ਕੀ ਇਹ ਔਰਤ ਦਿੱਲੀ ਦੀ ਖ਼ਤਰਨਾਕ ਡੌਨ ਹੈ?

ਤਸਵੀਰ ਸਰੋਤ, delhi police/bbc
- ਲੇਖਕ, ਭੂਮਿਕਾ ਰਾਏ
- ਰੋਲ, ਬੀਬੀਸੀ ਪੱਤਰਕਾਰ
ਐਤਵਾਰ ਦੀ ਸਵੇਰ। ਦਿੱਲੀ ਦੇ ਸੰਗਮ ਵਿਹਾਰ ਵਿੱਚ ਜਦੋਂ ਸਵੇਰੇ ਲੋਕ ਉੱਠੇ ਅਤੇ ਬਾਲਕਨੀ ਦੇ ਬਾਹਰ ਪਈਆਂ ਅਖ਼ਬਾਰਾਂ ਨੂੰ ਚੁੱਕਿਆ ਤਾਂ ਵੱਡਾ ਸਾਰਾ ਹੈਡਿੰਗ ਪੜ੍ਹਿਆ।
"62 ਸਾਲਾ ਅਪਰਾਧੀ 'ਮੰਮੀ' ਬਸੀਰਨ ਗ੍ਰਿਫ਼ਤਾਰ'', ਅਜਿਹੇ ਹੋਰ ਵੀ ਕਈ ਹੈਡਿੰਗਜ਼ ਵਿੱਚ ਉਸ 'ਗੌਡਮਦਰ' ਦਾ ਜ਼ਿਕਰ ਸੀ, ਜਿਸਦੇ ਬਾਰੇ ਉਸ ਇਲਾਕੇ ਦੇ ਲੋਕ ਕਈ ਸ਼ਾਇਦ ਸਾਲਾਂ ਤੋਂ ਜਾਣਦੇ ਸਨ।
"ਗੌਡਫਾਦਰ ਤਾਂ ਬਹੁਤ ਹੁੰਦੇ ਹਨ ਪਰ ਗੌਡਮਦਰ ਕਦੇ-ਕਦੇ ਪੈਦਾ ਹੁੰਦੀ ਹੈ। ਉਹ ਵੀ ਅਜਿਹੀ ਜਿਸ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਹੀ ਗਰੋਹ ਖੜ੍ਹਾ ਕਰ ਦਿੱਤਾ। ਅਜਿਹੇ ਧੰਦੇ ਵਿੱਚ ਬਾਹਰਲਿਆਂ 'ਤੇ ਭਰੋਸਾ ਕਰਨਾ ਮੁਸ਼ਕਿਲ ਹੁੰਦਾ ਹੈ ਤਾਂ ਸੋਚਿਆ ਹੋਵੇਗਾ ਕਿ ਆਪਣੀ ਔਲਾਦ ਦੀ ਹੀ ਫੌਜ ਤਿਆਰ ਕਰ ਲਈਏ।"
ਸੰਗਮ ਵਿਹਾਰ ਦੇ ਆਈ-2 ਬਲਾਕ ਵਿੱਚ ਫੱਲ ਦਾ ਠੇਲਾ ਲਾ ਕੇ ਖੜ੍ਹੇ ਰੇੜ੍ਹੀ ਵਾਲੇ ਨੇ ਗੌਡਮਦਰ ਬਾਰੇ ਐਨਾ ਹੀ ਕਿਹਾ ਤੇ ਮੂੰਹ ਘੁੰਮਾ ਲਿਆ।
ਇਹ ਵੀ ਪੜ੍ਹੋ:
ਮੈਂ ਇਸ ਗੌਡਮਦਰ ਦੀ ਅਸਲ ਕਹਾਣੀ ਜਾਣਨ ਲਈ ਸੰਗਮ ਵਿਹਾਰ ਦੀਆਂ ਤੰਗ ਗਲੀਆਂ ਦਾ ਰੁਖ਼ ਕੀਤਾ ਜਿੱਥੇ ਨਾਲੀਆਂ ਵਿੱਚ ਵਹਿੰਦੀ ਗੰਦਗੀ ਦੇ ਆਲੇ-ਦੁਆਲੇ ਠੇਲਾ ਲਾ ਕੇ ਖੜ੍ਹੇ ਰੇਹੜੀ ਵਾਲੇ ਇਸ ਕਥਿਤ ਗੌਡਮਦਰ ਬਾਰੇ ਗੱਲ ਕਰਨ ਤੋਂ ਡਰ ਰਹੇ ਸਨ।
ਬਸੀਰਨ ਨੂੰ ਜਾਣਦੇ ਤਾਂ ਸਾਰੇ ਹਨ ਪਰ ਕਿਸੇ ਨੂੰ ਉਨ੍ਹਾਂ ਦੇ ਘਰ ਤੱਕ ਛੱਡ ਆਉਣ ਨੂੰ ਕਹੋ ਤਾਂ ਕੋਈ ਤਿਆਰ ਨਹੀਂ ਹੁੰਦਾ।
ਗਲੀਆਂ ਐਨੀਆਂ ਤੰਗ ਹਨ ਕਿ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਪੈਦਲ ਹੀ ਚੱਲਣਾ ਪੈਂਦਾ ਹੈ। ਕਿਸੇ ਵੀ ਮੋੜ ਤੋਂ ਕੋਈ ਗੱਡੀ ਆ ਕੇ ਰਸਤੇ ਦੇ ਵਿਚਾਲੇ ਖੜ੍ਹੀ ਹੋ ਜਾਂਦੀ ਹੈ ਅਤੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ।
ਸੜਕਾਂ ਨਾਲੀਆਂ ਵਿੱਚ ਤਬਦੀਲ ਹੋ ਚੁੱਕੀਆਂ ਹਨ ਅਤੇ ਹਰ ਆਉਣ-ਜਾਣ ਵਾਲੀ ਗੱਡੀ ਉਸ ਪਾਣੀ ਵਿੱਚੋਂ ਨਿਕਲ ਰਹੀ ਸੀ। ਫਿਰ ਦੇਰ ਤੱਕ ਬੁਲਬੁਲੇ ਤੈਰਦੇ ਰਹਿੰਦੇ ਹਨ।
