#HisChoice: ਉਹ ਪਿਤਾ ਜੋ ਆਪਣੇ ਮੁੰਡੇ ਨੂੰ ਖੁੱਲ੍ਹ ਕੇ ਰੋਣਾ ਸਿਖਾਉਣਾ ਚਾਹੁੰਦਾ ਹੈ

ਪਿਤਾ ਅਤੇ ਪੁੱਤਰ
ਤਸਵੀਰ ਕੈਪਸ਼ਨ, ਮੈਂ ਚਾਹਾਂਗਾ ਕਿ ਆਪਣੇ ਮੁੰਡੇ ਨਾਲ ਉਸਦੀਆਂ ਇੱਛਾਵਾਂ ਬਾਰੇ ਸਮੇਂ 'ਤੇ ਗੱਲ ਕਰ ਸਕਾਂ ਤਾਂ ਜੋ ਸਹੀ ਸਮੇਂ 'ਤੇ ਉਸ ਨੂੰ ਉਸਦੇ ਸਵਾਲਾਂ ਦੇ ਜਵਾਬ ਮਿਲ ਸਕਣ

'ਪਾਪਾ ਪਲੀਜ਼... ਨੋ'। ਖੇਡਦੇ ਸਮੇਂ ਜਦੋਂ ਮੈਂ ਆਪਣੇ ਮੁੰਡੇ ਨੂੰ ਫੜ ਲੈਂਦਾ ਹਾਂ ਤਾਂ ਉਸਦੇ ਮੂੰਹ ਵਿੱਚੋਂ ਸਹਿਜ ਹੀ ਇਹ ਬੋਲ ਨਿਕਲ ਜਾਂਦਾ ਹੈ।

ਉਸ ਨੂੰ ਸਮਝ ਆ ਗਿਆ ਹੈ ਕਿ ਇਸ ਗੱਲ ਦਾ ਅਸਰ ਹੋ ਰਿਹਾ ਹੈ। ਸਿਰਫ਼ ਤਿੰਨ ਸ਼ਬਦ- 'ਪਾਪਾ ਪਲੀਜ਼... ਨੋ'।

ਉਸਦੀ ਮਾਂ ਨੇ ਇਸ ਨੂੰ ਲੈ ਕੇ ਸਾਡੀ ਇੱਕ 'ਡੀਲ' ਪੱਕੀ ਕਰਵਾ ਦਿੱਤੀ ਹੈ ਕਿ ਜਿਵੇਂ ਹੀ ਉਹ ਇਹ ਕਹੇਗਾ, ਮੈਂ ਤੁਰੰਤ ਉਸ ਨੂੰ ਛੱਡ ਦੇਣਾ ਹੈ।

ਭਾਵੇਂ ਹੀ ਕਈ ਘੰਟੇ ਬਾਅਦ ਮਿਲਣ 'ਤੇ ਮੇਰਾ ਉਸ ਨੂੰ ਛਾਤੀ ਨਾਲ ਲਗਾਉਣ ਨੂੰ ਦਿਲ ਕਰੇ ਜਾਂ ਫਿਰ ਕਦੇ-ਕਦੇ ਉਸ ਨੂੰ ਤੰਗ ਕਰਨ ਦਾ ਦਿਲ ਕਰੇ। ਉਸਦੀ ਇਜਾਜ਼ਤ ਤੋਂ ਬਿਨਾਂ ਮੈਂ ਉਸ ਨੂੰ ਛੂਹ ਨਹੀਂ ਸਕਦਾ।

ਇਹ ਵੀ ਪੜ੍ਹੋ:

ਮੈਨੂੰ ਅਜਿਹਾ ਕਰਦੇ ਹੋਏ ਬੜੀ ਮੁਸ਼ਕਿਲ ਨਾਲ 15-20 ਦਿਨ ਹੋਏ ਹਨ ਅਤੇ ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਇਸ ਮਾਮੂਲੀ ਜਿਹੀ ਆਦਤ ਨੇ ਉਸ ਵਿੱਚ ਕਿਹੋ ਜਿਹੇ ਬਦਲਾਅ ਕੀਤੇ ਹਨ।

