ਪੱਤਰਕਾਰ ਜਮਾਲ ਖਾਸ਼ੋਜੀ ਦੀ ਮੌਤ ਦੇ 'ਸੱਚ ਤੋਂ ਪਰਦਾ' ਚੁੱਕੇਗਾ ਤੁਰਕੀ

ਤਸਵੀਰ ਸਰੋਤ, AFP/GETTY
ਪੱਤਰਕਾਰ ਜਮਾਲ ਖਾਸ਼ੋਜੀ ਦਾ ਇਸਤੰਬੁਲ ਸਥਿਤ ਸਿਫਾਰਤਖਾਨੇ ਵਿੱਚ ਕਤਲ ਹੋਇਆ, ਸਾਊਦੀ ਅਰਬ ਵੱਲੋਂ ਇਸ ਗੱਲ ਨੂੰ ਮੰਨਣ ਮਗਰੋਂ ਤੁਰਕੀ ਨੇ ਕਿਹਾ ਹੈ ਕਿ ਪੱਤਰਕਾਰ ਜਮਾਲ ਖਾਸ਼ੋਗੀ ਦੇ ਕਤਲ ਬਾਰੇ ਸਾਰੀ ਜਾਣਕਾਰੀ ਜਨਤਕ ਕੀਤੀ ਜਾਵੇਗੀ।
ਤੁਰਕੀ ਵਿੱਚ ਸੱਤਾ ਉੱਤੇ ਕਾਬਿਜ਼ ਪਾਰਟੀ ਦੇ ਬੁਲਾਰੇ ਨੇ ਕਿਹਾ, ''ਤੁਰਕੀ ਇਸ ਮਾਮਲੇ 'ਤੇ ਕੋਈ ਪਰਦਾ ਨਹੀਂ ਪਾਵੇਗਾ।''
ਤੁਰਕੀ ਦੇ ਅਫ਼ਸਰਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਖਾਸ਼ੋਜੀ ਨੂੰ ਸਾਊਦੀ ਅਰਬ ਦੇ ਸਿਫਾਰਤਖਾਨੇ ਅੰਦਰ ਜਾਣਬੁੱਝ ਕੇ ਕਤਲ ਕੀਤ ਗਿਆ ਸੀ।
ਸਾਊਦੀ ਅਰਬ ਦੇ ਸਰਕਾਰੀ ਟੀਵੀ ਚੈਨਲ ਨੇ ਸ਼ੁਰੂਆਤੀ ਜਾਂਚ ਦੇ ਹਵਾਲੇ ਨਾਲ ਦੱਸਿਆ ਹੈ ਕਿ ਖਾਸ਼ੋਜੀ ਦੀ ਦੂਤਾਵਾਸ ਦੇ ਅੰਦਰ ਬਹਿਸ ਹੋਈ ਸੀ ਅਤੇ ਉਸ ਤੋਂ ਬਾਅਦ ਇੱਕ ਝਗੜੇ ਦੌਰਾਨ ਉਹ ਮਾਰੇ ਗਏ।
ਖਾਸ਼ੋਜੀ ਦੋ ਅਕਤੂਬਰ ਤੋਂ ਗਾਇਬ ਸਨ ਅਤੇ ਸਾਊਦੀ ਪਿਛਲੇ 17 ਦਿਨ ਤੋਂ ਆਪਣੇ ਬਿਆਨ 'ਤੇ ਕਾਇਮ ਸੀ ਕਿ ਉਹ ਦੋ ਅਕਤੂਬਰ ਨੂੰ ਸਫ਼ਾਰਤਖ਼ਾਨੇ ਤੋਂ ਚਲੇ ਗਏ ਸਨ।
ਦੂਜੇ ਪਾਸੇ ਤੁਰਕੀ ਦੇ ਅਖ਼ਬਾਰ ਸਰੋਤਾਂ ਦੇ ਹਵਾਲੇ ਨਾਲ ਲਗਾਤਾਰ ਛਾਪ ਰਹੇ ਸਨ ਕਿ ਖਾਸ਼ੋਜੀ ਦੀ ਸਫ਼ਾਰਤਖ਼ਾਨੇ ਵਿੱਚ ਹੱਤਿਆ ਹੋਈ ਹੈ।
ਇਹ ਵੀ ਪੜ੍ਹੋ:
