ਹੁਣ ਸਾਰੀ ਰਾਤ ਰੱਟੇ ਲਾਉਣ ਦੀ ਲੋੜ ਨਹੀਂ, ਯਾਦਦਾਸ਼ਤ ਵਧਾਉਣੀ ਏ ਤਾਂ ਇਹ ਪੜ੍ਹੋ

ਨੀਂਦ, ਸੋਣਾ, ਵਿਦਿਆਰਥੀ, ਪੜ੍ਹਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੀਂਦ ਨਾ ਲੈਣ ਨਾਲ ਬੱਚਿਆਂ ਦੀ ਯਾਦਦਾਸ਼ਤ 'ਤੇ ਅਸਰ ਪੈਂਦਾ ਹੈ
    • ਲੇਖਕ, ਕ੍ਰਿਸਟਾਈਨ ਰੋ
    • ਰੋਲ, ਬੀਬੀਸੀ ਫਿਊਚਰ

ਰਾਤ ਦੇ ਆਰਾਮ ਨਾਲ ਮਨੁੱਖੀ ਯਾਦਦਾਸ਼ਤ ਨੂੰ ਕਿੰਨੇ ਫ਼ਾਇਦੇ ਹਨ, ਇਸ ਬਾਰੇ ਅਜੇ ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ, ਨਿਊਰੋ-ਵਿਗਿਆਨੀਆਂ ਨੇ ਇਸ ਵਿਸ਼ੇ 'ਤੇ ਖੋਜ ਅਜੇ ਸ਼ੁਰੂ ਕੀਤੀ ਹੈ।

ਜੇਕ ਤਮੀਨੇਨ ਦੇ ਬਹੁਤ ਸਾਰੇ ਅਜਿਹੇ ਵਿਦਿਆਰਥੀ ਹਨ, ਜੋ ਇਮਤਿਹਾਨ ਤੋਂ ਪਹਿਲਾਂ ਪੂਰੀ ਰਾਤ ਪੜ੍ਹਾਈ ਕਰਦੇ ਹਨ, ਤਾਂ ਜੋ ਉਹ ਜ਼ਿਆਦਾ ਤੋਂ ਜ਼ਿਆਦਾ ਪੜ੍ਹਾਈ ਕਰ ਸਕਣ।

ਪਰ ਯੂ.ਕੇ. ਦੀ ਰਾਇਲ ਹੋਲੋਵੇ ਯੂਨੀਵਰਸਿਟੀ ਵਿਚ ਮਨੋਵਿਗਿਆਨ ਦੇ ਇਹ ਲੈਕਚਰਾਰ ਵਿਦਿਆਰਥੀਆਂ ਨੂੰ ਇਹ ਚੇਤਾਵਨੀ ਦਿੰਦੇ ਹਨ ਕਿ, "ਜੋ ਤੁਸੀਂ ਕਰ ਰਹੇ ਹੋ ਇਹ ਸਹੀ ਨਹੀਂ ਹੈ।"

ਇਹ ਵੀ ਪੜ੍ਹੋ:

ਨੀਂਦ ਨਾਲ ਯਾਦਦਾਸ਼ਤ 'ਤੇ ਕਿਸ ਤਰੀਕੇ ਨਾਲ ਅਸਰ ਪੈਂਦਾ ਹੈ, ਤਮੀਨੇਨ ਇਸ ਵਿਸ਼ੇ ਦੇ ਮਾਹਿਰ ਹਨ, ਇਸ ਦਾ ਅਸਰ ਖਾਸ ਕਰਕੇ ਉਸ ਚੇਤੇ 'ਤੇ ਪੈਂਦਾ ਹੈ, ਜਿਸਦੀ ਭਾਸ਼ਾ ਲਈ ਲੋੜ ਹੁੰਦੀ ਹੈ।

ਸਲੀਪ ਲਰਨਿੰਗ ਯਾਨਿ ਕਿ ਸੁੱਤੇ ਹੋਏ ਸਿੱਖਣਾ- ਇਹ ਤਰੀਕਾ ਵਿਦਿਆਰਥੀ ਬੇਹੱਦ ਪਸੰਦ ਕਰਦੇ ਹਨ। ਵਿਦਿਆਰਥੀ ਸੋਚਦੇ ਹਨ ਕਿ ਸੁੱਤੇ ਹੋਏ ਕੋਈ ਭਾਸ਼ਾ-ਸਿੱਖਣ ਵਾਲੀ ਰਿਕਾਰਡਿੰਗ ਸੁਣਨ ਨਾਲ ਇਸ ਦੀ ਛਾਪ ਦਿਮਾਗ 'ਤੇ ਰਹਿ ਜਾਂਦੀ ਹੈ ਅਤੇ ਉਹ ਸਵੇਰੇ ਉੱਠਦੇ ਹੀ ਨਵੀਂ ਭਾਸ਼ਾ ਬੋਲ ਸਕਣਗੇ। ਇਹ ਸਿਰਫ਼ ਇੱਕ ਧਾਰਨਾ ਹੈ।

ਪਰ ਪੜ੍ਹਾਈ ਕਰਨ ਜਾਂ ਕੁਝ ਵੀ ਸਿੱਖਣ ਲਈ ਨੀਂਦ ਬਹੁਤ ਜ਼ਰੂਰੀ ਹੈ। ਤਮੀਨੇਨ ਅਤੇ ਕਈ ਹੋਰ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਇਸਦਾ ਜਵਾਬ ਦਿੰਦੀ ਹੈ।

