'ਕੱਲ੍ਹ ਨੂੰ ਤੁਹਾਡੀ ਥਾਲੀ 'ਚ ਰੋਟੀ ਨਾ ਰਹੇ, ਤਾਂ ਪਤਾ ਹੋਵੇ ਇਹ ਕਿੰਝ ਹੋਇਆ'

ਤਸਵੀਰ ਸਰੋਤ, Getty Images
- ਲੇਖਕ, ਪ੍ਰਿਅੰਕਾ ਦੂਬੇ
- ਰੋਲ, ਬੀਬੀਸੀ ਪੱਤਰਕਾਰ
'ਭਾਰਤ 'ਚ ਕਿਸਾਨਾਂ ਦੇ ਮਰਨ ਨਾਲ ਕਿਸੇ ਨੂੰ ਫ਼ਰਕ ਨਹੀਂ ਪੈਂਦਾ।' ਇਹ ਸ਼ਬਦ ਪੜ੍ਹਦੇ ਸਮੇਂ ਸ਼ਾਇਦ ਤੁਸੀਂ ਰੋਟੀ, ਚੌਲ, ਮੱਕੀ, ਦਾਲ, ਬ੍ਰੈੱਡ ਜਾਂ ਬਿਸਕੁਟ ਦਾ ਕੋਈ ਟੁਕੜਾ ਖਾ ਰਹੇ ਹੋਵੋ।
ਦੇਸ ਦੇ ਕਿਸੇ ਹਿੱਸੇ 'ਚ ਕਿਸੇ ਕਿਸਾਨ ਦੀ ਮਿਹਨਤ ਨਾਲ ਉਗਾਏ ਗਏ ਅੰਨ੍ਹ ਨਾਲ ਬਣੀਆਂ ਚੀਜ਼ਾਂ ਖਾਂਦੇ ਸ਼ਾਇਦ ਟੀਵੀ 'ਤੇ ਮੁੰਬਈ ਤੋਂ ਪ੍ਰਸਾਰਿਤ ਕੋਈ ਫ਼ੈਸ਼ਨ ਸ਼ੋਅ ਵੀ ਦੇਖ ਰਹੇ ਹੋਵੋਗੇ।
ਜਾਂ ਸ਼ਾਇਦ ਆਪਣੇ ਫ਼ੋਨ 'ਤੇ ਕਿਸੇ ਐਪ ਰਾਹੀਂ ਉਸ ਫ਼ੈਸ਼ਨ ਸ਼ੋਅ 'ਚ ਦਿਖਾਏ ਗਏ ਕੱਪੜਿਆਂ ਨੂੰ ਕਿਸੇ ਆਨ-ਲਾਈਨ ਸੇਲ ਤੋਂ ਖ਼ਰੀਦਣ ਦਾ ਮਨ ਵੀ ਬਣਾ ਰਹੇ ਹੋਵੋਗੇ।
ਇਹ ਵੀ ਪੜ੍ਹੋ:
ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਡਿਜ਼ਾਇਨਰ ਕੱਪੜਿਆਂ ਦੀ ਆਨ-ਲਾਈਨ ਸ਼ਾਪਿੰਗ ਕਰਦੇ ਸਮੇਂ ਤੁਸੀਂ ਇਨ੍ਹਾਂ ਕੱਪੜਿਆਂ ਲਈ ਕੱਚਾ ਮਾਲ ਯਾਨਿ ਕਪਾਹ ਉਗਾਉਣ ਵਾਲੇ ਵਿਦਰਭ ਦੇ ਉਸ ਕਿਸਾਨ ਬਾਰੇ ਸੋਚੋ ਜਿਹੜਾ ਅੱਜ-ਕੱਲ ਵਾਰ-ਵਾਰ ਖ਼ੁਦਕੁਸ਼ੀ ਕਰਨ ਦੀ ਸੋਚਦਾ ਹੈ।
