ਕਿਹੜਾ ਹੈ ਦੁਨੀਆਂ ਦਾ ਸਭ ਤੋਂ ਮਹਾਨ ਦੇਸ?

ਤਸਵੀਰ ਸਰੋਤ, Alamy Stock Photo
- ਲੇਖਕ, ਅਮਾਂਡਾ ਰੁਜੇਰੀ
- ਰੋਲ, ਬੀਬੀਸੀ ਫਿਊਚਰ
ਸਾਡੇ ਇਸ ਸਵਾਲ ਦੇ ਬਾਰੇ ਦੇਸ ਦੇ ਹਰ ਨਾਗਰਿਕ ਦਾ ਇਹੀ ਦਾਅਵਾ ਹੋਵੇਗਾ ਕਿ ਉਸ ਦਾ ਦੇਸ ਸਭ ਤੋਂ ਮਹਾਨ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਵੀ ਇੱਕ ਮਹਾਨ ਦੇਸ ਹੈ।
ਸਵਾਲ ਇਹ ਹੈ ਕਿ ਅਜਿਹੀਆਂ ਕਿਹੜੀਆਂ ਗੱਲਾਂ ਹਨ, ਜਿਹੜੀਆਂ ਕਿਸੇ ਦੇਸ ਨੂੰ ਮਹਾਨ ਬਣਾਉਂਦੀਆਂ ਹਨ।
ਪਿਛਲੀ ਕਰੀਬ ਇੱਕ ਸਦੀ ਤੋਂ ਕਿਸੇ ਦੇਸ ਦੀ ਮਹਾਨਤਾ ਦੇ ਦੋ ਪੈਮਾਨੇ ਚਲਣ ਵਿੱਚ ਹਨ। ਇੱਕ ਤਾਂ ਇਹ ਕੀ ਉਸ ਦੇਸ ਦੀ ਜੀਡੀਪੀ ਕੀ ਹੈ। ਮਤਲਬ ਇਹ ਕਿ ਉਹ ਦੇਸ ਕਿੰਨਾ ਕਮਾਉਂਦਾ ਹੈ। ਦੂਜਾ ਕਿਸੇ ਦੇਸ ਵਿੱਚ ਬੇਰੁਜ਼ਗਾਰੀ ਦੀ ਦਰ।
ਇਨ੍ਹਾਂ 2 ਪੈਮਾਨਿਆਂ 'ਤੇ ਅਸੀਂ ਕਿਸੇ ਦੇਸ ਦੀ ਆਰਥਿਕ ਤਰੱਕੀ ਨੂੰ ਤਾਂ ਮਾਪ ਸਕਦੇ ਹਾਂ। ਪਰ ਇਸ ਤੋਂ ਇਹ ਪਤਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਦੇਸ ਆਪਣੇ ਨਾਗਰਿਕਾਂ ਦੀ ਸੇਵਾ ਕਿਸ ਤਰ੍ਹਾਂ ਕਰਦਾ ਹੈ।
ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਸੁਵਿਧਾਵਾ ਦਿੰਦਾ ਹੈ। ਜ਼ਿੰਦਗੀ ਜਿਉਣਾ ਕਿੰਨਾ ਸੌਖਾ ਕਰ ਦਿੰਦਾ ਹੈ।
ਇਸ ਲਈ ਜ਼ਰੂਰੀ ਹੈ ਕਿ ਅਸੀਂ ਹਰ ਦੇਸ ਨੂੰ ਸਮਾਜਿਕ ਤਰੱਕੀ ਦੇ ਪੈਮਾਨੇ 'ਤੇ ਪਰਖ਼ੀਏ। ਇਹ ਪਤਾ ਕਰੀਏ ਕਿ ਉਹ ਆਪਣੇ ਨਾਗਰਿਕਾਂ ਨੂੰ ਖਾਣ-ਪੀਣ, ਤਾਲੀਮ, ਸਿਹਤ ਅਤੇ ਘਰ ਦੀਆਂ ਜ਼ਰੂਰਤਾਂ ਦਾ ਖਿਆਲ ਕਿਸ ਤਰ੍ਹਾਂ ਰੱਖਦਾ ਹੈ।