ਉਸ ਨੂੰ ਇਹ ਅਹਿਸਾਸ ਵੀ ਹੋਇਆ ਹੈ ਕਿ ਘਰ ਵਿੱਚ ਉਸਦੀ ਸੁਣੀ ਜਾਂਦੀ ਹੈ। ਇਹ ਉਸਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਹੈ।

ਪਰ ਸਭ ਤੋਂ ਜ਼ਰੂਰੀ ਹੈ ਕਿ ਉਹ ਹੁਣ ਤੋਂ 'ਨਾਂਹ' ਦੀ ਤਾਕਤ ਨੂੰ ਸਮਝ ਰਿਹਾ ਹੈ। ਇਸ ਗੱਲ ਨੂੰ ਸਮਝਣ ਵਿੱਚ ਬਹੁਤ ਸਾਰੇ ਲੋਕਾਂ ਦੀ ਉਮਰ ਨਿਕਲ ਜਾਂਦੀ ਹੈ।

-----------------------------------------------------------------------------------------------------------------------------

ਬੀਬੀਸੀ ਦੀ ਖ਼ਾਸ ਸੀਰੀਜ਼ #HisChoice 10 ਭਾਰਤੀ ਮਰਦਾਂ ਦੇ ਜੀਵਨ ਦੀਆਂ ਸੱਚੀ ਕਹਾਣੀਆਂ ਦੀ ਖ਼ਾਸ ਲੜੀ ਹੈ।

ਇਹ ਕਹਾਣੀਆਂ ਆਧੁਨਿਕ ਭਾਰਤੀ ਮਰਦਾਂ ਦੇ ਵਿਚਾਰ ਅਤੇ ਉਨ੍ਹਾਂ ਸਾਹਮਣੇ ਮੌਜੂਦ ਵਿਕਲਪ, ਉਨ੍ਹਾਂ ਦੀਆਂ ਇੱਛਾਵਾਂ ਅਤੇ ਮੁੱਢਲੀਆਂ ਜ਼ਰੂਰਤਾਂ ਨੂੰ ਪੇਸ਼ ਕਰਦੀਆਂ ਹਨ।

-----------------------------------------------------------------------------------------------------------------------------

ਉਹ ਜੇਕਰ ਢਾਈ ਸਾਲ ਦੀ ਉਮਰ ਵਿੱਚ ਇਹ ਸਮਝ ਰਿਹਾ ਹੈ, ਤਾਂ ਮੈਂ ਉਮੀਦ ਕਰਾਂਗਾ ਕਿ ਉਹ ਵੱਡਾ ਹੋ ਕੇ ਦੂਜਿਆਂ ਦੀ 'ਨਾਂਹ' ਦਾ ਸਨਮਾਨ ਕਰੇਗਾ।

ਅਸੀਂ ਆਪਣੇ ਸਮੇਂ ਵਿੱਚ ਇਹ ਖ਼ੂਬ ਸੁਣਿਆ ਹੈ ਕਿ 'ਕੀ ਕੁੜੀ ਦੀ ਤਰ੍ਹਾਂ ਰੋ ਰਿਹਾ ਏ?' ਇਸ ਸ਼ਬਦ ਵਿੱਚ ਇੱਕ ਤਰ੍ਹਾਂ 'ਮਰਦਾਨਗੀ' ਦਾ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਕੋਈ ਵੀ 'ਮੁੰਡਾ' ਹੋ ਕੇ ਕਿਵੇਂ ਰੋ ਸਕਦਾ ਹੈ।

'ਮੈਂ ਉਸ ਨੂੰ ਰੋਣ ਤੋਂ ਰੋਕਾਂਗਾ ਨਹੀਂ'

ਮੈਂ ਇਹ ਨਹੀਂ ਦੱਸ ਸਕਦਾ ਕਿ ਇਸ ਗੱਲ ਦਾ ਮੇਰੇ 'ਤੇ ਕਿੰਨਾ 'ਮਾਨਸਿਕ ਦਬਾਅ' ਰਿਹਾ ਹੈ। ਭਾਵੇਂ ਉਹ ਮੇਰੇ ਮਾਤਾ-ਪਿਤਾ ਵੱਲੋਂ ਰਿਹਾ ਹੋਵੇ ਜਾਂ ਰਿਸ਼ਤੇਦਾਰਾਂ ਵੱਲੋਂ।

