ਮੀਡੀਆ ਨੇ ਅਟਲ ਬਿਹਾਰੀ ਵਾਜਪਾਈ ਕਿਵੇਂ ਕੀਤੇ ਪੇਸ਼ -ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਅੱਜ ਦੇ ਪ੍ਰੈਸ ਰਿਵੀਊ ਵਿੱਚ ਪੜ੍ਹੋ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਦੇਹਾਂਤ 'ਤੇ ਮੀਡੀਆ ਨੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਕਿਵੇਂ ਪੇਸ਼ ਕੀਤੀਆਂ।
ਵਾਜਪਈ ਕੱਟੜ ਹਿੰਦੂਤਵ ਤੋਂ ਹਮੇਸ਼ਾ ਰਹੇ ਦੂਰ
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੁਲਕ ਦੇ ਸੁੱਘੜ-ਸਿਆਣੇ ਸਿਆਸਤਦਾਨਾਂ ਵਿੱਚ ਸ਼ੁਮਾਰ ਵਾਜਪਈ ਨੂੰ ਵੱਖ-ਵੱਖ ਵਿਰੋਧਾਂ ਨੂੰ ਹੱਲ ਕਰਨ ਦੀ ਮੁਹਾਰਤ ਨਾਲ ਵੀ ਜਾਣਿਆ ਜਾਂਦਾ ਸੀ।
ਉਨ੍ਹਾਂ ਨੂੰ ਅਕਸਰ ਨਰਮ ਖ਼ਿਆਲੀ ਆਗੂ ਵਜੋਂ ਦੇਖਿਆ ਜਾਂਦਾ ਸੀ, ਜਿਨ੍ਹਾਂ ਨੇ ਲਗਾਤਾਰ ਆਰਐਸਐਸ ਦੀ ਕੱਟੜ ਹਿੰਦੂਤਵੀ ਵਿਚਾਰਧਾਰਾ ਤੋਂ ਦੂਰੀ ਬਣਾਈ ਰੱਖੀ।
ਉਹ ਦੋਵਾਂ ਦਾ ਹਿੱਸਾ ਰਹੇ ਪਰ ਕਰਦੇ ਆਪਣੇ ਦਿਲ ਦੀ ਰਹੇ।
ਅਖ਼ਬਾਰ ਮੁਤਾਬਕ ਮੰਨਿਆ ਜਾਂਦਾ ਹੈ ਕਿ 1992 'ਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ 2002 ਦੇ ਗੁਜਰਾਤ ਦੇ ਫਿਰਕੂ ਦੰਗਿਆਂ ਦੌਰਾਨ ਪੈਦਾ ਹੋਏ ਹਾਲਾਤ ਨੂੰ ਵਧੀਆ ਢੰਗ ਨਾਲ ਨਜਿੱਠਿਆ ਸੀ।
ਇਹ ਵੀ ਪੜ੍ਹੋ:
'ਭਾਜਪਾ ਨੂੰ ਪਹਿਲੀ ਉਡਾਣ ਭਰਾ ਕੇ ਆਪ ਕਿਧਰੇ ਗੁਆਚ ਗਏ'
ਇੰਡੀਅਨ ਐਕਸਪ੍ਰੈਸ ਨੇ ਆਪਣੀ ਇੱਕ ਖ਼ਬਰ ਵਿੱਚ ਲਿਖਿਆ ਹੈ ਅਸਲ ਵਿੱਚ ਅਟਲ ਬਿਹਾਰੀ ਵਾਜਪਈ ਨੇ 1998 ਦੀਆਂ ਚੋਣਾਂ ਵਿੱਚ 9.33 ਕਰੋੜ ਵੋਟਾਂ ਹਾਸਿਲ ਕਰਕੇ ਭਾਜਪਾ ਲਈ ਸਭ ਤੋਂ ਵੱਧ ਚੁਣਾਵੀਂ ਸਮਰਥਨ ਹਾਸਿਲ ਕੀਤਾ ਸੀ, ਜੋ 1996 ਵਿੱਚ 6.79 ਕਰੋੜ ਦੇ ਮੁਕਾਬਲੇ ਕਰੀਬ 40 ਫੀਸਦ ਤੋਂ ਵੱਧ ਸੀ।

