ਦਲਿਤਾਂ, ਘੱਟ ਗਿਣਤੀਆਂ 'ਚ ਖੌਫ਼ ਵਧਿਆ- ਇਤਿਹਾਸਕਾਰ ਰੋਮੀਲਾ ਥਾਪਰ

ਤਸਵੀਰ ਸਰੋਤ, Getty Images
ਪੰਜ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਗ੍ਰਿਫ਼ਤਾਰੀ ਖਿਲਾਫ ਪਟੀਸ਼ਨ ਪਾਉਣ ਵਾਲੇ 6 ਪਟੀਸ਼ਨਕਰਤਾਵਾਂ ਵਿੱਚੋਂ ਇੱਕ ਇਤਿਹਾਸਕਾਰ ਰੋਮਿਲਾ ਥਾਪਰ ਨੇ ਕਿਹਾ ਹੈ ਮੌਜੂਦਾ ਹਾਲਾਤ ਐਮਰਜੈਂਸੀ ਤੋਂ ਵੀ ਮਾੜੇ ਹਨ।
ਪੂਣੇ ਪੁਲਿਸ ਨੇ ਮੰਗਲਵਾਰ ਨੂੰ ਪੰਜ ਬੁੱਧੀਜੀਵੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੂੰ ਦੇਸ ਦੇ ਵੱਖ-ਵੱਖ ਹਿੱਸਿਆਂ 'ਚੋਂ ਗ੍ਰਿਫ਼ਤਾਰ ਕੀਤਾ ਸੀ।
ਇਨ੍ਹਾਂ 'ਚ ਖੱਬੇਪੱਖੀ ਵਿਚਾਰਕ ਅਤੇ ਕਵੀ ਵਰਵਰਾ ਰਾਓ, ਵਕੀਲ ਸੁਧਾ ਭਾਰਦਵਾਜ, ਮਨੁੱਖੀ ਅਧਿਕਾਰ ਕਾਰਕੁਨ ਅਰੁਣ ਫਰੇਰਾ, ਗੌਤਮ ਨਵਲਖਾ ਅਤੇ ਵਰਨਾਨ ਗੋਜ਼ਾਲਵਿਸ ਸ਼ਾਮਿਲ ਹਨ।
ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕ ਮਨੁੱਖੀ ਅਧਿਕਾਰ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਆਲੋਚਕ ਰਹੇ ਹਨ।
ਇਹ ਵੀ ਪੜ੍ਹੋ:
ਸੁਪਰੀਮ ਕੋਰਟ ਵਿਚ ਇਨ੍ਹਾਂ ਗ੍ਰਿਫ਼ਤਾਰੀਆਂ ਖਿਲਾਫ ਪਟੀਸ਼ਨ ਪਾਈ ਗਈ ਜਿਸ 'ਤੇ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਅੰਤ੍ਰਿਮ ਹੁਕਮ ਜਾਰੀ ਕੀਤਾ।
ਅਦਾਲਤ ਨੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਅਗਲੀ ਸੁਣਵਾਈ ਤੱਕ ਘਰਾਂ ਵਿਚ ਨਜ਼ਰਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਗ੍ਰਿਫ਼ਤਾਰੀਆਂ 'ਤੇ ਖ਼ੁਦ ਨੋਟਿਸ ਲੈਂਦਿਆਂ ਕਿਹਾ ਹੈ ਕਿ ਪੁਲਿਸ ਨੇ ਗ੍ਰਿਫ਼ਤਾਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਹੈ ਅਤੇ ਇਸ ਵਿੱਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਮਹਾਰਾਸ਼ਟਰ ਪੁਲਿਸ ਕੋਲੋਂ ਚਾਰ ਹਫਤਿਆਂ ਦੇ ਅੰਦਰ ਜਵਾਬ ਮੰਗਿਆ ਹੈ।
ਪੂਣੇ ਪੁਲਿਸ ਦੇ ਜੁਆਇੰਟ ਕਮਿਸ਼ਨਰ (ਲਾਅ ਐਂਡ ਆਰਡਰ) ਸ਼ਿਵਾਜੀ ਬੋੜਖੇ ਨੇ ਬੀਬੀਸੀ ਨਾਲ ਗੱਲਬਾਤ 'ਚ ਗ੍ਰਿਫ਼ਤਾਰ ਲੋਕਾਂ ਨੂੰ "ਮਾਓਵਾਦੀ ਹਿੰਸਾ ਦਾ ਦਿਮਾਗ਼" ਦੱਸਿਆ ਹੈ।

ਤਸਵੀਰ ਸਰੋਤ, Getty Images