ਖਾਸ਼ੋਜੀ 2 ਅਕਤੂਬਰ ਨੂੰ ਆਪਣੇ ਵਿਆਹ ਸਬੰਧੀ ਕੁਝ ਦਸਤਾਵੇਜ਼ ਲੈਣ ਲਈ ਸਫ਼ਾਰਤਖਾਨੇ ਜਾਣ ਮਗਰੋਂ ਲਾਪਤਾ ਹਨ।
ਖਾਸ਼ੋਜੀ ਸਾਊਦੀ ਅਰਬ ਦੇ ਸ਼ਾਹੀ ਸ਼ਾਸਨ ਦੇ ਆਲੋਚਕ ਕਹੇ ਜਾਂਦੇ ਸਨ। ਇਲਜ਼ਾਮ ਸੀ ਕਿ ਤੁਰਕੀ ਦੀ ਰਾਜਧਾਨੀ ਇਸਤੰਬੁਲ 'ਚ ਉਨ੍ਹਾਂ ਦੇ ਹੀ ਦੇਸ਼ ਦੇ ਸਫ਼ਾਰਤਖਾਨੇ 'ਚ ਹਲਾਕ ਕਰ ਦਿੱਤਾ ਗਿਆ ਅਤੇ ਲਾਸ਼ ਦੇ ਟੋਟੇ ਕਰਕੇ ਸੁੱਟ ਦਿੱਤੇ ਗਏ। ਸਾਊਦੀ ਅਰਬ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਸੀ।

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਆਖਿਆ ਹੈ ਕਿ ਖਾਸ਼ੋਜੀ ਦਾ ਕਤਲ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਅਮਰੀਕਾ ਇਸ ਮਾਮਲੇ ਦੀ ਜਾਂਚ ਦੀ ਨਿਗਰਾਨੀ ਕਰੇਗਾ।
ਇਹ ਵੀ ਪੜ੍ਹੋ
ਇਸ ਤੋਂ ਪਹਿਲਾਂ ਤੁਰਕੀ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ਹੱਤਿਆ ਦੀ ਆਡੀਓ ਤੇ ਵੀਡੀਓ ਰਿਕਾਰਡਿੰਗ ਹੈ, ਹਾਲਾਂਕਿ ਉਸ ਨੇ ਅਜਿਹਾ ਕੁਝ ਜਨਤਕ ਨਹੀਂ ਕੀਤਾ ਹੈ।
ਇਸ ਘਟਨਾ ਕਰਕੇ ਸਾਊਦੀ ਅਰਬ ਤੇ ਉਸ ਦੇ ਮਿੱਤਰ ਪੱਛਮੀ ਦੇਸ਼ਾਂ ਵਿਚਾਲੇ ਰਿਸ਼ਤੇ ਖ਼ਰਾਬ ਹੁੰਦੇ ਨਜ਼ਰ ਆ ਰਹੇ ਹਨ।
ਇਸੇ ਕਰਕੇ ਸਊਦੀ ਅਰਬ 'ਚ ਹੋ ਰਹੇ ਇੱਕ ਕਾਰੋਬਾਰੀ ਸੰਮੇਲਨ 'ਚੋਂ ਅਮਰੀਕਾ ਤੇ ਯੂਕੇ ਨੇ ਆਪਣੇ ਨੁਮਾਇੰਦੇ ਵਾਪਸ ਬੁਲਾ ਲਏ ਸਨ। ਇਹ ਸੰਮੇਲਨ ਸਊਦੀ ਅਰਬ ਦੇ ਯੁਵਰਾਜ ਮੁਹੰਮਦ ਬਿਨ ਸਲਮਾਨ ਨੇ ਆਪਣੇ ਉਦਾਰਵਾਦੀ ਏਜੰਡੇ ਨੂੰ ਪੇਸ਼ ਕਰਨ ਲਈ ਰੱਖਿਆ ਹੈ।

