‘ਸਿਰਫ਼ ਮੇਰੀ ਨਹੀਂ ਅਟਲ ਦੀ ਵੀ ਆਲੋਚਨਾ ਕਰ ਰਹੇ ਹਨ ਅਰੁਣ ਜੇਤਲੀ’

ਤਸਵੀਰ ਸਰੋਤ, Getty Images
ਭਾਜਪਾ ਆਗੂ ਯਸ਼ਵੰਤ ਸਿਨਹਾ ਵੱਲੋਂ ਸਰਕਾਰ ਦੀ ਆਰਥਿਕ ਨੀਤੀ ਦੀ ਆਲੋਚਨਾ ਕਰਨ ਤੋਂ ਬਾਅਦ ਯਸ਼ਵੰਤ ਸਿਨਹਾ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਆਹਮੋ-ਸਾਹਮਣੇ ਆ ਗਏ ਹਨ।
ਭਾਜਪਾ ਨੇਤਾ ਯਸ਼ਵੰਤ ਸਿਨਹਾ ਨੇ ਕਿਹਾ ਹੈ ਕਿ ਅਰੁਣ ਜੇਤਲੀ 'ਹਲਕੀਆਂ' ਟਿੱਪਣੀਆਂ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਲੋਚਨਾ ਕਰਕੇ ਉਨ੍ਹਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਵੀ ਆਲੋਚਨਾ ਕੀਤੀ ਹੈ। ਜਿਨ੍ਹਾਂ ਨੇ ਜੇਤਲੀ ਨੂੰ ਮੰਤਰਾਲੇ ਦੇ ਕੇ ਉਨ੍ਹਾਂ 'ਤੇ ਭਰੋਸਾ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਅਟਲ ਬਿਹਾਰੀ ਵਾਜਪਈ ਨੂੰ ਭਾਰਤ ਰਤਨ ਦਿੱਤਾ ਹੈ ਅਤੇ ਹੁਣ ਭਾਜਪਾ ਦੇ ਹੀ ਨੇਤਾ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ।
ਦਰਅਸਲ ਜੇਤਲੀ ਨੇ ਸਿਨਹਾ ਨੂੰ '80 ਸਾਲਾ ਬਿਨੈਕਾਰ' ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਆਪਣਾ ਰਿਕਾਰਡ ਭੁੱਲ ਗਏ ਹਨ ਅਤੇ ਨੀਤੀਆਂ ਤੋਂ ਜ਼ਿਆਦਾ ਲੋਕਾਂ 'ਤੇ ਟਿੱਪਣੀਆਂ ਕਰ ਰਹੇ ਹਨ।

ਤਸਵੀਰ ਸਰੋਤ, Getty Images
ਇਸ ਦੇ ਜਵਾਬ ਵਜੋਂ ਸਿਨਹਾ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ, "ਇਹ ਇੰਨੀ ਹਲਕੀ ਟਿੱਪਣੀ ਹੈ ਕਿ ਮੈਂ ਆਪਣੀ ਮਰਿਆਦਾ ਮੁਤਾਬਕ ਇਸ ਦਾ ਜਵਾਬ ਦੇਣਾ ਵੀ ਮੁਨਾਸਿਫ਼ ਨਹੀਂ ਸਮਝਦਾ।"
ਸਿਨਹਾ ਨੇ ਕੀਤੀ ਸੀ ਆਰਥਿਕ ਨੀਤੀ ਦੀ ਆਲੋਚਨਾ