ਉਧਰ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਕੇਸ਼ ਸਿਨਹਾ ਨੇ ਗ੍ਰਿਫ਼ਤਾਰੀਆਂ ਦਾ ਬਚਾਅ ਕੀਤਾ ਹੈ ਅਤੇ ਕਿਹਾ, "ਅਮਰੀਕਾ ਵਿੱਚ ਪੜ੍ਹੇ-ਲਿਖੇ ਲੋਕ ਹੀ ਬੰਬ ਸੁੱਟ ਰਹੇ ਹਨ। ਪੜ੍ਹੇ-ਲਿਖੇ ਲੋਕ ਹੀ ਜੇਹਾਦ 'ਚ ਆ ਰਹੇ ਹਨ।"
ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਉਣ ਵਾਲੇ ਪਟੀਸ਼ਨਕਰਤਾਵਾਂ ਵਿੱਚੋਂ ਇੱਕ ਪਟੀਸ਼ਨਕਰਤਾ, ਉੱਘੀ ਇਤਿਹਾਸਕਾਰ ਰੋਮੀਲਾ ਥਾਪਰ ਨਾਲ ਬੀਬੀਸੀ ਪੱਤਰਕਾਰ ਵਿਨੀਤ ਖਰੇ ਨੇ ਗੱਲਬਾਤ ਕੀਤੀ।
ਥਾਪਰ ਪ੍ਰਾਚੀਨ ਇਤਿਹਾਸ ਦੀ ਮਾਹਿਰ ਹੈ ਜਿਸ ਨੂੰ ਹਿੰਦੂਤੱਵ ਵਿਚਾਰਧਾਰਾ ਵਾਲੇ ਨਿਸ਼ਾਨਾ ਬਣਾਉਂਦੇ ਰਹੇ ਹਨ।
ਤੁਸੀਂ ਉਨ੍ਹਾਂ ਪਟੀਸ਼ਨਰਾਂ ਵਿੱਚੋਂ ਇੱਕ ਹੋ ਜਿਨ੍ਹਾਂ ਨੇ ਮਹਾਰਾਸ਼ਟਰ ਪੁਲਿਸ ਵੱਲੋਂ ਕਾਰਕੁਨਾਂ ਦੀ ਗ੍ਰਿਫ਼ਤਾਰੀ ਖਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਹੈ। ਤੁਹਾਡੀ ਪਟੀਸ਼ਨ ਦਾ ਮਕਸਦਕੀ ਹੈ ?
ਮਹਾਰਾਸ਼ਟਰ ਪੁਲਿਸ ਨੇ ਪੰਜ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੂਣੇ ਲੈ ਗਏ। ਅਸੀਂ ਪਟੀਸ਼ਨ ਵਿੱਚ ਕਿਹਾ ਹੈ ਕਿ ਗ੍ਰਿਫ਼ਤਾਰ ਕਰਨ ਦਾ ਇਹ ਕੋਈ ਜ਼ਾਇਜ਼ ਤਰੀਕਾ ਨਹੀਂ ਹੈ।

ਤਸਵੀਰ ਸਰੋਤ, Getty Images
ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਮਸ਼ਹੂਰ ਹਸਤੀਆਂ ਹਨ ਅਤੇ ਇਹ ਕੋਈ ਆਮ ਅਪਰਾਧੀ ਨਹੀਂ ਹਨ ਜਿਨ੍ਹਾਂ ਨੂੰ ਪੁਲਿਸ ਫੌਰਨ ਗ੍ਰਿਫ਼ਤਾਰ ਕਰ ਲੈਂਦੀ ਹੈ।
ਪਟੀਸ਼ਨ ਵਿੱਚ ਪੁੱਛਿਆ ਗਿਆ ਹੈ ਕਿ ਆਖਿਰ ਇਨ੍ਹਾਂ ਲੋਕਾਂ 'ਤੇ ਕੀ ਇਲਜ਼ਾਮ ਹਨ ਅਤੇ ਉਹ ਇਨ੍ਹਾਂ ਖਿਲਾਫ਼ ਕੀ ਸਾਬਿਤ ਕਰਨਾ ਚਾਹੁੰਦੇ ਹਨ ਅਤੇ ਇਸ ਦੀ ਪ੍ਰਕਿਰਿਆ ਕੀ ਹੈ।
ਇਸੇ ਮਾਮਲੇ ਦੀ ਕੋਰਟ ਵਿੱਚ ਸੁਣਵਾਈ ਹੋਈ। ਕੋਰਟ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਫੌਰਨ ਉਨ੍ਹਾਂ ਦੇ ਘਰ ਭੇਜਿਆ ਜਾਵੇ।
ਉਨ੍ਹਾਂ ਨੂੰ ਘਰ ਵਿੱਚ ਇੱਕ ਹਫ਼ਤੇ ਲਈ ਨਜ਼ਰਬੰਦ ਕੀਤਾ ਜਾ ਸਕਦਾ ਹੈ ਅਤੇ ਇੱਕ ਹਫਤੇ ਬਾਅਦ ਮਾਮਲੇ ਦੀ ਮੁੜ ਸੁਣਵਾਈ ਹੋਵੇਗੀ।
ਤੁਸੀਂ ਉਨ੍ਹਾਂ ਲੋਕਾਂ ਨੂੰ ਨਿੱਜੀ ਤੌਰ 'ਤੇ ਜਾਣਦੇ ਹੋ?
