'ਵਾਜਪਈ ਸਿਰਫ਼ ਬੈਠ ਸਕਦੇ ਨੇ, ਸੋਚਦੇ ਰਹਿੰਦੇ ਹਨ, ਪਰ ਬੋਲਦੇ ਨਹੀਂ'

ਤਸਵੀਰ ਸਰੋਤ, Getty Images
ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਦਾ ਅੱਜ 93ਵਾਂ ਜਨਮਦਿਨ ਹੈ। ਇਸ ਮੌਕੇ ਬੀਬੀਸੀ ਪੱਤਰਕਾਰ ਸਰੋਜ ਸਿੰਘ ਉਨ੍ਹਾਂ ਦੇ ਕਰੀਬੀ ਦੋਸਤ ਸ਼ਿਵ ਕੁਮਾਰ ਸ਼ਰਮਾ ਨੂੰ ਮਿਲੇ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ।
ਸ਼ਿਵ ਕੁਮਾਰ ਰੋਜ਼ ਵਾਜਪਈ ਨੂੰ ਮਿਲਣ ਜਾਂਦੇ ਹਨ ਅਤੇ ਉਨ੍ਹਾਂ ਮੁਤਾਬਕ ਵਾਜਪਈ ਦੀ ਸਿਹਤ ਨਾ ਚੰਗੀ ਹੈ,ਨਾ ਖ਼ਰਾਬ ਹੈ।
'ਅਟਲ ਜੀ ਸਿਰਫ਼ ਟੀਵੀ ਹੀ ਦੇਖ ਸਕਦੇ ਨੇ'
- ਅਟਲ ਜੀ ਅੱਜ ਨਾ ਸਿਹਤਮੰਦ ਹਨ ਅਤੇ ਨਾ ਹੀ ਬਿਮਾਰ ਹਨ, ਉਹ ਤਾਂ ਬੁਢਾਪੇ ਦੀ ਬਿਮਾਰੀ ਨਾਲ ਜੂਝ ਰਹੇ ਹਨ।
- ਉਨ੍ਹਾਂ ਦੇ ਸਰੀਰ ਵਿੱਚ ਪੂਰੀ ਹਰਕਤ ਹੈ, ਪਰ ਉਹ ਘੱਟ ਬੋਲਦੇ ਹਨ। ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਪਛਾਣ ਲਿਆ ਜਾਂ ਨਹੀਂ।
- ਉਹ ਪੜ੍ਹਾਈ-ਲਿਖਾਈ ਦੀ ਹਾਲਤ ਵਿੱਚ ਨਹੀਂ ਹਨ। ਨਾ ਕੁਝ ਲਿਖਦੇ ਹਨ, ਨਾ ਪੜ੍ਹਦੇ ਹਨ, ਪਰ ਟੀਵੀ ਬਹੁਤ ਦੇਖਦੇ ਹਨ।
- ਪੁਰਾਣੀਆਂ ਫਿਲਮਾਂ ਅਤੇ ਪੁਰਾਣੇ ਗਾਣੇ ਉਨ੍ਹਾਂ ਨੂੰ ਬਹੁਤ ਪਸੰਦ ਹਨ, ਉਹੀ ਦੇਖਦੇ ਰਹਿੰਦੇ ਹਨ। ਉਸ ਨਾਲ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ।