ਤਮੀਨੇਨ ਦੇ ਚੱਲ ਰਹੇ ਖੋਜ ਪ੍ਰਾਜੈਕਟ ਵਿਚ ਹਿੱਸਾ ਲੈਣ ਵਾਲੇ ਵਾਲੰਟੀਅਰਜ਼ ਨਵੀਂ ਸ਼ਬਦਾਵਲੀ ਸਿੱਖਦੇ ਹਨ ਅਤੇ ਫਿਰ ਪੂਰੀ ਰਾਤ ਜਾਗਦੇ ਹਨ। ਤਮੀਨੇਨ ਉਨ੍ਹਾਂ ਦੀ ਯਾਦਾਸ਼ਤ ਦੀ ਤੁਲਨਾ ਕੁਝ ਰਾਤ ਜਾਗਣ ਵਾਲਿਆਂ ਦੀ ਸ਼ਬਦਾਵਲੀ ਨਾਲ ਕਰਦੇ ਹਨ।

ਸ਼ਬਦ ਯਾਦ ਕਰਨ ਤੋਂ ਬਾਅਦ ਨਾ ਸੌਣ ਵਾਲੇ ਹਿੱਸੇਦਾਰਾਂ ਨੂੰ ਕਈ ਰਾਤਾਂ ਦੀ ਰਿਕਵਰੀ ਸਲੀਪ (ਨੀਂਦ ਦੀ ਭਰਪਾਈ) ਦਿੱਤੀ ਗਈ।

ਇਸ ਤੋਂ ਬਾਅਦ ਵੀ ਨੀਂਦ ਲੈਣ ਵਾਲੇ ਅਤੇ ਨੀਂਦ ਨਾ ਲੈਣ ਵਾਲਿਆਂ ਦੇ ਸਮੂਹਾਂ ਦੀ ਜਦੋਂ ਸ਼ਬਦਾਂ ਨੂੰ ਤੇਜ਼ੀ ਨਾਲ ਸ਼ਬਦ ਚੇਤੇ ਕਰਨ ਦੀ ਤੁਲਨਾ ਕੀਤੀ ਗਈ ਤਾਂ ਆਪਸ ਵਿਚ ਕਾਫ਼ੀ ਫਰਕ ਦੇਖਣ ਨੂੰ ਮਿਲਿਆ।

ਨੀਂਦ, ਸੋਣਾ, ਵਿਦਿਆਰਥੀ, ਪੜ੍ਹਾਈ , ਲੈਬ

ਤਸਵੀਰ ਸਰੋਤ, Christine Ro

ਤਸਵੀਰ ਕੈਪਸ਼ਨ, ਤਮੀਨੇਨ ਵੱਲੋਂ ਜਿੱਥੇ ਨੀਂਦੇ ਬਾਰੇ ਖੋਜ ਨੂੰ ਅੰਜਾਮ ਦਿੱਤਾ ਜਾਂਦਾ ਹੈ, ਉਹ ਉਨ੍ਹਾਂ ਦੀ ਸਲੀਪ ਲੈਬ ਹੈ

ਉਨ੍ਹਾਂ ਦਾ ਕਹਿਣਾ ਹੈ ਕਿ, "ਨੀਂਦ ਸੱਚ-ਮੁੱਚ ਹੀ ਚੀਜ਼ਾਂ ਸਿੱਖਣ ਅਤੇ ਯਾਦ ਕਰਨ ਦਾ ਮੁੱਖ ਹਿੱਸਾ ਹੈ।" ਉਹ ਆਖਦੇ ਹਨ ਕਿ, "ਭਾਵੇਂ ਤੁਸੀਂ ਸੁੱਤੇ ਹੋਏ ਪੜ੍ਹ ਨਹੀਂ ਰਹੇ ਹੁੰਦੇ, ਪਰ ਤੁਹਾਡਾ ਦਿਮਾਗ ਅਜੇ ਵੀ ਪੜ੍ਹ ਰਿਹਾ ਹੁੰਦਾ ਹੈ।

ਇਸ ਤਰ੍ਹਾਂ ਲਗਦਾ ਹੈ ਜਿਵੇਂ ਤੁਹਾਡਾ ਦਿਮਾਗ ਤੁਹਾਡੇ ਕਹਿਣੇ 'ਤੇ ਕੰਮ ਕਰ ਰਿਹਾ ਹੋਵੇ। ਤੁਸੀਂ ਆਪਣੀ ਪੜ੍ਹਾਈ ਵਿੱਚ ਲਗਾਏ ਗਏ ਸਮੇਂ ਦਾ ਪ੍ਰਭਾਵ ਉਦੋਂ ਤੱਕ ਹਾਸਲ ਨਹੀਂ ਕਰ ਸਕਦੇ, ਜਦੋਂ ਤੱਕ ਤੁਸੀਂ ਸੌਂ ਨਹੀਂ ਜਾਂਦੇ।"

ਕੀ ਹੁੰਦਾ ਹੈ ਸੁੱਤੇ ਹੋਏ ਵਿਅਕਤੀ ਦੇ ਦਿਮਾਗ ਅੰਦਰ?

ਤਮੀਨੇਨ ਵੱਲੋਂ ਜਿੱਥੇ ਨੀਂਦ ਬਾਰੇ ਖੋਜ ਨੂੰ ਅੰਜਾਮ ਦਿੱਤਾ ਜਾਂਦਾ ਹੈ, ਉਹ ਉਨ੍ਹਾਂ ਦੀ ਸਲੀਪ ਲੈਬ ਹੈ। ਥੋੜ੍ਹੀ ਬਹੁਤ ਸਜਾਵਟ ਵਾਲੇ ਇਸ ਕਮਰੇ ਵਿੱਚ ਇਕ ਬਿਸਤਰਾ ਹੈ, ਇੱਕ ਰੰਗੀਨ ਕੱਪੜਾ ਹੈ ਅਤੇ ਫਰੇਮ ਕੀਤੀਆਂ ਗਈਆਂ ਕਾਗਜ਼ ਦੀਆਂ ਤਿਤਲੀਆਂ ਹਨ।