ਹਾਂ ਮੈਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਜਾਣਦੀ ਹਾਂ। ਉਹ ਤੁਹਾਡੇ ਮੇਰੇ ਵਰਗੇ ਲੋਕ ਹਨ।
ਤੁਹਾਨੂੰ ਇਤਰਾਜ਼ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਤਰੀਕੇ 'ਤੇ ਹੈ ਜਾਂ ਇਸ ਬਾਰੇ ਹੈ ਕਿ ਪੁਲਿਸ ਨੇ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ?
ਦੋਹਾਂ ਬਾਰੇ, ਜਦੋਂ ਤੁਸੀਂ ਕਿਸੇ ਨੂੰ ਗ੍ਰਿਫ਼ਤਾਰ ਕਰਨ ਪਹੁੰਚਦੇ ਹੋ ਤਾਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ ਕਿ ਤੁਸੀਂ ਗ੍ਰਿਫ਼ਤਾਰੀ ਕਿਉਂ ਕਰ ਰਹੇ ਹੋ।

ਤਸਵੀਰ ਸਰੋਤ, Getty Images
ਗ੍ਰਿਫ਼ਤਾਰੀ ਦੀ ਪ੍ਰਕਿਰਿਆ ਤਹਿਤ ਤੁਸੀਂ ਉਨ੍ਹਾਂ ਨੂੰ ਗ੍ਰਿਫ਼ਤਾਰੀ ਬਾਰੇ ਦੱਸਦੇ ਹੋ ਅਤੇ ਫਿਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਦਿੰਦੇ ਹੋ। ਫਿਰ ਤੁਸੀਂ ਉਨ੍ਹਾਂ ਨੂੰ ਪੁਲਿਸ ਥਾਣੇ ਲੈ ਜਾਂਦੇ ਹੋ।
ਤੁਸੀਂ ਆਮ ਅਪਰਾਧੀਆਂ ਵਾਂਗ ਉਨ੍ਹਾਂ ਨੂੰ ਅਚਾਨਕ ਗ੍ਰਿਫ਼ਤਾਰ ਨਹੀਂ ਕਰ ਸਕਦੇ।
ਪੁਣੇ ਪੁਲਿਸ ਦੇ ਸੀਨੀਅਰ ਪੁਲਿਸ ਅਫ਼ਸਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ 'ਤੇ ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਇਲਜ਼ਾਮ ਹਨ ਅਤੇ ਉਨ੍ਹਾਂ ਕਿਹਾ ਕਿ ਹਿੰਸਾ ਵਿੱਚ ਕਈ ਪੁਲਿਸ ਜਵਾਨ ਅਤੇ ਆਮ ਆਦਮੀ ਮਾਰੇ ਗਏ ਸਨ। ਇਸ ਬਿਆਨ ਨਾਲ ਇਹ ਲੱਗ ਰਿਹਾ ਹੈ ਕਿ ਇਹ ਕੇਸ ਜਲਦੀ ਖ਼ਤਮ ਹੋਣ ਵਾਲਾ ਨਹੀਂ ਹੈ।