ਨਾਲੀ ਬਣੀ ਸੜਕ ਵਿੱਚੋਂ ਕੁਝ ਇੱਟਾਂ ਝਾਕ ਰਹੀਆਂ ਸਨ, ਉਨ੍ਹਾਂ 'ਤੇ ਪੈਰ ਰੱਖਦੇ-ਰੱਖਦੇ 'ਆਈ-2 ਬਲਾਕ' ਆ ਗਿਆ।

ਉੱਥੇ ਪੁੱਜਣ ਦੀ ਤਸੱਲੀ ਤਾਂ ਸੀ ਪਰ ਵਾਪਸ ਉੱਥੋਂ ਹੀ ਹੋ ਕੇ ਲੰਘਣ ਦਾ ਖੌਫ਼ ਨਾ ਦਿਲੋਂ ਨਿਕਲਿਆ ਸੀ ਤੇ ਨਾ ਹੀ ਨੱਕ ਵਿੱਚੋਂ।
ਉੱਥੋਂ ਹੀ ਚਾਰ-ਪੰਜ ਨਾਲੀਆਂ ਨੂੰ ਪਾਰ ਕਰਦੇ ਹੀ 'ਆਈ ਬਲਾਕ' ਸ਼ੁਰੂ ਹੋ ਜਾਂਦਾ ਹੈ। ਉਹੀ ਆਈ ਬਲਾਕ ਜਿੱਥੋਂ ਦੀ ਗਲੀ ਨੰਬਰ 20 ਵਿੱਚ ਦਿੱਲੀ ਦੀ 'ਗੌਡਮਦਰ' ਬਸੀਰਨ ਰਹਿੰਦੀ ਸੀ।
ਉਹੀ ਬਸੀਰਨ, ਜਿਸ ਨੂੰ ਪੁਲਿਸ ਨੇ 17 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਉਹ ਆਪਣੇ 8 ਮੁੰਡਿਆਂ (ਵਕੀਲ, ਕੀਲ, ਸ਼ਮੀਮ, ਸੰਨੀ, ਸਲਮਾਨ, ਫੈਜ਼ਲ, ਰਾਹੁਲ ਅਤੇ ਸ਼ੋਏਬ) ਦੇ ਗਰੋਹ ਦੀ ਗੌਡਮਦਰ ਸੀ।
ਇੱਕ ਮੁੰਡੇ ਦੇ ਜੇਲ੍ਹ ਜਾਣ 'ਤੇ ਕਥਿਤ ਤੌਰ 'ਤੇ ਦੂਜੇ ਨੂੰ ਵਸੂਲੀ ਉੱਤੇ ਲਗਾ ਦਿੰਦੀ ਸੀ ਤਾਂ ਜੋ ਜ਼ਮਾਨਤ ਦੀ ਰਕਮ ਦਾ ਇੰਤਜ਼ਾਮ ਹੋ ਜਾਵੇ।

ਉਮਰ 62 ਸਾਲ ਹੈ। ਪੁਲਿਸ ਰਿਪੋਰਟ ਮੁਤਾਬਕ ਫਿਰੌਤੀ ਲੈਂਦੀ ਸੀ, ਪਾਣੀ ਬਲੈਕ ਕਰਦੀ ਸੀ ਅਤੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦੀ ਸੀ।
ਗੌਡਮਦਰ ਦੀ ਗਲੀ
ਗੌਡਮਦਰ ਉਰਫ਼ ਮੰਮੀ ਦਾ ਘਰ ਲੱਭਣਾ ਬਿਲਕੁਲ ਵੀ ਮੁਸ਼ਕਿਲ ਨਹੀਂ ਸੀ। ਉਂਝ ਵੀ 'ਮੰਮੀ' ਦੇ ਘਰ ਦਾ ਪਤਾ ਕਿਸਨੂੰ ਨਹੀਂ ਹੋਵੇਗਾ। ਬਸੀਰਨ ਦੇ ਆਪਣੇ ਤਾਂ 11 ਹੀ ਬੱਚੇ ਸਨ ਪਰ ਹਰ ਛੋਟਾ-ਵੱਡਾ ਉਸ ਨੂੰ ਮੰਮੀ ਹੀ ਕਹਿੰਦਾ ਸੀ।
ਤੰਗ ਗਲੀ ਸ਼ੁਰੂ ਹੁੰਦੇ ਹੀ, ਖੱਬੇ ਪਾਸੇ, ਬਿਨਾਂ ਪਲੱਸਤਰ ਵਾਲਾ ਇੱਕ ਮੰਜ਼ਿਲਾ ਘਰ ਹੈ। ਇਸ ਮਕਾਨ ਦੇ ਮੇਨ ਗੇਟ 'ਤੇ ਮੋਟਾ ਤਾਲਾ ਲਟਕਿਆ ਹੋਇਆ ਹੈ ਅਤੇ ਗੇਟ 'ਤੇ ਐਫਆਈਆਰ ਦੀ ਇੱਕ ਕਾਪੀ ਚਿਪਕਾਈ ਹੋਈ ਹੈ।
ਇਹ ਐਫਆਈਆਰ ਦੋ ਮਹੀਨੇ ਪਹਿਲਾਂ ਦੀ ਹੈ। ਬਾਹਰ ਬੋਰਿੰਗ ਪਾਈਪ ਲਾਈਨ ਹੈ ਅਤੇ ਇੱਕ ਤਖ਼ਤਪੋਸ਼। ਉਸ ਤਖ਼ਤਪੋਸ਼ 'ਤੇ ਉਸ ਸਮੇਂ ਇੱਕ ਬੱਕਰੀ ਆਰਾਮ ਫਰਮਾ ਰਹੀ ਸੀ।

ਮੈਂ ਗੇਟ ਦੇ ਬਾਹਰ ਖੜ੍ਹੀ ਸੀ, ਉੱਥੇ ਇੱਕ 24 ਸਾਲ ਦੀ ਕੁੜੀ ਦੌੜਦੇ ਹੋਏ ਆਈ।
"ਏ ਕੀ ਚਾਹੀਦਾ ਹੈ ਤੈਨੂੰ? ਮੇਰੇ ਘਰ ਨੂੰ ਇਸ ਤਰ੍ਹਾਂ ਕਿਉਂ ਦੇਖ ਰਹੀ ਹੋ ਬਿਨਾਂ ਦੱਸੇ?"