ਤਸਵੀਰ ਸਰੋਤ, Getty Images
ਖਾਸ਼ੋਜੀ ਦਾ ਭੇਦ
ਜਮਾਲ ਖਾਸ਼ੋਜੀ ਨੂੰ ਆਖ਼ਿਰੀ ਵਾਰ 2 ਅਕਤੂਬਰ ਨੂੰ ਇਸਤੰਬੁਲ ਵਿੱਚ ਸਾਊਦੀ ਅਰਬ ਦੇ ਸਫ਼ਾਰਤਖਾਨੇ ਦੇ ਅੰਦਰ ਵੜਦੇ ਦੇਖਿਆ ਗਿਆ ਸੀ।
ਤੁਰਕੀ ਦੇ ਅਧਿਕਾਰੀ ਕਹਿੰਦੇ ਸਨ ਕਿ ਉਨ੍ਹਾਂ ਨੂੰ ਅੰਦਰ ਵੜਦੇ ਹੀ ਮਾਰ ਦਿੱਤਾ ਗਿਆ, ਸਰੀਰ ਨੂੰ ਵੱਢ ਦਿੱਤਾ ਗਿਆ ਤੇ ਗਾਇਬ ਕਰ ਦਿੱਤਾ ਗਿਆ।
ਸਾਊਦੀ ਅਰਬ ਨੇ ਪਹਿਲਾਂ ਤਾਂ ਇਹ ਵੀ ਦਾਅਵਾ ਕੀਤਾ ਸੀ ਕਿ ਖਾਸ਼ੋਜੀ ਬਿਲਕੁਲ ਠੀਕ ਹਾਲਤ 'ਚ ਵਾਪਸ ਗਏ।
ਕੀ ਹਨ ਸਬੂਤ?
ਤੁਰਕੀ 'ਚ ਸਰਕਾਰ ਦੇ ਨੇੜੇ ਮੰਨੇ ਜਾਂਦੇ ਕੁਝ ਮੀਡੀਆ ਅਦਾਰਿਆਂ ਨੇ ਆਡੀਓ ਰਿਕਾਰਡਿੰਗ ਦਾ ਹਵਾਲਾ ਦਿੰਦਿਆਂ ਲਿਖਿਆ ਸੀ ਕਿ ਉਸ ਵਿੱਚ ਚੀਖਾਂ ਸੁਣੀਆਂ ਜਾ ਸਕਦੀਆਂ ਹਨ।
ਇਲਜ਼ਾਮ ਹੈ ਕਿ ਉਸ ਵਿੱਚ ਸਾਊਦੀ ਅਰਬ ਦੇ ਕੌਂਸਲ ਮੁਹੰਮਦ ਅਲ-ਓਤੇਬੀ ਦੀ ਵੀ ਆਵਾਜ਼ ਹੈ।
ਇਹ ਵੀ ਪੜ੍ਹੋ
ਇੱਕ ਅਖ਼ਬਾਰ ਮੁਤਾਬਕ ਕੌਂਸਲ ਨੇ ਕਾਤਲਾਂ ਨੂੰ ਕਿਹਾ, "ਇਹ ਬਾਹਰ ਜਾ ਕੇ ਕਰੋ। ਤੁਸੀਂ ਮੈਨੂੰ ਫਸਾ ਦਿਓਗੇ।"
ਤੁਰਕੀ ਦੇ ਮੀਡੀਆ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਨੇ 15 ਹੱਤਿਆਰਿਆਂ ਦੇ ਦਸਤੇ ਦੀ ਪਛਾਣ ਕਰ ਲਈ ਹੈ।
ਦੂਜੇ ਪਾਸੇ ਸਾਊਦੀ ਅਧਿਕਾਰੀ ਕਹਿੰਦੇ ਹਨ ਕਿ ਇਹ ਸਭ ਬੇਬੁਨਿਆਦ ਹੈ ਅਤੇ ਉਹ ਜਾਂਚ 'ਚ ਸਹਿਯੋਗ ਕਰਨ ਲਈ ਤਿਆਰ ਹਨ।

ਤਸਵੀਰ ਸਰੋਤ, Getty Images
ਕੌਣ ਹੈ ਇਹ ਪੱਤਰਕਾਰ?