ਤਸਵੀਰ ਸਰੋਤ, STEPHEN JAFFE/Getty Images
ਅਖ਼ਬਾਰ ਮੁਤਾਬਕ ਅਟਲ ਬਿਹਾਰੀ ਵਾਜਪਈ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦਿਆਂ ਉਨ੍ਹਾਂ ਦੇ ਨਾਲ 65 ਸਾਲ ਰਹੇ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਆਡਵਾਨੀ ਨੇ ਉਨ੍ਹਾਂ ਨੂੰ "ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਰਾਜਨੇਤਾ ਦੱਸਿਆ।"
ਅਖ਼ਬਾਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅਟਲ ਜੀ ਦੇ ਕਾਰਨ ਹੀ ਭਾਜਪਾ ਕਦਮ-ਕਦਮ ਅੱਗੇ ਵਧੀ ਸੀ। ਉਨ੍ਹਾਂ ਨੇ ਭਾਜਪਾ ਦੇ ਸੰਦੇਸ਼ ਨੂੰ ਫੈਲਾਉਣ ਲਈ ਭਾਰਤ ਦੇ ਹਰੇਕ ਕੋਨੇ ਦੀ ਯਾਤਰਾ ਦੀ ਕੀਤੀ। ਜਿਸ ਕਾਰਨ ਭਾਜਪਾ ਨੇ ਕੌਮੀ ਸਿਆਸਤ 'ਚ ਮਜ਼ਬੂਤੀ ਨਾਲ ਅਗਵਾਈ ਕੀਤੀ।"
ਅਮਰੀਕਾ ਅੱਖਾਂ ਦਿਖਾਉਂਦਾ ਰਿਹਾ ਤੇ ਭਾਰਤ ਪਰਮਾਣੂ ਹਥਿਆਰਾਂ ਨਾਲ ਲੈਸ ਹੋ ਗਿਆ
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ 1998 ਵਿੱਚ ਸਰਕਾਰ ਬਣਾਈ ਨੂੰ ਅਜੇ 3 ਹੀ ਮਹੀਨੇ ਹੋਏ ਸਨ ਅਤੇ ਅਟਲ ਬਿਹਾਰੀ ਵਾਜਪਈ ਨੇ ਪਰਮਾਣੂ ਪ੍ਰੀਖਣ ਦਾ ਫ਼ੈਸਲਾ ਲੈ ਲਿਆ, ਜੋ ਕਿ ਅਮਰੀਕਾ ਦੇ ਖ਼ਿਲਾਫ਼ ਸੀ।
ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਸੈਟੇਲਾਈਟ ਨਾਲ ਨਿਗਰਾਨੀ ਕਰ ਰਹੀਆਂ ਸਨ। ਉਸ ਨੂੰ ਚਕਮਾ ਦਿੰਦਿਆਂ 11 ਤੇ 13 ਮਈ ਨੂੰ ਪੋਖਰਨ ਵਿੱਚ ਸਫ਼ਲ ਪਰਮਾਣੂ ਪ੍ਰੀਖਣ ਕੀਤੇ।