ਉਸ ਕੁੜੀ ਦੀ ਆਵਾਜ਼ ਐਨੀ ਤੇਜ਼ ਅਤੇ ਗੁੱਸੇ ਨਾਲ ਭਰੀ ਸੀ ਕਿ ਮੈਂ ਬਿਨਾਂ ਇੱਕ ਸੈਕਿੰਡ ਬਰਬਾਦ ਕੀਤੇ ਮੋਬਾਈਲ ਬੈਗ ਵਿੱਚ ਪਾ ਲਿਆ।
ਉਹ ਮੇਰੇ ਨਾਲ ਗੱਲ ਕਰਨ ਲਈ ਤਿਆਰ ਹੋ ਜਾਵੇ ਇਸ ਲਈ ਉਸ ਨਾਲ ਹੈਲੋ ਕੀਤੀ ਅਤੇ ਥੋੜ੍ਹਾ ਮੁਸਕੁਰਾਈ।
ਬਾਅਦ ਵਿੱਚ ਪਤਾ ਚੱਲਿਆ ਕਿ ਬਸੀਰਨ ਇਸ 24 ਸਾਲਾ ਕੁੜੀ ਦੀ ਮੰਮੀ ਹੈ, ਮਾਂ ਵਾਲੀ ਮੰਮੀ।
ਸੋਨਾ, ਬਸੀਰਨ ਦੀ ਸਭ ਤੋਂ ਵੱਡੀ ਕੁੜੀ ਹੈ। ਦੋ ਛੋਟੀਆਂ ਭੈਣਾਂ ਹੋਰ ਵੀ ਹਨ ਜਿਹੜੀਆਂ ਉਸੇ ਸਮੇਂ ਸਕੂਲ ਤੋਂ ਵਾਪਿਸ ਆਈਆਂ ਸਨ ਅਤੇ ਆਪਣੀ ਭੈਣ ਦੇ ਮੁੰਡੇ ਨੂੰ ਗੋਦੀ ਵਿੱਚ ਚੁੱਕ ਕੇ ਪਾਪੜੀ ਖੁਆ ਰਹੀ ਸੀ।
ਥੋੜ੍ਹੀ ਦੇਰ ਪਹਿਲਾਂ ਸੋਨਾ ਨੇ ਪੰਜ ਰੁਪਏ ਵਿੱਚ ਉਹ ਪਾਪੜੀ ਖ਼ਰੀਦੀ ਸੀ ਜਿਸ ਨੂੰ ਇੱਕ ਵਾਰ ਉਸਦਾ ਮੁੰਡਾ ਖਾ ਰਿਹਾ ਸੀ ਅਤੇ ਇੱਕ ਵਾਰ ਸਭ ਤੋਂ ਛੋਟੀ ਭੈਣ ਸਨਾ।

ਮੈਂ ਤਿੰਨਾਂ ਬੱਚਿਆਂ ਨੂੰ ਦੇਖ ਰਹੀ ਸੀ ਕਿ ਉਦੋਂ ਹੀ... ਸੋਨਾ ਦੀ ਆਵਾਜ਼ ਇੱਕ ਵਾਰ ਮੁੜ ਗੂੰਜੀ
"ਸੁਣੋ...ਅਸੀਂ ਨਾ ਤਾਂ ਕਿਸੇ ਨੂੰ ਕੁਝ ਕਹਿਣਾ ਹੈ ਅਤੇ ਨਾ ਹੀ ਕੁਝ ਦੱਸਣਾ ਹੈ। ਸਾਨੂੰ ਤਾਂ ਬਸ ਐਨਾ ਪਤਾ ਹੈ ਕਿ ਸਾਡੀ ਮੰਮੀ ਨੂੰ ਫਸਾਇਆ ਗਿਆ ਹੈ। ਤੁਸੀਂ ਇੱਥੋਂ ਜਾਓ।"
ਕਰੀਬ 5 ਮਿੰਟ ਬਾਅਦ ਮੁਹੱਲੇ ਦੀਆਂ 10-15 ਔਰਤਾਂ, ਕੁਝ ਬੱਚੇ, ਬਕਰੀਆਂ ਅਤੇ ਠੇਲੇ ਵਾਲੇ ਉੱਥੇ ਇਕੱਠੇ ਹੋ ਗਏ।
ਲੋਕਾਂ ਦੀ ਭੀੜ ਨਾਲ ਗਲੀ ਬੰਦ ਹੋ ਚੁੱਕੀ ਸੀ। ਐਨੀ ਦੇਰ ਵਿੱਚ ਸੋਨਾ ਨੂੰ ਲੱਗਿਆ ਕਿ ਉਸ ਨੂੰ ਮੇਰੇ ਤੋਂ ਕੋਈ ਖ਼ਤਰਾ ਨਹੀਂ ਹੈ ਤਾਂ ਉਸਦੇ ਨਾਲ ਵਾਲੇ ਘਰ ਵਿੱਚੋਂ ਕੁਰਸੀ ਮੰਗਵਾਈ ਅਤੇ ਮੈਨੂੰ ਬੈਠਣ ਲਈ ਕਿਹਾ।
ਹਾਂ, ਪਰ ਉਸ ਨੇ ਆਪਣੇ ਘਰ ਲਿਜਾਉਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਘਰ ਸੀਲ ਹੋਣ ਤੋਂ ਬਾਅਦ ਫਿਲਹਾਲ ਉਹ ਕਿਰਾਏ 'ਤੇ ਰਹਿ ਰਹੀ ਹੈ।

ਮੂੰਹ ਵਿੱਚ ਬੀੜੀ ਪਾ ਕੇ ਦੂਰ ਖੜ੍ਹਾ ਬਜ਼ੁਰਗ ਆਦਮੀ ਆਲੇ-ਦੁਆਲੇ ਹੁੰਦੀਆਂ ਚੀਜ਼ਾਂ ਨੂੰ ਘੂਰ ਰਿਹਾ ਸੀ ਪਰ ਚੁੱਪ ਖੜ੍ਹਾ ਸੀ। ਸੋਨਾ ਨੇ ਦੱਸਿਆ ਕਿ ਇਹ ਉਸਦੇ ਪਿਤਾ ਮਲਖਾਨ ਸਿੰਘ ਹਨ।
ਥੋੜ੍ਹੀ ਦੇਰ ਬਾਅਦ ਮਲਖਾਨ ਸਿੰਘ ਹੌਲੀ ਜਿਹੀ ਆ ਕੇ ਪਲਾਸਟਿਕ ਦੀ ਟੁੱਟੀ ਹੋਈ ਕੁਰਸੀ 'ਤੇ ਖ਼ੁਦ ਹੀ ਬੈਠ ਗਿਆ।