ਜਮਾਲਖਾਸ਼ੋਜੀ ਨੇ ਸਾਊਦੀ ਮੀਡੀਆ ਅਦਾਰਿਆਂ ਲਈ ਵੱਡੀਆਂ ਖ਼ਬਰਾਂ ਰਿਪੋਰਟ ਕੀਤੀਆਂ ਹਨ। ਉਹ ਪਹਿਲਾਂ ਤਾਂ ਸਊਦੀ ਸਰਕਾਰ ਦੇ ਵੀ ਸਲਾਹਕਾਰ ਸਨ ਪਰ ਫਿਰ ਉਹ ਰਿਸ਼ਤਾ ਖੱਟਾ ਹੋ ਗਿਆ।
- ਉਹ ਇਸ ਤੋਂ ਬਾਅਦ ਗੁਪਤਵਾਸ 'ਚ ਅਮਰੀਕਾ ਜਾ ਕੇ ਰਹਿਣ ਲੱਗੇ ਅਤੇ ਵਾਸ਼ਿੰਗਟਨ ਪੋਸਟ ਅਖ਼ਬਾਰ ਲਈ ਇੱਕ ਮਹੀਨੇਵਾਰ ਲੇਖ ਲਿਖਣ ਲੱਗੇ।
- ਮਦੀਨਾ 'ਚ 1958 ਵਿੱਚ ਪੈਦਾ ਹੋਏ ਜਮਾਲ ਖਾਸ਼ੋਜੀ ਨੇ ਅਮਰੀਕਾ ਦੀ ਇੰਡੀਆਨਾ ਸਟੇਟ ਯੂਨੀਵਰਸਿਟੀ ਤੋਂ ਬਿਜ਼ਨਸ ਐਡਮਿਨੀਸਟ੍ਰੇਸ਼ਨ ਦੀ ਪੜ੍ਹਾਈ ਕੀਤੀ।
- ਉਸ ਤੋਂ ਬਾਅਦ ਉਹ ਮੁੜ ਸਾਊਦੀ ਅਰਬ ਆ ਗਏ ਅਤੇ 1980ਵਿਆਂ ਵਿੱਚ ਖੇਤਰੀ ਅਖ਼ਬਾਰਾਂ ਲਈ ਅਫ਼ਗਾਨਿਸਤਾਨ ਉੱਪਰ ਸੋਵੀਅਤ ਹਮਲਿਆਂ ਦੀ ਰਿਪੋਰਟਿੰਗ ਕਰਕੇ ਆਪਣੇ ਪੱਤਰਕਾਰੀ ਜੀਵਨ ਦੀ ਸ਼ੁਰੂਆਤ ਕੀਤੀ।
- ਉੱਥੇ ਉਨ੍ਹਾਂ ਓਸਾਮਾ ਬਿਨ ਲਾਦੇਨ ਦੇ ਉਭਾਰ ਨੂੰ ਨੇੜਿਓਂ ਦੇਖਿਆ ਅਤੇ 1980-1990 ਦੇ ਦਹਾਕਿਆਂ ਦੌਰਾਨ ਅਲਕਾਇਦਾ ਦੇ ਆਗੂ ਓਸਾਮਾ ਬਿਨ ਲਾਦੇਨ ਦਾ ਇੰਟਰਵਿਊ ਲਿਆ।
- ਓਸਾਮਾ ਬਿਨ ਲਾਦੇਨ ਦੀ ਇੰਟਰਵਿਊ ਤੋਂ ਬਾਅਦ ਉਨ੍ਹਾਂ ਆਪਣੇ ਖੇਤਰ ਦੀਆਂ ਕਈ ਮੁੱਖ ਘਟਨਾਵਾਂ ਦੀ ਰਿਪੋਰਟਿੰਗ ਕੀਤੀ ਜਿਨ੍ਹਾਂ ਵਿੱਚ ਕੁਵੈਤ ਦੀ ਖਾੜੀ ਜੰਗ ਵੀ ਸ਼ਾਮਿਲ ਸੀ।
