ਪ੍ਰੈਸ ਰਿਵੀਊ꞉ ਭੀੜ ਵੱਲੋਂ 1 ਸਾਲ ਦੌਰਾਨ 9 ਸੂਬਿਆਂ 'ਚ 27 'ਕਤਲ'

ਤਸਵੀਰ ਸਰੋਤ, AFP
ਪਿਛਲੇ ਸਾਲ ਦੌਰਾਨ ਭਾਰਤ ਦੇ 9 ਸੂਬਿਆਂ ਵਿੱਚ ਭੀੜ ਨੇ 15 ਮੌਕਿਆਂ 'ਤੇ 27 ਕਤਲ ਕੀਤੇ ਹਨ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਕਿਸੇ ਅਣਜਾਣ ਥਾਂ ਉੱਤੇ ਸੂਰਜ ਢਲਣ ਮਗਰੋਂ ਘੁੰਮਣਾ, ਕਿਸੇ ਨੂੰ ਰਾਹ ਪੁੱਛਣਾ ਜਾਂ ਕਿਸੇ ਬੱਚੇ ਨੂੰ ਚਾਕਲੇਟ ਪੁੱਛਣਾ ਵੀ ਕਿਸੇ ਦੀ ਜਾਨ ਦਾ ਖੌਅ ਬਣ ਸਕਦਾ ਹੈ।
ਖ਼ਬਰ ਮੁਤਾਬਕ ਮਹਾਰਾਸ਼ਟਰ ਵਿੱਚ ਭੀੜ ਨੇ 9, ਸਭ ਤੋਂ ਛੋਟੇ ਰਾਜ ਤ੍ਰਿਪੁਰਾ ਵਿੱਚ 3, ਅਸਾਮ ਵਿੱਚ 2, ਪੱਛਮੀਂ ਬੰਗਾਲ ਵਿੱਚ 2, ਉਡੀਸ਼ਾ ਵਿੱਚ 7, ਛੱਤੀਸਗੜ੍ਹ ਵਿੱਚ 1, ਤੇਲੰਗਾਨਾ ਕਰਨਾਟਕ ਅਤੇ ਤਾਮਿਲਨਾਡੂ ਵਿੱਚ 1-1 ਜਾਨ ਲਈ। ਦੇਸ ਵਿੱਚ ਹਰ ਮਹੀਨੇ ਭੀੜ ਵੱਲੋਂ 2 ਕਤਲ ਕੀਤੇ ਜਾ ਰਹੇ ਹਨ।