'ਮੈਨੂੰ ਮੇਰੀ ਇੱਜ਼ਤ ਪਿਆਰੀ ਹੈ'
ਮਲਖਾਨ ਸਿੰਘ ਰਾਜਸਥਾਨ ਦੇ ਧੌਲਪੁਰ ਦੇ ਮੂਲ ਨਿਵਾਸੀ ਹਨ। ਕਰੀਬ 45 ਸਾਲ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਆਗਰਾ ਦੇ ਬਸਾਈ ਅਰੇਲਾ ਪਿੰਡ ਦੀ ਬਸੀਰਨ ਦੇ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ। ਵਿਆਹ ਕਿਵੇਂ ਹੋਇਆ, ਕਿਸ ਨੇ ਕਰਵਾਇਆ ਇਸ 'ਤੇ ਕੋਈ ਜਵਾਬ ਨਹੀਂ ਦਿੰਦੇ।
ਮਲਖਾਨ ਦੱਸਦੇ ਹਨ, "ਮੈਂ ਬਿਜਲੀ ਦਾ ਕੰਮ ਕਰਦਾ ਸੀ। ਪਹਿਲਾਂ ਅਸੀਂ ਗੋਵਿੰਦਪੁਰ ਝੁੱਗੀ ਵਿੱਚ ਰਹਿੰਦੇ ਸੀ ਫਿਰ ਸਾਲ 1991 ਵਿੱਚ ਅਸੀਂ ਸੰਗਮ ਵਿਹਾਰ ਆ ਗਏ। ਕਮਾਈ ਚੰਗੀ ਸੀ, ਕੋਈ ਕਹੇ ਤਾਂ ਕਿ ਮੈਂ ਕਿਸੇ ਲਈ ਕੋਈ ਕਮੀ ਛੱਡੀ ਹੋਵੇ।"
ਇਹ ਵੀ ਪੜ੍ਹੋ:
ਸਾਲ 1997 ਵਿੱਚ ਮਲਖਾਨ ਦੀਆਂ ਇੱਕ ਹਾਦਸੇ ਵਿੱਚ ਪਸਲੀਆਂ ਟੁੱਟ ਗਈਆਂ, ਜਿਸ ਤੋਂ ਬਾਅਦ ਉਨ੍ਹਾਂ ਨੇ ਕੰਮ ਛੱਡ ਦਿੱਤਾ।
ਇਸ ਤੋਂ ਬਾਅਦ ਘਰ ਸੰਭਾਲਣ ਦੀ ਜ਼ਿੰਮੇਵਾਰੀ ਵੱਡੇ ਹੋ ਰਹੇ ਮੁੰਡਿਆਂ ਅਤੇ ਮਾਂ 'ਤੇ ਆ ਗਈ। ਮਲਖਾਨ ਕਹਿੰਦੇ ਹਨ ਕਿ ਇਹ ਜੋ ਵੀ ਹੋ ਰਿਹਾ ਹੈ ਇਸ ਸਭ ਦੀ ਸ਼ੁਰੂਆਤ ਉਨ੍ਹਾਂ ਦੇ ਵੱਡੇ ਮੁੰਡੇ ਵਕੀਲ ਨੇ ਕੀਤੀ।
"ਉਹ ਹੀ ਸਭ ਤੋਂ ਪਹਿਲਾਂ ਜੇਲ੍ਹ ਗਿਆ। ਸਾਨੂੰ ਕਹਿੰਦਾ ਸੀ ਕਿ ਫਰੀਦਾਬਾਦ ਵਿੱਚ ਦਾਰੂ ਦੀ ਦੁਕਾਨ 'ਤੇ ਕੰਮ ਕਰਦਾ ਹੈ ਪਰ ਪਤਾ ਨਹੀਂ ਕੀ ਕਰਦਾ ਸੀ। ਕੁਝ ਤਾਂ ਗ਼ਲਤ ਕੀਤਾ ਹੋਵੇਗਾ ਤਾਂ ਹੀ ਫੜਿਆ ਗਿਆ ਅਤੇ ਉਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੋ ਗਿਆ।"

ਤਸਵੀਰ ਸਰੋਤ, delhi police/bbc
ਹਾਲਾਂਕਿ, ਪੁਲਿਸ ਮੁਤਾਬਕ ਬਸੀਰਨ ਖ਼ੁਦ ਹੀ ਗ਼ੈਰਕਾਨੂੰਨੀ ਸ਼ਰਾਬ ਦਾ ਧੰਦਾ ਕਰਦੀ ਸੀ।
ਮਲਖਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਤਨੀ ਅਤੇ ਮੁੰਡਿਆਂ 'ਤੇ ਲੱਗੇ ਕਿਸੇ ਇਲਜ਼ਾਮ ਬਾਰੇ ਨਾ ਤਾਂ ਜਾਣਕਾਰੀ ਹੈ ਅਤੇ ਨਾ ਹੀ ਉਹ ਜਾਣਨਾ ਚਾਹੁੰਦੇ ਹਨ।
"ਮੈਂ ਹੁਣ ਇੱਥੇ ਨਹੀਂ ਰਹਾਂਗਾ। ਇੱਕ-ਦੋ ਦਿਨ ਵਿੱਚ ਰਾਜਸਥਾਨ ਚਲਾ ਜਾਵਾਂਗਾ। ਪਰਿਵਾਰ ਪਾਲਣਾ ਸੀ ਉਹ ਮੈਂ ਕੀਤਾ, ਪਰ ਹੁਣ ਇਹ ਲੋਕ ਮੇਰੀ ਬਦਨਾਮੀ ਕਰਵਾ ਰਹੇ ਹਨ, ਇਹ ਮੈਂ ਬਰਦਾਸ਼ਤ ਨਹੀਂ ਕਰਾਂਗਾ।"