ਅਖ਼ਬਾਰ ਮੁਤਾਬਕ ਫੇਰ ਕਲਿੰਟਨ ਨੇ ਕਿਹਾ, "ਪਰਮਾਣੂ ਹਥਿਆਰਾਂ ਦੀ ਵਰਤੋਂ ਉਸ ਦੇਸ ਦੇ ਖ਼ਿਲਫ਼ ਨਹੀਂ ਹੋਵੇਗੀ, ਜਿਸ ਦੀ ਭਾਰਤ ਪ੍ਰਤੀ ਬੁਰੀ ਭਾਵਨਾ ਨਹੀਂ ਹੈ।"
ਇਹ ਵੀ ਪੜ੍ਹੋ:
ਕੌਮਾਂਤਰੀ ਮੀਡੀਆ ਵਿੱਚ ਵਾਜਪਾਈ ਦੇ ਦੇਹਾਂਤ ਨੂੰ ਇੰਝ ਪੇਸ਼ ਕੀਤਾ
ਨਿਊਯਾਰਕ ਟਾਈਮਜ਼ ਨੇ ਆਪਣੀ ਖ਼ਬਰ ਵਿੱਚ ਲਿਖਿਆ ਹੈ ਕਿ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਹਿੰਦੂ ਰਾਸ਼ਟਰ ਵਿੱਚ ਮੁਸਲਮਾਨਾਂ, ਈਸਾਈਆਂ ਅਤੇ ਹੋਰ ਭਾਈਚਾਰਿਆਂ ਲਈ ਬਰਾਬਰੀ ਦੇ ਹੱਕ ਦੀ ਹਮਾਇਤ ਕੀਤੀ ਜਦਕਿ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਨੇ ਹਿੰਦੂ ਰਾਸ਼ਟਰ ਬਣਾਉਣ ਲਈ ਲੰਬੇ ਸਮੇਂ ਤੋਂ ਭਾਰਤ ਦੀ ਧਰਮ ਨਿਰਪੱਖ ਪਛਾਣ ਨੂੰ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਤਸਵੀਰ ਸਰੋਤ, Getty Images
ਖ਼ਬਰ ਮੁਤਾਬਕ ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਰਾਖੀ ਲਈ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਜਾਤ-ਪਾਤ ਦੇ ਖ਼ਾਤਮੇ ਲਈ ਵੀ ਕਦਮ ਚੁੱਕੇ ਸਨ।
ਵਾਸ਼ਿੰਗਟਨ ਪੋਸਟ ਨੇ ਅਟਲ ਬਿਹਾਰੀ ਭਾਜਪਾਈ ਦੇ ਦੇਹਾਂਤ ਦੀ ਖ਼ਬਰ ਨੂੰ ਛਾਪਦਿਆਂ ਲਿਖਿਆ ਕਿ 1990ਵਿਆਂ ਦੇ ਅਖ਼ੀਰ ਵਿੱਚ ਦੱਖਣੀ ਏਸ਼ੀਆ 'ਚ ਪਰਮਾਣੂ ਪਰੀਖਣਾਂ ਨਾਲ ਹਥਿਆਰਾਂ ਦੀ ਨਵੀਂ ਦੌੜ ਦੀ ਸ਼ੁਰੂਆਤ ਕਰਨ ਵਾਲੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ 16 ਅਗਸਤ ਨੂੰ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ।
