ਵਾਲੀ ਬਾਈ' ਦੇ ਤੌਰ 'ਤੇ ਜਾਣਦੀਆਂ ਹਨ।
ਭਾਰਤ ਦੇ ਪੈਡਮੈਨ ਬਾਰੇ ਤਾਂ ਅਸੀਂ ਪਹਿਲਾਂ ਹੀ ਜਾਣਦੇ ਹਾਂ ਪਰ ਪੈਡ ਦਾਦੀ ਬਾਰੇ ਬਹੁਤ ਘੱਟ ਜਾਣਕਾਰੀ ਹੈ।
ਵੰਡਦੀ ਹੈ ਪੰਜ ਹਜ਼ਾਰ ਪੈਡ
ਮੀਨਾ ਹਰ ਮਹੀਨੇ 5,000 ਪੈਡ ਦਾਨ ਕਰਨ ਲਈ ਸੂਰਤ ਵਿੱਚ ਵੱਖ-ਵੱਖ ਸਕੂਲਾਂ ਤੇ ਝੁੱਗੀਆਂ ਦੇ ਗੇੜੇ ਲਾਉਂਦੀ ਹੈ। ਉਹ ਝੁੱਗੀਆਂ ਵਿੱਚ ਰਹਿਣ ਵਾਲੀਆਂ ਕੁੜੀਆਂ ਨੂੰ ਇੱਕ ਕਿੱਟ ਦਿੰਦੀ ਹੈ।

ਤਸਵੀਰ ਸਰੋਤ, ATUL MEHTA
ਮੀਨਾ ਪਹਿਲਾਂ ਕੁੜੀਆਂ ਨੂੰ ਸਿਰਫ਼ ਪੈਡ ਦਿੰਦੀ ਸੀ ਪਰ ਜਦੋਂ ਉਹ ਝੁੱਗੀਆਂ ਵਿੱਚ ਰਹਿਣ ਵਾਲੀਆਂ ਕੁੜੀਆਂ ਨੂੰ ਮਿਲੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਿਰਫ਼ ਪੈਡ ਦੇਣਾ ਹੀ ਕਾਫ਼ੀ ਨਹੀਂ ਹੈ ਕਿਉਂਕਿ ਇਨ੍ਹਾਂ ਕੁੜੀਆਂ ਕੋਲ ਪੈਡ ਦੀ ਵਰਤੋਂ ਕਰਨ ਲਈ ਅੰਡਰਗਾਰਮੈਂਟਜ਼ ਵੀ ਨਹੀਂ ਹਨ।
ਕੁੜੀਆਂ ਦੀ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਉਨ੍ਹਾਂ ਨੇ 'ਹੈਲਥ ਕਿੱਟ' ਦੇਣ ਬਾਰੇ ਸੋਚਿਆ। ਇਸ ਸਿਹਤ ਕਿੱਟ ਵਿੱਚ ਅੱਠ ਸੈਨੇਟਰੀ ਪੈਡ, ਦੋ ਅੰਡਰਵਿਅਰ, ਸ਼ੈਂਪੂ ਅਤੇ ਸਾਬਨ ਹੁੰਦੇ ਹਨ।
ਘਟਨਾ ਜਿਸ ਨੇ ਦਿੱਤੀ ਪ੍ਰੇਰਣਾ
ਮੀਨਾ ਨੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਜਦੋਂ ਸਾਲ 2004 ਵਿੱਚ ਤਮਿਲਨਾਡੂ ਵਿੱਚ ਸੁਨਾਮੀ ਆਈ ਸੀ ਉਦੋਂ ਇੰਫੋਸਿਸ ਫਾਊਂਡੇਸ਼ਨ ਦੀ ਪ੍ਰਧਾਨ ਸੁਧਾ ਮੂਰਤੀ ਨੇ ਪੀੜਤਾਂ ਨੂੰ ਸੈਨੇਟਰੀ ਪੈਡ ਵੰਡੇ ਸਨ।''