ਇਹ ਬਿਆਨਬਾਜ਼ੀ ਯਸ਼ਵੰਤ ਸਿਨਹਾ ਦੇ ਉਸ ਲੇਖ ਨਾਲ ਸ਼ੁਰੂ ਹੋਈ, ਜਿਸ ਵਿੱਚ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ ਸੀ। ਇਹ ਲੇਖ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਵਿੱਚ 'ਆਈ ਨੀਡ ਟੂ ਸਪੀਕ ਅਪ ਨਾਓ' ਯਾਨਿ ਕਿ ਹੁਣ ਮੈਨੂੰ ਬੋਲਣਾ ਹੀ ਹੋਵੇਗਾ' ਦੇ ਸਿਰਲੇਖ ਹੇਠ ਛਪਿਆ ਸੀ।
ਯਸ਼ਵੰਤ ਸਿਨਹਾ ਨੇ ਇੱਥੋਂ ਤੱਕ ਲਿਖ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨੇ ਗ਼ਰੀਬੀ ਨੂੰ ਨੇੜਿਓਂ ਦੇਖਿਆ ਹੈ ਅਤੇ ਉਨ੍ਹਾਂ ਦੇ ਵਿੱਤ ਮੰਤਰੀ ਇਹ ਤੈਅ ਕਰ ਰਹੇ ਹਨ ਕਿ ਸਾਰੇ ਭਾਰਤੀ ਇਸ ਨੂੰ ਨੇੜਿਓਂ ਦੇਖ ਸਕਣ।
ਇਸ ਤੋਂ ਬਾਅਦ ਜੇਤਲੀ ਨੇ ਇੱਕ ਪ੍ਰੋਗਰਾਮ ਵਿੱਚ ਸਿਨਹਾ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਟਿੱਪਣੀਆਂ ਕੀਤੀਆਂ ਸਨ।

ਤਸਵੀਰ ਸਰੋਤ, Getty Images
ਜੇਤਲੀ ਨੂੰ ਜਵਾਬ ਦਿੰਦਿਆਂ ਸਿਨਹਾ ਨੇ ਆਪਣੇ ਸਿਆਸੀ ਸਫ਼ਰ ਦੀ ਯਾਦ ਦੁਆਈ ਅਤੇ ਕਿਹਾ, "ਉਹ (ਜੇਤਲੀ) ਮੇਰਾ ਪਿਛੋਕੜ ਪੂਰੀ ਤਰ੍ਹਾਂ ਭੁੱਲ ਗਏ ਹਨ ਕਿ ਮੈਂ ਆਈਏਐਸ ਦੀ ਨੌਕਰੀ ਛੱਡ ਕੇ ਉਦੋਂ ਰਾਜਨੀਤੀ 'ਚ ਆਇਆ ਸੀ, ਜਦੋਂ ਮੇਰੀ ਸੇਵਾ ਦੇ 12 ਸਾਲ ਬਚੇ ਸਨ। ਕੁਝ ਮੁੱਦਿਆਂ ਕਾਰਨ ਮੈਂ 1989 'ਚ ਵੀਪੀ ਸਿੰਘ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ"
'ਅਹੁਦੇ ਦਾ ਲਾਲਚ ਹੁੰਦਾ ਤਾਂ ਇਹ ਸਭ ਕਿਉਂ ਛੱਡਦਾ'
ਸਿਨਹਾ ਨੇ ਕਿਹਾ ਕਿ ਆਪਣੀ ਮਰਜ਼ੀ ਨਾਲ 2014 ਦੀਆਂ ਲੋਕਸਭਾ ਚੋਣਾਂ ਨਾ ਲੜਣ ਦਾ ਫ਼ੈਸਲਾ ਲਿਆ ਸੀ, ਜਦ ਕਿ ਉਨ੍ਹਾਂ ਨੂੰ ਆਪਣੀ ਜਿੱਤ ਦਾ ਪੂਰਾ ਭਰੋਸਾ ਸੀ।
ਉਨ੍ਹਾਂ ਨੇ ਕਿਹਾ ਕਿ, "ਮੈਂ ਸੰਸਦੀ ਸਿਆਸਤ ਤੋਂ ਸੰਨਿਆਸ ਲੈ ਚੁੱਕਿਆ ਹਾਂ। ਮੈਂ ਰਾਜਨੀਤੀ 'ਚ ਸਰਗਰਮ ਨਹੀਂ ਹਾਂ ਅਤੇ ਸ਼ਾਂਤੀ ਨਾਲ ਆਪਣਾ ਜੀਵਨ ਜੀਅ ਰਿਹਾ ਹਾਂ। ਜੇਕਰ ਮੈਂ ਕਿਸੇ ਅਹੁਦੇ ਦੀ ਭਾਲ 'ਚ ਹੁੰਦਾ ਤਾਂ ਇਹ ਸਭ ਛੱਡਦਾ ਹੀ ਕਿਓਂ ?"