ਦਰਅਸਲ ਘਰੇਲੂ ਪਰਮਾਣੂ ਪਰੀਖਣਾਂ ਨਾਲ ਉਨ੍ਹਾਂ ਦੀ ਪਾਰਟੀ ਨੂੰ ਵਧੇਰੇ ਪ੍ਰਸਿੱਧੀ ਮਿਲੀ ਸੀ ਅਤੇ ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਕੇ ਉਨ੍ਹਾਂ ਦਾ ਅਕਸ ਹੋਰ ਨਿੱਖਰ ਗਿਆ ਸੀ।
ਦਿ ਸਟਾਰ ਦੀ ਖ਼ਬਰ ਮੁਤਾਬਕ ਵਾਜਪਾਈ ਦੇ ਸਮਰਥਕ ਉਨ੍ਹਾਂ ਨੂੰ ਇੱਕ ਕੁਸ਼ਲ ਨੇਤਾ ਮੰਨਦੇ ਸਨ ਜੋ ਕੱਟੜਤਾ ਤੋਂ ਬਚਣ ਵਿੱਚ ਕਾਮਯਾਬ ਰਹੇ ਅਤੇ ਇੱਕ ਅਜਿਹੀ ਸ਼ਖ਼ਸੀਅਤ ਸਨ ਆਦਮੀ ਸਨ ਜੋ ਦੁਨੀਆਂ ਸਿਰਫ਼ ਦੋ ਰੰਗਾਂ ਵਿੱਚ ਦੇਖਣ ਤੋਂ ਇਨਕਾਰ ਕਰਦੇ ਸਨ।

ਤਸਵੀਰ ਸਰੋਤ, Getty Images
ਪਰ ਉਨ੍ਹਾਂ ਦੇ ਆਲੋਚਕ ਉਨ੍ਹਾਂ ਨੂੰ ਕੱਟੜਪੰਥੀ ਅੰਦੋਲਨ ਦੇ ਆਗੂ ਵੀ ਮੰਨਦੇ ਹਨ, ਇਸ ਅੰਦੋਲਨ ਦੀਆਂ ਜੜ੍ਹਾਂ ਯੂਰਪੀ ਫਾਸ਼ੀਵਾਦ ਵਿੱਚ ਸਨ। ਜਿਸ ਨੇ ਭਾਰਤ ਦੇ ਮੁਸਲਮਾਨ ਘੱਟ ਗਿਣਤੀ ਭਾਈਚਾਰੇ ਨੂੰ ਦਬਾ ਕੇ ਸੱਤਾ ਹਾਸਿਲ ਕਰਨੀ ਚਾਹੀ।
ਪਰ ਦੋਵੇਂ ਧਿਰਾਂ ਉਨ੍ਹਾਂ ਦੀ ਇਮਾਨਦਾਰੀ ਦੀ ਕਦਰ ਕਰਦੀਆਂ ਸਨ।
ਭਾਰਤੀ ਸਿਆਸਤ ਵਿੱਚ ਵਾਜਪਾਈ ਇੱਕ ਅਜਿਹਾ ਦੁਰਲਭ ਅਕਸ ਸੀ, ਜੋ ਭ੍ਰਿਸ਼ਟਾਚਾਰ ਤੋਂ ਅਭਿੱਜ ਸੀ।
ਅਮਰੀਕੀ ਅਖ਼ਬਾਰਾਂ ਨੇ ਇਕੋ ਵੇਲੇ ਕੀਤਾ ਟਰੰਪ ਦਾ ਵਿਰੋਧ
ਅਮਰੀਕਾ ਵਿੱਚ ਘੱਟੋ-ਘੱਟ 350 ਮੀਡੀਆ ਅਦਾਰਿਆਂ ਨੇ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਮੀਡੀਆ 'ਤੇ ਹਮਲੇ ਦਾ ਸਾਹਮਣਾ ਕਰਨ ਅਤੇ ਆਜ਼ਾਦ ਮੀਡੀਆ ਦੇ ਪੱਖ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਹੈ।

ਤਸਵੀਰ ਸਰੋਤ, AFP/Getty Images
