ਮੋਦੀ ਦੀ ਮੌਜੂਦਗੀ 'ਚ ਆਬੇ ਰੱਖਣਗੇ ਪਹਿਲੀ ਬੁਲੇਟ ਟਰੇਨ ਦਾ ਨੀਂਹ ਪੱਥਰ

ਤਸਵੀਰ ਸਰੋਤ, AFP/Getty Images
ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਸ਼ੁੱਕਰਵਾਰ ਨੂੰ ਭਾਰਤ ਦੀ ਪਹਿਲੀ ਬੁਲੇਟ ਟਰੇਨ ਦਾ ਨੀਂਹ ਪੱਥਰ ਰੱਖਣਗੇ।
ਜਪਾਨ ਨੇ ਇਸ ਲਈ 17 ਅਰਬ ਡਾਲਰ ਦਾ ਕਰਜ਼ਾ ਦਿੱਤਾ ਹੈ। ਤੁਹਾਨੂੰ ਦੱਸਦੇ ਹਾਂ ਕਿ ਇਸ ਗੱਡੀ ਦੀ ਕੀ ਖਾਸੀਅਤ ਹੋਵੇਗੀ ।
ਭਾਰਤ ਦੀ ਬੁਲੇਟ ਟਰੇਨ ਦੀਆਂ 7 ਖਾਸ ਗੱਲਾਂ
- ਇਹ ਬੁਲੇਟ ਟਰੇਨ ਗੁਜਰਾਤ ਦੇ ਪਮੁੱਖ ਸ਼ਹਿਰ ਅਹਿਮਦਾਬਾਦ ਨੂੰ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਨਾਲ ਜੋੜੇਗੀ।
- ਅੰਦਾਜ਼ਾ ਹੈ ਕਿ 500 ਕਿਲੋਮੀਟਰ ਦਾ ਸਫ਼ਰ ਇਹ ਗੱਡੀ ਅੱਠ ਘੰਟਿਆਂ ਤੋਂ ਘਟਾ ਕੇ ਤਿੰਨ ਘੰਟੇ ਕਰ ਦੇਵੇਗੀ।
- ਅਹਿਮਦਾਬਾਦ ਤੋਂ ਮੁੰਬਈ ਰੂਟ 'ਤੇ 12 ਸਟੇਸ਼ਨ ਹੋਣਗੇ।
- ਜ਼ਿਆਦਾਤਰ ਰੂਟ ਜ਼ਮੀਨ ਤੋਂ ਉੱਪਰ ਹੋਵੇਗਾ, ਜਦਕਿ 7 ਕਿਲੋਮੀਟਰ ਤੱਕ ਸਮੁੰਦਰ ਹੇਠ ਸੁਰੰਗ 'ਚੋਂ ਲੰਘੇਗਾ।
- ਇਸ ਟਰੇਨ ਦੀ ਰਫ਼ਤਾਰ 350 ਕਿਲੋਮੀਟਰ ਪ੍ਰਤੀ ਘੰਟਾ ਤਕ ਹੋ ਸਕਦੀ ਹੈ।
- ਬੁਲੇਟ ਟਰੇਨ 'ਚ 750 ਮੁਸਾਫ਼ਰ ਸਫ਼ਰ ਕਰ ਸਕਦੇ ਹਨ।
- ਇਹ ਬੁਲੇਟ ਟਰੇਨ ਅਗਸਤ 2022 ਤੋਂ ਚੱਲੇਗੀ।
ਤੇਜ਼ ਰਫ਼ਤਾਰ ਰੇਲਾਂ ਦੇ ਮਾਮਲੇ `ਚ ਜਪਾਨ ਮੋਹਰੀ ਹੈ ਅਤੇ ਜਪਾਨ ਦੀਆਂ ਕੁਝ ਰੇਲਾਂ ਦੁਨੀਆਂ ਦੀਆਂ ਸਭ ਤੋਂ ਤੇਜ਼ ਗੱਡੀਆਂ 'ਚ ਆਉਂਦੀਆਂ ਹਨ।

ਤਸਵੀਰ ਸਰੋਤ, TORU YAMANAKA
ਰੇਲ ਮੰਤਰੀ ਪਿਊਸ਼ ਗੋਇਲ ਨੇ ਨਿਊਜ਼ ਏਜੰਸੀ ਰਾਇਟਰਜ਼ ਨਾਲ ਗੱਲਬਾਤ ਦੌਰਾਨ ਕਿਹਾ, "ਇਹ ਤਕਨੀਕ ਆਵਾਜਾਈ ਖੇਤਰ 'ਚ ਇਨਕਲਾਬ ਲੈ ਕੇ ਆਵੇਗੀ।"
ਸਰਕਾਰ ਦਾ ਟੀਚਾ ਹੈ ਕਿ ਜ਼ਿਆਦਾਤਰ ਸ਼ਹਿਰਾਂ ਨੂੰ ਤੇਜ਼ ਰਫ਼ਤਾਰ ਗੱਡੀਆਂ ਨਾਲ ਜੋੜਿਆ ਜਾਵੇ, ਪਰ ਅਲੋਚਕਾਂ ਦਾ ਮੰਨਣਾ ਹੈ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਖਰਚਾ ਕੀਤਾ ਜਾਵੇ ਤਾਂ ਬਿਹਤਰ ਹੈ ਕਿਉਂਕਿ ਰੇਲ ਹਾਦਸਿਆਂ 'ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ।
ਭਾਰਤੀ ਰੇਲਵੇ 'ਚ 2.2 ਕਰੋੜ ਤੋਂ ਜ਼ਿਆਦਾ ਮੁਸਾਫ਼ਰ ਹਰ ਰੋਜ਼ ਸਫ਼ਰ ਕਰਦੇ ਹਨ। ਜ਼ਿਆਦਾਤਰ ਸਾਜ਼ੋ-ਸਮਾਨ ਪੁਰਾਣਾ ਹੋ ਚੁੱਕਾ ਹੈ, ਜਿਸ ਕਰਕੇ ਹਾਦਸਿਆਂ 'ਚ ਵਾਧਾ ਹੋ ਰਿਹਾ ਹੈ ਤੇ ਰੇਲ ਗੱਡੀਆਂ ਵੀ ਦੇਰੀ ਨਾਲ ਪਹੁੰਚ ਰਹੀਆਂ ਹਨ।
ਪ੍ਰੋਜੈਕਟ ਸਮਰਥਕ ਮੰਨਦੇ ਹਨ ਕਿ ਤੇਜ਼ ਰਫ਼ਤਾਰ ਗੱਡੀਆਂ ਨਾਲ ਮੁਸਾਫ਼ਰਾਂ ਨੂੰ ਸੌਖ ਹੋਵੇਗੀ ਅਤੇ ਭੀੜ ਘਟੇਗੀ ਤੇ ਵਪਾਰ ਵਧੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲਵੇ ਨੈੱਟਵਰਕ 'ਚ ਸੁਧਾਰ ਦਾ ਵਾਅਦਾ ਕੀਤਾ ਸੀ। ਬੁਲੇਟ ਟਰੇਨ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੀਤੇ ਗਏ ਅਹਿਮ ਵਾਅਦਿਆਂ 'ਚੋਂ ਇੱਕ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਿੰਜ਼ੋ ਆਬੇ ਅਹਿਮਦਾਬਾਦ ਦੇ ਦੋ ਰੋਜ਼ਾ ਦੌਰੇ ਦੌਰਾਨ ਕਈ ਸਮਝੌਤਿਆਂ 'ਤੇ ਹਸਤਾਖ਼ਰ ਕਰਨਗੇ।