ਇੱਕ ਪਾਸੇ ਜਿੱਥੇ ਬਸੀਰਨ ਅਤੇ ਉਨ੍ਹਾਂ ਦੇ ਸਾਰੇ ਮੁੰਡਿਆਂ 'ਤੇ ਕੁੱਲ ਮਿਲਾ ਕੇ 113 ਅਪਰਾਧਿਕ ਮਾਮਲੇ ਦਰਜ ਹਨ ਉੱਥੇ ਹੀ ਮਲਖਾਨ 'ਤੇ ਕੋਈ ਕੇਸ ਨਹੀਂ ਹੈ।
ਮਾਮਲੇ ਦੀ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀ ਜਤਿੰਦਰ ਮਲਿਕ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਤਸਵੀਰ ਸਰੋਤ, delhi police/bbc
ਬਸੀਰਨ ਬਾਰੇ ਮਲਖਾਨ ਜ਼ਿਆਦਾ ਕੁਝ ਨਹੀਂ ਦੱਸਦੇ। ਸਿਰਫ਼ ਐਨਾ ਹੀ ਕਿ "ਠੀਕ ਪਤਨੀ ਸੀ ਉਹ। ਮੇਰਾ ਸਾਰਾ ਕੰਮ ਤਾਂ ਉਹ ਹੀ ਕਰਦੀ ਸੀ। ਬੱਚਿਆਂ ਨੂੰ ਰੋਟੀ-ਪਾਣੀ ਦਿੰਦੀ ਸੀ। ਸਾਡੇ ਵਿੱਚ ਕਦੇ-ਕਦੇ ਲੜਾਈ ਹੁੰਦੀ ਸੀ ਪਰ ਉਹ ਤਾਂ ਸਾਰਿਆਂ ਵਿੱਚ ਹੁੰਦੀ ਹੈ।"
ਪਰ ਹੁਣ ਤੱਕ ਕਿਉਂ ਨਹੀਂ ਸੁਣਾਈ ਦਿੱਤਾ ਸੀ ਇਸ 'ਗੌਡਮਦਰ' ਦਾ ਨਾਮ?
ਅਖ਼ਬਾਰਾਂ ਵਿੱਚ ਖ਼ਬਰ ਛਪਣ ਤੋਂ ਬਾਅਦ ਮੁਹੱਲੇ ਦੀ ਮੰਮੀ ਨੂੰ ਲੋਕ ਹੁਣ ਗੌਡਮਦਰ ਦੇ ਰੂਪ ਵਿੱਚ ਜਾਣਨ ਲੱਗੇ ਹਨ।
ਬਸੀਰਨ ਦੇ ਮੁਹੱਲੇ ਵਿੱਚ ਨਿਕਲ ਕੇ ਜਦੋਂ ਮੈਂ ਸੰਗਮ ਵਿਹਾਰ ਪੁਲਿਸ ਥਾਣੇ ਪਹੁੰਚੀ ਤਾਂ ਪਤਾ ਲੱਗਿਆ ਕਿ 15 ਮਿੰਟ ਪਹਿਲਾਂ ਹੀ ਪੁਲਿਸ ਨੇ ਇਸ ਮਾਮਲੇ 'ਤੇ ਬਰੀਫਿੰਗ ਕੀਤੀ ਹੈ।
ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਰਹੇ ਜਾਂਚ ਅਧਿਕਾਰੀ ਜਤਿੰਦਰ ਮਲਿਕ ਨੇ ਦੱਸਿਆ ਕਿ ਇਹ ਲੋਕ ਲੱਖਾਂ-ਕਰੋੜਾਂ ਦੀ ਮੰਗ ਨਹੀਂ ਕਰਦੇ ਸਨ।

ਤਸਵੀਰ ਸਰੋਤ, Jitendra Malik
ਜਤਿੰਦਰ ਦੱਸਦੇ ਹਨ, "ਸੰਗਮ ਵਿਹਾਰ ਅਜਿਹਾ ਇਲਾਕਾ ਨਹੀਂ ਜਿੱਥੇ ਕੋਈ ਲੱਖ-ਕਰੋੜ ਰੁਪਿਆ ਦੇਵੇ ਅਤੇ ਗੱਲ ਸਾਹਮਣੇ ਨਾ ਆਵੇ। ਇਹ ਲੋਕ ਪੰਜ-ਦਸ ਹਜ਼ਾਰ ਦੀ ਗਰਾਹੀ ਕਰਦੇ ਸਨ। ਕਿਸੇ ਦੀ ਬਾਈਕ ਚੋਰੀ ਕਰ ਲਈ ਤੇ ਕਿਸੇ ਦਾ ਪਰਸ।"
"ਕੋਈ ਨਾਂਹ ਕਰੇ, ਤਾਂ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਸੀ। ਅਜਿਹੇ ਵਿੱਚ ਆਦਮੀ ਸੋਚਦਾ ਸੀ ਹਜ਼ਾਰ-ਦੋ ਹਜ਼ਾਰ ਜਾਨ ਤੋਂ ਵੱਡੇ ਤਾਂ ਨਹੀਂ ਇਸ ਲਈ ਮਾਮਲਾ ਕਦੇ ਵੱਡਾ ਨਹੀਂ ਹੋਇਆ।"
ਫਿਰ ਬਸੀਰਨ, ਗੌਡਮਦਰ ਕਿਵੇਂ ਬਣ ਗਈ ?