ਉਸ ਕਿਸਾਨ ਦਾ ਕੋਈ ਨਾਂ ਨਹੀਂ, ਕੋਈ ਚਿਹਰਾ ਨਹੀਂ ਹੈ ਅਤੇ ਨਾ ਹੀ ਕੋਈ ਪਤਾ ਹੈ। ਉਹ ਖ਼ੇਤੀ ਦੇ ਧੰਦੇ 'ਚ ਲੱਗੇ ਉਨ੍ਹਾਂ ਲੋਕਾਂ 'ਚ ਸ਼ਾਮਿਲ ਹੈ ਜੋ ਪਿਛਲੇ ਕਈ ਸਾਲਾਂ ਤੋਂ ਦੁਖ ਅਤੇ ਨਿਰਾਸ਼ਾ 'ਚ ਡੁੱਬਣ ਤੋਂ ਬਾਅਦ ਖ਼ੁਦਕੁਸ਼ੀ ਕਰਦਾ ਹੈ।

ਤਸਵੀਰ ਸਰੋਤ, Rohitjoshi/bbc
ਕਿਸਾਨਾਂ ਨੂੰ ਖ਼ੇਤੀ 'ਚ ਇੰਨਾ ਨੁਕਸਾਨ ਝੱਲਣਾ ਪੈਂਦਾ ਹੈ ਕਿ ਉਹ ਕਰਜ਼ ਲੈ ਕੇ ਵੀ ਆਪਣੀ ਖ਼ੇਤੀ ਨੂੰ ਲਾਈਨ 'ਤੇ ਲਿਆਉਣ 'ਚ ਅਸਮਰੱਥ ਹਨ, ਅਤੇ ਫ਼ਿਰ ਨਿਰਾਸ਼ਾ 'ਚ ਕਦੇ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਲਿਆਂਦੇ ਗਏ ਕੀਟਨਾਸ਼ਕ ਨੂੰ ਪੀ ਕੇ, ਕਦੇ ਰੇਲ ਲਾਈਨਾਂ 'ਤੇ ਪੈ ਕੇ, ਕਦੇ ਪਸ਼ੂਆਂ ਨੂੰ ਬੰਨ੍ਹਣ ਵਾਲੀ ਰੱਸੀ ਆਪਣੀ ਗਰਦਨ ਦੇ ਦੁਆਲੇ ਲਪੇਟ ਕੇ, ਕਦੇ ਖੂਹ ਜਾਂ ਨਹਿਰ 'ਚ ਛਾਲ ਮਾਰ ਕੇ ਅਤੇ ਕਦੇ ਆਪਣੀ ਮਾਂ ਜਾਂ ਪਤਨੀ ਦੀ ਚੁੰਨ੍ਹੀ ਨਾਲ ਮੌਤ ਦਾ ਫੰਦਾ ਬਣਾ ਕੇ ਆਪਣੇ ਹੀ ਖ਼ੇਤ ਦੇ ਕਿਸੇ ਦਰਖ਼ਤ 'ਤੇ ਲਟਕ ਰਹੇ ਹਨ।
ਪਰ ਫ਼ਿਰ ਵੀ, ਲੰਘੇ ਦੋ ਦਹਾਕਿਆਂ ਤੋਂ ਕਿਸਾਨਾਂ ਦੀ ਲਗਾਤਾਰ ਖ਼ਰਾਬ ਹੁੰਦੀ ਹਾਲਤ ਅਤੇ ਖ਼ੁਦਕੁਸ਼ੀਆਂ ਦੇ ਸਿਲਸਿਲੇ ਨੂੰ ਦੇਖਦੇ ਹੋਏ ਇਹ ਸਾਫ਼ ਹੋ ਜਾਂਦਾ ਹੈ ਕਿ ਸ਼ਾਇਦ ਸੱਚੀਂ ਕਿਸਾਨਾਂ ਦੇ ਮਰਨ ਨਾਲ ਕਿਸੇ ਨੂੰ ਫ਼ਰਕ ਨਹੀਂ ਪੈਂਦਾ।
ਖ਼ੇਤੀ ਸੰਕਟ 'ਤੇ ਗ਼ੌਰ ਕਰਨਾ ਜ਼ਰੂਰੀ ਕਿਉਂ?