ਕਿਹੜਾ ਦੇਸ ਅਜਿਹਾ ਹੈ, ਜਿੱਥੇ ਸਮਾਜ ਦੇ ਹਰ ਤਬਕੇ ਨੂੰ ਬੋਲਣ ਦੀ ਅਜ਼ਾਦੀ ਮਿਲੀ ਹੈ। ਉਸਨੂੰ ਖ਼ੁਦ ਨੂੰ ਦਬਾਏ ਜਾਣ ਦਾ ਅਹਿਸਾਸ ਨਹੀਂ ਹੁੰਦਾ।
ਸੋਸ਼ਲ ਪ੍ਰੋਗ੍ਰੈਸ ਇੰਡੈਕਸ
ਦੁਨੀਆਂ ਦੇ ਵੱਡੇ ਅਰਥਸ਼ਾਸਤਰੀਆਂ ਦੀ ਸਲਾਹ 'ਤੇ ਇੱਕ ਸੋਸ਼ਲ ਪ੍ਰੋਗ੍ਰੈਸ ਇੰਡੈਕਸ ਸ਼ੁਰੂ ਕੀਤਾ ਗਿਆ ਹੈ।
ਇਸਦੇ ਜ਼ਰੀਏ ਤਮਾਮ ਦੇਸਾਂ ਦੀ ਸਮਾਜਿਕ ਤਰੱਕੀ ਨੂੰ ਸੋਸ਼ਲ ਪ੍ਰੋਗ੍ਰੈਸ ਇੰਡੈਕਸ ਦੇ ਜ਼ਰੀਏ ਦੱਸਿਆ ਜਾਂਦਾ ਹੈ।

ਤਸਵੀਰ ਸਰੋਤ, Alamy Stock Photo
ਸੋਸ਼ਲ ਪ੍ਰੋਗ੍ਰੈਸ ਇੰਡੈਕਸ ਦੇ ਸੀਈਓ ਮਾਈਕਲ ਗ੍ਰੀਨ ਕਹਿੰਦੇ ਹਨ ਕਿ ਅਮੀਰ ਦੇਸਾਂ ਕੋਲ ਜ਼ਿਆਦਾ ਪੈਸਾ ਹੈ। ਇਸ ਲਈ ਆਰਥਿਕ ਤਰੱਕੀ ਦੇ ਪੈਮਾਨਿਆਂ ਤੇ ਉਨ੍ਹਾਂ ਨੂੰ ਉੱਚਾ ਦਰਜਾ ਹਾਸਲ ਹੁੰਦਾ ਹੈ।
ਗ੍ਰੀਨ ਕਹਿੰਦੇ ਹਨ ਕਿ ਜਦੋਂ ਅਸੀਂ ਸਿੱਖਿਆ, ਸਿਹਤ ਅਤੇ ਖਾਣ-ਪੀਣ ਦੀਆਂ ਜ਼ਰੂਰਤਾਂ ਦੇ ਹਵਾਲੇ ਨਾਲ ਦੇਖਦੇ ਹਾਂ, ਤਾਂ ਪਤਾ ਲੱਗਦਾ ਹੈ ਕਿ ਜੋ ਦੇਸ ਗ਼ਰੀਬ ਮੰਨੇ ਜਾਂਦੇ ਹਨ, ਉਹ ਆਪਣੇ ਨਾਗਰਿਕਾਂ ਦਾ ਜ਼ਿਆਦਾ ਚੰਗੇ ਤਰੀਕੇ ਨਾਲ ਖਿਆਲ ਰੱਖਦੇ ਹਨ।
ਸਮਾਜਿਕ ਤਰੱਕੀ ਦੇ ਇਸ ਪੈਮਾਨੇ ਦੀ ਬੁਨਿਆਦ 'ਤੇ ਹੀ ਡੇਨਮਾਰਕ ਅਤੇ ਨਿਊਜ਼ੀਲੈਂਡ ਉਹ ਦੇਸ ਬਣ ਜਾਂਦੇ ਹਨ, ਜਿੱਥੇ ਵਸਣਾ ਲੋਕਾਂ ਦਾ ਸੁਫ਼ਨਾ ਹੁੰਦਾ ਹੈ।
ਸੋਸ਼ਲ ਪ੍ਰੋਗ੍ਰੈਸ ਇੰਡੈਕਸ ਦੀ ਬੁਨਿਆਦ 'ਤੇ ਉਨ੍ਹਾਂ ਦੇਸਾਂ ਦੀ ਪਛਾਣ ਹੁੰਦੀ ਹੈ, ਜਿਨ੍ਹਾਂ ਨੂੰ ਆਰਥਿਕ ਮਦਦ ਦੀ ਲੋੜ ਹੁੰਦੀ ਹੈ। ਫਿਰ ਉਸੇ ਹਿਸਾਬ ਨਾਲ ਉਨ੍ਹਾਂ ਦੀ ਮਦਦ ਕੀਤੀ ਜਾਂਦੀ ਹੈ।