ਹਿੰਸਾ ਦੇ ਇਲਜ਼ਾਮ ਸਾਰੇ ਕਾਰਕੁਨਾਂ 'ਤੇ ਲੱਗੇ ਹਨ ਪਰ ਉਨ੍ਹਾਂ ਵਿੱਚੋਂ ਕੁਝ ਉੱਥੇ ਮੌਜੂਦ ਨਹੀਂ ਸਨ। ਇਹ ਉਹ ਲੋਕ ਨਹੀਂ ਸਨ ਜੋ ਬੰਦੂਕਾਂ ਚੁੱਕ ਲੈਣ ਜਾਂ ਲਾਠੀਆਂ ਚੁੱਕ ਕੇ ਲੋਕਾਂ ਨੂੰ ਕੁੱਟਣ ਲੱਗਣ ਤਾਂ ਹਿੰਸਾ ਕਿੱਥੇ ਹੋਈ ਹੈ।
ਗ੍ਰਿਫ਼ਤਾਰ ਹੋਏ ਲੋਕਾਂ ਵਿੱਚ ਕੋਈ ਪੜ੍ਹਾਉਂਦਾ ਹੈ, ਕੋਈ ਲਿਖਦਾ ਹੈ ਜਾਂ ਕੋਈ ਆਮ ਦਫ਼ਤਰਾਂ ਵਿੱਚ ਕੰਮ ਕਰਦਾ ਹੈ। ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਨ੍ਹਾਂ ਇਲਜ਼ਾਮਾਂ ਵਿੱਚ ਹਿੰਸਾ ਦੀ ਪਰਿਭਾਸ਼ਾ ਕੀ ਹੈ।
ਮੇਰਾ ਮੰਨਣਾ ਹੈ ਕਿ ਪੁਲਿਸ ਇਸ ਪਾਸੇ ਇਸ਼ਾਰਾ ਕਰ ਰਹੀ ਹੈ ਕਿ ਉਨ੍ਹਾਂ ਦਾ ਰੁਝਾਨ ਕੱਟੜ ਖੱਬੇਪੱਖੀ ਵਿਚਾਰਾਂ ਵੱਲ ਸੀ ਜੋ ਹਿੰਸਾ ਵਿੱਚ ਤਬਦੀਲ ਹੋ ਸਕਦੇ ਸਨ।
ਕੱਟੜ ਖੱਬੇਪੱਖੀ ਵਿਚਾਰਾਂ ਨਾਲ ਤੁਹਾਡਾ ਕੀ ਮਤਲਬ ਹੈ? ਇਨ੍ਹਾਂ ਵਿੱਚੋਂ ਹਰ ਸ਼ਖਸ ਕਿਸੇ ਪੇਸ਼ੇ ਨਾਲ ਜੁੜਿਆ ਹੈ। ਜਿਵੇਂ ਸੁਧਾ ਭਾਰਦਵਾਜ ਇੱਕ ਵਕੀਲ ਹਨ ਅਤੇ ਉਹ ਕੋਰਟ ਵਿੱਚ ਕੰਮ ਕਰਦੇ ਹਨ।

ਤਸਵੀਰ ਸਰੋਤ, BBC/ALOK PUTUL
ਆਨੰਦ ਤੇਲਤੁਮਡੇ ਲੇਖਕ ਹਨ ਜੋ ਦੇਸ ਦੇ ਸਿਆਸੀ ਹਾਲਾਤ ਬਾਰੇ ਕਈ ਵਧੀਆ ਲੇਖ ਲਿਖਦੇ ਹਨ।
ਉਹ ਸਿਆਸੀ ਤੇ ਆਰਥਿਕ ਹਫ਼ਤਾਵਾਰੀ ਜਰਨਲ ਵੀ ਲਿਖਦੇ ਹਨ ਜੋ ਸਮਾਜ ਸ਼ਾਸ਼ਤਰ ਅਤੇ ਰਾਜਨੀਤਿਕ ਹਾਲਾਤ ਦਾ ਅਹਿਮ ਜਰਨਲ ਹੈ।
ਜੇ ਤੁਸੀਂ ਕਹੋ ਇਹ ਲੋਕ ਕੱਟੜ ਖੱਬੇਪੱਖੀ ਵਿਚਾਰਧਾਰਾ ਵਾਲੇ ਲੋਕ ਹਨ ਤਾਂ ਤੁਹਾਡਾ ਮਤਲਬ ਕੀ ਹੈ। ਤੁਹਾਨੂੰ ਇਸ ਨੂੰ ਪਰਿਭਾਸ਼ਿਤ ਕਰਨਾ ਹੋਵੇਗਾ।
ਜੇ ਕੋਈ ਉਨ੍ਹਾਂ ਵਿੱਚੋਂ ਕੱਟੜ ਖੱਬੇਪੱਖੀ ਵਿਚਾਰਧਾਰਾ ਵਾਲਾ ਹੈ ਤਾਂ ਕੀ ਇਹ ਕਾਫੀ ਹੈ ਉਸ ਨੂੰ ਗ੍ਰਿਫ਼ਤਾਕ ਕਰਕੇ ਜੇਲ੍ਹ ਵਿੱਚ ਸੁੱਟਣ ਲਈ?