ਬਿਸਤਰੇ ਉੱਪਰ ਇੱਕ ਛੋਟੀ ਇਲੈਕਟ੍ਰੋ-ਐਨਸੇਫ਼ੈਲੋਗ੍ਰਾਫ਼ੀ (ਈਈਜੀ) ਮਸ਼ੀਨ ਹੈ, ਜੋ ਕਿ ਖੋਜ ਵਿਚ ਭਾਗ ਲੈਣ ਵਾਲੇ ਵਿਅਕਤੀ ਦੇ ਦਿਮਾਗ ਵਿਚ ਹੋਣ ਵਾਲੀ ਹਰਕਤਾਂ 'ਤੇ ਨਜ਼ਰ ਰੱਖਦੀ ਹੈ। ਇਹ ਮਸ਼ੀਨ ਨਾ ਸਿਰਫ਼ ਦਿਮਾਗ ਦੇ ਵੱਖੋ-ਵੱਖ ਹਿੱਸਿਆਂ (ਫਰੰਟਲ, ਟੈਂਪੋਰਲ ਅਤੇ ਪੇਰਾਈਟਲ)ਵਿੱਚ ਹੋਣ ਵਾਲੀ ਹਲਚਲ, ਸਗੋਂ ਮਾਸਪੇਸ਼ੀ ਵਿਚ ਹੋਣ ਵਾਲੀਆਂ ਹਰਕਤ ਅਤੇ ਅੱਖਾਂ ਦੀ ਗਤੀਵਿਧੀ ਵੀ ਮਾਪਦੀ ਹੈ।

ਕੰਟਰੋਲ ਰੂਮ ਵਿਚ ਖੋਜਕਰਤਾ ਅਸਲ ਸਮੇਂ ਮੁਤਾਬਕ ਇਹ ਦੇਖ ਸਕਦੇ ਹਨ ਕਿ ਵਾਲੰਟੀਅਰ ਦੇ ਦਿਮਾਗ ਦਾ ਕਿਹੜਾ ਹਿੱਸਾ ਕਿਰਿਆਸ਼ੀਲ ਹੋ ਰਿਹਾ ਹੈ, ਕਿੰਨੇ ਸਮੇਂ ਲਈ ਹੋ ਰਿਹਾ ਹੈ ਅਤੇ ਕਿੰਨੀ ਹੱਦ ਤੱਕ।

ਗਰਾਫ਼ ਦੀ ਸਹਾਇਤਾ ਨਾਲ ਵਾਲੰਟੀਅਰ ਦੀਆਂ ਅੱਖਾਂ ਦੀ ਗਤੀਵਿਧੀ ਬਾਰੇ ਆਰਾਮ ਨਾਲ ਦੇਖਿਆ ਜਾ ਸਕਦਾ ਹੈ। ਈ 1 ਅਤੇ ਈ 2 (ਅੱਖ 1 ਅਤੇ ਅੱਖ 2) ਦੇ ਗਤੀਵਿਧੀ ਗਰਾਫ਼ ਨੂੰ ਦੇਖ ਕੇ ਅਰਾਮ ਨਾਲ ਕਿਹਾ ਜਾ ਸਕਦਾ ਹੈ ਕਿ ਕਦੋਂ ਵਾਲੰਟੀਅਰ ਰੈਪਿਡ ਆਈ ਮੂਵਮੈਂਟ (ਆਰਈਐਮ) ਦੀ ਹਾਲਤ ਵਿੱਚ ਹੈ।

ਤਮੀਨੇਨ ਦੀ ਮੌਜੂਦਾ ਖੋਜ ਅਤੇ ਭਾਸ਼ਾ ਦੇ ਵਿਕਾਸ ਵਿਚ ਨੀਂਦ ਦੀ ਭੂਮਿਕਾ ਲਈ ਆਮ ਤੌਰ 'ਤੇ ਜ਼ਿਆਦਾ ਮਹੱਤਰਪੂਰਨ ਹੈ, ਡੂੰਘੀ ਨੀਂਦ ਦਾ ਗੈਰ-ਆਰਈਐਮ ਪੜਾਅ, ਜਿਸ ਨੂੰ ਸਲੋ-ਵੇਵ ਸਲੀਪ (ਐਸਡਬਲਯੂਐਸ) ਕਿਹਾ ਜਾਂਦਾ ਹੈ। ਯਾਦਾਂ ਨੂੰ ਬਨਾਉਣ ਅਤੇ ਕਾਇਮ ਰੱਖਣ ਲਈ, ਭਾਵੇਂ ਉਹ ਸ਼ਬਦਾਵਲੀ ਹੋਵੇ, ਵਿਆਕਰਣ ਜਾਂ ਕੋਈ ਹੋਰ ਗਿਆਨ, ਐਸਡਬਲਯੂਐਸ ਕਾਫ਼ੀ ਮਹੱਤਵਪੂਰਨ ਹੈ।

ਨੀਂਦ, ਸੋਣਾ, ਵਿਦਿਆਰਥੀ, ਪੜ੍ਹਾਈ , ਲੈਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਿੱਪੋਕੈਂਪਸ ਅਤੇ ਨਿਓਕੋਰਟੈਕਸ ਵਿਚਾਲੇ ਜਿਹੜੇ ਰਸਤੇ ਰਾਹੀਂ ਜਾਣਕਾਰੀ ਗੁਜ਼ਰਦੀ ਹੈ, ਉਸ ਵਿੱਚ ਬਹੁਤ ਸਾਰੇ ਸਲੀਪ ਸਪਿੰਡਲਜ਼ ਹੁੰਦੇ ਹਨ

ਦਿਮਾਗ ਦੇ ਵੱਖ-ਵੱਖ ਹਿੱਸਿਆਂ ਵਿਚ ਆਪਸੀ ਪ੍ਰਕਿਰਿਆ ਇੱਥੇ ਮੁੱਖ ਹੈ। ਹਿੱਪੋਕੈਂਪਸ ਦਿਮਾਗ ਦਾ ਇੱਕ ਹਿੱਸਾ ਹੁੰਦਾ ਹੈ ਜੋ ਛੇਤੀ ਯਾਦ ਕਰਨ ਲਈ ਚੰਗਾ ਹੁੰਦਾ ਹੈ। ਐਸਡਬਲਯੂਐਸ ਦੌਰਾਨ ਹਿੱਪੋਕੈਂਪਸ, ਨਿਓਕੋਰਟੈਕਸ ਦੇ ਨਾਲ ਲਗਾਤਾਰ ਸੰਪਰਕ ਵਿਚ ਰਹਿੰਦਾ ਹੈ, ਤਾਂ ਜੋ ਕਿਸੇ ਚੀਜ਼ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆਂ ਲਈ ਮਜ਼ਬੂਤ ਕੀਤਾ ਜਾ ਸਕੇ।