ਇਨ੍ਹਾਂ ਦੀ ਮਦਦ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਕਿਸ ਦੇਸ ਵਿੱਚ ਹਾਲਾਤ ਚੰਗੇ ਹੋਏ ਹਨ। ਕਿੱਥੇ ਵਿਗੜੇ ਹਨ ਅਤੇ ਕਿੱਥੇ ਕੋਈ ਬਦਲਾਅ ਨਹੀਂ ਆਇਆ।
ਕੁਝ ਲੋਕ ਇਹ ਤਰਕ ਦਿੰਦੇ ਹਨ ਕਿ ਅੱਜ ਦੀ ਅਮਰੀਕੀ ਸਰਕਾਰ ਦਾ ਅਸਰ ਬੇਹੱਦ ਘੱਟ ਰਹਿ ਗਿਆ ਹੈ। ਅਮਰੀਕੀ ਲੋਕਾਂ ਦਾ ਆਪਣੀ ਸਰਕਾਰ 'ਤੇ ਭਰੋਸਾ ਬਹੁਤ ਘੱਟ ਗਿਆ ਹੈ।
ਪਰ ਵਿਸ਼ਵ ਬੈਂਕ ਦੀ ਵਰਲਡਵਾਇਡ ਗਵਰਨੈਂਸ ਇੰਡੀਕੇਟਰ ਇਹ ਕਹਿੰਦੇ ਹਨ ਕਿ ਅਮਰੀਕਾ ਵਿੱਚ ਪ੍ਰਸ਼ਾਸਨ 1996 ਤੋਂ ਉਸੇ ਤਰ੍ਹਾਂ ਦਾ ਹੀ ਹੈ।
ਇਸ ਨਤੀਜੇ 'ਤੇ ਪਹੁੰਣ ਲਈ ਅਮਰੀਕਾ ਵਿੱਚ ਹਾਈਵੇ, ਪ੍ਰਾਇਮਰੀ ਸਕੂਲ ਅਤੇ ਲਾਲਫੀਤਾ ਸ਼ਾਹੀ ਦੀ ਪੜਤਾਲ ਕੀਤੀ ਗਈ ਸੀ।
ਕਈ ਦੇਸਾਂ ਨੇ ਸਮਾਜਿਕ ਤਰੱਕੀ ਦੇ ਮੋਰਚੇ 'ਤੇ ਜ਼ਬਰਦਸਤ ਛਲਾਂਗ ਲਗਾਈ ਹੈ। ਅਫਰੀਕਾ ਦਾ ਦੇਸ ਟੁਨੀਸ਼ੀਆ ਅਜਿਹਾ ਹੀ ਮੁਲਕ ਹੈ।
1996 ਤੋਂ 2010 ਤੱਕ ਦੇਸ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਲੋਕਾਂ ਦੀ ਅਵਾਜ਼ ਨਹੀਂ ਸੁਣੀ ਜਾ ਰਹੀ ਸੀ।
ਸਰਕਾਰ ਦੀ ਜਵਾਬਦੇਹੀ ਹੀ ਨਹੀਂ ਸੀ। ਪ੍ਰੈੱਸ ਨੂੰ ਅਜ਼ਾਦੀ ਹਾਸਲ ਨਹੀਂ ਸੀ। ਲੋਕਾਂ ਦਾ ਨਾ ਤਾਂ ਚੋਣਾਂ 'ਤੇ ਭਰੋਸਾ ਸੀ ਤੇ ਨਾ ਹੀ ਆਪਣੀ ਸਰਕਾਰ 'ਤੇ।
ਇਸ ਤੋਂ ਬਾਅਦ 2011 ਵਿੱਚ ਅਰਬ ਕ੍ਰਾਂਤੀ ਹੋ ਗਈ। ਇਸ ਤੋਂ ਬਾਅਦ ਤੋਂ ਟੁਨੀਸ਼ੀਆ ਨੇ ਸਮਾਜਿਕ ਪੱਧਰ 'ਤੇ ਕਾਫ਼ੀ ਤਰੱਕੀ ਕੀਤੀ ਹੈ।