ਮੈਂ ਇਸ ਬਾਰੇ ਆਪਣੇ ਮਾਤਾ-ਪਿਤਾ ਨਾਲ ਖੁੱਲ੍ਹ ਕੇ ਗੱਲ ਅਜੇ ਤੱਕ ਨਹੀਂ ਕਰ ਸਕਿਆ ਪਰ ਸ਼ਾਇਦ ਉਨ੍ਹਾਂ ਲਈ ਬੱਚੇ ਨੂੰ 'ਮਨਾਉਣ' ਦਾ ਇਹੀ ਤਰੀਕਾ ਹੋਵੇ।

ਕੁਝ ਦਿਨ ਬਾਅਦ ਮੇਰਾ ਮੁੰਡਾ ਵੀ ਘਰੋਂ ਬਾਹਰ ਨਿਕਲਣਾ ਸ਼ੁਰੂ ਕਰੇਗਾ। ਦੂਜੇ ਬੱਚਿਆਂ ਨਾਲ ਖੇਡਣਾ ਸ਼ੁਰੂ ਕਰੇਗਾ। ਸਾਈਕਲ ਚਲਾਉਣਾ ਸਿੱਖੇਗਾ ਅਤੇ ਡਿੱਗੇਗਾ ਵੀ।

ਪਿਤਾ ਅਤੇ ਪੁੱਤਰ
ਤਸਵੀਰ ਕੈਪਸ਼ਨ, ਮੇਰੇ ਆਪਣੇ ਪਿਤਾ ਨਾਲ ਬਹੁਤ ਚੰਗੇ ਸਬੰਧ ਹਨ ਪਰ ਉਨ੍ਹਾਂ ਨਾਲ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਨ ਦੀ ਹਿੰਮਤ ਮੇਰੇ ਅੰਦਰ ਨਹੀਂ ਸੀ

ਪਰ ਮੇਰੀ ਕੋਸ਼ਿਸ਼ ਉਸ ਨੂੰ 'ਇਸ' ਦਬਾਅ ਤੋਂ ਆਜ਼ਾਦ ਰੱਖਣ ਦੀ ਹੋਵੇਗੀ। ਉਸ ਉੱਤੇ ਇਹ ਦਬਾਅ ਕਿਉਂ ਹੋਵੇ ਕਿ ਉਹ ਰੋ ਨਾ ਸਕੇ ਜਾਂ ਰੋ ਕੇ ਆਪਣੀ ਗੱਲ ਨਾ ਰੱਖ ਸਕੇ।

ਕੀ ਦਰਦ ਨੂੰ ਬਿਆਨ ਕਰਨ ਤੋਂ ਪਹਿਲਾਂ ਉਸ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਮੁੰਡਾ ਹੈ ਜਾਂ ਕੁੜੀ?

ਦਰਦ ਤਾਂ ਸਭ ਨੂੰ ਹੁੰਦਾ ਹੈ ਪਰ ਉਸਦਾ ਪੈਮਾਨਾ ਜ਼ਿਆਦਾ ਜਾਂ ਘੱਟ ਹੋ ਸਕਦਾ ਹੈ ਅਤੇ ਇਸ ਨਾਲ ਰੋਣ ਦਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ।

ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਹੱਕ ਸਾਰਿਆਂ ਨੂੰ ਹੈ।

ਮੁੰਡਿਆਂ ਨੂੰ ਜਦੋਂ ਕਈ ਮੌਕਿਆਂ 'ਤੇ ਇਹ ਦੱਸਿਆ ਜਾਂਦਾ ਹੈ ਕਿ 'ਕੁੜੀਆਂ ਰੋਂਦੀਆਂ ਹਨ, ਮੁੰਡੇ ਨਹੀਂ', ਤਾਂ ਇਹ ਦੱਸਣ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹ 'ਕਮਜ਼ੋਰੀ' ਦੀ ਨਿਸ਼ਾਨੀ ਹੈ।

#HisChoice ਦੀ ਹੋਰ ਕਹਾਣੀਆਂ ਵੀ ਪੜ੍ਹੋ:

ਮੁੰਡਿਆ ਨੂੰ ਜਾਣੇ-ਅਣਜਾਣੇ ਸਿਖਾਈ ਗਈ ਇਹ ਗੱਲ ਉਨ੍ਹਾਂ ਦੇ ਮਨ ਵਿੱਚ ਬੈਠ ਜਾਂਦੀ ਹੈ ਅਤੇ ਉਹ ਹਰ ਖੇਤਰ ਵਿੱਚ ਦਿਖਣ ਲੱਗ ਜਾਂਦੀ ਹੈ।

ਸਕੂਲ ਵਿੱਚ ਖੇਡ ਦੇ ਦੌਰਾਨ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਟੀਮ ਵਿੱਚ ਜ਼ਿਆਦਾ ਕੁੜੀਆਂ ਹੋਣ ਕਿਉਂਕਿ ਉਹ ਤਾਂ 'ਕਮਜ਼ੋਰ' ਹਨ ਅਤੇ ਉਹ ਟੀਮ ਵਿੱਚ ਹੋਣਗੀਆਂ ਤਾਂ ਕੋਈ ਮੈਚ ਜਿੱਤਣਾ ਸੌਖਾ ਨਹੀਂ ਹੋਵੇਗਾ।

ਪਰ ਕੀ ਕੋਈ ਮੁੰਡਾ ਕਮਜ਼ੋਰ ਨਹੀਂ ਹੋ ਸਕਦਾ। ਮੈਂ ਕਦੇ ਆਪਣੇ ਮੁੰਡੇ ਨੂੰ ਇਹ ਨਹੀਂ ਕਹਾਂਗਾ ਕਿ ਤੂੰ ਕਿਹੋ ਜਿਹਾ ਮੁੰਡਾ ਹੈ ਜਿਹੜਾ ਇੱਕ ਕੁੜੀ ਤੋਂ ਹਾਰ ਗਿਆ।

ਮੈਂ ਉਸਦਾ ਦੋਸਤ ਬਣਾਂਗਾ

ਖੇਡ ਨੂੰ ਖੇਡ ਦੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ ਨਾ ਕਿ ਇੱਕ ਮੁੰਡੇ ਅਤੇ ਕੁੜੀ ਦੇ ਤੌਰ 'ਤੇ। ਖੇਡ ਵਿੱਚ ਜਿੱਤ-ਹਾਰ ਤਾਕਤ ਦੇ ਹਿਸਾਬ ਨਾਲ ਹੁੰਦੀ ਹੈ।

ਇਹ ਫ਼ਰਕ ਸਮੇਂ ਦੇ ਨਾਲ ਵਧਦਾ ਹੀ ਹੈ। ਅੱਠਵੀਂ ਕਲਾਸ ਵਿੱਚ ਅਧਿਆਪਕ ਨੇ ਪਹਿਲੀ ਵਾਰ ਜਦੋਂ ਸਾਇੰਸ ਦੇ ਵਿਸ਼ੇ ਵਿੱਚ ਰਿਪ੍ਰੋਡਕਸ਼ਨ ਦਾ ਚੈਪਟਰ ਪੜ੍ਹਾਇਆ ਸੀ ਤਾਂ ਮੈਨੂੰ ਯਾਦ ਹੈ ਕਿ ਅਸੀਂ ਕਈ ਮੁੰਡੇ ਕਲਾਸ ਵਿੱਚ ਹੌਲੀ-ਹੌਲੀ ਹੱਸ ਰਹੇ ਸੀ।

ਮੁੰਡਿਆਂ ਦੇ ਹੱਸਣ ਨਾਲ ਕਲਾਸ ਦੀਆਂ ਕੁੜੀਆਂ ਅਸਹਿਜ ਹੋ ਰਹੀਆਂ ਸਨ। ਇਸ ਲਈ ਅਧਿਆਪਕ ਨੇ ਵੀ ਕਈ ਸਵਾਲ ਕੀਤੇ ਬਿਨਾਂ ਹੀ ਕਲਾਸ ਖ਼ਤਮ ਕਰ ਦਿੱਤੀ ਸੀ।