ਹੋ ਸਕਦਾ ਹੈ ਕਿ ਕਿਸੇ ਯਾਦ ਕੀਤੇ ਗਏ ਸ਼ਬਦ ਨੂੰ ਸ਼ੁਰੂਆਤ ਵਿਚ ਹਿੱਪੋਕੈਂਪਸ ਵੱਲੋਂ ਐਨਕੋਡ ਕੀਤਾ ਜਾਵੇ, ਪਰ ਇਸ ਗਿਆਨ ਨੂੰ ਮਜ਼ਬੂਤੀ ਦੇਣ ਲਈ ਇਸ ਵਿਚ ਨਿਓਕੋਰਟੀਕਲ ਸਿਸਟਮ ਦੀ ਸ਼ਮੂਲੀਅਤ ਕੀਤੀ ਜਾ ਸਕਦੀ ਹੈ। ਇਹ ਸ਼ਬਦ ਯਾਦ ਕਰਨ ਤੋਂ ਬਾਅਦ, ਇਸ ਸਬੰਧੀ ਪੈਟਰਨ ਖੋਜ ਕਰਕੇ, ਅਤੇ ਸਿਰਜਣਾਤਮਕ ਤੌਰ 'ਤੇ ਮੁਸ਼ਕਲਾਂ ਦਾ ਹੱਲ ਕਰਨ ਲਈ ਇਨ੍ਹਾਂ ਸ਼ਬਦਾਂ ਨੂੰ ਹੋਰ ਵਿਚਾਰਾਂ ਨਾਲ ਜੋੜਿਆ ਜਾ ਸਕਦਾ ਹੈ।

ਹਿੱਪੋਕੈਂਪਸ ਅਤੇ ਨਿਓਕੋਰਟੈਕਸ ਵਿਚਾਲੇ ਜਿਹੜੇ ਰਸਤੇ ਰਾਹੀਂ ਜਾਣਕਾਰੀ ਗੁਜ਼ਰਦੀ ਹੈ, ਉਸ ਵਿੱਚ ਬਹੁਤ ਸਾਰੇ ਸਲੀਪ ਸਪਿੰਡਲਜ਼ ਹੁੰਦੇ ਹਨ। ਦਿਮਾਗ ਦੀ ਗਤੀਵਿਧੀ ਵਿੱਚ ਇਹ ਉਹ ਸਪਾਈਕਸ ਹਨ ਜੋ ਤਿੰਨ ਸਕਿੰਟਾਂ ਤੋਂ ਵੱਧ ਨਹੀਂ ਹੁੰਦੇ।

ਇਹ ਵੀ ਪੜ੍ਹੋ:

ਤਮੀਨੇਨ ਮੁਤਾਬਕ, "ਸਲੀਪ ਸਪਿੰਡਲਜ਼ ਦਾ ਸਬੰਧ ਨਵੀਂ ਜਾਣਕਾਰੀ ਨੂੰ ਦਿਮਾਗ ਵਿਚ ਪਹਿਲਾਂ ਤੋਂ ਮੌਜੂਦ ਜਾਣਕਾਰੀ ਨਾਲ ਜੋੜਨ ਦੇ ਨਾਲ ਹੈ।" ਉਨ੍ਹਾਂ ਦੀ ਖੋਜ ਵਿਚ ਭਾਗ ਲੈਣ ਵਾਲਿਆਂ ਤੋਂ ਸਾਹਮਣੇ ਆਏ ਅੰਕੜੇ ਇਹ ਦਰਸਾਉਂਦੇ ਹਨ ਕਿ ਜ਼ਿਆਦਾ ਸਲੀਪ ਸਪਿੰਡਲਜ਼ ਦੇ ਨਾਲ ਯਾਦ ਕੀਤੇ ਗਏ ਸ਼ਬਦਾਂ ਨੂੰ ਜ਼ਿਆਦਾ ਮਜ਼ਬੂਤੀ ਹਾਸਲ ਹੋਈ।

ਹਾਲਾਂਕਿ ਤਮੀਨੇਨ ਸਲੋ-ਵੇਵ ਸਲੀਪ ਵੱਲ ਧਿਆਨ ਕੇਂਦਰਿਤ ਕਰਦੇ ਹਨ, ਪਰ ਇੱਕ ਹੋਰ ਵੀ ਥਿਊਰੀ ਹੈ ਜਿਸ ਮੁਤਾਬਕ ਭਾਸ਼ਾ ਦੇ ਵਿਕਾਸ ਵਿਚ ਆਰਈਐਮ ਸਲੀਪ ਦਾ ਵੀ ਯੋਗਦਾਨ ਰਹਿੰਦਾ ਹੈ, ਜੋ ਕਿ ਸਲੀਪ ਸਾਈਕਲ ਦੇ ਇਸ ਹਿੱਸੇ ਦੌਰਾਨ ਆਉਣ ਵਾਲੇ ਸੁਪਨਿਆਂ ਰਾਹੀਂ ਹੁੰਦਾ ਹੈ। ਕੈਨੇਡਾ ਦੀ ਯੂਨੀਵਰਸਿਟੀ ਆਫ ਓਟਵਾ ਵਿੱਚ ਨੀਂਦ ਅਤੇ ਸੁਪਨਿਆਂ ਸਬੰਧੀ ਲੈਬ 'ਚ ਕੀਤੀ ਗਈ ਖੋਜ ਤੋਂ ਸਾਹਮਣੇ ਆਇਆ ਹੈ ਕਿ ਫ਼ਰੈਂਚ ਵਿੱਚ ਸੁਪਨੇ ਲੈਣ ਵਾਲੇ ਅੰਡਰਗ੍ਰੈਜੁਏਟਸ ਦੇ ਦਿਮਾਗ, ਸਿੱਖੀ ਜਾ ਰਹੀ ਭਾਸ਼ਾ ਦੇ ਨਾਲ ਨਵੇਂ ਕੁਨੈਕਸ਼ਨ ਸਥਾਪਤ ਕਰਨ ਵਿੱਚ ਸਮਰਥ ਸਨ।