ਪੁਲਿਸ ਦਾ ਮੰਨਣਾ ਹੋ ਸਕਦਾ ਹੈ ਕਿ ਇਨ੍ਹਾਂ ਲੋਕਾਂ ਦੇ ਉਨ੍ਹਾਂ ਮਾਓਵਾਦੀਆਂ ਨਾਲ ਸਬੰਧ ਹਨ ਜੋ ਹਿੰਸਾ ਦੀਆਂ ਉਨ੍ਹਾਂ ਵਾਰਦਾਤਾਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਵਿੱਚ ਕਈ ਪੁਲਿਸ ਜਵਾਨਾਂ ਅਤੇ ਆਮ ਲੋਕ ਮਾਰੇ ਗਏ ਹਨ।
ਜੇ ਪੁਲਿਸ ਅਜਿਹਾ ਮੰਨ ਰਹੀ ਹੈ ਤਾਂ ਪੁਲਿਸ ਕੋਲ ਇਸ ਬਾਰੇ ਕੋਈ ਸਬੂਤ ਹੋਣਾ ਚਾਹੀਦਾ ਹੈ ਸਿਰਫ ਮੰਨਣਾ ਕਾਫੀ ਨਹੀਂ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਗਈ ਹੈ ਤਾਂ ਇਸਦਾ ਮਤਲਬ ਹੈ ਕਿ ਹੁਣ ਕੋਈ ਰਾਜ਼ ਨਹੀਂ ਰਿਹਾ। ਹੁਣ ਪੁਲਿਸ ਨੂੰ ਜਨਤਕ ਬਿਆਨ ਜਾਰੀ ਕਰਕੇ ਇਹ ਦੱਸਣਾ ਚਾਹੀਦਾ ਹੈ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਇਹ ਲਿੰਕ ਕਿਸ ਤਰੀਕੇ ਦੇ ਹਨ।

ਤਸਵੀਰ ਸਰੋਤ, AFP
ਜੇ ਇਹ ਲਿੰਕਸ ਦੋ ਸਾਲ ਪੁਰਾਣੇ ਉਸ ਕੇਸ ਵਰਗੇ ਹਨ ਜਿਸ ਵਿੱਚ ਪੁਲਿਸ ਨੇ ਦਿੱਲੀ ਯੂਨੀਵਰਸਿਟੀ ਦੇ ਇੱਕ ਵਿਅਕਤੀ 'ਤੇ ਇਲਜ਼ਾਮ ਲਾਇਆ ਸੀ ਕਿ ਉਸ ਦੀ ਲਾਈਬ੍ਰੇਰੀ ਵਿੱਚੋਂ ਮਾਓਵਾਦੀਆਂ ਨਾਲ ਜੁੜਿਆ ਸਾਹਿਤ ਮਿਲਿਆ ਹੈ ਤਾਂ ਇਹ ਬਿਲਕੁਲ ਹਾਸੋਹੀਣਾ ਹੋਵੇਗਾ।
ਜਦੋਂ ਪੁਲਿਸ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਕਿ ਇਨ੍ਹਾਂ ਲੋਕਾਂ ਦੇ ਮਾਓਵਾਦੀਆਂ ਨਾਲ ਲਿੰਕ ਹਨ ਜਾਂ ਹੋ ਸਕਦੇ ਹਨ ਤਾਂ ਤੁਸੀਂ ਇਨ੍ਹਾਂ ਇਲਜ਼ਾਮਾਂ ਨੂੰ ਕਿਵੇਂ ਦੇਖਦੇ ਹੋ?