ਕਦੀ ਇਹ ਦੇਸ ਸੋਸ਼ਲ ਪ੍ਰੋਗ੍ਰੈਸ ਇੰਡੈਕਸ ਵਿੱਚ ਨੌਵੇਂ ਨੰਬਰ 'ਤੇ ਸੀ। ਅੱਜ ਪੂਰਬੀ ਯੁਰੋਪੀ ਦੇਸ ਹੰਗਰੀ ਦੇ ਨਾਲ 57ਵੇਂ ਨੰਬਰ 'ਤੇ ਹੈ।
ਦੱਸ ਦਈਏ ਕਿ ਸੋਸ਼ਲ ਪ੍ਰੋਗ੍ਰੈਸ ਇੰਡੈਕਸ ਵਿੱਚ ਜੋ ਜਿੰਨੇ ਨੰਬਰ 'ਤੇ ਹੁੰਦਾ ਹੈ, ਉਹ ਦੇਸ ਜ਼ਿਆਦਾ ਬਿਹਤਰ ਮੰਨਿਆ ਜਾਂਦਾ ਹੈ।
ਹਾਲਾਕਿ ਇੱਕ ਵਾਰ ਜੇਕਰ ਦੇਸ ਵਿੱਚ ਚੰਗਾ ਪ੍ਰਸ਼ਾਸਨ ਕਾਇਮ ਹੋ ਜਾਂਦਾ ਹੈ, ਤਾਂ ਫਿਰ ਉਸ ਤੋਂ ਉੱਚੀ ਪੌੜੀ 'ਤੇ ਜਾਣਾ ਮੁਸ਼ਕਿਲ ਹੁੰਦਾ ਹੈ।

ਤਸਵੀਰ ਸਰੋਤ, Alamy
ਵਿਸ਼ਵ ਬੈਂਕ ਦੇ ਅਰਥਸ਼ਾਸਤਰੀ ਆਰਟ ਕ੍ਰੇ ਕਹਿੰਦੇ ਹਨ ਕਿ ਤਰੱਕੀ ਦੀ ਉੱਚੀ ਪੌੜੀ 'ਤੇ ਪੁੱਜਣਾ ਮੁਸ਼ਕਿਲ ਹੁੰਦਾ ਹੈ।
ਇੱਕ ਵਾਰ ਚੰਗੀ ਸਰਕਾਰ ਆ ਗਈ, ਤਾਂ ਉਸ ਤੋਂ ਥੱਲੇ ਆਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਸਮਾਜਿਕ ਤਰੱਕੀ ਲਈ ਸਿਰਫ਼ ਅਮੀਰ ਦੇਸ ਹੋਣਾ ਜ਼ਰੂਰੀ ਨਹੀਂ
ਜੀਡੀਪੀ ਦੇ ਮਾਮਲੇ 'ਤੇ ਅਮਰੀਕਾ ਦੁਨੀਆਂ ਦੇ ਟੌਪ 5 ਦੇਸਾਂ ਵਿੱਚੋਂ ਇੱਕ ਹੈ। ਪਰ ਜਦੋਂ ਅਸੀਂ ਇਸਨੂੰ ਸਮਾਜਿਕ ਵਿਕਾਸ ਦੇ ਪੈਮਾਨੇ 'ਤੇ ਮਾਪਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ 18ਵੇਂ ਨੰਬਰ 'ਤੇ ਹੈ।
ਯਾਨਿ ਇਹ ਗੁਆਂਢੀ ਦੇਸ ਕੈਨੇਡਾ ਦੀ ਬਰਾਬਰੀ 'ਤੇ ਨਹੀਂ ਠਹਿਰਦਾ। ਬਲਕਿ ਪੂਰਬੀ ਯੁਰੋਪੀ ਦੇਸ ਏਸਤੋਨੀਆ ਦੇ ਜ਼ਿਆਦਾ ਕਰੀਬ ਹੈ।
ਇਸੇ ਤਰ੍ਹਾਂ ਨੀਦਰਲੈਂਡ ਅਤੇ ਸਾਊਦੀ ਅਰਬ ਦਾ ਜੀਡੀਪੀ ਲਗਭਗ ਬਰਾਬਰ ਹੈ। ਇਹ ਹਾਲ ਚਿਲੀ ਅਤੇ ਕਜ਼ਾਖ਼ੀਸਤਾਨ ਦਾ ਹੈ।
