ਕੋਰੇਗਾਂਵ ਹਿੰਸਾ: ਮੋਦੀ ਦੇ 'ਮਹਾਨ ਮਨੁੱਖ' ਸੰਭਾਜੀ ਭਿੜੇ ਕਾਨੂੰਨੀ ਗ੍ਰਿਫ਼ਤ ਤੋਂ ਅਜੇ ਵੀ ਕਿਉਂ ਬਾਹਰ

ਤਸਵੀਰ ਸਰੋਤ, RAJU SANADI/BBC
- ਲੇਖਕ, ਅਭੀਜੀਤ ਕਾਂਬਲੇ
- ਰੋਲ, ਪੱਤਰਕਾਰ, ਬੀਬੀਸੀ
ਭੀਮਾ ਕੋਰੇਗਾਂਵ ਹਿੰਸਾ ਸਬੰਧੀ ਖੱਬੇ ਪੱਖੀ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਸਵਾਲ ਉੱਠਿਆ ਕਿ ਸੰਭਾਜੀ ਭੀੜੇ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ, ਜੋ ਕਿ ਇਸੇ ਮਾਮਲੇ ਦੇ ਮੁਲਜ਼ਮਾਂ ਵਿੱਚੋਂ ਇੱਕ ਹਨ?
ਬੀਬੀਸੀ ਮਰਾਠੀ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਸੁਪਰਡੈਂਟ (ਪੁਣੇ ਪੇਂਡੂ) ਸੰਦੀਪ ਪਾਟਿਲ ਨੇ ਕਿਹਾ ਕਿ ਅਗਲੇ 15-20 ਦਿਨਾਂ ਵਿੱਚ ਸ਼ਿਵ ਪ੍ਰਤਿਸ਼ਠਾਨ ਦੇ ਸੰਭਾਜੀ ਭਿੜੇ ਅਤੇ ਸਮਸਥ ਹਿੰਦੂ ਅਘਾੜੀ ਦੇ ਮਿਲਿੰਦ ਇਕਬੋਟੇ ਦੇ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।
ਸੰਦੀਪ ਪਾਟਿਲ ਨੇ ਕਿਹਾ, "ਭੀਮਾ ਕੋਰੇਗਾਂਵ ਮਾਮਲੇ ਵਿੱਚ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਟੇ ਦੇ ਖਿਲਾਫ਼ ਚਾਰਜਸ਼ੀਟ ਦਾਇਰ ਕਰਨ ਦੀ ਤਿਆਰੀ ਹੈ। ਇਹ ਚਾਰਜਸ਼ੀਟ ਅਗਲੇ 15-20 ਦਿਨਾਂ ਵਿੱਚ ਫਾਇਲ ਕੀਤੀ ਜਾਵੇਗੀ।"
ਭੀਮਾ ਕੋਰੇਗਾਂਵ ਵਿੱਚ ਹਿੰਸਾ ਤੋਂ ਬਾਅਦ 1 ਜਨਵਰੀ 2018 ਨੂੰ ਅਨੀਤਾ ਸਾਵਲੇ, ਜੋ ਕਿ ਕਾਲੇਵੜੀ ਨੇੜੇ ਪਿੰਪਰੀ -ਚਿੰਚਵਾੜ ਵਿੱਚ ਰਹਿੰਦੀ ਹੈ, ਨੇ ਪਿੰਪਰੀ ਪੁਲਿਸ ਥਾਣੇ ਵਿੱਚ 2 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ।
ਇਸ ਵਿੱਚ ਸੰਭਾਜੀ ਭਿੜੇ ਅਤੇ ਮਿਲਿੰਦ ਏਕਬੋਟੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ।
ਇਹ ਵੀ ਪੜ੍ਹੋ:
ਸ਼ਿਕਾਇਤ ਦਰਜ ਹੋਣ ਤੋਂ ਸਾਢੇ ਤਿੰਨ ਮਹੀਨਿਆਂ ਬਾਅਦ 14 ਮਾਰਚ ਨੂੰ ਮਿਲਿੰਦ ਏਕਬੋਟੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਪ੍ਰੈਲ ਵਿੱਚ ਉਸ ਨੂੰ ਰਿਹਾਅ ਵੀ ਕਰ ਦਿੱਤਾ ਗਿਆ। ਹਾਲੇ ਤੱਕ ਸੰਭਾਜੀ ਭਿੜੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਤਸਵੀਰ ਸਰੋਤ, www.narendramodi.in
ਇਸ ਬਾਰੇ ਸੰਦੀਪ ਪਾਟਿਲ ਨੇ ਕਿਹਾ, "ਮੈਂ ਹਾਲੇ ਕੁਝ ਦੇਰ ਪਹਿਲਾਂ ਹੀ ਪੁਲਿਸ ਸੁਪਰਡੈਂਟ(ਪੁਣੇ ਪੇਂਡੂ) ਦਾ ਕਾਰਜਭਾਰ ਸੰਭਾਲਿਆ ਹੈ। ਜ਼ਰੂਰੀ ਦਸਤਾਵੇਜ ਚੈੱਕ ਕਰਨ ਤੋਂ ਬਾਅਦ ਹੀ ਮੈਂ ਇਸ ਮਾਮਲੇ ਬਾਰੇ ਗੱਲਬਾਤ ਕਰ ਸਕਾਂਗਾ।"
ਫੜਨਵੀਸ ਨੇ ਐਫਆਈਆਰ ਬਾਰੇ ਕੀ ਕਿਹਾ
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਾਰਚ 2018 ਵਿੱਚ ਕਿਹਾ ਸੀ ਕਿ ਭੀੜੇ ਦੇ ਖਿਲਾਫ਼ ਕੋਈ ਸਬੂਤ ਨਹੀਂ ਹੈ।
ਮਹਾਰਾਸ਼ਟਰ ਵਿਧਾਨ ਸਭਾ ਵਿੱਚ ਫੜਨਵੀਸ ਨੇ ਕਿਹਾ ਸੀ, "ਜਿਸ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ, ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਸੰਭਾਜੀ ਭੀੜੇ ਅਤੇ ਮਿਲਿੰਦ ਏਕਬੋਟੇ ਨੂੰ ਭੀਮਾ ਕੋਰੇਗਾਂਵ ਹਿੰਸਾ ਦੀ ਅਗਵਾਈ ਕਰਦਿਆਂ ਦੇਖਿਆ ਸੀ। ਅਸੀਂ ਉਸੇ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ। ਸ਼ਿਕਾਇਤਕਰਤਾ ਔਰਤ ਦਾ ਬਿਆਨ ਰਜਿਸਟਰਾਰ ਦੇ ਸਾਹਮਣੇ ਦਰਜ ਵੀ ਕੀਤਾ ਗਿਆ। ਉਦੋਂ ਉਸ ਨੇ ਕਿਹਾ ਕਿ ਉਹ ਸੰਭਾਜੀ ਭੀੜੇ ਗੁਰੂਜੀ ਨੂੰ ਨਹੀਂ ਜਾਣਦੀ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਦੇਖਿਆ ਹੈ। ਪਰ ਉਸ ਨੇ ਭੀੜੇ ਵੱਲੋਂ ਹਿੰਸਾ ਕਰਵਾਉਣ ਦੇ ਬਾਰੇ ਉਸ ਨੇ ਸੁਣਿਆ ਸੀ। ਹਾਲੇ ਤੱਕ ਪੁਲਿਸ ਨੂੰ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਹੈ ਜੋ ਬਿਆਨ ਕਰਦਾ ਹੋਵੇ ਕਿ ਭੀੜੇ ਗੁਰੂਜੀ ਹਿੰਸਾ ਵਿੱਚ ਸ਼ਾਮਿਲ ਸੀ।"