ਪਰ ਬੱਚਿਆਂ ਦੇ ਕੁਝ ਸਵਾਲਾਂ ਦੇ ਜਵਾਬ ਅਧਿਆਪਕ ਤੋਂ ਪਹਿਲਾਂ ਮਾਂ-ਬਾਪ ਨੇ ਦਿੱਤੇ ਹੁੰਦੇ ਤਾਂ ਉਨ੍ਹਾਂ ਦਿਨਾਂ ਵਿੱਚ ਕਲਾਸ 'ਚ ਅਤੇ ਫਿਰ ਕਲਾਸ ਦੇ ਕੋਰੀਡੋਰ ਵਿੱਚ ਕੁੜੀਆਂ 'ਤੇ ਵਿਅੰਗ ਕੱਸਣ ਦਾ ਦੌਰ ਨਹੀਂ ਦੇਖਣਾ ਪਿਆ ਹੁੰਦਾ।

ਅੱਜ ਦੇ ਜ਼ਮਾਨੇ ਵਿੱਚ ਜਦੋਂ ਸ਼ਰੇਆਮ ਹਰ ਮੁੱਦੇ 'ਤੇ ਗੱਲ ਹੁੰਦੀ ਹੈ, ਕਈ ਮੁਹਿੰਮਾਂ ਚੱਲੀਆਂ ਹਨ ਜਿਵੇਂ ਰਾਈਟ ਟੂ ਬਲੀਡ, ਮੀ ਟੂ ਆਦਿ। ਕੀ ਸਾਡੇ ਵਰਗੇ ਪਿਤਾ ਨੂੰ ਖੁੱਲ੍ਹ ਕੇ ਆਪਣੇ ਬੱਚਿਆਂ ਨਾਲ ਗੱਲ ਨਹੀਂ ਕਰਨੀ ਚਾਹੀਦੀ ਅਤੇ ਮੁੰਡਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕੁੜੀਆਂ ਦੇ ਵਿਸ਼ੇਸ਼ ਦਿਨਾਂ ਵਿੱਚ ਉਨ੍ਹਾਂ ਨਾਲ ਸੰਵੇਦਨਸ਼ੀਲ ਹੋਣ ਦੀ ਲੋੜ ਹੈ।

ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ, ਕਈ ਇਸ ਨਾਲ ਉਹ ਆਪਣੀ ਭੈਣ ਅਤੇ ਮਾਂ ਨੂੰ ਚੰਗੀ ਤਰ੍ਹਾਂ ਨਾਲ ਨਹੀਂ ਸਮਝ ਸਕੇਗਾ। ਕੀ ਇਸ ਨਾਲ ਇੱਕ ਸਕਾਰਾਤਮਕ ਸਮਝ ਬਣਨ ਵਿੱਚ ਮਦਦ ਨਹੀਂ ਮਿਲੇਗੀ।

ਅੱਜ ਵੀ ਜਦੋਂ ਦਫ਼ਤਰ ਵਿੱਚ ਆਪਣੇ ਕੁਝ ਸਾਥੀਆਂ ਨੂੰ ਗਰੁੱਪ ਵਿੱਚ ਔਰਤਾਂ 'ਤੇ 'ਵਿਅੰਗ' ਕੱਸਦੇ ਦੇਖਦਾ ਹਾਂ ਤਾਂ ਲਗਦਾ ਹੈ ਕਿ ਇਸਦੀ ਸ਼ੁਰੂਆਤ ਕਿਤੇ ਨਾ ਕਿਤੇ 'ਰੀਪ੍ਰੋਡਕਸ਼ਨ ਦੇ ਉਸ ਚੈਪਟਰ' ਨਾਲ ਜ਼ਰੂਰ ਜੁੜੀ ਹੋਈ ਹੈ।

ਪਿਤਾ ਅਤੇ ਪੁੱਤਰ
ਤਸਵੀਰ ਕੈਪਸ਼ਨ, ਮੈਂ ਮੰਨਦਾ ਹਾਂ ਕਿ ਉਹ ਗ਼ਲਤੀਆਂ ਕਰੇਗਾ, ਤਾਂ ਹੀ ਸਿੱਖੇਗਾ। ਪਰ ਮੈਂ ਇਹ ਕਦੇ ਨਹੀਂ ਚਾਹਾਂਗਾ ਕਿ ਉਹ ਅਜਿਹੀ ਗ਼ਲਤੀ ਕਰੇ ਜਿਸ ਨਾਲ ਕਿਸੇ ਦੂਜੇ ਦਾ ਨੁਕਸਾਨ ਹੋਵੇ

