ਔਰਤਾਂ ਦੇ 'ਬੈਠਣ ਦੇ ਹੱਕ' ਦੀ ਲੜਾਈ ਦੀ ਪੂਰੀ ਕਹਾਣੀ

ਸਾੜੀ ਦੀ ਦੁਕਾਨ
ਤਸਵੀਰ ਕੈਪਸ਼ਨ, ਕੇਰਲ ਵਿੱਚ ਸਾੜੀਆਂ ਦੇ ਸ਼ੋਅਰੂਮ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਇੱਕੋ ਜਿਹੀਆਂ ਸਾੜੀਆਂ ਪਾਉਂਦੀਆਂ ਹਨ
    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ, ਕੇਰਲ ਤੋਂ ਵਾਪਿਸ ਆ ਕੇ

ਕੇਰਲ ਵਿੱਚ ਸਿਲਕ ਦੀਆਂ ਸਾੜ੍ਹੀਆਂ ਦੇ ਵੱਡੇ-ਵੱਡੇ ਸ਼ੋਅਰੂਮ ਅਤੇ ਉਨ੍ਹਾਂ ਵਿੱਚ ਸੋਹਣੀਆਂ ਸਾੜ੍ਹੀਆਂ ਪਾ ਕੇ ਖੜ੍ਹੀਆਂ ਸੇਲਜ਼ਵੂਮੈਨ ਇੱਕ ਆਮ ਨਜ਼ਾਰਾ ਹੈ।

ਪਰ ਇੱਥੇ ਖਰੀਦਦਾਰੀ ਕਰਨ ਆਉਣ ਵਾਲਿਆਂ ਨੂੰ ਸ਼ਾਇਦ ਇਹ ਅੰਦਾਜ਼ਾ ਨਾ ਹੋਵੇ ਕਿ ਇਨ੍ਹਾਂ ਸੇਲਜ਼ਵੂਮੈਨ ਨੂੰ 10-11 ਘੰਟੇ ਦੀ ਲੰਬੀ ਡਿਊਟੀ ਦੌਰਾਨ ਕੁਝ ਦੇਰ ਵੀ ਬੈਠਣ ਦਾ ਅਧਿਕਾਰ ਨਹੀਂ ਹੈ।

ਇੱਥੋਂ ਤੱਕ ਕਿ ਜੇਕਰ ਕੰਮ ਵਿਚਾਲੇ ਥਕਾਵਟ ਹੋਣ ਕਰਕੇ ਕੰਧ ਨਾਲ ਪਿੱਠ ਲਗਾ ਕੇ ਖੜ੍ਹੀਆਂ ਹੋ ਜਾਣ, ਤਾਂ ਦੁਕਾਨ ਦੇ ਮਾਲਕ ਜ਼ੁਰਮਾਨਾ ਲਗਾ ਦਿੰਦੇ ਹਨ।

ਇਹ ਵੀ ਪੜ੍ਹੋ:

ਸਾਧਾਰਨ ਜਿਹੀ ਲੱਗਣ ਵਾਲੀ ਇਹ ਮੰਗ ਪੂਰੀ ਕਰਵਾਉਣ ਲਈ ਔਰਤਾਂ 8 ਸਾਲ ਤੋਂ ਸੰਘਰਸ਼ ਕਰ ਰਹੀਆਂ ਹਨ।

ਉੱਤਰ-ਭਾਰਤ ਦੀਆਂ ਦੁਕਾਨਾਂ ਤੋਂ ਵੱਖ, ਇੱਥੇ ਜ਼ਿਆਦਾਤਰ ਔਰਤਾਂ ਹੀ ਸਾਮਾਨ ਦਿਖਾਉਣ ਦਾ ਕੰਮ ਕਰਦੀਆਂ ਹਨ। ਮਰਦ ਇਨ੍ਹਾਂ ਤੋਂ ਉੱਚੇ ਅਹੁਦਿਆਂ 'ਤੇ ਕੰਮ ਕਰਦੇ ਹਨ।

