ਜਸਵੰਤ ਸਿੰਘ ਖਾਲੜਾ ਜੋ ਲਾਪਤਾ ਲੋਕਾਂ ਦੀ ਭਾਲ ਕਰਦਾ ਆਪ 'ਲਾਪਤਾ' ਹੋਇਆ

ਤਸਵੀਰ ਸਰੋਤ, Khalra Mission Organisation/facebook
- ਲੇਖਕ, ਦਲਜੀਤ ਅਮੀ ਅਤੇ ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦਾ 1980ਵਿਆਂ ਅਤੇ 1990ਵਿਆਂ ਦਾ ਪਹਿਲਾ ਅੱਧ ਖਾੜਕੂ ਲਹਿਰ, ਪੁਲਿਸ ਕਾਰਵਾਈਆਂ ਅਤੇ ਬੇਕਸੂਰ ਲੋਕਾਂ ਦੇ ਘਾਣ ਲਈ ਜਾਣਿਆ ਜਾਂਦਾ ਹੈ।
ਇਸ ਦੌਰ ਵਿੱਚ ਜੇ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਹੋਈਆਂ ਤਾਂ ਪੁਲਿਸ ਤਸ਼ੱਦਦ, ਹਿਰਾਸਤੀ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲੇ ਵੀ ਲਗਾਤਾਰ ਚਰਚਾ ਵਿੱਚ ਰਹੇ।
ਇਹ ਮਸਲਾ ਮਨੁੱਖੀ ਹਕੂਕ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ ਚਰਚਾ ਵਿੱਚ ਆਇਆ ਜਦੋਂ ਉਨ੍ਹਾਂ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ।
ਉਨ੍ਹਾਂ ਇਹ ਦਾਅਵਾ ਕੀਤਾ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ।
ਜਸਵੰਤ ਸਿੰਘ ਖਾਲੜਾ ਦੇ ਦਾਅਵੇ ਦੀ ਤਸਦੀਕ ਇਹ ਤੱਥ ਕਰਦੇ ਸਨ ਕਿ ਜ਼ਿਆਦਾਤਰ ਲਾਸ਼ਾਂ ਪੁਲਿਸ ਨੇ ਸ਼ਮਸ਼ਾਨ ਘਾਟਾਂ ਵਿੱਚ ਲਿਆਂਦੀਆਂ ਸਨ।
ਖਾਲੜਾ ਰਾਹੀਂ ਹੋਏ ਖੁਲਾਸੇ ਨੇ ਲਾਵਾਰਿਸ ਲਾਸ਼ਾਂ ਅਤੇ ਲਾਪਤਾ ਜੀਆਂ ਦੇ ਸੁਆਲ ਪਰਿਵਾਰਾਂ ਜਾਂ ਉਨ੍ਹਾਂ ਨਾਲ ਜੁੜੀਆਂ ਜਥੇਬੰਦੀਆਂ ਦੇ ਘੇਰੇ ਵਿੱਚੋਂ ਕੱਢ ਸਿਆਸੀ-ਸਮਾਜਿਕ ਪਿੜ ਵਿੱਚ ਲਿਆ ਦਿੱਤੇ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਾਰੀ ਹੋਏ ਅੰਕੜੇ
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ 15 ਜੁਲਾਈ 2004 ਨੂੰ 'ਦਿ ਟ੍ਰਿਬਿਊਨ' ਅਖ਼ਬਾਰ ਵਿੱਚ ਇੱਕ ਜਨਤਕ ਨੋਟਿਸ ਜਾਰੀ ਕੀਤਾ ਸੀ।
ਉਸ ਵਿੱਚ ਕਮਿਸ਼ਨ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਈ ਜਾਂਚ ਵਿੱਚ ਉਨ੍ਹਾਂ 2097 ਲਾਸ਼ਾਂ ਦਾ ਵੇਰਵਾ ਦਿੱਤਾ ਜਿਨ੍ਹਾਂ ਦਾ ਪੰਜਾਬ ਪੁਲਿਸ ਵੱਲੋਂ ਸਸਕਾਰ ਕਰ ਦਿੱਤਾ ਗਿਆ ਸੀ।
ਕਮਿਸ਼ਨ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨਤਾਰਨ ਵਿੱਚ ਕੀਤੇ ਸਸਕਾਰਾਂ ਦੀ ਜਾਣਕਾਰੀ ਜਾਰੀ ਕੀਤੀ ਸੀ।