ਤਸਵੀਰ ਸਰੋਤ, Getty Images
ਸਿਨਹਾ ਨੇ ਕਿਹਾ ਕਿ ਉਨ੍ਹਾਂ ਨੇ ਪੰਜ ਆਮ ਬਜਟ ਅਤੇ ਦੋ ਅੰਤਰਿਮ ਬਜਟ ਪੇਸ਼ ਕੀਤੇ ਹਨ। ਉਨ੍ਹਾਂ ਨੇ ਵਾਜਪਾਈ ਸਰਕਾਰ 'ਚ ਬਤੌਰ ਵਿੱਤ ਮੰਤਰੀ ਆਪਣੇ ਕੰਮ ਦੀ ਆਲੋਚਨਾ 'ਤੇ ਵੀ ਜਵਾਬ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਅਹਿਮ ਮੌਕੇ ਦੌਰਾਨ ਵਿਦੇਸ਼ ਮੰਤਰਾਲਾ ਵੀ ਦਿੱਤਾ ਗਿਆ ਸੀ, ਜਿਸ 'ਚ ਉਹ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਬੈਠਕ 'ਚ ਮੈਂਬਰ ਵਜੋਂ ਵਧੇਰੇ ਸਰਗਰਮ ਹੋ ਗਏ ਸਨ।
ਸਾਬਕਾ ਵਿੱਤ ਮੰਤਰੀ ਸਿਨਹਾ ਨੇ ਕਿਹਾ ਕਿ ਜੁਲਾਈ 2002 'ਚ ਜਦੋਂ ਉਨ੍ਹਾਂ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਤਾਂ ਉਹ ਚੁਣੌਤੀਆਂ ਭਰਿਆ ਵੇਲਾ ਸੀ।
ਉਨ੍ਹਾਂ ਮੁਤਾਬਕ, "ਸੰਸਦ 'ਤੇ ਹਮਲੇ ਤੋਂ ਬਾਅਦ ਸਰਹੱਦ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਤ ਤਣਾਅ ਸੀ। ਇਹ ਕਹਿਣਾ ਕਿ ਵਿਦੇਸ਼ ਮੰਤਰਾਲਾ ਇੱਕ ਬੇਕਾਰ ਮੰਤਰਾਲਾ ਸੀ ਅਤੇ ਮੈਨੂੰ ਵਿੱਤ ਮੰਤਰਾਲੇ ਤੋਂ ਬਾਹਰ ਕੱਢ ਦਿੱਤਾ ਗਿਆ ਸੀ, ਇਹ ਇੱਕ ਅੰਤਰ ਵਿਰੋਧੀ ਗੱਲਾਂ ਹਨ ।"
ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਦੁਬਾਰਾ ਗਠਨ 'ਤੇ ਪੁੱਛੇ ਜਾਣ 'ਤੇ ਸਿਨਹਾ ਨੇ ਕਿਹਾ, "ਦੇਖਦੇ ਹਾਂ ਹੁਣ ਉਹ ਕਿਹੜੇ ਗਿਆਨ ਦੇ ਮਹਾਨ ਮੋਤੀ ਲੈ ਕੇ ਆਉਂਦੇ ਹਨ। ਹੁਣ ਤੱਕ ਕੁਝ ਨਹੀਂ ਹੋਇਆ, ਟਿੱਪਣੀ ਤੋਂ ਪਹਿਲਾਂ ਇੰਤਜ਼ਾਰ ਕਰਾਂਗਾ ਕਿ ਕੁਝ ਹੋਵੇ।"
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