ਇਸ ਲਈ ਇਹ 'ਰਾਈਟ ਟੂ ਸਿਟ' ਔਰਤਾਂ ਦਾ ਮੁੱਦਾ ਬਣ ਗਿਆ, ਅਤੇ ਜਿਨ੍ਹਾਂ ਵੱਲੋਂ ਆਵਾਜ਼ ਚੁੱਕੀ ਜਾਂਦੀ ਹੈ, ਉਨ੍ਹਾਂ ਨੂੰ ਨੌਕਰੀ ਜਾਣ ਦਾ ਖ਼ਤਰਾ ਪੈ ਜਾਂਦਾ ਹੈ।

ਸਿਹਤ ਸਬੰਧੀ ਸਮੱਸਿਆਵਾਂ

ਜਦੋਂ ਮਾਇਆ ਦੇਵੀ ਨੇ ਵੀ ਇਹ ਅਧਿਕਾਰ ਮੰਗਿਆ ਤਾਂ ਉਨ੍ਹਾਂ ਦੀ ਨੌਕਰੀ ਚਲੀ ਗਈ। ਚਾਰ ਸਾਲ ਪਹਿਲਾਂ ਉਹ ਸਾੜ੍ਹੀ ਦੇ ਇੱਕ ਨਾਮੀ ਸ਼ੋਅਰੂਮ ਵਿੱਚ ਕੰਮ ਕਰਦੀ ਸੀ।

ਮਾਇਆ ਦੇਵੀ
ਤਸਵੀਰ ਕੈਪਸ਼ਨ, ਮਾਇਆ ਦੇਵੀ ਅਜੇ ਵੀ ਆਪਣੀ ਨੌਕਰੀ ਵਾਪਿਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ

ਨੌਕਰੀ ਥਕਾਵਟ ਵਾਲੀ ਸੀ ਪਰ ਉਨ੍ਹਾਂ ਦਾ ਗ਼ਰੂਰ ਸੀ ਅਤੇ ਬਾਕੀ ਸੇਲਜ਼ਵੂਮੈਨ ਦੀ ਤਰ੍ਹਾਂ ਹੀ ਉਨ੍ਹਾਂ ਨੂੰ ਟਾਇਲਟ ਦੀ ਸਹੂਲਤ ਤੱਕ ਨਸੀਬ ਨਹੀਂ ਸੀ।

ਮਾਇਆ ਨੇ ਦੱਸਿਆ ਕਿ ਉਹ ਪਾਣੀ ਵੀ ਘੱਟ ਪੀਂਦੀ ਸੀ। ਉਨ੍ਹਾਂ ਨੂੰ ਪੈਰਾਂ ਵਿੱਚ ਦਰਦ, 'ਵੈਰੀਕੋਜ਼ ਵੇਨਸ', ਬੱਚੇਦਾਨੀ ਸਬੰਧੀ ਸ਼ਿਕਾਇਤਾਂ, ਯੂਰੀਨਰੀ ਇਨਫੈਕਸ਼ਨ ਅਤੇ ਸਿਹਤ ਸਬੰਧੀ ਕਈ ਹੋਰ ਦਿੱਕਤਾਂ ਹੋ ਰਹੀਆਂ ਸਨ।

ਉਹ ਕਹਿੰਦੀ ਹੈ, "ਮੈਂ 'ਰਾਈਟ ਟੂ ਸਿਟ' ਦਾ ਹਿੱਸਾ ਇਸ ਲਈ ਬਣੀ ਕਿਉਂਕਿ ਮੈਨੂੰ ਲੱਗਿਆ ਕਿ ਆਪਣੇ ਅਧਿਕਾਰਾਂ ਲਈ ਖੜ੍ਹਾ ਹੋਣਾ ਜ਼ਰੂਰੀ ਹੈ।"

ਇਕੱਠੇ ਹੋ ਕੇ ਵਿਰੋਧ

ਮਾਇਆ ਨੂੰ ਹਿੰਮਤ ਇਸ ਅੰਦੋਲਨ ਦੀ ਮੁਖੀਆ ਪੀ. ਵਿਜੀ ਤੋਂ ਮਿਲੀ। ਵਿਜੀ ਪੇਸ਼ੇ ਤੋਂ ਦਰਜ਼ੀ ਹੈ। ਦਸ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਸਕੂਲ ਛੱਡਣਾ ਪਿਆ ਸੀ।