"ਉਨ੍ਹਾਂ ਨੇ ਸੋਚਿਆ ਕਿ ਲੋਕ ਪੀੜਤਾਂ ਨੂੰ ਖਾਣਾ ਅਤੇ ਹੋਰ ਚੀਜ਼ਾਂ ਦੇ ਰਹੇ ਹਨ ਪਰ ਬੇਘਰ ਔਰਤਾਂ ਦਾ ਕੀ ਜਿਨ੍ਹਾਂ ਨੂੰ ਮਾਹਵਾਰੀ ਹੋ ਰਹੀ ਹੋਵੇਗੀ? ਉਨ੍ਹਾਂ ਦੇ ਇਹੀ ਸ਼ਬਦਾਂ ਨਾਲ ਮੈਨੂੰ ਕੰਮ ਕਰਨ ਦੀ ਪ੍ਰੇਰਣਾ ਮਿਲੀ।"

ਤਸਵੀਰ ਸਰੋਤ, ATUL MEHTA
"ਬਾਅਦ ਵਿੱਚ ਮੈਂ ਕੁਝ ਅਜਿਹਾ ਦੇਖਿਆ ਜਿਸ ਨੇ ਮੈਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਅਤੇ ਜੋ ਮੈਂ ਅੱਜ ਕਰ ਰਹੀ ਹਾਂ ਉਸ ਲਈ ਮਜਬੂਰ ਕਰ ਦਿੱਤਾ। ਮੈਂ ਦੇਖਿਆ ਕਿ ਦੋ ਕੁੜੀਆਂ ਕੂੜੇ 'ਚੋਂ ਇਸਤੇਮਾਲ ਕੀਤੇ ਪੈਡ ਲੈ ਰਹੀਆਂ ਸਨ।"
"ਮੈਂ ਉਨ੍ਹਾਂ ਤੋਂ ਪੁੱਛਿਆ ਕਿ ਉਹ ਇਨ੍ਹਾਂ ਪੈਡਜ਼ ਦਾ ਕੀ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਨੂੰ ਧੌ ਕੇ ਇਸਤੇਮਾਲ ਕਰਨਗੀਆਂ।"
"ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਮੈਂ ਆਪਣੀ ਕੰਮਵਾਲੀ ਅਤੋ ਹੋਰਨਾਂ ਪੰਜ ਕੁੜੀਆਂ ਨੂੰ ਪੈਡ ਦੇਣੇ ਸ਼ੁਰੂ ਕੀਤੇ। ਫਿਰ ਮੈਂ ਸਕੂਲਾਂ ਵਿੱਚ ਜਾ ਕੇ ਪੈਡ ਵੰਡਣ ਲੱਗੀ।''
ਮੀਨਾ ਨੇ ਅੱਗੇ ਦੱਸਿਆ, "ਜਦੋਂ ਮੈਂ ਸਕੂਲ ਵਿੱਚ ਪੈਡ ਦੇਣ ਗਈ ਤਾਂ ਇੱਕ ਕੁੜੀ ਮੇਰੇ ਕੋਲ ਆਈ ਅਤੇ ਕੰਨ ਵਿੱਚ ਬੋਲੀ, ਦਾਦੀ ਤੁਸੀਂ ਪੈਡ ਦੇ ਰਹੇ ਹੋ ਪਰ ਸਾਡੇ ਕੋਲ ਪੈਡ ਇਸਤੇਮਾਲ ਕਰਨ ਲਈ ਅੰਡਰਵੀਅਰ ਹੀ ਨਹੀਂ ਹਨ। ਉਦੋਂ ਤੋਂ ਮੈਂ ਅੰਡਰਵੀਅਰ ਵੀ ਦੇ ਰਹੀ ਹਾਂ।"
"ਉੱਥੇ ਹੀ ਝੁੱਗੀਆਂ ਵਿੱਚ ਰਹਿਣ ਵਾਲੀਆਂ ਕੁੜੀਆਂ ਨੂੰ ਸਾਫ਼-ਸਫ਼ਾਈ ਦੀ ਜਾਣਾਕਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਇਨਫੈਕਸ਼ਨ ਹੋ ਜਾਂਦਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਪੂਰੀ ਕਿੱਟ ਦਿੰਦੀ ਹਾਂ।''