ਤਸਵੀਰ ਸਰੋਤ, Twitter/@SirJadeja
ਬਰਤਾਨੀਆ ਦੀ ਹਾਈ ਕੋਰਟ ਨੇ 13 ਭਾਰਤੀ ਬੈਂਕਾਂ ਦੇ ਅਫਸਰਾਂ ਨੂੰ ਕੰਸੋਰਟੀਅਮ ਕਾਨੂੰਨ ਤਹਿਤ ਭਾਰਤੀ ਵਪਾਰੀ ਵਿਜੇ ਮਾਲਿਆ ਦੀਆਂ ਉੱਥੋਂ ਦੀਆਂ ਜਾਇਦਾਦਾਂ ਵਿੱਚ ਦਾਖਲੇ ਅਤੇ ਜ਼ਬਤੀ ਦੀ ਇਜਾਜ਼ਤ ਦੇ ਦਿੱਤੀ ਹੈ।
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਵਿਜੇ ਮਾਲਿਆ ਬਰਤਾਨੀਆ ਵਿੱਚ ਆਪਣੀ ਦੋਸਤ ਪਿੰਕੀ ਲਾਲਵਾਨੀ ਨਾਲ ਰਹਿ ਰਹੇ ਹਨ ਅਤੇ ਵਰਤਮਾਨ ਹੁਕਮ ਸਿਰਫ ਮਾਲਿਆ ਦੀ ਜਾਇਦਾਦ ਬਾਰੇ ਜਾਰੀ ਕੀਤੇ ਗਏ ਹਨ।
ਵਿਜੇ ਮਾਲਿਆ ਨੇ ਇਸ ਫੈਸਲੇ ਖਿਲਾਫ ਬਰਤਾਨੀਆ ਦੀ ਕੋਰਟ ਆਫ ਅਪੀਲ ਵਿੱਚ ਅਪੀਲ ਕਰਨ ਦੀ ਇਜਾਜ਼ਤ ਮੰਗੀ ਹੈ।
ਖ਼ਬਰ ਮੁਤਾਬਕ ਬੈਂਗਲੂਰੂ ਦੇ ਡੈਬਿਟ ਰਿਕਵਰੀ ਟ੍ਰਿਬਿਊਨਲ ਨੇ ਕਿਹਾ ਸੀ ਕਿ ਮਾਲਿਆ ਕੋਲ 6, 203 ਕਰੋੜ ਰੁਪਏ ਦਾ ਕੰਨਸੋਰਟੀਅਮ ਅਤੇ ਵਿਆਜ ਸਮੇਤ 9,863 ਕਰੋੜ ਦੀ ਜਾਇਦਾਦ ਹੈ।
ਨਸ਼ਾ ਤਸਕਰੀ꞉ ਪੰਜਾਬ ਪੁਲਿਸ ਦੇ 100 ਤੋਂ ਵੱਧ ਮੁਲਾਜ਼ਮ ਹਿਰਾਸਤ ਵਿੱਚ
ਸਾਲ 2014 ਤੋਂ ਹੁਣ ਤੱਕ ਨਸ਼ਾ ਤਸਕਰੀ ਦੇ ਇਲਜ਼ਾਮਾਂ ਤਹਿਤ ਪੰਜਾਬ ਪੁਲਿਸ ਦੇ 100 ਤੋਂ ਵੱਧ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚੋਂ 30 ਨੂੰ ਵਰਤਮਾਨ ਕਾਂਗਰਸ ਸਰਕਾਰ ਦੇ 15 ਮਹੀਨਿਆਂ ਦੇ ਰਾਜ ਦੌਰਾਨ ਫੜਿਆ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਵਿੱਚ 2 ਡੀਐਸਪੀ ਰੈਂਕ ਦੇ ਅਫਸਰ ਹਨ ਜਦਕਿ ਬਾਕੀ ਨੌਨ-ਗਜ਼ਟਿਡ ਅਫ਼ਸਰ ਹਨ।
ਵਿਰੋਧੀ ਪਾਰਟੀ ਦੇ ਕਨਵੀਨਰ ਭਗਵੰਤ ਮਾਨ ਨੇ ਇਨ੍ਹਾਂ ਪੁਲਿਸ ਵਾਲਿਆਂ ਦੀ ਨਸ਼ਾ ਤਸਕਰੀ ਵਿੱਚ ਭੂਮਿਕਾ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਰਹੇ ਹਨ।
ਖ਼ਬਰ ਮੁਤਾਬਕ ਪਿਛਲੇ ਮਹੀਨੇ ਦੌਰਾਨ ਨਸ਼ੇ ਕਾਰਨ ਹੋਈਆਂ ਮੌਤਾਂ ਕਰਕੇ ਸਰਕਾਰ ਦਾ ਧਿਆਨ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਲੇ ਨੈਕਸਸ ਨੂੰ ਤੋੜਨ ਉੱਪਰ ਕੇਂਦਰਿਤ ਹੋਇਆ ਹੈ।

ਤਸਵੀਰ ਸਰੋਤ, Getty Images
ਕਰਨਾਟਕ ਦੇ ਕਿਸਾਨਾਂ ਦਾ ਕਰਜ਼ਾ ਮਾਫ਼
ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਕਿਸਾਨਾਂ ਦਾ 34000 ਕਰੋੜ ਰੁਪਏ ਦਾ ਕਰਜ਼ ਮੁਆਫ਼ ਕਰਨ ਦਾ ਐਲਾਨ ਕੀਤਾ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਸਰਕਾਰ ਦਾ ਪਹਿਲਾ ਬਜਟ ਹੈ ਅਤੇ ਇਸ ਵਿੱਚ ਤੇਲ ਤੇ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਹਨ।
ਜੋ ਕਰਜ਼ ਮੁਆਫ਼ੀ ਕਾਰਨ ਪੈਣ ਵਾਲੇ ਵਾਧੂ ਬੋਝ ਨੂੰ ਘਟਾਉਣ ਲਈ ਕਰਨਾ ਪਿਆ ਹੈ। ਖ਼ਬਰ ਮੁਤਾਬਰ ਮੁੱਖ ਮੰਤਰੀ ਨੇ ਕਿਹਾ ਕਿ ਦੋ ਲੱਖ ਰੁਪਏ ਤੱਕ ਹੀ ਕਰਜ਼ ਮੁਆਫ਼ ਕੀਤਾ ਜਾਵੇਗਾ।
ਪਹਿਲੇ ਪੜਾਅ ਹੇਠ 31 ਦਸੰਬਰ 2017 ਤੱਕ ਕਿਸ਼ਤਾਂ ਫ਼ਸਲੀ ਕਰਜ਼ੇ ਦੀਆਂ ਕਿਸ਼ਤਾਂ ਨਾ ਤਾਰਨ ਵਾਲੇ ਸਾਰੇ ਡਿਫਾਲਟਰ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਕਿਸਾਨ ਵੱਲੋਂ ਮੋੜੇ ਗਏ ਕਰਜ਼ੇ ਦੀ ਰਕਮ ਜਾਂ 25000 ਰੁਪਏ ਜਿਨ੍ਹਾਂ 'ਚੋਂ ਜੋ ਵੀ ਘੱਟ ਹੋਵੇਗੀ, ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ।