ਹੁਣ ਮੈਂ ਸੋਚਦਾ ਹਾਂ ਕਿ ਉਸ ਵੇਲੇ ਭਟਕਣ ਕਾਰਨ ਮੇਰਾ ਕਿੰਨਾ ਸਮਾਂ ਖਰਾਬ ਹੋ ਗਿਆ ਜਿਹੜਾ ਮੈਂ ਚੰਗੇ ਕੰਮਾਂ ਵਿੱਚ ਵਰਤ ਸਕਦਾ ਸੀ।

ਬੱਚੇ ਆਪਣੇ ਆਪ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹਨ। ਪਰ ਮੈਂ ਚਾਹਾਂਗਾ ਕਿ ਆਪਣੇ ਮੁੰਡੇ ਨਾਲ ਉਸਦੀਆਂ ਇੱਛਾਵਾਂ ਬਾਰੇ ਸਮੇਂ 'ਤੇ ਗੱਲ ਕਰ ਸਕਾਂ। ਤਾਂ ਜੋ ਸਹੀ ਸਮੇਂ 'ਤੇ ਉਸ ਨੂੰ ਉਸਦੇ ਸਵਾਲਾਂ ਦੇ ਜਵਾਬ ਮਿਲ ਸਕਣ।

ਸਹੀ ਅਤੇ ਗ਼ਲਤ ਦਾ ਫਰਕ ਦੱਸਣਾ ਮੇਰਾ ਕੰਮ ਹੈ

ਮੈਨੂੰ ਉਸਦਾ ਦੋਸਤ ਬਣਨਾ ਹੋਵੇਗਾ। ਮੈਂ ਇਹ ਵੀ ਜਾਣਦਾ ਹਾਂ ਕਿ ਬੱਚੇ ਜਿਹੜੀ ਗੱਲ ਖੁੱਲ੍ਹ ਕੇ ਆਪਣੇ ਦੋਸਤਾਂ ਨੂੰ ਦੱਸਦੇ ਹਨ ਉਹ ਸ਼ਾਇਦ ਹੀ ਕਦੇ ਮਾਂ-ਬਾਪ ਨਾਲ ਉਸ ਤਰ੍ਹਾਂ ਸ਼ੇਅਰ ਕਰ ਸਕਣ।

ਪਰ ਉਸ ਵਿੱਚ ਉਹ ਵਿਸ਼ਵਾਸ ਪੈਦਾ ਕਰਨਾ ਮੇਰੀ ਜ਼ਿੰਮੇਵਾਰੀ ਹੈ। ਮੈਂ ਜਾਣਦਾਂ ਹਾਂ ਕਿ ਹਰ ਬੱਚੇ ਦੀ ਤਰ੍ਹਾਂ ਉਹ ਵੀ ਦੋਸਤਾਂ ਦੇ ਦਬਾਅ ਵਿੱਚ ਆਵੇਗਾ।

ਉਸ ਵਿੱਚ ਵੀ ਹਰ ਅੱਲ੍ਹੜ ਦੀ ਤਰ੍ਹਾਂ ਨਵੀਂ ਚੀਜ਼ ਦਾ ਤਜਰਬਾ ਕਰਨ ਦੀ ਇੱਛਾ ਹੋਵੇਗੀ। ਇਹ ਮੇਰੀ ਜ਼ਿੰਮੇਵਾਰੀ ਹੋਵੇਗੀ ਮੈਂ ਇੱਕ ਪੁੱਤਰ ਅਤੇ ਪਿਤਾ ਦੇ ਵਿਚਾਲੇ ਦੀ ਉਸ ''ਰੇਖਾ ਨੂੰ ਪਾਰ'' ਕੀਤੇ ਬਿਨਾਂ ਨੂੰ ਉਸ ਨੂੰ ਸਹੀ ਗ਼ਲਤ ਬਾਰੇ ਦੱਸ ਸਕਾਂ।

ਮੇਰੇ ਆਪਣੇ ਪਿਤਾ ਨਾਲ ਬਹੁਤ ਚੰਗੇ ਸਬੰਧ ਹਨ ਪਰ ਉਨ੍ਹਾਂ ਨਾਲ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਨ ਦੀ ਹਿੰਮਤ ਮੇਰੇ ਅੰਦਰ ਨਹੀਂ ਸੀ।