ਨੀਂਦ, ਸੋਣਾ, ਵਿਦਿਆਰਥੀ, ਪੜ੍ਹਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਡੇ ਸਰੀਰ ਦੀਆਂ ਅੰਦਰੂਨੀ ਘੜੀਆਂ ਦਾ ਵੀ ਜੈਨੇਟਿਕ ਆਧਾਰ ਹੁੰਦਾ ਹੈ, ਇਹ ਅੰਦਰੂਨੀ ਘੜੀਆਂ ਸਾਨੂੰ ਦੱਸਦੀਆਂ ਹਨ ਕਿ ਕਦੋਂ ਸੌਣਾ ਹੈ ਅਤੇ ਕਦੋਂ ਜਾਗਣਾ ਹੈ

ਆਖਰਕਾਰ ਸੁਪਨੇ, ਦਿਨ ਵਿੱਚ ਵਾਪਰੀਆਂ ਘਟਨਾਵਾਂ ਦੇ ਮਹਿਜ਼ ਰੀਪਲੇਅ ਹੀ ਨਹੀਂ ਹੁੰਦੇ। ਖੋਜ ਰਾਹੀਂ ਇਹ ਵੀ ਦੱਸਿਆ ਗਿਆ ਹੈ ਕਿ ਦਿਮਾਗ ਦੇ ਉਹ ਖੇਤਰ ਜੋ ਲੌਜਿਕ ਦੇਖਦੇ ਹਨ (ਫ਼ਰੰਟਲ ਲੌਬ), ਜੋ ਭਾਵਨਾਵਾਂ ਵੱਲ ਦੇਖਦੇ ਹਨ (ਐਮੀਗਡਾਲਾ), ਨੀਂਦ ਦੌਰਾਨ ਇਹ ਆਪਸ ਵਿੱਚ ਵੱਖ-ਵੱਖ ਤਰੀਕੇ ਨਾਲ ਕੰਮ ਕਰਦੇ ਹਨ।

ਇਸ ਨਾਲ ਇਨ੍ਹਾਂ ਕਲਪਨਾਤਮਿਕ ਨਵੇਂ ਕਨੈਕਸ਼ਨਾਂ ਨੂੰ ਵਾਪਰਨ ਦੀ ਇਜਾਜ਼ਤ ਮਿਲਦੀ ਹੈ। ਉਹ ਵਿਦਿਆਰਥੀ ਜੋ ਕਿ ਡੂੰਘਾਈ ਨਾਲ ਦੂਜੀ ਭਾਸ਼ਾ ਸਿੱਖ ਰਹੇ ਹੋਣ ਉਨ੍ਹਾਂ ਨੂੰ ਆਰਈਐਮ ਸਲੀਪ ਜ਼ਿਆਦਾ ਮਿਲਦੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਨੀਂਦ ਦੌਰਾਨ, ਸਿੱਖੀਆਂ ਗਈ ਚੀਜ਼ਾਂ ਨੂੰ ਆਪਸ ਵਿਚ ਜੋੜਨ ਲਈ ਜ਼ਿਆਦਾ ਸਮਾਂ ਮਿਲਦਾ ਹੈ, ਜਿਸ ਨਾਲ ਅਗਲੇ ਦਿਨ ਇਸ ਦੇ ਚੰਗੇ ਨਤੀਜੇ ਹਾਸਤ ਹੁੰਦੇ ਹਨ।

ਰਾਤ ਦੌਰਾਨ ਸਥਾਪਤ ਹੋਣ ਵਾਲਾ ਤਾਲਮੇਲ

ਸਾਡੇ ਅੰਦਰ ਕਿੰਨੇ ਸਲੀਪ ਸਪਿੰਡਲਜ਼ ਹੋ ਸਕਦੇ ਹਨ ਇਸ ਲਈ ਵਿਅਕਤੀ ਵਿੱਚ ਇਕ ਆਨੂਵੰਸ਼ਕ ਅੰਗ (ਜੈਨੇਟਿਕ ਕੌਮਪੋਨੈਂਟ)ਹੁੰਦਾ ਹੈ। ਸਾਡੇ ਸਰੀਰ ਦੀਆਂ ਅੰਦਰੂਨੀ ਘੜੀਆਂ ਦਾ ਵੀ ਜੈਨੇਟਿਕ ਆਧਾਰ ਹੁੰਦਾ ਹੈ, ਇਹ ਅੰਦਰੂਨੀ ਘੜੀਆਂ ਸਾਨੂੰ ਦੱਸਦੀਆਂ ਹਨ ਕਿ ਕਦੋਂ ਸੌਣਾ ਹੈ ਅਤੇ ਕਦੋਂ ਜਾਗਣਾ ਹੈ। ਆਪਣੀ ਕੌਗਨੀਟਿਵ ਕਾਰਗੁਜ਼ਾਰੀ ਦੇ ਸਿਖਰ 'ਤੇ ਪਹੁੰਚਣ ਲਈ ਤਿਆਰ ਹੋਏ ਸਾਈਕਲਜ਼ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।