ਮਾਰਥਾਜ ਵਿਨਿਆਰਡ ਟਾਈਮਜ਼, ਡੱਲਾਸ ਮੌਰਨਿੰਗ ਨਿਊਜ਼, ਯਾਂਕਤਨ ਕਾਊਂਟੀ ਓਬਜਰਵਰ, ਬੈਂਗੋਰ ਡੇਅਲੀ ਨਿਊਜ਼ ਸਣੇ ਸੈਂਕੜੇ ਅਮਰੀਕੀ ਅਖ਼ਬਾਰਾਂ ਨੇ ਵੀਰਵਾਰ ਨੂੰ ਦੇਸ ਵਿੱਚ ਪ੍ਰੈਸ ਦੀ ਸੁਤੰਤਰਤਾ ਦੀ ਰੱਖਿਆ ਦੇ ਇੱਕ ਸਾਂਝੇ ਯਤਨਾਂ ਵਿੱਚ ਆਪਣੇ-ਆਪਣੇ ਅਖ਼ਬਾਰਾਂ ਵਿੱਚ ਖਾਲੀ ਥਾਂ ਛੱਡੀ।
ਇਹ ਕਦਮ ਮੀਡੀਆ ਦੇ ਖ਼ਿਲਾਫ਼ ਰਾਸ਼ਟਰਪਤੀ ਦੇ 'ਡਰਟੀ ਵਾਰ' ਦੀ ਰਾਸ਼ਟਰ ਵਿਆਪੀ ਨਿੰਦਾ ਲਈ ਬੌਸਟਨ ਗਲੋਬ ਨੇ ਸ਼ੁਰੂ ਕੀਤਾ ਸੀ। ਜਿਸ ਵਿੱਚ ਹੈਸ਼ਟੈਗ ਐਨੇਮੀਆਫਨਨ ਦੀ ਵਰਤੋਂ ਕੀਤੀ ਗਈ ਹੈ।
ਅਖ਼ਬਾਰ ਨੇ ਆਪਣੀ ਸੰਪਾਦਕੀ ਵਿੱਚ 'ਤੇ ਵਿੱਚ ਇਲਜ਼ਾਮ ਲਗਾਇਆ, "ਉਹ ਪ੍ਰੈਸ ਦੀ ਆਜ਼ਾਦੀ 'ਤੇ ਲਗਾਤਾਰ ਹਮਲਾ ਕਰ ਰਹੇ ਹਨ। ਅਮਰੀਕਾ ਦੀ ਮਹਾਨਤਾ ਸੱਚ ਬੋਲਣ ਲਈ ਪ੍ਰੈਸ ਦੀ ਆਜ਼ਾਦੀ ਦੀ ਭੂਮਿਕਾ ਹੈ। ਅਮਰੀਕੀ ਹੋਣ ਕਰਕੇ ਪ੍ਰੈਸ 'ਤੇ ਲੋਕਾਂ ਦਾ ਦੁਸ਼ਮਣ ਹੋਣ ਦਾ ਠੱਪਾ ਲਗਾਉਣਾ ਖ਼ਤਰਨਾਕ ਹੈ। "
ਦਰਅਸਲ ਟਰੰਪ ਪੱਤਰਕਾਰਾਂ ਅਤੇ ਖ਼ਬਰਾਂ ਦੀ ਅਕਸਰ ਆਲੋਚਨਾ ਕਰਦੇ ਰਹਿੰਦੇ ਹਨ। ਉਹ ਇਨ੍ਹਾਂ ਨੂੰ ਕਈ ਵਾਰ ਫੇਕ ਨਿਊਜ਼ ਤੱਕ ਕਹਿ ਚੁੱਕੇ ਹਨ।
ਕੇਰਲ 'ਚ ਵਿਗੜੇ ਹਾਲਾਤ, ਮੌਤਾਂ ਦੀ ਗਿਣਤੀ 90 ਤੋਂ ਵੱਧ ਹੋਈ
ਕੇਰਲ ਵਿੱਚ ਹੜ੍ਹ ਅਤੇ ਮੀਂਹ ਕਾਰਨ ਵਾਪਰੇ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 90 ਤੋਂ ਵੱਧ ਹੋ ਗਈ ਹੈ। ਇਨ੍ਹਾਂ ਹਾਲਾਤ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਕਈ ਜ਼ਿਲਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।