ਬਸੀਰਨ ਦੀ ਗ੍ਰਿਫ਼ਤਾਰੀ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਹੱਲੇ ਦੇ ਲੋਕ ਬਸੀਰਨ ਕੋਲ ਆਪਣੀਆਂ ਸ਼ਿਕਾਇਤਾਂ ਲੈ ਕੇ ਜਾਂਦੇ ਸਨ।
"ਜਿਵੇਂ ਕਿਸੇ ਦੇ ਘਰ ਲੜਾਈ ਹੋ ਗਈ ਜਾਂ ਕਿਸੇ ਗੁਆਂਢੀ ਨਾਲ ਝਗੜਾ ਹੋ ਗਿਆ ਤਾਂ ਲੋਕ ਬਸੀਰਨ ਕੋਲ ਚਲੇ ਜਾਂਦੇ ਸਨ ਅਤੇ ਉਹ ਧਮਕਾ ਕੇ ਇੱਕ ਪੱਖ ਨੂੰ ਚੁੱਪ ਕਰਾ ਦਿੰਦੀ ਸੀ।"
ਇਸ ਤੋਂ ਬਾਅਦ ਮਈ 2018 ਵਿੱਚ ਬਸੀਰਨ ਨੂੰ ਪ੍ਰੋਕਲੇਮਡ ਓਫੈਂਡਰ (ਭਗੌੜਾ) ਐਲਾਨ ਦਿੱਤਾ ਗਿਆ ਅਤੇ ਸੀਆਰਪੀਸੀ ਦੀ ਧਾਰਾ 83 ਦੇ ਤਹਿਤ ਉਸ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ। ਹਾਲਾਂਕਿ ਬਸੀਰਨ ਨੇ ਜਾਇਦਾਦ ਛੁਡਵਾਉਣ ਅਤੇ ਜ਼ਮਾਨਤ ਲਈ ਹਾਈਕੋਰਟ ਦਾ ਰੁਖ਼ ਵੀ ਕੀਤਾ ਹੈ ਪਰ ਕੋਰਟ ਨੇ ਉਨ੍ਹਾਂ ਦੀ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ।

ਤਸਵੀਰ ਸਰੋਤ, Sangam Vihar Police Stn
ਇਸ ਵਿਚਾਲੇ ਬਸੀਰਨ ਸੰਗਮ ਵਿਹਾਰ ਪਰਤੀ। ਪੁਲਿਸ ਨੂੰ ਉਸਦੀ ਖ਼ਬਰ ਮਿਲੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਡੀਸੀਪੀ ਰੋਮਿਲ ਬਾਨੀਆ ਮੁਤਾਬਕ ਪੁੱਛਗਿੱਛ ਦੌਰਾਨ ਬਸੀਰਨ ਨੇ ਮੰਨਿਆ ਹੈ ਕਿ ਉਸ ਨੇ ਆਪਣੇ ਗਿਰੋਹ ਨਾਲ ਮਿਲ ਕੇ 8 ਸਤੰਬਰ 2017 ਨੂੰ ਮਿਰਾਜ਼ ਨੂੰ ਮਾਰਿਆ ਸੀ।
ਪਹਿਲਾ ਉਸ ਨੇ ਮਿਰਾਜ਼ ਦਾ ਗਲਾ ਬੈਲਟ ਨਾਲ ਘੋਟਿਆ ਅਤੇ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਪੈਟਰੋਲ ਛਿੜਕ ਕੇ ਸਾੜਨ ਦੀ ਕੋਸ਼ਿਸ਼ ਕੀਤੀ।
ਪੁਲਿਸ ਦਾ ਕਹਿਣਾ ਹੈ ਕਿ ਉਹ ਹੁਣ ਤੱਕ ਸੰਗਮ ਵਿਹਾਰ ਦੇ ਜੰਗਲ ਵਿੱਚੋਂ ਚਾਰ ਲਾਸ਼ਾਂ ਬਰਾਮਦ ਕਰ ਚੁੱਕੇ ਹਨ।

ਤਸਵੀਰ ਸਰੋਤ, Sangam Vihar Police Stn
ਪਰ 'ਗੌਡਮਦਰ' ਬਸੀਰਨ ਦੀ ਕੁੜੀ ਸੋਨਾ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੀ ਹੈ।
"ਮੇਰੀ ਮੰਮੀ ਨੇ ਕੁਝ ਨਹੀਂ ਕੀਤਾ। ਉਹ ਤਾਂ ਪਾਣੀ ਦਾ ਕੰਮ ਕਰਦੀ ਸੀ ਹੋਰ ਕੁਝ ਨਹੀਂ।"