ਬੀਬੀਸੀ ਮਰਾਠੀ ਨੇ ਸ਼ਿਕਾਇਤਕਰਤਾ ਅਨੀਤਾ ਸਾਲਵੇ ਨਾਲ ਸੰਪਰਕ ਕਰਕੇ ਮੁੱਖ ਮੰਤਰੀ ਦੇ ਇਸ ਬਿਆਨ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ, "ਮੁੱਖ ਮੰਤਰੀ ਨੇ ਐਫਆਈਆਰ ਦਰਜ ਕਰਨ ਵੇਲੇ ਰਿਕਾਰਡ ਕੀਤੇ ਮੇਰੇ ਬਿਆਨ ਦੀ ਗਲਤ ਵਿਆਖਿਆ ਕੀਤੀ ਗਈ ਹੈ। ਉਨ੍ਹਾਂ ਨੇ ਇਸ ਨੂੰ ਸਹੀ ਤਰੀਕੇ ਨਾਲ ਨਹੀਂ ਪੜ੍ਹਿਆ। ਉਨ੍ਹਾਂ ਸਾਰੀ ਗੱਲਬਾਤ ਨੂੰ ਗਲਤ ਸਮਝਿਆ ਹੈ। ਹਾਲੇ ਤੱਕ ਸੰਭਾਜੀ ਭੀੜੇ ਨੂੰ ਗ੍ਰਿਫ਼ਤਾਰ ਕਰ ਲੈਣਾ ਚਾਹੀਦਾ ਸੀ। ਜੇ ਉਨ੍ਹਾਂ ਦੇ ਖਿਲਾਫ਼ ਐਫਆਈਆਰ ਹੈ ਅਤੇ ਉਹ ਸ਼ੱਕੀ ਮੁਲਜ਼ਮ ਹੈ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨਾ ਚਾਹੀਦਾ ਹੈ।"
ਇਹ ਵੀ ਪੜ੍ਹੋ:
'ਗੁਰੂਜੀ ਸ਼ਾਮਿਲ ਨਹੀਂ ਸੀ'
ਸ਼ਿਵ ਪ੍ਰਤਿਸ਼ਠਾਨ ਦੇ ਬੁਲਾਰੇ ਨਿਤਿਨ ਚੌਗੁਲੇ ਨੇ ਸੰਭਾਜੀ ਭੀੜੇ ਖਿਲਾਫ਼ ਇਲਜ਼ਾਮਾਂ ਨੂੰ ਖਾਰਿਜ ਕਰਦਿਆਂ ਕਿਹਾ, "ਪਹਿਲੇ ਦਿਨ ਤੋਂ ਹੀ ਅਸੀਂ ਕਹਿ ਰਹੇ ਹਾਂ ਕਿ ਭੀੜੇ ਗੁਰੂਜੀ ਦੀ ਇਸ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ। ਜਾਂਚ ਏਜੰਸੀਆਂ ਇਸ ਮਾਮਲੇ ਦੀ 8 ਮਹੀਨਿਆਂ ਤੋਂ ਜਾਂਚ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ। ਜੇ ਜਾਂਚ ਏਜੰਸੀਆਂ ਕੰਮ ਨਹੀਂ ਕਰ ਰਹੀਆਂ ਤਾਂ ਜੋ ਉਨ੍ਹਾਂ 'ਤੇ ਇਲਜ਼ਾਮ ਲਾ ਰਹੇ ਹਨ ਉਨ੍ਹਾਂ ਨੂੰ ਏਜੰਸੀਆਂ ਨੂੰ ਕੋਈ ਸਬੂਤ ਦੇਣੇ ਚਾਹੀਦੇ ਹਨ ਜਾਂ ਅਦਾਲਤ ਵਿੱਚ ਪੇਸ਼ ਹੋਣਾ ਚਾਹੀਦਾ ਹੈ।"

ਤਸਵੀਰ ਸਰੋਤ, ANITA SAVALE/BBC
"ਜੇ ਉਹ ਅਜਿਹਾ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਮੀਡੀਆ ਦੇ ਸਾਹਮਣੇ ਸਬੂਤ ਪੇਸ਼ ਕਰਨੇ ਚਾਹੀਦੇ ਹਨ ਅਤੇ ਉਸ ਤੋਂ ਬਾਅਦ ਭੀੜੇ ਗੁਰੂਜੀ ਨੂੰ ਦੋਸ਼ੀ ਠਹਿਰਾਓ ਅਤੇ ਹਿਰਾਸਤ ਦੀ ਮੰਗ ਕਰੋ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮਾਓਵਾਦੀਆਂ ਖਿਲਾਫ਼ ਜਾਂਚ ਏਜੰਸੀਆਂ ਨੂੰ ਕੋਈ ਸਬੂਤ ਮਿਲੇ ਹਨ ਜਿਸ ਕਾਰਨ ਉਨ੍ਹਾਂ ਖਿਲਾਫ਼ ਇਹ ਕਾਰਵਾਈ ਹੋਈ ਹੈ।"
ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀਬੀ ਸਾਵੰਤ ਦਾ ਕਹਿਣਾ ਹੈ, "ਇਹ ਫੈਸਲਾ ਪੁਲਿਸ ਨੇ ਕਰਨਾ ਹੈ ਕਿ ਕਿਸੇ ਨੂੰ ਗ੍ਰਿਫ਼ਤਾਰ ਕਰਨਾ ਹੈ ਜਾਂ ਨਹੀਂ। ਉਨ੍ਹਾਂ ਨੇ ਹੋਰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਹ ਉਨ੍ਹਾਂ ਦੀ ਯੋਜਨਾ ਹੈ ਕਿ ਹਿੰਦੂਤਵੀ ਸਮਰਥਕਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਜਾਵੇ ਚਾਹੇ ਜੋ ਮਰਜ਼ੀ ਹੋਵੇ। ਸਿਰਫ਼ ਲੋਕਾਂ ਦੇ ਦਬਾਅ ਕਾਰਨ ਇਹ ਮਾਮਲਾ ਦਰਜ ਹੋਇਆ ਸੀ।"

ਤਸਵੀਰ ਸਰੋਤ, RAJU SANADE/BBC
ਉਨ੍ਹਾਂ ਅੱਗੇ ਕਿਹਾ, "ਸਬੂਤਾਂ ਨੂੰ ਇਕੱਠਾ ਕਰਨ ਅਤੇ ਅਦਾਲਤ ਅੱਗੇ ਪੇਸ਼ ਕਰਨ ਵਿੱਚ ਕਾਫ਼ੀ ਲਾਪਰਵਾਹੀ ਵਰਤੀ ਗਈ ਹੈ। ਉਨ੍ਹਾਂ ਨੂੰ ਬਾਅਦ ਵਿੱਚ ਨਿਰਦੋਸ਼ ਐਲਾਨ ਦਿੱਤਾ ਜਾਵੇਗਾ। ਹਿੰਦੂਤਵੀ ਸਮਰਥਕ ਕੋਈ ਵੀ ਅਪਰਾਧਕ ਕੰਮ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਇਸ ਸ਼ਾਸਨ ਅਧੀਨ ਕੋਈ ਸਜ਼ਾ ਨਹੀਂ ਮਿਲੇਗੀ। ਉਨ੍ਹਾਂ ਨੂੰ ਸਰਕਾਰ ਨੇ ਇਹ ਛੋਟ ਦਿੱਤੀ ਹੋਈ ਹੈ। "
ਇਹ ਵੀ ਪੜ੍ਹੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਜੀ ਭੀੜੇ ਨਾਲ ਚੰਗੇ ਸਬੰਧ ਹਨ। ਰਾਏਗੜ੍ਹ ਦੇ ਕਿਲੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, "ਮੈਂ ਭੀੜੇ ਗੁਰੂਜੀ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ। ਉਨ੍ਹਾਂ ਦੀ ਸਾਦਗੀ, ਮਿਹਨਤ ਅਤੇ ਜ਼ਿੰਦਗੀ ਵਿੱਚ ਅਨੁਸ਼ਾਸਨ ਸਾਰਿਆਂ ਲਈ ਮਿਸਾਲ ਹੈ। ਉਹ ਇੱਕ ਮਹਾਨ ਆਦਮੀ ਅਤੇ ਇੱਕ ਸਾਧੂ ਹਨ। ਮੈਂ ਉਨ੍ਹਾਂ ਦੇ ਹੁਕਮ ਮੰਨਦਾ ਹਾਂ ਮੈਂ ਉਨ੍ਹਾਂ ਅੱਗੇ ਸਿਰ ਝੁਕਾਉਂਦਾ ਹਾਂ।"
ਭੀਮਾ ਕੋਰੇਗਾਂਵ ਹਿੰਸਾ ਅਤੇ ਭੀੜੇ ਖਿਲਾਫ਼ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਫਰਵਰੀ 2018 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵੀਡੀਓ ਟਵੀਟ ਕੀਤੀ ਜਿਸ ਵਿੱਚ ਉਹ ਇੱਕ ਮੰਚ 'ਤੇ ਨਜ਼ਰ ਆ ਰਹੇ ਹਨ।