ਯੁਰੋਪੀਅਨ ਯੂਨੀਅਨ ਦੇ ਅੰਕੜੇ ਦੱਸਦੇ ਹਨ ਕਿ ਕਿਸੇ ਦੇਸ ਵਿੱਚ ਬੇਰੁਜ਼ਗਾਰੀ ਦੀ ਦਰ ਤੋਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉੱਥੇ ਦੇ ਲੋਕਾਂ ਦੀ ਜ਼ਿੰਦਗੀ ਚੰਗੀ ਨਹੀਂ ਹੈ। ਜਿਵੇਂ ਕਿ ਬ੍ਰਿਟੇਨ ਵਿੱਚ ਬੇਰੁਜ਼ਗਾਰੀ ਦੀ ਦਰ ਇਤਿਹਾਸਕ ਰੂਪ ਤੋਂ ਬੇਹੱਦ ਘੱਟ ਪੱਧਰ 'ਤੇ ਹੈ।

ਤਸਵੀਰ ਸਰੋਤ, Alamy
ਉੱਥੇ ਹੀ ਸਮਾਜਿਕ ਵਿਕਾਸ ਦੇ ਮੋਰਚੇ 'ਤੇ ਹਾਲਾਤ ਵਿੱਚ ਪਿਛਲੇ ਦੋ ਦਹਾਕਿਆਂ ਵਿੱਚ ਕੋਈ ਖ਼ਾਸ ਬਦਲਾਅ ਨਹੀਂ ਆਇਆ।
ਸੋਸ਼ਲ ਪ੍ਰੋਗ੍ਰੈਸ ਇੰਡੈਕਸ ਦੇ ਮਾਈਕਲ ਗ੍ਰੀਨ ਕਹਿੰਦੇ ਹਨ ਕਿ ਅਸੀਂ ਪਿਛਲੇ 80 ਸਾਲਾਂ ਤੋਂ ਜੀਡੀਪੀ ਤੋਂ ਦੇਸ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਮਾਪਦੇ ਆਏ ਹਨ। ਇਹ ਸਹੀ ਨਹੀਂ ਹੈ।
ਬ੍ਰਿਟੇਨ ਨੇ ਜੀਡੀਪੀ ਦੇ ਮਾਮਲੇ ਵਿੱਚ ਤਾਂ ਬਹੁਤ ਤਰੱਕੀ ਕੀਤੀ ਹੈ। ਪਰ ਉਸਦੀ ਸਮਾਜਿਕ ਤਰੱਕੀ ਵਿੱਚ ਪਿਛਲੇ 2 ਦਹਾਕਿਆਂ ਵਿੱਚ ਕੋਈ ਖਾਸ ਬਦਲਾਅ ਨਹੀਂ ਆਇਆ।
ਬ੍ਰਿਟੇਨ ਦੇ ਮੁਕਾਬਲੇ ਮੱਧ ਅਮਰੀਕੀ ਦੇਸ ਕੋਸਟਾ ਰਿਕਾ ਸਮਾਜਿਕ ਵਿਕਾਸ ਦੇ ਮਾਮਲੇ ਵਿੱਚ ਕਈ ਅਮੀਰ ਦੇਸਾਂ ਤੋਂ ਬਿਹਤਰ ਹੈ।
ਪਿਛਲੇ 40-50 ਸਾਲਾਂ ਤੋਂ ਇੱਥੇ ਕਈ ਅਜਿਹੇ ਕੰਮ ਹੋਏ ਹਨ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਵਿੱਚ ਕਾਫ਼ੀ ਸੁਧਾਰ ਆਇਆ ਹੈ। ਉਹ ਜ਼ਿਆਦਾ ਖੁਸ਼ਹਾਲ ਹੋਏ ਹਨ।
ਅੱਜ ਕੋਸਟਾ ਰਿਕਾ ਆਪਣੇ ਗੁਆਂਢੀ ਦੇਸਾਂ ਦੇ ਮੁਕਾਬਲੇ ਜ਼ਿਆਦਾ ਸਥਿਰ, ਸ਼ਾਂਤੀਪੂਰਣ ਅਤੇ ਖੁਸ਼ਹਾਲ ਮੁਲਕ ਮੰਨਿਆ ਜਾਂਦਾ ਹੈ।
ਕਿਹੜੇ ਪੈਮਾਨਿਆਂ 'ਤੇ ਮਾਪਿਆ ਜਾਵੇ ਸਮਾਜਿਕ ਵਿਕਾਸ?