ਪੀ ਵਿਜੀ
ਤਸਵੀਰ ਕੈਪਸ਼ਨ, ਪੀ. ਵਿਜੀ ਨੇ ਔਰਤਾਂ ਨੂੰ ਇਕੱਠਾ ਕਰਕੇ ਮਜ਼ਦੂਰ ਸੰਘ ਬਣਾਇਆ ਹੈ

ਉਹ ਪੂਰੇ ਆਤਮ-ਵਿਸ਼ਵਾਸ ਨਾਲ ਗੱਲ ਕਰਦੀ ਹੈ। ਬਹੁਤ ਤਰੀਕੇ ਨਾਲ ਉਹ ਮੈਨੂੰ ਸਮਝਾਉਂਦੀ ਹੈ ਕਿ ਉਨ੍ਹਾਂ ਵਰਗੀਆਂ ਅਨਪੜ੍ਹ ਔਰਤਾਂ ਨੂੰ ਇਸ ਅੰਦੋਲਨ ਲਈ ਇਕੱਠਾ ਕਰਨਾ ਕਿਉਂ ਜ਼ਰੂਰੀ ਸੀ।

ਉਹ ਕਹਿੰਦੀ ਹੈ, "ਕੱਪੜਾ ਉਦਯੋਗ ਵਿੱਚ ਕੰਮ ਕਰਨ ਵਾਲੀਆਂ ਇਨ੍ਹਾਂ ਔਰਤਾਂ ਨੂੰ ਲੇਬਰ ਕਾਨੂੰਨ ਬਾਰੇ ਜਾਣਕਾਰੀ ਨਹੀਂ ਹੈ ਅਤੇ ਜੇਕਰ ਕੋਈ ਆਪਣੇ ਪਤੀ ਨੂੰ ਇਸ ਤਸ਼ੱਦਦ ਬਾਰੇ ਦੱਸਦੀ ਹੈ ਤਾਂ ਉਹ ਉਸੇ ਨੂੰ ਹੀ ਕਸੂਰਵਾਰ ਮੰਨਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਮੈਨੂੰ ਇਨ੍ਹਾਂ ਦੀ ਆਵਾਜ਼ ਬਣਨਾ ਪਿਆ।"

ਪਰ ਵਿਜੀ ਲਈ ਇਹ ਸੌਖਾ ਨਹੀਂ ਸੀ। ਜ਼ਿਆਦਾਤਰ ਔਰਤਾਂ ਲਈ ਉਨ੍ਹਾਂ ਦੀ ਥੋੜ੍ਹੀ-ਬਹੁਤੀ ਤਨਖ਼ਾਹ ਅਤੇ ਨੌਕਰੀ ਕਾਰਨ ਘਰੋਂ ਬਾਹਰ ਨਿਕਲਣ ਦੀ ਆਜ਼ਾਦੀ ਬਹੁਤ ਕੀਮਤੀ ਹੈ ਜਿਸ ਨੂੰ ਉਹ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦੀਆਂ।

ਇਸ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਛਾਪ ਕੇ ਸ਼ੋਅਰੂਮ ਬਾਹਰ ਵੰਡਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ:

ਵਿਜੀ ਜਾਣਦੀ ਸੀ ਕਿ ਸਰਕਾਰ ਦੀ ਨੀਤੀ ਬਦਲਣ ਲਈ ਇਹ ਜ਼ਰੂਰੀ ਹੈ ਕਿ ਔਰਤਾਂ ਦੇ ਮੁੱਦੇ 'ਤੇ ਮਰਦਾਂ ਦੀ ਅਗਵਾਈ ਵਾਲੇ ਰਸੂਖ਼ਦਾਰ ਮਜ਼ਦੂਰ ਸੰਘਾਂ ਦਾ ਸਮਰਥਨ ਮਿਲੇ। ਪਰ ਉਨ੍ਹਾਂ ਨੇ ਕਿਹਾ ਕਿ ਇਹ ਮੰਗਾਂ ਅਹਿਮ ਨਹੀਂ ਹਨ।