ਮਾਈਕਲ ਡਲਬਯੂ ਯੰਗ ਤੋਂ ਇਲਾਵਾ ਸਿਰਫ਼ ਕੁਝ ਹੀ ਲੋਕਾਂ ਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਹੈ। ਮਾਈਕਲ ਨੂੰ ਸਾਲ 2017 ਵਿਚ 2 ਹੋਰ ਸਹਿ-ਖੋਜਕਰਤਾਵਾਂ ਨਾਲ ਸਾਂਝੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਕਲੌਕ ਜੀਨਜ਼ 'ਤੇ ਕੀਤੇ ਗਏ ਕੰਮ ਲਈ ਫੀਜ਼ੀਓਲੋਜੀ/ਮੈਡੀਸਨ ਦੇ ਖੇਤਰ ਵਿੱਚ ਇਹ ਪੁਰਸਕਾਰ ਦਿੱਤਾ ਗਿਆ। ਯੰਗ ਸਮਝਾਉਂਦੇ ਹਨ ਕਿ ਸਹੀ ਤਰੀਕੇ ਨਾਲ ਕੰਮ ਕਰਨ ਲਈ- ਭਾਵੇਂ ਉਹ ਘਰ ਵਿੱਚ ਹੋਏ, ਕੰਮ ਦੌਰਾਨ, ਜਾਂ ਫਿਰ ਜ਼ਿੰਦਗੀ ਦੇ ਕਿਸੇ ਹੋਰ ਖੇਤਰ ਵਿਚ- "ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿ ਮੁੜ ਤੋਂ ਤਾਲਮੇਲ ਵਾਲੇ ਮਾਹੌਲ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ।"

ਨੀਂਦ, ਸੋਣਾ, ਵਿਦਿਆਰਥੀ, ਪੜ੍ਹਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਪੱਸ਼ਟ ਹੈ ਕਿ ਬੱਚਿਆਂ ਵਿਚ ਅਤੇ ਵੱਡਿਆਂ 'ਚ ਵੀ, ਨਵੀਂ ਭਾਸ਼ਾ ਸਿੱਖਣ ਵਾਲਿਆਂ ਲਈ ਲੰਬੀ ਨੀਂਦ ਆਲਸ ਦੀ ਨਿਸ਼ਾਨੀ ਨਹੀਂ ਹੈ

ਉਹ ਵਿਅਕਤੀ ਜਿਸ ਨੂੰ ਆਪਣੀ ਜੀਵਨ ਸ਼ੈਲੀ ਵਿੱਚ, ਵਾਤਾਵਰਨ ਕਾਰਨ ਜਾਂ ਵਿਰਾਸਤ ਵਿੱਚ ਹੀ ਨੀਂਦ ਨਾਲ ਸਬੰਧਤ ਕੋਈ ਵਿਕਾਰ ਮਿਲਿਆ ਹੋਵੇ, ਜਿਸ ਨਾਲ ਟੁੱਟਵੀਂ ਨੀਂਦ ਅਨੁਭਵ ਕਰਦਾ ਹੋਵੇ- ਉਸ ਨੂੰ ਲੋਕ ਪਹਿਲਾਂ ਹੀ ਵਾਕ ਵਿਚ ਅਕਸਰ ਕੁਝ ਖਰਾਬ ਜਵਾਬ ਦੇ ਦਿੰਦੇ ਹਨ।

ਇਨ੍ਹਾਂ ਜਵਾਬਾਂ ਵਿੱਚ ਵਿਅਕਤੀਆਂ ਨੂੰ ਰੋਸ਼ਨੀ ਨੂੰ ਪੂਰੀ ਤਰ੍ਹਾਂ ਰੋਕਣ ਵਾਲੇ ਪਰਦਿਆਂ ਦੀ ਵਰਤੋਂ ਕਰਨਾ ਜਾਂ ਫਿਰ ਦਿਨ ਦੌਰਾਨ ਤੇਜ਼ ਰੋਸ਼ਨੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸਲਾਹ ਕੁਦਰਤੀ ਰੋਸ਼ਨੀ ਅਤੇ ਡਾਰਕ ਸਾਈਕਲਜ਼ ਦੀ ਨਕਲ ਕਰਨ ਲਈ ਦਿੱਤੀ ਜਾਂਦੀ ਹੈ।

ਪਾਵਰ ਨੈਪਸ

ਬਾਲਗਾਂ ਵਿਚ ਯਾਦ ਕਰਨ ਦੀ ਪ੍ਰਤੀਕਿਰਿਆ ਵਿੱਚ ਸਿਰਕਾਡੀਅਨ ਤਾਲ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ, ਪਰ ਇਸ ਦਾ ਮਹੱਤਵ ਖਾਸ ਤੌਰ 'ਤੇ ਬਚਪਨ ਵਿਚ ਹੀ ਦੇਖਿਆ ਜਾ ਸਕਦਾ ਹੈ।

ਬੱਚਿਆਂ ਨੂੰ ਵੱਡਿਆਂ ਦੇ ਮੁਕਾਬਲੇ ਜ਼ਿਆਦਾ ਸ਼ੌਰਟ-ਵੇਵ ਸਲੀਪ ਪ੍ਰਾਪਤ ਹੁੰਦੀ ਹੈ- ਇਹ ਇਕ ਕਾਰਕ ਹੈ ਜਿਸ ਰਾਹੀਂ ਇਹ ਸਮਝਾਇਆ ਜਾ ਸਕਦਾ ਹੈ ਕਿ ਬੱਚੇ ਐਨੀ ਛੇਤੀ ਕਿਸ ਤਰ੍ਹਾਂ ਚੀਜ਼ਾਂ ਯਾਦ ਕਰ ਲੈਂਦੇ ਹਨ, ਉਹ ਵੀ ਕਈ ਭਾਸ਼ਾਵਾਂ ਅਤੇ ਕਈ ਖੇਤਰਾਂ ਵਿਚ।