ਇਹ ਵੀ ਪੜ੍ਹੋ:

ਪਰ ਮੇਰਾ ਮੰਨਣਾ ਇਹ ਹੈ ਕਿ ਬੱਚੇ ਨਾਲ ਗੱਲ ਕਰਨਾ ਜ਼ਰੂਰੀ ਹੈ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਉਸਦੇ ਮਨ ਵਿੱਚ ਕੀ ਚੱਲ ਰਿਹਾ ਹੈ ਤਾਂ ਕਿ ਜੇਕਰ ਉਹ ਕਿਸੇ ਮੁਸੀਬਤ ਵਿੱਚ ਫਸੇ ਤਾਂ ਮੈਂ ਉਸ ਨੂੰ ਸਹੀ ਸਮੇਂ 'ਤੇ ਬਚਾ ਸਕਾਂ।

ਦਸਵੀਂ, ਬਾਰ੍ਹਵੀਂ, ਕਾਲਜ ਜਾਂ ਫਿਰ ਨੌਕਰੀ। ਇਹ ਉਹ ਪੜਾਅ ਹਨ ਜਦੋਂ ਬੱਚਿਆਂ ਨੂੰ ਆਪਣਿਆਂ ਨਾਲ ਗੱਲ ਕਰਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।

ਮੈਂ ਉਸ ਨੂੰ ਇਹ ਦੱਸਾਂਗਾ ਕਿ ਪੜ੍ਹਾਈ ਬਹੁਤ ਜ਼ਰੂਰੀ ਹੈ ਪਰ ਜੇਕਰ ਉਸਦੇ ਨੰਬਰ ਘੱਟ ਵੀ ਆਉਣ ਤਾਂ ਮੈਂ ਉਸਦੀ ਤੁਲਨਾ ਨੰਬਰਾਂ ਨਾਲ ਨਹੀਂ ਕਰਾਂਗਾ।

ਲੋਕ ਕੀ ਕਹਿਣਗੇ? ਮੈਂ ਉਸ ਨੂੰ ਇਸ ਦਬਾਅ ਤੋਂ ਦੂਰ ਰੱਖਣਾ ਚਾਹਾਂਗਾ ਤਾਂ ਕਿ ਉਹ 'ਛੋਟੀ ਸੋਚ' ਨੂੰ ਚੁਣੌਤੀ ਦੇ ਸਕੇ।

ਗ਼ਲਤੀਆਂ ਸਾਰੇ ਬੱਚੇ ਕਰਦੇ ਹਨ। ਪਰ ਉਸ ਨੂੰ ਸਹੀ ਅਤੇ ਗ਼ਲਤ ਦਾ ਫਰਕ ਦੱਸਣਾ ਮੇਰਾ ਕੰਮ ਹੈ।

ਮੈਂ ਮੰਨਦਾ ਹਾਂ ਕਿ ਉਹ ਗ਼ਲਤੀਆਂ ਕਰੇਗਾ, ਤਾਂ ਹੀ ਸਿੱਖੇਗਾ। ਪਰ ਮੈਂ ਇਹ ਕਦੇ ਨਹੀਂ ਚਾਹਾਂਗਾ ਕਿ ਉਹ ਅਜਿਹੀ ਗ਼ਲਤੀ ਕਰੇ ਜਿਸ ਨਾਲ ਕਿਸੇ ਦੂਜੇ ਦਾ ਨੁਕਸਾਨ ਹੋਵੇ।

ਇਹ ਸਭ ਅਸੀਂ ਦੇਖਿਆ ਹੈ ਤਾਂ ਕਿਉਂ ਨਾ ਹੁਣ ਬੱਚਿਆਂ ਨੂੰ ਇਸ ਤੋਂ ਆਜ਼ਾਦ ਕਰਵਾਇਆ ਜਾਵੇ।

(ਇਹ ਕਹਾਣੀ #HisChoice ਸੀਰੀਜ਼ ਦੀ ਆਖ਼ਰੀ ਕਹਾਣੀ ਹੈ। ਇਸ ਸੀਰੀਜ਼ ਦੀ ਪ੍ਰੋਡਿਊਸਰ ਸੁਸ਼ੀਲਾ ਸਿੰਘ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)