ਤਾਂ ਫ਼ਿਰ ਭਾਰਤ 'ਚ ਹਰ ਪਲ ਗਹਿਰਾਉਂਦੇ ਖ਼ੇਤੀ ਸੰਕਟ 'ਤੇ ਵੱਖਰੇ ਤੌਰ 'ਤੇ ਗੱਲ ਕਰਨੀ ਕਿਉਂ ਜ਼ਰੂਰੀ ਹੈ? ਇਸ ਸਵਾਲ ਅਤੇ ਇਸ ਨਾਲ ਜੁੜੇ ਅੰਕੜਿਆਂ 'ਤੇ ਆਉਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ -
ਜਦੋਂ ਮੈਂ ਤੀਜੀ ਜਮਾਤ 'ਚ ਪੜ੍ਹਦੀ ਸੀ ਤਾਂ ਮੈਂ ਪਹਿਲੀ ਵਾਰ ਆਪਣੇ ਸਕੂਲ ਦੀ ਪ੍ਰਾਰਥਨਾ ਸਭਾ 'ਚ 'ਭਾਰਤ ਦੇ ਕਿਸਾਨ' ਵਿਸ਼ੇ 'ਤੇ ਇੱਕ ਛੋਟਾ ਜਿਹਾ ਭਾਸ਼ਣ ਦਿੱਤਾ ਸੀ। ਮੈਨੂੰ ਯਾਦ ਹੈ ਕਿ ਉਸ ਭਾਸ਼ਣ ਦੀ ਸ਼ੁਰੂਆਤ 'ਭਾਰਤ ਇੱਕ ਕ੍ਰਿਸ਼ੀ ਪ੍ਰਧਾਨ ਦੇਸ ਹੈ' ਅਤੇ 'ਕਿਸਾਨ ਭਾਰਤ ਦੇ ਅਰਥਚਾਰੇ ਦੀ ਰੀੜ੍ਹ ਹੈ' ਵਰਗੇ ਸ਼ਬਦਾਂ ਨਾਲ ਹੋਈ ਸੀ।
ਇਹ ਵੀ ਪੜ੍ਹੋ:
ਆਪਣੇ ਪਿਤਾ ਵੱਲੋਂ ਲਿਖੇ ਗਏ ਇਸ ਭਾਸ਼ਣ ਦੀ ਪਰਚੀ ਹੱਥ 'ਚ ਲਈ ਡਰਦੇ-ਡਰਦੇ ਸਟੇਜ 'ਤੇ ਜਾਂਦੇ ਸਮੇਂ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਭਾਰਤੀ ਅਰਥਚਾਰੇ ਦੀ ਜਿਸ 'ਰੀੜ' ਬਾਰੇ ਮੇਰੇ ਪਿਤਾ ਮੈਨੂੰ ਸਮਝਾਉਂਦੇ ਸਨ ਉਹ ਰੀੜ੍ਹ ਮੇਰੇ ਬਾਲਗ ਹੋਣ ਤੱਕ ਟੁੱਟਣ ਦੇ ਕੰਡੇ 'ਤੇ ਆ ਜਾਵੇਗੀ।
ਫ਼ਿਰ ਅਜਿਹਾ ਕਿਵੇਂ ਹੋਇਆ ਕਿ 'ਕਿਸਾਨ' - ਜਿਸਨੂੰ ਦੇਸ ਦੇ ਲੋਕ ਵਿਵਹਾਰ 'ਚ 'ਅੰਨਦਾਤਾ' ਕਹਿ ਕੇ ਸਨਮਾਨਿਤ ਕਰਨ ਦੀ ਰਵਾਇਤ ਰਹੀ ਹੈ - ਪਿਛਲੇ 20 ਸਾਲਾਂ ਤੋਂ ਦੇਸ ਭਰ 'ਚ ਹੋਈਆਂ ਉਹ ਆਪਣੀਆਂ ਖ਼ੁਦਕੁਸ਼ੀਆਂ ਦੀ ਸੂਚੀ ਬਣ ਕੇ ਰਹਿ ਗਿਆ ਹੈ ਅਤੇ ਅਖ਼ਬਾਰਾਂ ਤੋਂ ਲੈ ਕੇ ਸੰਸਦ ਦੀਆਂ ਮੇਜ਼ਾਂ ਤੱਕ ਪਿਆ ਹੈ।
ਅਜਿਹਾ ਕਿਵੇਂ ਹੋਇਆ ਕਿ ਮੁੱਖਧਾਰਾ ਦੀ ਮੀਡੀਆ 'ਚ 'ਕਿਸਾਨ ਦੀ ਖ਼ੁਦਕੁਸ਼ੀ' ਇੱਕ ਘਿਸਿਆ ਪਿਟਿਆ ਵਿਸ਼ਾ ਬਣ ਗਿਆ ਅਤੇ 'ਕਿਸਾਨ ਪੁੱਤਰ' ਆਗੂਆਂ ਨਾਲ ਭਰੀ ਸੰਸਦ ਤੋਂ ਹੋਣ ਵਾਲੇ 'ਕਰਜ਼ ਮਾਫ਼ੀ' ਦੇ ਐਲਾਨ ਕਿਸਾਨਾਂ ਦੇ ਖ਼ਾਤਿਆਂ ਤੱਕ ਨਹੀਂ ਪਹੁੰਚ ਸਕੇ?