ਸੋਨਾ ਦਾ ਦਾਅਵਾ ਹੈ ਕਿ ਉਸਦੀ ਮੰਮੀ ਨੂੰ ਪੁਲਿਸ ਨੇ ਨਹੀਂ ਫੜਿਆ ਉਸ ਨੇ ਸਰੰਡਰ ਕੀਤਾ ਹੈ।

ਬਸੀਰਨ ਦੇ ਤਿੰਨ ਮੁੰਡੇ ਫ਼ੈਜ਼ਲ, ਸ਼ਮੀਮ ਅਤੇ ਰਾਹੁਲ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਹਨ। ਕੋਈ ਮਾਰ-ਕੁੱਟ ਦੇ ਮਾਮਲੇ ਵਿੱਚ ਤੇ ਕੋਈ ਕਤਲ ਦੇ ਜ਼ੁਰਮ ਵਿੱਚ।
ਬਾਕੀ ਭਰਾ ਕਿੱਥੇ ਹਨ ਨਾ ਤਾਂ ਭੈਣ ਨੂੰ ਪਤਾ ਹੈ ਤੇ ਨਾ ਹੀ ਪਿਤਾ ਨੂੰ।
ਹੁਣ ਸਾਰਾ ਕੰਮ ਸੋਨਾ ਹੀ ਦੇਖ ਰਹੀ ਹੈ। ਭਾਵੇਂ ਉਹ ਪਾਣੀ ਵੇਚਣਾ ਹੋਵੇ ਜਾਂ ਕੋਰਟ-ਕੇਸ ਅਤੇ ਪੁਲਿਸ।
ਸੋਨਾ ਆਪਣੇ ਪੱਖ ਵਿੱਚ ਕਹਿੰਦੀ ਹੈ ਕਿ ਪੁਲਿਸ ਕਹਿ ਰਹੀ ਹੈ ਕਿ ਉਸ ਦੀ ਮਾਂ ਅਤੇ ਭਰਾ ਪੈਸਾ ਵਸੂਲਦੇ ਸਨ, ਫਿਰ ਤਾਂ ਉਸ ਕੋਲ ਪੈਸਾ ਹੋਣਾ ਚਾਹੀਦਾ ਹੈ ਪਰ ਉਹ ਤਾਂ ਜ਼ਮੀਨ ਵੇਚ ਕੇ ਕੇਸ ਲੜ ਰਹੀ ਹੈ।
ਸੋਨਾ ਵਿਆਹੀ ਹੋਈ ਹੈ ਪਰ ਨਿੱਜੀ ਕਾਰਨਾਂ ਕਰਕੇ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ।
ਗੁਆਂਢੀਆਂ ਦਾ ਕੀ ਕਹਿਣਾ ਹੈ?
ਸੋਨਾ ਕਹਿੰਦੀ ਹੈ ਕਿ ਮੁਹੱਲੇ ਵਿੱਚ ਕਿਸੇ ਨੂੰ ਵੀ ਪੁੱਛ ਲਵੋ, ਜੇਕਰ ਕੋਈ ਕਹਿ ਵੀ ਦੇਵੇ ਕਿ ਮੇਰੇ ਮੰਮੀ ਅਤੇ ਭਰਾ ਅਜਿਹੇ ਸਨ।
"ਅਰੇ, ਮੇਰ ਭਰਾ ਐਨੇ ਚੰਗੇ ਸੀ ਕਿ ਉਨ੍ਹਾਂ ਦੇ ਹੁੰਦਿਆਂ ਕਦੇ ਕਿਸੇ ਨੇ ਕਿਸੇ ਕੁੜੀ ਵੱਲ ਅੱਖ ਚੁੱਕ ਕੇ ਨਹੀਂ ਦੇਖਿਆ। ਮੇਰੀ ਮਾਂ ਹਮੇਸ਼ਾ ਦੂਜਿਆਂ ਦੀ ਮਦਦ ਕਰਦੀ ਸੀ। ਪੈਸੇ ਪੱਖੋਂ ਵੀ ਅਤੇ ਉਂਝ ਵੀ।''
ਮੁਹੱਲੇ ਵਿੱਚ ਰਹਿਣ ਵਾਲੀ ਨਿਸ਼ਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਦੇਖ ਕੇ ਕਦੇ ਨਹੀਂ ਲੱਗਿਆ ਕਿ ਕੁਝ ਅਜਿਹਾ ਹੁੰਦਾ ਸੀ। ਹਾਂ ਇਨ੍ਹਾਂ ਲੋਕਾਂ ਦਾ ਪਾਣੀ ਦਾ ਕੰਮ ਸੀ ਉਸ ਨੂੰ ਲੈ ਕੇ ਕਦੇ-ਕਦੇ ਨਿੱਕੀ ਮੋਟੀ ਗੱਲ ਹੋ ਜਾਂਦੀ ਸੀ।
ਜ਼ਿਆਦਾਤਰ ਲੋਕਾਂ ਨੇ ਅਜਿਹੇ ਹੀ ਜਵਾਬ ਦਿੱਤੇ। ਸਾਰਿਆਂ ਨੇ ਇਹੀ ਕਿਹਾ ਕਿ ਮੁਹੱਲੇ ਵਿੱਚ ਉਨ੍ਹਾਂ ਨੂੰ ਕਦੇ ਅਜਿਹਾ ਕਰਦੇ ਨਹੀਂ ਦੇਖਿਆ ਗਿਆ। ਬਾਹਰ ਕੀ ਕਰਦੇ ਸਨ ਇਸ ਬਾਰੇ ਜਾਣਕਾਰੀ ਨਹੀਂ।
ਕੀ-ਕੀ ਹਨ ਮਾਮਲੇ?