ਵਿਜੀ ਦੱਸਦੀ ਹੈ, "ਉਨ੍ਹਾਂ ਨੇ ਕਿਹਾ ਕਿ ਇਹ ਔਰਤਾਂ ਸਮਾਂ ਕੱਟਣ ਲਈ ਨੌਕਰੀ ਕਰਦੀਆਂ ਹਨ। ਮਹਿਲਾ ਕਾਮਿਆਂ ਨੂੰ ਇਹ ਮਜ਼ਦੂਰ ਸੰਘ ਇਸ ਨਜ਼ਰੀਏ ਨਾਲ ਦੇਖਦੇ ਹਨ।"

ਆਖ਼ਰਕਾਰ ਵਿਜੀ ਨੇ ਆਪਣਾ ਮਜ਼ਦੂਰ ਸੰਘ ਬਣਾਇਆ। ਕਈ ਵਾਰ ਹੜਤਾਲ ਵੀ ਕੀਤੀ।

ਟੀ ਨਜ਼ੀਰੂਦੀਨ
ਤਸਵੀਰ ਕੈਪਸ਼ਨ, ਟੀ. ਨਜ਼ੀਰੂਦੀਨ ਮੁਤਾਬਕ ਕੇਰਲ ਵਿੱਚ ਲੇਬਰ ਕਾਨੂੰਨ ਪਹਿਲਾਂ ਹੀ ਬਹੁਤ ਸਖ਼ਤ ਹੈ

ਇਨ੍ਹਾਂ ਸਾਰਿਆਂ ਦੀ ਬਦੌਲਤ ਸਰਕਾਰ ਨੇ ਕਿਹਾ ਉਹ ਇਹ ਨਿਯਮ ਖ਼ਤਮ ਕਰ ਦੇਵੇਗੀ, ਪਰ ਕੁਝ ਖ਼ਾਸ ਬਦਲਿਆ ਨਹੀਂ।

ਕੇਰਲ ਦੇ ਕਾਲੀਕਟ ਦੀਆਂ ਕਈ ਦੁਕਾਨਾਂ ਦੇ ਚੱਕਰ ਕੱਢਣ ਤੋਂ ਬਾਅਦ ਵੀ ਉੱਥੇ ਕੰਮ ਕਰਨ ਵਾਲੀਆਂ ਔਰਤਾਂ ਨੇ ਇਹੀ ਦੱਸਿਆ ਕਿ ਉਹ ਆਪਣੇ ਮਾਲਕਾਂ ਤੋਂ ਬੈਠਣ ਦਾ ਹੱਕ ਮੰਗਣ ਤੋਂ ਡਰਦੀਆਂ ਹਨ ਕਿ ਕਿਤੇ ਨੌਕਰੀ ਨਾ ਚਲੀ ਜਾਵੇ।

ਟੀ. ਨਜ਼ੀਰੂਦੀਨ ਮੁਤਾਬਕ ਕੇਰਲ ਵਿੱਚ ਲੇਬਰ ਕਾਨੂੰਨ ਪਹਿਲਾਂ ਹੀ ਬਹੁਤ ਸਖ਼ਤ ਹੈ।

ਕਾਨੂੰਨ ਦੇ ਲਾਗੂ ਹੋਣ ਦੀ ਉਡੀਕ

ਕਰੇਲ ਵਪਾਰੀ ਸੰਘ ਦੇ ਸੂਬਾ ਸਕੱਤਰ ਟੀ. ਨਜ਼ੀਰੂਦੀਨ ਮੁਤਾਬਕ ਸੇਲਜ਼ਵੂਮੈਨ ਨੂੰ ਬੈਠਣ ਲਈ ਕਾਫ਼ੀ ਮੌਕੇ ਦਿੱਤੇ ਜਾਂਦੇ ਹਨ।