ਇਹ ਅਜਿਹਾ ਮੁੱਦਾ ਨਹੀਂ ਹੈ ਜਿਸ 'ਤੇ ਮੈਂ ਕੋਈ ਬਿਆਨ ਦੇ ਸਕਾਂ। ਇਹ ਇੱਕ ਗੁੰਝਲਦਾਰ ਮੁੱਦਾ ਹੈ।
ਪੁਲਿਸ ਉਸ ਨੂੰ ਕਿਸ ਤਰੀਕੇ ਨਾਲ ਵੇਖਦੀ ਹੈ ਉਹ ਵੱਖਰਾ ਨਜ਼ਰੀਆ ਹੈ ਅਤੇ ਦੂਜੇ ਲੋਕ ਉਸ ਨੂੰ ਕਿਵੇਂ ਦੇਖਦੇ ਹਨ ਇੱਕ ਵੱਖ ਗੱਲ ਹੈ।
ਇਸ ਲਈ ਇਸ ਮੁੱਦੇ 'ਤੇ ਮੈਂ ਇੱਕ ਬਿਆਨ ਨਹੀਂ ਦੇ ਸਕਦੀ।
ਇਹ ਵੀ ਪੜ੍ਹੋ:
ਬੁੱਧਵਾਰ ਨੂੰ ਦਿੱਲੀ ਦੇ ਮਹਾਰਾਸ਼ਟਰ ਸਦਨ 'ਤੇ ਇੱਕ ਮੁਜ਼ਾਹਰਾ ਹੋਇਆ ਜਿਸ ਵਿੱਚ ਸਮਾਜਿਕ ਕਾਰਕੁਨ ਅਤੇ ਆਮ ਲੋਕ ਸ਼ਾਮਿਲ ਸਨ। ਉਹ ਫਿਕਰਮੰਦ ਸਨ ਕਿ ਨਵਾਂ ਭਾਰਤ ਕਿਵੇਂ ਦਾ ਬਣਦਾ ਜਾ ਰਿਹਾ ਹੈ। ਤੁਹਾਡੀ ਚਿੰਤਾ ਕੀ ਹੈ ਇਸ ਬਾਰੇ?
ਬਿਲਕੁੱਲ ਅਸੀਂ ਸਾਰੇ ਚਿੰਤਿਤ ਹਾਂ। ਅਜਿਹਾ ਪੰਜ ਸਾਲਾਂ ਪਹਿਲਾਂ ਨਹੀਂ ਹੁੰਦਾ ਸੀ।
ਬੀਤੇ ਚਾਰ ਸਾਲਾਂ ਵਿੱਚ ਕੀ ਬਦਲਾਅ ਆਇਆ ਹੈ?
ਦਲਿਤਾਂ, ਪਛੜੀਆਂ ਜਾਤੀਆਂ, ਘੱਟ ਗਿਣਤ ਕੌਮਾਂ ਖ਼ਾਸਕਰ ਮੁਸਲਮਾਨਾਂ ਵਿੱਚ ਖੌਫ ਅਤੇ ਆਤੰਕ ਹੈ।
ਜਿਸ ਤਰੀਕੇ ਨਾਲ ਉਨ੍ਹਾਂ ਨਾਲ ਸਲੂਕ ਕੀਤਾ ਜਾ ਰਿਹਾ ਹੈ ਉਸ ਨਾਲ ਉਹ ਫਿਕਰਮੰਦ ਹਨ ਕਿ ਆਖਿਰ ਉਨ੍ਹਾਂ ਦਾ ਕੀ ਹੋਵੇਗਾ।

ਜੇ ਤੁਹਾਡੇ ਖਿਲਾਫ ਕੋਈ ਕੇਸ ਦਰਜ ਹੁੰਦਾ ਹੈ ਤਾਂ ਉਸ ਦੀ ਇੱਕ ਪ੍ਰਕਿਰਿਆ ਹੈ ਅਤੇ ਤੁਸੀਂ ਇਸ ਬਾਰੇ ਜਾਣਕਾਰੀ ਰੱਖਦੇ ਹੋ।
ਜਿਸ ਤਰੀਕੇ ਨਾਲ ਇਨ੍ਹਾਂ ਸਮਾਜਿਕ ਕਾਰਕੁਨਾਂ ਨੂੰ ਅੱਧੀ ਰਾਤ ਗ੍ਰਿਫ਼ਤਾਰ ਕਰਕੇ ਪੁਣੇ ਜੇਲ੍ਹ ਲਿਜਾਇਆ ਗਿਆ, ਇਸ ਤਰ੍ਹਾਂ ਨਾਲ ਕਾਨੂੰਨ ਆਪਣਾ ਕੰਮ ਨਹੀਂ ਕਰਦਾ ਹੈ, ਬਦਲਾਅ ਜ਼ਰੂਰ ਆਇਆ ਹੈ।
ਕੀ ਤੁਹਾਨੂੰ ਡਰ ਹੈ ਕਿ ਹਾਲਾਤ ਹੋਰ ਖਰਾਬ ਹੋ ਸਕਦੇ ਹਨ?