ਤਸਵੀਰ ਸਰੋਤ, STR/AFP/GETTY IMAGES
'ਹਰ ਰੋਜ਼ ਚਾਰ ਫਿਜ਼ੀਓਥੈਰੇਪਿਸਟ ਆਉਂਦੇ ਹਨ'
- ਡਾਕਟਰਾਂ ਦਾ ਇੱਕ ਪੈਨਲ 24 ਘੰਟੇ ਉਨ੍ਹਾਂ ਦੀ ਸਿਹਤ ਦੀ ਦੇਖਭਾਲ ਕਰਦਾ ਹੈ।
- ਸਵੇਰੇ ਉੱਠਦੇ ਹਨ, ਇੱਕ ਫਿਜ਼ੀਓਥੈਰੇਪਿਸਟ ਉਨ੍ਹਾਂ ਦੀ ਥੈਰੇਪੀ ਕਰਦਾ ਹੈ।
- ਫਿਰ ਉਹ ਨਾਸ਼ਤੇ ਵਿੱਚ ਚਾਹ-ਬਿਸਕੁਟ ਖਾਂਦੇ ਹਨ। ਠੋਸ ਖਾਣ ਹੁਣ ਨਹੀਂ ਪਚਦਾ ਤਾਂ ਤਰਲ ਡਾਈਟ ਲੈਂਦੇ ਹਨ।
- ਇਸ ਤੋਂ ਬਾਅਦ ਦੁਪਹਿਰ ਤੱਕ ਡਾਕਟਰਾਂ ਨਾਲ ਸਮਾਂ ਬੀਤਦਾ ਹੈ। ਫਿਰ ਲੰਚ ਕਰਦੇ ਹਨ।
- ਦੁਪਹਿਰ ਨੂੰ ਸੂਪ, ਫ਼ਲ ਹੀ ਲੈਂਦੇ ਹਨ ਅਤੇ ਫਿਰ ਟੀਵੀ ਦੇਖਦੇ ਹਨ।
- ਅਟਲ ਜੀ ਨੂੰ ਖਿਚੜੀ ਬਹੁਤ ਪਸੰਦ ਹੈ ਕਿਉਂਕਿ ਇਹ ਜਲਦੀ ਬਣ ਜਾਂਦੀ ਹੈ ਅਤੇ ਪਚ ਵੀ ਜਾਂਦੀ ਹੈ। ਇੱਕ ਵਾਰੀ ਮੈਂ ਉਨ੍ਹਾਂ ਦੇ ਨਾਲ ਯੂਐੱਨਓ ਗਿਆ ਸੀ, ਉੱਥੇ ਮੈਂ ਉਨ੍ਹਾਂ ਲਈ ਖਿਚੜੀ ਬਣਾਈ। ਮੈਨੂੰ ਖਿਚੜੀ ਬਣਾਉਣਾ ਵੀ ਉਨ੍ਹਾਂ ਨੇ ਹੀ ਸਿਖਾਇਆ ਸੀ।
- ਪੂਰੇ ਦਿਨ ਵਿੱਚ ਚਾਰ ਫਿਜ਼ੀਓਥੈਰੇਪਿਸਟ ਆਉਂਦੇ ਹਨ-ਦੋ ਸਵੇਰੇ ਤੇ ਦੋ ਸ਼ਾਮ ਨੂੰ।
- ਉਨ੍ਹਾਂ ਨੂੰ ਹੁਣ ਚੱਲਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਸਹਾਰੇ ਨਾਲ ਚਲਦੇ ਹਨ, ਪਰ ਜ਼ਿਆਦਾਤਰ ਬੈਠੇ ਰਹਿੰਦੇ ਹਨ। ਗੱਲਬਾਤ ਬਹੁਤ ਘੱਟ ਕਰਦੇ ਹਨ।
- ਹੁਣ ਚਲਦੇ ਨਹੀਂ, ਬੈਠ ਜਾਂਦੇ ਹਨ, ਸੋਚਦੇ ਰਹਿੰਦੇ ਹਨ, ਪਰ ਬੋਲਦੇ ਨਹੀਂ।
'ਵਾਜਪਈ ਗੁੱਸਾ ਨਹੀ ਕਰਦੇ ਸਨ'
ਰੋਜ਼ਾਨਾ ਚਾਰ ਫੀਜ਼ੀਓਖੈਰੇਪਿਸਟ ਉਨ੍ਹਾਂ ਲਈ ਆਉਂਦੇ ਹਨ। ਇੱਕ ਡਾਕਟਰ 24 ਘੰਟੇ ਉਨ੍ਹਾਂ ਨਾਲ ਰਹਿੰਦਾ ਹੈ।

ਸ਼ਿਵ ਕੁਮਾਰ ਪਿਛਲੇ 50 ਸਾਲ ਤੋਂ ਉਨ੍ਹਾਂ ਨਾਲ ਹਨ। ਉਨ੍ਹਾਂ ਦੱਸਿਆ ਕਿ ਵਾਜਪਈ ਕਦੇ ਵੀ ਗੁੱਸਾ ਨਹੀਂ ਕਰਦੇ ਸਨ।
ਉਨ੍ਹਾਂ ਇੱਕ ਦਿਲਚਸਪ ਕਿੱਸਾ ਵੀ ਸਾਂਝਾ ਕੀਤਾ, ''ਇੱਕ ਵਾਰ ਮੈਂ ਬਿਨਾਂ ਦੱਸੇ ਫਿਲਮ ਵੇਖਣ ਲਈ ਚਲਾ ਗਿਆ ਸੀ। ਜਦ ਵਾਪਸ ਆਇਆ ਤਾਂ ਉਨ੍ਹਾਂ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਚਲਾ ਗਿਆ ਸੀ। ਮੇਰਾ ਜਵਾਬ ਸੁਣਕੇ ਉਨ੍ਹਾਂ ਮੈਨੂੰ ਕਿਹਾ ਕਿ ਜੇ ਤੁਸੀਂ ਮੈਨੂੰ ਦੱਸਦੇ ਤਾਂ ਮੈਂ ਵੀ ਨਾਲ ਚੱਲ ਲੈਂਦਾ।''
ਅਟਲ ਬਿਹਾਰੀ ਵਾਜਪਈ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਪਹਿਲਾਂ 1996 'ਚ ਅਤੇ ਦੂਜੀ ਵਾਰ 1998 ਵਿੱਚ।