- 1990ਵਿਆਂ ਵਿੱਚ ਖਾਸ਼ੋਜੀ ਸਾਊਦੀ ਅਰਬ ਪਰਤ ਆਏ ਅਤੇ 1999 ਵਿੱਚ ਇੱਕ ਅੰਗਰੇਜ਼ੀ ਅਖ਼ਬਾਰ ਅਰਬ ਨਿਊਜ਼ ਦੇ ਡਿਪਟੀ ਐਡੀਟਰ ਬਣੇ।
- 2003 ਵਿੱਚ ਜਮਾਲ, ਅਲ ਵਤਨ ਅਖ਼ਬਾਰ ਦੇ ਸੰਪਾਦਕ ਬਣੇ ਪਰ ਆਪਣੇ ਕਾਰਜਕਾਲ ਦੇ ਦੋ ਮਹੀਨਿਆਂ ਵਿੱਚ ਹੀ ਸਾਊਦੀ ਸਰਕਾਰ ਖ਼ਿਲਾਫ਼ ਆਲੋਚਨਾਤਮਕ ਖ਼ਬਰਾਂ ਛਾਪਣ ਕਾਰਨ ਬਰਖ਼ਾਸਤ ਕਰ ਦਿੱਤੇ ਗਏ।
ਇਹ ਵੀ ਪੜ੍ਹੋ

ਤਸਵੀਰ ਸਰੋਤ, Getty Images
- ਬਰਖ਼ਾਸਤਗੀ ਤੋਂ ਬਾਅਦ ਉਹ ਲੰਡਨ ਅਤੇ ਫੇਰ ਵਾਸ਼ਿੰਗਟਨ ਚਲੇ ਗਏ, ਜਿੱਥੇ ਉਨ੍ਹਾਂ ਸਾਊਦੀ ਅਰਬ ਦੇ ਸਾਬਕਾ ਇੰਟੈਲੀਜੈਂਸ ਮੁਖੀ ਅਤੇ ਅੰਬੈਸਡਰ ਪ੍ਰਿੰਸ ਤੁਰਕੀ ਬਿਨ-ਫੈਸਲ ਦੇ ਮੀਡੀਆ ਸਲਾਹਕਾਰ ਦੇ ਰੂਪ ਵਿਚ ਸੇਵਾ ਨਿਭਾਈ।
- ਇਸ ਤੋਂ ਬਾਅਦ ਸਾਲ 2007 ਵਿੱਚ ਉਹ ਅਲ ਵਤਨ ਅਖ਼ਬਾਰ ਵਿੱਚ ਮੁੜ ਆ ਗਏ ਪਰ ਹੋਰ ਵਿਵਾਦਾਂ ਦੇ ਚਲਦਿਆਂ ਤਿੰਨ ਸਾਲਾਂ ਬਾਅਦ ਨੌਕਰੀ ਛੱਡ ਦਿੱਤੀ।
- 2011 ਵਿੱਚ ਅਰਬ ਸਪਰਿੰਗ ਅਪਰਾਇਜ਼ਿੰਗ ਤੋਂ ਬਾਅਦ, ਉਨ੍ਹਾਂ ਕਈ ਦੇਸਾਂ ਵਿੱਚ ਇਸਲਾਮਿਕ ਸਮੂਹਾਂ ਦਾ ਸਮਰਥਨ ਕੀਤਾ ਜਿਨ੍ਹਾਂ ਨੇ ਕਈ ਮੁਲਕਾਂ ਵਿੱਚ ਸ਼ਕਤੀ ਹਾਸਿਲ ਕੀਤੀ ਸੀ।