ਨੀਂਦ, ਸੋਣਾ, ਵਿਦਿਆਰਥੀ, ਪੜ੍ਹਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਲਗਾਂ ਵਿਚ ਯਾਦ ਕਰਨ ਦੀ ਪ੍ਰਕੀਰਿਆ ਵਿੱਚ ਸਿਰਕਾਡੀਅਨ ਤਾਲ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ, ਪਰ ਇਸ ਦਾ ਮਹੱਤਵ ਖਾਸ ਤੌਰ 'ਤੇ ਬਚਪਨ ਵਿਚ ਹੀ ਦੇਖਿਆ ਜਾ ਸਕਦਾ ਹੈ

ਜਰਮਨੀ ਦੀ ਯੂਨੀਵਰਸਿਟੀ ਆਫ਼ ਟੂਬੀਗਨ ਦਿ ਚਾਈਲਡ ਸਲੀਪ ਲੈਬ ਵਿਚ ਬੱਚਿਆਂ ਦੀ ਯਾਦਦਾਸ਼ਤ ਨੂੰ ਮਜ਼ਬੂਤ ਕਰਨ ਵਿਚ ਨੀਂਦ ਦੀ ਭੂਮਿਕਾ 'ਤੇ ਜਾਂਚ ਕੀਤੀ ਗਈ। ਜਾਂਚ ਦੌਰਾਨ ਇਸ ਗੱਲ 'ਤੇ ਨਜ਼ਰ ਰੱਖੀ ਗਈ ਕਿ ਬੱਚੇ ਦੇ ਦਿਮਾਗ ਵਿਚ ਨੀਂਦ ਦੌਰਾਨ ਕੀ ਹੁੰਦਾ ਹੈ, ਅਤੇ ਨੀਂਦ ਤੋਂ ਪਹਿਲਾਂ ਅਤੇ ਨੀਂਦ ਤੋਂ ਬਾਅਦ ਉਹ ਕਿੰਨੀ ਜਾਣਕਾਰੀ ਦੀ ਯਾਦ ਕਾਇਮ ਰੱਖਦੇ ਹਨ। ਜਿਸ ਤੋਂ ਇਹ ਪਤਾ ਚਲਦਾ ਹੈ ਕਿ ਨੀਂਦ ਸਾਡੇ ਅੰਦਰ ਪਹਿਲਾਂ ਤੋਂ ਮੌਜੂਦ ਗਿਆਨ (ਇੰਪਲੀਸਿਟ ਨੌਲੇਜ, ਪ੍ਰੋਸੀਜਰਲ ਮੈਮਰੀ) ਤੱਕ ਪਹੁੰਚ ਕਰਨ ਵਿਚ ਸਹਾਇਤਾ ਕਰਦੀ ਹੈ, ਅਤੇ ਨਾਲ ਹੀ ਇਸ ਗਿਆਨ ਨੂੰ ਸਪਸ਼ਟ (ਐਕਸਪਲੀਸਿਟ, ਡੈਕਲਾਰੇਟਿਵ ਮੈਮਰੀ) ਕਰਕੇ ਬਾਹਰ ਲੈ ਆਉਣ ਵਿਚ ਵੀ ਸਹਾਇਕ ਹੈ।

ਹਾਲਾਂਕਿ ਬਾਲਗਾਂ ਵਿੱਚ ਦਿਨ ਦੌਰਾਨ ਹੀ ਇਸ ਜਾਣਕਾਰੀ ਨੂੰ ਯਾਦ ਕਰ ਲਿਆ ਗਿਆ ਮੰਨਿਆ ਜਾ ਸਕਦਾ ਹੈ।

ਕੈਨੇਡੀਅਨ ਸਲੀਪ ਐਂਡ ਸਿਰਕੈਡੀਅਨ ਨੈੱਟਵਰਕ ਦੇ ਕੌਆਰਡੀਨੇਟਰ ਡੌਮੀਨੀਕ ਪੇਟੀਟ ਦਾ ਕਹਿਣਾ ਹੈ ਕਿ, "ਇਸ ਦੇ ਪ੍ਰਭਾਵ ਸ਼ੁਰੂਆਤੀ ਬਚਪਨ ਦੌਰਾਨ ਵਧੇਰੇ ਦੇਖੇ ਜਾ ਸਕਦੇ ਹਨ ਕਿਉਂਕਿ ਇਸ ਵੇਲੇ ਦਿਮਾਗ ਵਿਕਸਿਤ ਹੋ ਰਿਹਾ ਹੁੰਦਾ ਹੈ।"

ਉਨ੍ਹਾਂ ਰਾਹੀਂ ਬੱਚਿਆਂ ਦੀ ਸਿਰਕੈਡੀਅਨ ਤਾਲ 'ਤੇ ਵੀ ਖੋਜ ਕੀਤੀ ਗਈ ਹੈ। ਵਿਹਾਰਕ ਰੂਪ ਵਿਚ ਕਿਹਾ ਜਾਵੇ ਤਾਂ, ਇਸਦਾ ਮਤਲਬ ਹੈ ਕਿ, "ਦਿਨ ਦੌਰਾਨ ਬੱਚਿਆਂ ਨੂੰ ਸੌਣ ਦੀ ਜ਼ਰੂਰਤ ਹੈ ਤਾਂ ਜੋ ਉਹ ਸਿੱਖਣ ਵਾਲੀ ਹਰ ਗੱਲ ਨੂੰ ਯਾਦ ਕਰ ਸਕਣ।"