ਤਸਵੀਰ ਸਰੋਤ, Getty Images
ਕਮਿਸ਼ਨ ਨੇ ਲਾਸ਼ਾਂ ਨੂੰ ਤਿੰਨ ਸ਼੍ਰੇਣੀ ਵਿੱਚ ਵੰਡਿਆ ਸੀ। ਏ ਸ਼੍ਰੇਣੀ ਵਿੱਚ 693 ਲਾਸ਼ਾਂ ਦੀ ਜਾਣਕਾਰੀ ਸੀ ਜਿਨ੍ਹਾਂ ਦੀ ਪਛਾਣ ਹੋ ਚੁੱਕੀ ਸੀ।
ਬੀ ਸ਼੍ਰੇਣੀ ਵਿੱਚ 214 ਲਾਸ਼ਾਂ ਦੀ ਜਾਣਕਾਰੀ ਸੀ ਜਿਨ੍ਹਾਂ ਦੀ ਕੁਝ ਹੱਦ ਤੱਕ ਪਛਾਣ ਹੋ ਸਕੀ ਸੀ ਅਤੇ ਸੀ ਸ਼੍ਰੇਣੀ ਵਿੱਚ 1190 ਲਾਸ਼ਾਂ ਸਨ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਸੀ।
ਕਮਿਸ਼ਨ ਨੇ ਜਨਤਕ ਨੋਟਿਸ ਜਾਰੀ ਕਰਕੇ ਲੋਕਾਂ ਤੋਂ ਆਪਣੇ ਦਾਅਵੇ ਪੇਸ਼ ਕਰਨ ਨੂੰ ਕਿਹਾ ਸੀ। 88 ਲੋਕਾਂ ਵੱਲੋਂ ਆਪਣੇ ਦਾਅਵੇ ਪੇਸ਼ ਕੀਤੇ ਗਏ ਸਨ।

ਜਸਵੰਤ ਸਿੰਘ ਖਾਲੜਾ ਦਾ ਜੀਵਨ
- ਜਸਵੰਤ ਸਿੰਘ ਖਾਲੜਾ ਦਾ ਜਨਮ 2 ਨਵੰਬਰ 1952 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ।
- ਖਾਲੜਾ ਨੇ 1984 ਤੋਂ ਦਸੰਬਰ 1994 ਤੱਕ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ।
- 6 ਸਤੰਬਰ 1995 ਨੂੰ ਅੰਮ੍ਰਿਤਸਰ ਵਿੱਚ ਉਨ੍ਹਾਂ ਨੂੰ ਪੁਲਿਸ ਨੇ ਅਗਵਾ ਕੀਤਾ।
- ਮਨੁੱਖੀ ਅਧਿਕਾਰਾਂ ਦੀ ਲੜਾਈ ਦੌਰਾਨ ਖਾਲੜਾ ਨੂੰ ਆਪਣੀ ਜਾਨ ਕੁਰਬਾਨ ਕਰਨੀ ਪਈ।
- ਅਗਵਾਕਾਰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਗਿਆ।

ਲਾਪਤਾ ਲੋਕਾਂ ਦੀ ਭਾਲ ਕਰਨ ਵਾਲਾ 'ਲਾਪਤਾ' ਹੋਇਆ
ਇਨ੍ਹਾਂ ਮਸਲਿਆਂ ਨਾਲ ਜੁੜੇ ਸੁਆਲਾਂ ਦੀ ਕੀਮਤ ਜਸਵੰਤ ਸਿੰਘ ਖਾਲੜਾ ਨੂੰ ਆਪਣੀ ਜਾਨ ਦੇ ਕੇ ਉਤਾਰਨੀ ਪਈ ਸੀ।