ਤਸਵੀਰ ਸਰੋਤ, ATUL MEHTA
ਉਨ੍ਹਾਂ ਨੇ ਕਿਹਾ, "ਸੁਧਾ ਮੂਰਤੀ ਇਹ ਸੁਣ ਕੇ ਕਾਫ਼ੀ ਹੈਰਾਨ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਔਰਤਾਂ ਲਈ ਕੰਮ ਕਰ ਰਹੇ ਹਨ ਪਰ ਇਹ ਗੱਲ ਕਿਵੇਂ ਉਨ੍ਹਾਂ ਦੇ ਦਿਮਾਗ ਵਿੱਚ ਨਹੀਂ ਆਈ? ਬਾਅਦ ਵਿੱਚ ਉਨ੍ਹਾਂ ਨੇ ਮੈਨੂੰ ਇੱਕ ਲੱਖ ਰੁਪਏ ਦੇ ਸੈਨੇਟਰੀ ਪੈਡ ਦੋ ਵਾਰੀ ਭੇਜੇ।"
ਵਿਦੇਸ਼ ਤੋਂ ਮਿਲੀ ਮਦਦ
ਮੀਨਾ ਕਹਿੰਦੀ ਹੈ ਕਿ ਸ਼ੁਰੂਆਤ ਵਿੱਚ ਇਸ ਕੰਮ ਲਈ ਹੋਣ ਵਾਲੇ ਖਰਚੇ ਵਿੱਚ ਉਨ੍ਹਾਂ ਦੇ ਪਤੀ ਮਦਦ ਕਰਦੇ ਸਨ। ਉਨ੍ਹਾਂ ਨੇ ਮੀਨਾ ਨੂੰ 25 ਹਜ਼ਾਰ ਰੁਪਏ ਦਿੱਤੇ ਸਨ ਪਰ ਬਾਅਦ ਵਿੱਚ ਕਈ ਹੋਰ ਲੋਕ ਇਸ ਮੁਹਿੰਮ ਨਾਲ ਜੁੜ ਗਏ।
ਲੰਡਨ, ਅਫ਼ਰੀਕਾ ਅਤੇ ਹਾਂਗਕਾਂਗ ਤੋਂ ਕਈ ਲੋਕਾਂ ਨੇ ਮੀਨਾ ਦੀ ਇਸ ਮੁਹਿੰਮ ਵਿੱਚ ਮਦਦ ਕੀਤੀ।

ਤਸਵੀਰ ਸਰੋਤ, ATUL MEHTA
ਹੁਣ ਮੀਨਾ ਮਹਿਤਾ ਮਾਨੁਨੀ ਸੰਸਥਾ ਚਲਾਉਂਦੀ ਹੈ।
ਮੀਨਾ ਨੇ ਦੱਸਿਆ ਕਿ ਜਿਨ੍ਹਾਂ ਔਰਤਾਂ ਨੇ ਪੈਡ ਦਾ ਇਸਤੇਮਾਲ ਸ਼ੁਰੂ ਕੀਤਾ ਉਹ ਕਹਿੰਦੀਆਂ ਹਨ ਕਿ ਹੁਣ ਉਨ੍ਹਾਂ ਨੂੰ ਖੁਰਕ ਜਾਂ ਹੋਰ ਸਫ਼ਾਈ ਸਬੰਧੀ ਮੁਸ਼ਕਿਲਾਂ ਨਹੀਂ ਹੁੰਦੀਆਂ। ਉਹ ਆਰਾਮ ਨਾਲ ਕੰਮ ਕਰ ਸਕਦੀਆਂ ਹਨ।
ਭਾਰਤ ਵਿੱਚ ਮਾਹਵਾਰੀ ਨਾਲ ਜੁੜੀਆਂ ਪਾਬੰਦੀਆਂ ਬਾਰੇ ਮੀਨਾ ਨੇ ਬੀਬੀਸੀ ਗੁਜਰਾਤੀ ਨੂੰ ਕਿਹਾ, "ਕੀ ਅਸੀਂ ਸਬਜ਼ੀ ਵੇਚਣ ਵਾਲੀ ਕਿਸੇ ਔਰਤ ਤੋਂ ਸਬਜ਼ੀ ਖਰੀਦਣ ਤੋਂ ਪਹਿਲਾਂ ਪੁੱਛਦੇ ਹਾਂ ਕਿ ਉਸ ਨੂੰ ਮਾਹਵਾਰੀ ਹੈ ਜਾਂ ਨਹੀਂ? ਮਾਹਵਾਰੀ ਨੂੰ ਲੈ ਕੇ ਇਹ ਛੂਤਛਾਤ ਅਤੇ ਪਾਬੰਦੀਆਂ ਨਾਮਨਜ਼ੂਰ ਹਨ।"