ਸਵਾਲ ਇਹ ਹੈ ਕਿ ਜੇਕਰ ਸਿਰਫ਼ ਅਮੀਰੀ ਨਾਲ ਦੇਸ ਦੀ ਖੁਸ਼ਹਾਲੀ ਨਹੀਂ ਮਾਪੀ ਜਾ ਸਕਦੀ, ਤਾਂ ਫਿਰ ਉਹ ਪੈਮਾਨਾ ਕੀ ਹੈ, ਜਿਸ ਨਾਲ ਇਹ ਪਤਾ ਲੱਗੇਗਾ ਕਿ ਕਿਸ ਦੇਸ ਨੇ ਸਮਾਜਿਕ ਵਿਕਾਸ ਕੀਤਾ ਹੈ?
ਇਸਦੇ ਲਈ ਕਾਨੂੰਨ ਦੇ ਰਾਜ ਦੇ ਪੈਮਾਨ ਨੂੰ ਵੀ ਅਜ਼ਮਾਇਆ ਜਾਂਦਾ ਹੈ।

ਤਸਵੀਰ ਸਰੋਤ, Alamy
ਇਹ ਦੇਖਿਆ ਜਾਂਦਾ ਹੈ ਕਿ ਕਿਸ ਦੇਸ ਦੀ ਸਰਕਾਰ ਨਾਗਰਿਕਾਂ ਦੇ ਪ੍ਰਤੀ ਜ਼ਿਆਦਾ ਜਵਾਬਦੇਹ ਹੈ। ਉੱਥੇ ਲੋਕਾਂ ਦੇ ਅਧਿਕਾਰ ਕਿੰਨੇ ਸੁਰੱਖਿਅਤ ਹਨ ਅਤੇ ਕਾਨੂੰਨੀ ਪ੍ਰਕਿਰਿਆ ਕਿੰਨੀ ਸੌਖੀ ਹੈ।
ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਜਿਸ ਦੇਸ ਵਿੱਚ ਕਾਨੂੰਨ ਦਾ ਰਾਜ ਚੰਗਾ ਹੈ, ਉਹ ਦੇਸ ਵਿਕਾਸ ਦੇ ਹਰ ਪੈਮਾਨੇ 'ਤੇ ਬਿਹਤਰ ਹੁੰਦਾ ਹੈ।
ਫਿਰ ਚਾਹੇ ਉਹ ਔਸਤ ਉਮਰ ਹੋਵੇ, ਗੰਭੀਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੋਵੇ ਜਾਂ ਗਰਭਵਤੀ ਮਹਿਲਾਵਾਂ ਦੀ ਔਸਤ ਉਮਰ।
ਇਹ ਸਾਰੇ ਪੈਮਾਨੇ ਦੱਸਦੇ ਹਨ ਕਿ ਕਾਨੂੰਨ ਦਾ ਰਾਜ ਹੋਣ ਨਾਲ ਲੋਕਾਂ ਦੀ ਸਿਹਤ ਬਿਹਤਰ ਹੀ ਹੁੰਦੀ ਹੈ।