ਉਨ੍ਹਾਂ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਘਰੋਂ ਪੁਲਿਸ ਨੇ ਅਗਵਾ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਥਹੁ-ਪਤਾ ਨਹੀਂ ਲੱਗਿਆ।
ਉਨ੍ਹਾਂ ਨੂੰ ਅਗਵਾ ਕਰਨ ਅਤੇ ਕਤਲ ਕਰਨ ਲਈ ਸੀਬੀਆਈ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਦੋਸ਼ੀ ਦੱਸਿਆ।
ਬਾਅਦ ਵਿੱਚ ਉਨ੍ਹਾਂ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ।
ਪੰਜਾਬ ਵਿੱਚ ਲਾਪਤਾ ਜੀਆਂ ਦਾ ਸੁਆਲ ਇਸ ਕੌਮਾਂਤਰੀ ਰੁਝਾਨ ਦਾ ਹਿੱਸਾ ਹਨ ਜੋ ਦੱਖਣੀ ਏਸ਼ੀਆ ਦੇ ਤਕਰੀਬਨ ਸਾਰੇ ਮੁਲਕਾਂ ਦੇ ਇਤਿਹਾਸ ਵਿੱਚ ਦਰਜ ਹੈ।
ਇਹ ਭਾਰਤ ਦੇ ਚਾਰਾਂ ਖੂੰਜਿਆਂ ਵਿੱਚ ਫੈਲਿਆ ਹੋਇਆ, ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਗੁਜਰਾਤ ਤੋਂ ਸਿਲੌਂਗ ਤੱਕ।

ਇਹ ਵੀ ਪੜ੍ਹੋ-

ਭਾਰਤੀਆਂ ਨੇ ਅਰਜਨਟੀਨਾ ਨਾਲ ਸਾਂਝ ਪਾਈ

ਤਸਵੀਰ ਸਰੋਤ, Getty Images
ਜਦੋਂ ਸ਼੍ਰੀਨਗਰ ਦੇ ਲਾਲ ਚੌਕ ਵਿੱਚ ਹਰ ਮਹੀਨੇ ਲਾਪਤਾ ਜੀਆਂ ਦੇ ਪਰਿਵਾਰਾਂ ਦੇ ਜੀਅ ਧਰਨਾ ਦਿੰਦੇ ਹਨ ਤਾਂ ਇਹ ਅਰਜਨਟੀਨਾ ਵਿੱਚ ਹਕੂਮਤੀ ਜਬਰ ਦਾ ਸ਼ਿਕਾਰ ਹੋਏ ਲਾਪਤਾ ਜੀਆਂ ਦੇ ਪਰਿਵਾਰਾਂ ਨਾਲ ਸਾਂਝ ਪਾਉਂਦੇ ਹਨ।
ਅਰਜਨਟੀਨਾ ਵਿੱਚ ਆਪਣੇ ਬੱਚਿਆਂ ਦੀ ਹੋਣੀ ਬਾਬਤ ਸੁਆਲ ਪੁੱਛਦੀਆਂ ਮਾਵਾਂ, ਪੀਰੂ ਦੇ ਖੰਡਰਾਂ ਵਿੱਚ ਆਪਣੇ ਘਰ ਦੇ ਜੀਆਂ ਦੀਆਂ ਅਸਥੀਆਂ ਲੱਭਦੇ ਕਾਰਕੁਨ ਅਤੇ ਪੰਜਾਬ ਵਿੱਚ ਆਪਣੇ ਘਰਾਂ ਦੇ ਜੀਆਂ ਦੇ ਮੁੜ ਆਉਣ ਦੀ ਬੇਉਮੀਦੀ ਨਾਲ ਜਿਊਂਦੇ ਇੱਕੋ ਕੁਣਬੇ ਦੇ ਜੀਅ ਹਨ।
ਸਰਕਾਰਾਂ ਨੂੰ ਇਹ ਸੁਆਲ ਪੁੱਛਣਾ ਬਣਦਾ ਹੈ ਕਿ ਉਹ ਆਪਣੇ ਹੀ ਬਣਾਏ ਕਾਨੂੰਨਾਂ ਦੇ ਘੇਰੇ ਵਿੱਚ ਰਹਿਣ ਤੋਂ ਨਾਕਾਮ ਕਿਉਂ ਰਹੀਆਂ ਹਨ?
ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