70 ਸਾਲ ਬਾਅਦ ਵੀ ਕਿਸਾਨਾਂ ਦੇ ਹਾਲਾਤ ਉਵੇਂ ਦੇ ਉਵੇਂ
ਇਸ ਦੌਰਾਨ ਸਾਡੇ ਕਿਸਾਨ ਸਰਕਾਰ ਦੇ ਨਾਲ-ਨਾਲ ਸਾਡੇ ਸਭਨਾਂ ਤੱਕ ਆਪਣੇ ਮੁੱਦੇ ਪਹੁੰਚਾਉਣ ਲਈ ਕੋਈ ਕੋਸ਼ਿਸ਼ਾਂ ਕਰਦੇ ਰਹੇ। ਨਾਸਿਕ ਤੋਂ ਮੁੰਬਈ ਤੱਕ ਹਜ਼ਾਰਾਂ ਦੀ ਗਿਣਤੀ 'ਚ ਪੈਦਲ ਤੁਰ ਕੇ ਆਏ, ਆਪਣੇ ਮਰੇ ਹੋਏ ਸਾਥੀਆਂ ਦੀਆਂ ਅਸਥੀਆਂ ਲੈ ਕੇ ਦਿੱਲੀ ਆਏ, ਦਿੱਲੀ ਦੀ ਗਰਮੀਆਂ 'ਚ ਸੜਕ 'ਤੇ ਸਾਂਬਰ-ਚਾਵਲ ਖਾਧਾ, ਸੰਸਦ ਦੇ ਸਾਹਮਣੇ ਲਗਭਗ ਨੰਗੇ ਹੋ ਕੇ ਪ੍ਰਦਰਸ਼ਨ ਕੀਤਾ, ਫ਼ਿਰ ਵੀ ਉਨ੍ਹਾਂ ਦੀ ਜ਼ਿੰਦਗੀ 'ਚ ਕੁਝ ਨਹੀਂ ਬਦਲਿਆ।
ਆਜ਼ਾਦੀ ਤੋਂ ਪਹਿਲਾਂ ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ 'ਚ ਦਰਜ ਕਿਸਾਨ ਦੀ ਹਾਲਤ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਉਵੇਂ ਦੀ ਉਵੇਂ ਹੀ ਬਣੀ ਰਹੀ।
ਕੌਮੀ ਅਪਰਾਧ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਮੁਤਾਬਕ 1995 ਤੋਂ ਹੁਣ ਤੱਕ ਭਾਰਤ 'ਚ ਤਿੰਨ ਲੱਖ ਤੋਂ ਵੀ ਵੱਧ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਇਸ ਸਿਲਸਿਲੇ 'ਚ ਤਾਜ਼ਾ ਅੰਕੜੇ ਦੱਸਦੇ ਹਨ ਕਿ ਸਾਲ 2016 'ਚ 11,370 ਕਿਸਾਨਾਂ ਨੇ ਖ਼ੁਦ ਆਪਣੀ ਜਾਨ ਲਈ।
ਖ਼ੇਤੀ ਦੇ ਵਧਦੇ ਖ਼ਰਚੇ ਪੂਰੇ ਕਰਨ ਲਈ ਲਿਆ ਗਿਆ ਕਰਜ਼ਾ ਨਾ ਅਦਾ ਕਰ ਪਾਉਣਾ ਖ਼ੁਦਕੁਸ਼ੀ ਦੀ ਸਭ ਤੋਂ ਵੱਡੀ ਵਜ੍ਹਾ ਹੈ।