- 2012 ਵਿੱਚ ਜਮਾਲ ਨੂੰ ਸਾਊਦੀ ਅਰਬ ਵੱਲੋਂ ਸਮਰਥਨ ਹਾਸਿਲ ਨਿਊਜ਼ ਚੈਨਲ 'ਅਲ ਅਰਬ' ਚਲਾਉਣ ਲਈ ਚੁਣਿਆ ਗਿਆ - ਇਸ ਚੈਨਲ ਨੂੰ ਕਤਰ ਵੱਲੋਂ 'ਦਿ ਅਲ ਜਜ਼ੀਰਾ ਚੈਨਲ' ਦੇ ਮੁਕਾਬਲੇ ਖੜ੍ਹਾ ਕੀਤਾ ਗਿਆ ਸੀ।
- ਪਰ ਬਹਿਰੀਨ ਅਧਾਰਤ ਇਸ ਨਿਊਜ਼ ਚੈਨਲ ਵੱਲੋਂ 2015 ਵਿੱਚ ਇੱਕ ਪ੍ਰਮੁੱਖ ਬਹਿਰੀਨ ਵਿਰੋਧੀ ਧਿਰ ਦੇ ਆਗੂ ਨੂੰ ਸੰਬੋਧਨ ਲਈ ਸੱਦਣ ਕਰਕੇ 24 ਘੰਟੇ ਦੇ ਅੰਦਰ ਹੀ ਚੈਨਲ ਦਾ ਪ੍ਰਸਾਰਣ ਬੰਦ ਹੋ ਗਿਆ।
- ਖਾਸ਼ੋਜੀ ਨੂੰ ਸਾਊਦੀ ਮਾਮਲਿਆਂ ਦੇ ਮਾਹਿਰ ਮੰਨਿਆ ਜਾਂਦਾ ਸੀ ਅਤੇ ਉਹ ਕੌਮਾਂਤਰੀ ਮੀਡੀਆ ਅਦਾਰਿਆਂ ਵਿੱਚ ਨਿਯਮਿਤ ਯੋਗਦਾਨ ਪਾ ਰਹੇ ਸਨ।ਪੱਤਰਕਾਰ ਜਮਾਲ ਖਾਸ਼ੋਜੀ ਨੇ 2017 ਦੀਆਂ ਗਰਮੀਆਂ ਵਿੱਚ ਸਾਊਦੀ ਅਰਬ ਨੂੰ ਛੱਡ ਕੇ ਅਮਰੀਕਾ ਵੱਲ ਕੂਚ ਕੀਤਾ।
- ਵਾਸ਼ਿੰਗਟਨ ਪੋਸਟ ਅਖ਼ਬਾਰ ਦੇ ਆਪਣੇ ਪਲੇਠੇ ਕਾਲਮ ਵਿੱਚ, ਉਨ੍ਹਾਂ ਕਿਹਾ ਕਿ ਉਹ ਅਤੇ ਹੋਰ ਕਈ ਪੱਤਰਕਾਰਾਂ ਨੇ ਗ੍ਰਿਫ਼ਤਾਰੀ ਦੇ ਡਰੋਂ ਖ਼ੁਦ ਹੀ ਦੇਸ ਛੱਡ ਦਿੱਤਾ ਸੀ।
ਤੁਹਾਨੂੰ ਇਹ ਵੀ ਪਸੰਦ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