ਉਨ੍ਹਾਂ ਦਾ ਕਹਿਣਾ ਹੈ ਕਿ, "ਛੋਟੇ ਬੱਚਿਆਂ ਵਿਚ ਸ਼ਬਦਾਵਲੀ ਦੇ ਵਾਧੇ, ਸ਼ਬਦਾਂ ਦੇ ਅਰਥਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਦੇਖਣਾ ਅਤੇ ਭਾਸ਼ਾਂ ਵਿੱਚ ਵੱਖਰੇ ਤੌਰ 'ਤੇ ਧਿਆਨ ਦਿੱਤੇ ਜਾਣ ਵਾਲੀਆਂ ਚੀਜ਼ਾਂ ਨੂੰ ਸਿੱਖਣ ਲਈ ਦਿਨ ਦੌਰਾਨ ਲਈ ਜਾਣ ਵਾਲੀ ਨੀਂਦ ਬਹੁਤ ਹੀ ਅਹਿਮ ਹੁੰਦੀ ਹੈ।" ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ, "ਪੂਰੀ ਜ਼ਿੰਦਗੀ ਦੌਰਾਨ ਯਾਦਦਾਸ਼ਤ ਲਈ ਅਤੇ ਨਵਾਂ ਕੁਝ ਸਿੱਖਣ/ਯਾਦ ਕਰਨ ਲਈ ਨੀਂਦ ਬਹੁਤ ਅਹਿਮ ਹੈ।"

ਨੀਂਦ, ਸੋਣਾ, ਵਿਦਿਆਰਥੀ, ਪੜ੍ਹਾਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿਨ ਦੌਰਾਨ ਬੱਚਿਆਂ ਨੂੰ ਸੌਣ ਦੀ ਜ਼ਰੂਰਤ ਹੈ ਤਾਂ ਜੋ ਉਹ ਸਿੱਖਣ ਵਾਲੀ ਹਰ ਗੱਲ ਨੂੰ ਯਾਦ ਕਰ ਸਕਣ

ਇਸ ਜਾਣਕਾਰੀ ਤੱਕ ਪਹੁੰਚਣ ਵਿੱਚ ਨਾ ਸਿਰਫ ਨੀਂਦ ਮਦਦ ਕਰਦੀ ਹੈ, ਨੀਂਦ ਨਾਲ ਜਾਣਕਾਰੀ ਤੱਕ ਪਹੁੰਚਣ ਦੇ ਤਰੀਕੇ ਵਿਚ ਵੀ ਬਦਲਾਅ ਆਉਂਦਾ ਹੈ। ਜਾਣਕਾਰੀ ਨੂੰ ਮੁੜ ਤੋਂ ਹਾਸਲ ਕਰਨ ਲਈ (ਜਾਂ ਫਿਰ ਵੱਖ ਤਰੀਕੇ ਨਾਲ ਇਸ ਤੱਕ ਪਹੁੰਚ ਕਰਨ ਲਈ) ਨੀਂਦ ਦਿਮਾਗ ਲਈ ਕੰਮ ਸੌਖਾ ਕਰਦੀ ਹੈ। ਨਾਲ ਹੀ ਇਸ ਨਾਲ ਜਾਣਕਾਰੀ ਦੇ ਅਹਿਮ ਹਿੱਸਿਆਂ ਤੱਕ ਪਹੁੰਚ ਬਣਾ ਬਾਹਰ ਲੈਕੇ ਆਉਣ ਵਿਚ ਵੀ ਚੰਗੇ ਤਰੀਕੇ ਨਾਲ ਕੰਮ ਹੁੰਦਾ ਹੈ।

ਉਨ੍ਹਾਂ ਮੁਤਾਬਕ, "ਅਸਲ ਵਿੱਚ ਮੈਮਰੀ ਟਰੇਸ ਨੂੰ ਮਜ਼ਬੂਤ ਕਰਨ ਅਤੇ ਬਦਲਣ ਦੀ ਇਹ ਇੱਕ ਸਰਗਰਮ ਪ੍ਰਕਿਰਿਆ ਹੈ।" ਜ਼ਿੰਕੇ ਦਾ ਇਹ ਵੀ ਕਹਿਣਾ ਹੈ ਕਿ, "ਕਿਸੇ ਯਾਦਦਾਸ਼ਤ ਨੂੰ ਇਸ ਤਰੀਕੇ ਨਾਲ ਇੱਕ ਤੋਂ ਦੂਜੀ ਥਾਂ ਭੇਜੀ ਜਾਂਦੀ ਹੈ ਕਿ ਜਾਣਕਾਰੀ ਦਾ ਸਭ ਤੋਂ ਜ਼ਰੂਰੀ ਹਿੱਸਾ (ਜਾਣਕਾਰੀ ਦਾ ਸਾਰ) ਆਰਾਮ ਨਾਲ ਚੇਤੇ ਕੀਤਾ ਜਾ ਸਕੇ।"

ਇਹ ਵੀ ਪੜ੍ਹੋ:

ਸਪੱਸ਼ਟ ਹੈ ਕਿ ਬੱਚਿਆਂ ਵਿਚ ਅਤੇ ਵੱਡਿਆਂ 'ਚ ਵੀ, ਨਵੀਂ ਭਾਸ਼ਾ ਸਿੱਖਣ ਵਾਲਿਆਂ ਲਈ ਲੰਬੀ ਨੀਂਦ ਆਲਸ ਦੀ ਨਿਸ਼ਾਨੀ ਨਹੀਂ ਹੈ। ਇਹ ਸਾਡੇ ਦਿਮਾਗ ਦੇ ਕੁਨੈਕਸ਼ਨਜ਼ ਅਤੇ ਸਰੀਰ ਦੇ ਤਾਲਮੇਲ ਲਈ ਬਹੁਤ ਮਹੱਤਵਪੂਰਨ ਹੈ।

ਇਸ ਲਈ ਆਪਣੇ ਅਗਲੇ ਤੀਬਰ ਡੁਓਲਿੰਗੋ ਸੈਸ਼ਨ ਤੋਂ ਬਾਅਦ ਸੌਣ ਦੀ ਯੋਜਨਾ ਚੰਗੀ ਹੈ। ਅਗਲੀ ਸਵੇਰ ਉੱਠ ਕੇ ਤੁਸੀਂ ਹੈਰਾਨ ਹੋਵੋਗੇ ਕਿ ਕਿੰਨੀ ਜਾਣਕਾਰੀ ਤੁਸੀਂ ਆਪਣੇ ਅੰਦਰ ਇਕੱਠੀ ਕਰ ਲਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)