ਇਸ ਵਜ੍ਹਾ ਨਾਲ ਪਰਿਵਾਰ ਦੇ ਦੂਜੇ ਲੋਕਾਂ 'ਚ ਫ਼ੈਲੀ ਹਾਰੀ ਹਿੰਮਤ, ਮੌਸਮ ਦੀ ਮਾਰ ਅਤੇ ਫ਼ਸਲ ਦੀ ਸਹੀ ਕੀਮਤ ਨਾ ਮਿਲਣਾ ਵੀ ਖ਼ੇਤੀ ਸੰਕਟ ਦੇ ਅਹਿਮ ਕਾਰਨ ਹਨ। ਪਰ ਸਭ ਤੋਂ ਵੱਡਾ ਕਾਰਨ ਹੈ ਕਿਸਾਨ ਦਾ ਨਾ-ਉਮੀਦ ਹੋ ਜਾਣਾ।

ਤਸਵੀਰ ਸਰੋਤ, Reuters
ਕਿਸਾਨਾਂ ਦੀ ਹਾਲਤ 'ਤੇ ਬੀਬੀਸੀ ਦੀ ਲੜੀ
ਸੱਚ ਤਾਂ ਇਹ ਹੈ ਕਿ ਕਿਸਾਨਾਂ 'ਤੇ ਹੀ ਦੇਸ ਦੀਆਂ ਉਮੀਦਾਂ ਹਨ। ਇਸ ਲਈ ਕਿਸਾਨਾਂ 'ਤੇ ਅਲੱਗ ਤੋਂ ਹੱਲ ਕਰਨਾ ਜ਼ਰੂਰੀ ਹੈ ਤਾਂ ਜੋ ਕੱਲ੍ਹ ਜਦੋਂ ਸਾਡੇ ਬੱਚੇ ਜਾਂ ਉਨ੍ਹਾਂ ਦੇ ਬੱਚਿਆਂ ਦੀਆਂ ਥਾਲੀਆਂ 'ਚੋਂ ਸਬਜ਼ੀ ਜਾਂ ਰੋਟੀ ਗਾਇਬ ਹੋ ਜਾਵੇ, ਤਾਂ ਸਾਨੂੰ ਇਹ ਪਤਾ ਹੋਵੇ ਕਿ ਇਹ ਕਿਵੇਂ ਹੋਇਆ ਸੀ।
ਅਤੇ ਇਸ ਉਮੀਦ 'ਤੇ ਵੀ ਕਿ - ਭਾਰਤੀ ਸੰਸਦ 'ਚ ਬੈਠੇ ਸਾਰੇ 'ਕਿਸਾਨ ਪੁੱਤਰ' ਚੋਣਾਂ ਦੌਰਾਨ ਭਾਰਤ ਨੂੰ 'ਕਿਸਾਨ ਆਤਮਹੱਤਿਆ ਮੁਕਤ' ਬਣਾਉਣ ਦੇ ਆਪਣੇ ਵਾਅਦਿਆਂ ਨੂੰ ਯਾਦ ਕਰਨ ਅਤੇ ਇਸ 'ਖ਼ੇਤੀ ਪ੍ਰਧਾਨ' ਦੇਸ ਨੂੰ 'ਫਾਂਸੀ ਪ੍ਰਧਾਨ' ਦੇਸ ਬਣਨ ਤੋਂ ਬਚਾਉਣ।
ਬੀਬੀਸੀ ਪੰਜਾਬੀ 'ਤੇ 'ਕਿਸਾਨ ਖ਼ੁਦਕੁਸ਼ੀਆਂ' ਅਤੇ 'ਖ਼ੇਤੀ ਸੰਕਟ' 'ਤੇ ਇੱਕ ਵਿਸ਼ੇਸ਼ ਰਿਪੋਰਟਿੰਗ ਸੀਰੀਜ਼ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੰਜ ਦਿਨਾਂ ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਰਿਪੋਰਟਿੰਗ ਸੀਰੀਜ਼ 'ਚ ਪੰਜਾਬ ਤੋਂ ਲੈ ਕੇ ਮਹਾਰਾਸ਼ਟਰਾ ਅਤੇ ਤੇਲੰਗਾਨਾ ਤੱਕ ਤੋਂ ਗਰਾਊਂਡ ਰਿਪੋਰਟ ਅਤੇ ਹੋਰ ਸੰਪਾਦਕੀ ਲੇਖ ਪ੍ਰਕਾਸ਼ਿਤ ਕੀਤੇ ਜਾਣਗੇ।