ਉਨ੍ਹਾਂ ਨੇ ਕਿਹਾ, "ਕੇਰਲ ਵਿੱਚ ਹਜ਼ਾਰਾਂ ਦੁਕਾਨਦਾਰ ਹਨ। ਜੇਕਰ ਇੱਕ ਜਾਂ ਦੋ ਮਾੜਾ ਵਿਹਾਰ ਕਰ ਰਹੇ ਹਨ ਤਾਂ ਇਸਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਖ਼ਰਾਬ ਹਨ।"

ਔਰਤ
ਤਸਵੀਰ ਕੈਪਸ਼ਨ, ਸੇਲਜ਼ਵੂਮੈਨ ਨੂੰ ਕਈ ਘੰਟੇ ਖੜ੍ਹਾ ਰਹਿਣਾ ਪੈਂਦਾ ਹੈ

ਹਾਲਾਂਕਿ ਸੂਬਾ ਸਰਕਾਰ ਮੁਤਾਬਕ ਉਨ੍ਹਾਂ ਨੂੰ ਵਪਾਰੀਆਂ ਦੇ ਰਵੱਈਏ ਖ਼ਿਲਾਫ਼ ਸੇਲਜ਼ਵੂਮੈਨ ਤੋਂ ਕਈ ਸ਼ਿਕਾਇਤਾਂ ਮਿਲੀਆਂ ਹਨ ਅਤੇ ਇਸ ਲਈ ਉਹ ਜ਼ੁਰਮਾਨੇ ਦੀ ਸਜ਼ਾ ਵੀ ਲੈ ਕੇ ਆਉਣਗੇ।

ਸੇਲਜ਼ਵੂਮੈਨ ਨੂੰ ਉਨ੍ਹਾਂ ਦੀਆਂ ਮਹਿਲਾ ਗਾਹਕਾਂ ਤੋਂ ਵੀ ਪੂਰਾ ਸਮਰਥਨ ਮਿਲ ਰਿਹਾ ਹੈ।

ਬਾਜ਼ਾਰ ਵਿੱਚ ਗੱਲ ਕੀਤੀ ਤਾਂ ਇੱਕ ਮਹਿਲਾ ਨੇ ਕਿਹਾ,''ਉਨ੍ਹਾਂ ਨੂੰ ਬੈਠਣ ਦਾ ਹੱਕ ਮਿਲਣਾ ਚਾਹੀਦਾ ਹੈ। ਖ਼ਾਸ ਤੌਰ 'ਤੇ ਜਦੋਂ ਕੋਈ ਗਾਹਕ ਨਾ ਹੋਵੇ ਅਤੇ ਉਨ੍ਹਾਂ ਕੋਲ ਕੁਝ ਖਾਲੀ ਸਮਾਂ ਹੋਵੇ, ਉਨ੍ਹਾਂ ਨੂੰ ਬੈਠਣ ਦੇਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:

ਇੱਕ ਨੇ ਕਿਹਾ ਕਿ ਇਹ ਅਧਿਕਾਰ ਇਸ ਲਈ ਵੀ ਮਿਲਣਾ ਚਾਹੀਦਾ ਹੈ ਕਿਉਂਕਿ ਔਰਤਾਂ ਨੌਕਰੀ ਤਾਂ ਕਰਦੀਆਂ ਹਨ। ਉਸ ਤੋਂ ਪਹਿਲਾਂ ਉਹ ਘਰ ਦੇ ਸਾਰੇ ਕੰਮ ਵੀ ਖ਼ਤਮ ਕਰਦੀਆਂ ਹਨ।

ਹੁਣ ਉਡੀਕ ਹੈ ਕਾਨੂੰਨ ਦੇ ਲਾਗੂ ਹੋਣ ਦੀ ਤਾਂ ਜੋ ਔਰਤਾਂ ਬਿਨਾਂ ਕਿਸੇ ਡਰ ਦੇ ਬੈਠਣ ਦਾ ਹੱਕ ਹਾਸਲ ਕਰ ਸਕਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)