ਪਰ ਇਸਦਾ ਮਤਲਬ ਇਹ ਨਹੀਂ ਕਿ ਪੈਸਿਆਂ ਦੀ ਕੋਈ ਅਮਹਿਮੀਅਤ ਨਹੀਂ। ਆਰਥਿਕ ਰੂਪ ਨਾਲ ਮਜ਼ਬੂਤ ਦੇਸ ਆਪਣੇ ਨਾਗਰਿਕਾਂ ਨੂੰ ਕੋਈ ਅਜਿਹੀ ਸੁਵਿਧਾਵਾਂ ਦੇ ਸਕਦੇ ਹਨ, ਜੋ ਗ਼ਰੀਬ ਮੁਲਕਾਂ ਦੇ ਲੋਕਾਂ ਲਈ ਉਪਲਬਧ ਨਹੀਂ ਹੁੰਦੀਆਂ।
ਉੱਥੇ ਦੇ ਪੁਲਿਸ ਕਰਮੀਆਂ ਤੋਂ ਲੈ ਕੇ ਦੂਜੇ ਕਰਮਚਾਰੀਆਂ ਦੀ ਤਨਖ਼ਾਹ ਚੰਗੀ ਹੁੰਦੀ ਹੈ। ਜ਼ੁਰਮ ਘੱਟ ਹੁੰਦਾ ਹੈ।
ਕਿਸ ਦੇਸ ਨੂੰ ਮਹਾਨ ਜਾਂ ਖੁਸ਼ਹਾਲ ਕਿਹਾ ਜਾਂਦਾ ਹੈ
ਇੱਕ ਤਾਂ ਉਹ ਦੇਸ ਹਨ, ਜਿਨ੍ਹਾਂ ਨੇ ਜੀਡੀਪੀ ਦੇ ਮਾਮਲੇ 'ਤੇ ਕਾਫ਼ੀ ਵਿਕਾਸ ਕਰ ਲਿਆ ਹੈ। ਫਿਰ ਉਹ ਦੇਸ ਹਨ ਜੋ ਸਮਾਜਿਕ ਵਿਕਾਸ ਦੇ ਮੋਰਚੇ 'ਤੇ ਬਾਜ਼ੀ ਮਾਰ ਰਹੇ ਹਨ।

ਤਸਵੀਰ ਸਰੋਤ, Alamy
ਇਨ੍ਹਾਂ ਦੇਸਾਂ ਵਿੱਚ ਅਜਿਹੀਆਂ ਸੰਸਥਾਵਾਂ-ਵਿਵਸਥਾਵਾਂ ਹਨ, ਜੋ ਹਾਲਾਤ ਨੂੰ ਵਿਗੜਨ ਤੋਂ ਬਚਾ ਲਵੇਗੀ। ਆਮ ਨਾਗਰਿਕ ਦੀ ਮੁਸੀਬਤ ਵਿੱਚ ਮਦਦ ਕਰੇਗੀ।
ਤੁਸੀਂ ਸਿਰਫ਼ ਜੀਡੀਪੀ ਬਿਹਤਰ ਕਰਕੇ ਨਾਗਰਿਕਾਂ ਨੂੰ ਖ਼ੁਸ਼ਹਾਲ ਨਹੀਂ ਬਣਾ ਸਕਦੇ। ਨਾ ਹੀ ਕੋਈ ਨਵਾਂ ਕਾਨੂੰਨ ਬਣਾ ਕੇ।
ਸਰਕਾਰਾਂ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਹ ਨਾਗਰਿਕਾਂ ਦੀ ਭਲਾਈ ਲਈ ਵਚਨਬੱਧ ਹਨ। ਇਸਦੇ ਲਈ ਸਮੇਂ-ਸਮੇਂ 'ਤੇ ਠੋਸ ਕਦਮ ਚੁੱਕਣਗੇ।
ਇਹੀ ਗੱਲਾਂ ਕਿਸੇ ਦੇਸ ਦੀ ਖੁਸ਼ਹਾਲੀ ਦਾ ਅਸਲ ਪੈਮਾਨਾ ਹਨ।