ਸੂਬੇ ਦੀਆਂ ਸੰਸਥਾਵਾਂ ਦੇ ਨਾਲ ਤਿੰਨੇ ਫੌਜਾਂ, ਕੋਸਟ ਗਾਰਡ ਅਤੇ ਐਨਡੀਆਰਐਫ ਦੀਆਂ ਟੀਮਾਂ ਰਾਹਤ ਤੇ ਬਚਾਅ ਕਾਰਜਾਂ 'ਚ ਜੁੜੀਆਂ ਹੋਈਆਂ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਟਵੀਟ ਕੀਤਾ ਹੈ ਕਿ 23 ਹੈਲਕਾਪਟਰ ਫਿਲਹਾਲ ਬਚਾਅ ਕਾਰਜ ਵਿੱਚ ਜੁੜੇ ਹੋਏ ਹਨ। ਮੁਖ ਮੰਤਰੀ ਨੇ ਐਲਾਨ ਕੀਤਾ ਹੈ ਕਿ 200 ਕਿਸ਼ਤੀਆਂ ਛੇਤੀ ਹੀ ਰਾਹਤ ਕਾਰਜਾਂ ਲਈ ਉਤਾਰੀਆਂ ਜਾਣਗੀਆਂ
ਸੁਪਰੀਮ ਕੋਰਟ ਨੇ ਐਨਆਰਸੀ 'ਚ ਬਾਹਰ ਕੱਢੇ ਗਏ ਲੋਕਾਂ ਦੀ ਡਿਟੇਲ ਮੰਗੀ
ਭਾਰਤੀ ਸੁਪਰੀਮ ਕੋਰਟ ਨੇ ਪਹਿਲੀ ਵਾਰ ਨੈਸ਼ਨਲ ਰਜਿਸਟਰ ਆਫ ਸਿਟੀਜਨਜ਼ (ਐਨਆਰਸੀ) ਤੋਂ ਬਾਹਰ ਕੀਤੇ ਗਏ ਲੋਕਾਂ ਦਾ ਫੀਸਦ ਵਿੱਚ ਸਟੀਕ ਅੰਕੜਾ ਮੰਗਿਆ ਹੈ।
ਇਨ੍ਹਾਂ ਅੰਕੜਿਆਂ 'ਤੇ ਵਿਵਾਦ ਹੋਣ ਦੇ ਸ਼ੱਕ ਕਾਰਨ ਕੋਰਟ ਨੇ ਐਨਆਰਸੀ ਦੇ ਕੋਆਰੀਨੇਟਰ ਨੇ ਇਸ ਨੂੰ ਇੱਕ 'ਸੀਲ ਬੰਦ ਲਿਫਾਫੇ' ਵਿੱਚ ਦੇਣ ਲਈ ਕਿਹਾ ਹੈ।

ਤਸਵੀਰ ਸਰੋਤ, Reuters
ਐਨਆਰਸੀ ਵਿੱਚ ਅਸਾਮ ਵਿੱਚ ਰਹਿਣ ਵਾਲੇ 40 ਲੱਖ ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਨਆਰਸੀ ਇਹ ਵੀ ਦੱਸੇ ਕਿ ਕਿਸ ਜ਼ਿਲ੍ਹੇ ਦੇ ਕਿੰਨੇ ਲੋਕਾਂ ਨੂੰ ਇਸ ਵਿੱਚ ਨਹੀਂ ਰੱਖਿਆ ਗਿਆ ਹੈ।
ਅਦਾਲਤ ਨੇ ਇਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਨੂੰ ਪੂਰਾ ਕਰਨ ਲਈ ਸਮਾਂ ਸੀਮਾ ਵਧਾਉਣ 'ਤੋਂ ਵੀ ਇਨਕਾਰ ਕਰ ਦਿੱਤਾ ਹੈ। ਬੈਂਚ ਨੇ ਕਿਹਾ ਹੈ ਕਿ ਫਾਰਮ ਜਮ੍ਹਾਂ ਕਰਵਾਉਣ ਦਾ ਕੰਮ ਪਹਿਲਾਂ ਤੋਂ ਤੈਅਸ਼ੁਦਾ ਸਮੇਂ ਤਹਿਤ 30 ਅਗਸਤ ਤੋਂ 28 ਸਤੰਬਰ ਤੱਕ ਜਾਰੀ ਰਹੇਗਾ।