ਬਸੀਰਨ 'ਤੇ ਪਾਣੀ ਦੇ ਗ਼ੈਰਕਾਨੂੰਨੀ ਕਬਜ਼ੇ, ਕਤਲ ਅਤੇ ਫਿਰੌਤੀ ਸਮੇਤ ਕੁੱਲ 9 ਮਾਮਲੇ ਹਨ। ਉਸ ਦੇ ਮੁੰਡੇ ਸ਼ਮੀਮ ਉਰਫ਼ ਗੂੰਗਾ 'ਤੇ ਚੋਰੀ, ਡਕੈਤੀ ਅਤੇ ਕਿਡਨੈਪਿੰਗ ਨਾਲ ਜੁੜੇ 42 ਮਾਮਲੇ ਹਨ। ਇਸ ਤੋਂ ਇਲਾਵਾ ਸ਼ਕੀਲ, ਵਕੀਲ, ਰਾਹੁਲ, ਫੈਜ਼ਲ, ਸਨੀ ਅਤੇ ਸਲਮਾਨ 'ਤੇ ਹਥਿਆਰ ਰੱਖਣ ਅਤੇ ਲੁੱਟ ਦੇ 113 ਮਾਮਲੇ ਦਰਜ ਹਨ।

ਤਸਵੀਰ ਸਰੋਤ, Sangam Vihar Police Stn
ਸ਼ਮੀਮ ਉਰਫ਼ ਗੂੰਗਾ 'ਤੇ ਮਕੋਕਾ ਦੇ ਤਹਿਤ ਵੀ ਮਾਮਲਾ ਦਰਜਾ ਹੈ।
ਕੀ ਹੈ ਪਾਣੀ ਦਾ ਮਾਮਲਾ?
ਬਸੀਰਨ ਦੇ ਘਰ ਦੇ ਬਾਹਰ ਇੱਕ ਪਾਣੀ ਦੀ ਮੋਟਰ ਦੀ ਬੋਰਿੰਗ ਹੈ ਜਿਸ ਤੋਂ ਉਹ ਗਲੀ ਨੰਬਰ 20 ਦੇ ਲੋਕਾਂ ਨੂੰ ਪਾਣੀ ਦਿੰਦੀ ਸੀ।
ਹਾਲਾਂਕਿ, ਉਹ ਜੇਲ੍ਹ ਵਿੱਚ ਹੈ ਤਾਂ ਇਹ ਕੰਮ ਸੋਨਾ ਦੇਖ ਰਹੀ ਹੈ। ਹਰ ਪਰਿਵਾਰ ਤੋਂ 200 ਰੁਪਏ ਮਹੀਨੇ ਦੇ ਲਏ ਜਾਂਦੇ ਹਨ ਅਤੇ ਮੋਟਰ ਚਲਾਉਣ ਦਾ ਜਿੰਨਾ ਬਿੱਲ ਆਉਂਦਾ ਹੈ ਉਹ ਵੰਡ ਲਿਆ ਜਾਂਦਾ ਹੈ।
ਬੋਰਿੰਗ ਮਲਖਾਨ ਨੇ ਕਰਵਾਈ ਸੀ ਪਰ ਉਦੋਂ ਸਾਰਿਆਂ ਲਈ ਪਾਣੀ ਮੁਫ਼ਤ ਸੀ, ਬਾਅਦ ਵਿੱਚ ਬਸੀਰਨ ਇਸ ਲਈ ਪੈਸੇ ਲੈਣ ਲੱਗੀ।
ਮਲਖ਼ਾਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇਸ ਬਾਰੇ ਕੋਈ ਕਾਨੂੰਨੀ ਕਾਗਜ਼ ਹਨ ਤਾਂ ਉਨ੍ਹਾਂ ਨੇ ਕਾਨੂੰਨੀ ਕਾਗਜ਼ ਹੋਣ ਤੋਂ ਇਨਕਾਰ ਕਰ ਦਿੱਤਾ।

ਗਲੀ ਨੰਬਰ 20 ਵਿੱਚ ਕਰੀਬ 70-75 ਪਰਿਵਾਰ ਹਨ। ਜ਼ਿਆਦਾਤਰ ਮੁਸਲਿਮ ਆਬਾਦੀ ਹੈ ਅਤੇ ਕੁਝ ਹਿੰਦੂ ਵੀ ਹਨ। ਮੁਹੱਲਾ ਅਜੀਬ ਥੋੜ੍ਹਾ ਇਸ ਲਈ ਹੈ ਕਿਉਂਕਿ ਜਿੱਥੇ ਇੱਕ ਪਾਸੇ ਔਰਤਾਂ ਅੱਗੇ ਹੋ ਕੇ ਹਾਂ-ਨਾ ਦਾ ਜਵਾਬ ਦੇ ਰਹੀਆਂ ਸਨ ਉੱਥੇ ਹੀ ਮਰਦ ਚੁੱਪਚਾਪ ਸਨ।
ਮੁਹੱਲੇ ਤੋਂ ਬਾਹਰ ਨਿਕਲ ਕੇ ਗਲੀ ਨੰਬਰ 14 ਵਿੱਚ ਜਦੋਂ ਕੁਝ ਲੋਕਾਂ ਨੂੰ ਬਸੀਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਬਹੁਤ ਚੰਗਾ ਹੋਇਆ। ਬਦਮਾਸ਼ ਸਨ ਉਹ ਲੋਕ।
ਇਹ ਵੀ ਪੜ੍ਹੋ:
ਇੱਕ ਸ਼ਖ਼ਸ ਨੇ ਕਿਹਾ ਕਿ ਬਹੁਤ ਚੰਗਾ ਹੋਇਆ ਜੋ ਬਸੀਰਨ ਜੇਲ੍ਹ ਚਲੀ ਗਈ।
"ਉਸ ਨੇ ਨਾ ਸਿਰਫ਼ ਆਪਣੇ ਮੁੰਡਿਆ ਨੂੰ ਹੀ ਵਿਗਾੜਿਆ ਸਗੋਂ ਸੈਂਕੜੇ ਬੱਚਿਆਂ ਨੂੰ ਬਰਾਬਦ ਕਰ ਦਿੱਤਾ। ਮੇਰਾ ਆਪਣਾ ਮੁੰਡਾ ਅੱਜ ਉਸੇ ਕਾਰਨ ਜੇਲ੍ਹ ਵਿੱਚ ਹੈ। ਮੇਰੇ ਬੱਚੇ ਵਰਗੇ ਹੋਰ ਬਹੁਤ ਬੱਚੇ ਹਨ।''