ਇਹ ਵੀ ਪੜ੍ਹੋ:
ਖ਼ੇਤੀ ਸੰਕਟ ਨਾਲ ਜੂਝਦੇ ਤਿੰਨ ਸੂਬਿਆਂ 'ਚ ਬੀਤੇ ਦੋ ਮਹੀਨਿਆਂ ਦੌਰਾਨ ਕਰੀਬ 5000 ਕਿਲੋਮੀਟਰ ਅਤੇ 9 ਜ਼ਿਲ੍ਹਿਆਂ ਦੇ ਸਫ਼ਰ ਤੋਂ ਬਾਅਦ ਤਿਆਰ ਕੀਤੀ ਗਈ ਇਹ ਵਿਸ਼ੇਸ਼ ਲੜੀ ਭਾਰਤ 'ਚ ਖ਼ੇਤੀ ਸੰਕਟ ਨੂੰ ਉਸਦੀ ਸੰਪੂਰਨਤਾ ਅਤੇ ਸੰਘਣਤਾ 'ਚ ਪੇਸ਼ ਕਰਨ ਦੇ ਨਾਲ-ਨਾਲ ਹੱਲ ਦੀ ਵੀ ਗੱਲ ਕਰਦੀ ਹੈ।

ਤਸਵੀਰ ਸਰੋਤ, Getty Images
ਕੀ ਹੋਵੇਗਾ ਇਸ ਸੀਰੀਜ਼ 'ਚ?
ਅਗਲੇ ਚਾਰ ਦਿਨਾਂ ਦੌਰਾਨ ਬੀਬੀਸੀ ਪੰਜਾਬੀ 'ਤੇ ਹਰ ਰੋਜ਼ ਪ੍ਰਕਾਸ਼ਿਤ ਕੀਤੀ ਜਾਣ ਵਾਲੀਆਂ ਜ਼ਮੀਨੀ ਰਿਪੋਰਟਾਂ 'ਚ ਤੁਹਾਡੀ ਮੁਲਾਕਾਤ ਇੱਕ ਪਾਸੇ ਜਿੱਥੇ ਬਰਨਾਲਾ ਦੀ ਹਰਪਾਲ ਕੌਰ ਨਾਲ ਹੋਵੇਗੀ, ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ 'ਚ ਬੀਡ ਜ਼ਿਲ੍ਹੇ ਦੀ ਪੂਜਾ ਆਉਟੇ ਨਾਲ ਵੀ ਹੋਵੇਗੀ।
ਹਫ਼ਤੇ ਦੇ ਆਖ਼ਿਰ 'ਚ ਤੇਲੰਗਾਨਾ ਦੇ ਵਾਰੰਗਲ 'ਚ ਰਹਿਣ ਵਾਲੇ ਕਿਸਾਨ ਤੁਹਾਨੂੰ ਇਹ ਵੀ ਦੱਸਣਗੇ ਕਿ ਉਹ ਕਿਵੇਂ ਖ਼ੁਦ ਨੂੰ ਖ਼ੁਦਕੁਸ਼ੀ ਦੇ ਬੁਰੇ ਚੱਕਰ ਤੋਂ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਤੁਹਾਡੀਆਂ ਪ੍ਰਤੀਕਿਰਿਆਵਾਂ ਅਤੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ।
ਸ਼ਾਇਦ ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