ਹਾਲਾਤ ਹੋਰ ਖਰਾਬ ਹੋ ਸਕਦੇ ਹਨ। ਜੇ ਬਦਲਾਅ ਕਰਨ ਵਾਲੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਉਹ ਅਗਲੀ ਵਾਰ ਹੋਰ ਜ਼ੋਰਦਾਰ ਐਕਸ਼ਨ ਲੈ ਸਕਦੇ ਹਨ।
ਕਈ ਵਾਰ ਇਨ੍ਹਾਂ ਹਾਲਾਤ ਦੀ ਐਮਰਜੈਂਸੀ ਨਾਲ ਤੁਲਨਾ ਕੀਤੀ ਜਾਂਦੀ ਹੈ। ਤੁਹਾਡੀ ਇਸ ਬਾਰੇ ਕੀ ਰਾਇ ਹੈ?
ਐਮਰਜੈਂਸੀ ਵੇਲੇ ਹਾਲਾਤ ਕੁਝ ਨਰਮ ਸਨ। ਐਮਰਜੈਂਸੀ ਵਰਗੇ ਹਾਲਾਤ ਦੇਸ ਵਿੱਚ ਪਹਿਲੀ ਵਾਰ ਉਪਜੇ ਸਨ ਇਸ ਲਈ ਐਮਰਜੈਂਸੀ ਲਗਾਉਣ ਵਾਲੇ ਵੀ ਪੱਕੇ ਪੈਰੀ ਨਹੀਂ ਤੁਰ ਰਹੇ ਸਨ।
ਇਹ ਵੀ ਪੜ੍ਹੋ:
ਪਰ ਐਮਰਜੈਂਸੀ ਇੱਕ ਵੱਡੀ ਮਿਸਾਲ ਹੈ ਕਿਉਂਕਿ ਉਸ ਵੇਲੇ ਕਈ ਲੋਕ ਮਾਰੇ ਗਏ ਸਨ ਅਤੇ ਲੋਕਾਂ ਦੇ ਹੱਕ ਖੋਹੇ ਗਏ ਸਨ।
ਇਹ ਗੱਲ ਠੀਕ ਹੈ ਪਰ ਐਮਰਜੈਂਸੀ ਵੇਲੇ ਵੀ ਡਰ ਦਾ ਉਹ ਮਾਹੌਲ ਨਹੀਂ ਸੀ ਜੋ ਇਸ ਵੇਲੇ ਮੌਜੂਦ ਹੈ। ਹੋ ਸਕਦਾ ਹੈ ਇਸ ਲਈ ਕਿਉਂਕਿ ਉਹ ਛੋਟੇ ਖੱਪੇ ਲਈ ਲਗਾਈ ਗਈ ਸੀ ਅਤੇ ਹੁਣ ਇਹ ਮਾਹੌਲ ਬੀਤੇ ਚਾਰ ਸਾਲਾਂ ਤੋਂ ਬਰਕਰਾਰ ਹੈ ਅਤੇ ਸਾਨੂੰ ਨਹੀਂ ਪਤਾ ਕਦੋਂ ਤੱਕ ਇਹ ਜਾਰੀ ਰਹੇਗਾ।
ਜੇ 2019 ਤੋਂ ਬਾਅਦ ਵੀ ਇਹ ਅਗਲੇ ਪੰਜ ਸਾਲਾਂ ਤੱਕ ਜਾਰੀ ਰਿਹਾ ਤਾਂ ਦੇਸ ਦੇ ਹਾਲਾਤ ਕਿਹੋ ਜਿਹੇ ਹੋਣਗੇ?
ਤੁਹਾਨੂੰ ਇਹ ਪਸੰਦ ਆ ਸਕਦਾ ਹੈ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












