ਰਾਂਚੀ: '14 ਦਿਨਾਂ ਦੇ ਬੱਚੇ ਦਾ ਇੱਕ ਲੱਖ 20 ਹਜ਼ਾਰ ਵਿੱਚ ਸੌਦਾ'

ਤਸਵੀਰ ਸਰੋਤ, NIRAJ SINHA/BBC
- ਲੇਖਕ, ਨੀਰਜ ਸਿਨਹਾ
- ਰੋਲ, ਝਾਰਖੰਡ ਤੋਂ ਬੀਬੀਸੀ ਲਈ
ਝਾਰਖੰਡ ਦੀ ਰਾਜਧਾਨੀ ਰਾਂਚੀ ਸਥਿਤ ਮਿਸ਼ਨਰੀਜ਼ ਆਫ ਚੈਰਿਟੀ 'ਤੇ ਕਥਿਤ ਤੌਰ 'ਤੇ ਬੱਚਿਆਂ ਨੂੰ ਵੇਚਣ ਦਾ ਇਲਜ਼ਾਮ ਲੱਗਿਆ ਹੈ।
ਸੂਬੇ ਦੀ ਬਾਲ ਭਲਾਈ ਕਮੇਟੀ ਨੇ ਇਸ ਮਾਮਲੇ ਵਿੱਚ ਚੈਰਿਟੀ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ।
ਇਸ ਦੇ ਤਹਿਤ ਚੈਰਿਟੀ ਦੀ ਇੱਕ ਮਹਿਲਾ ਅਧਿਕਾਰੀ ਨੂੰ ਵੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ। ਉਸ ਦੇ ਨਾਲ ਹੀ ਦੋ ਹੋਰ ਸਿਸਟਰਜ਼ ਨੂੰ ਵੀ ਹਿਰਾਸਤ ਵਿੱਚ ਲੈ ਕੇ ਪੁਲਿਸ ਪੁੱਛਗਿੱਛ ਕਰ ਰਹੀ ਹੈ।
ਰਾਂਚੀ ਵਿੱਚ ਕੋਤਵਾਲੀ ਥਾਣਾ ਦੇ ਇੰਚਾਰਜ ਐਸ ਐਨ ਮੰਡਲ ਨੇ ਚੈਰਿਟੀ ਦੀ ਮਹਿਲਾਕਰਮੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਉੱਥੇ ਬਾਲ ਭਲਾਈ ਕਮੇਟੀ ਨੇ ਨਵਜੰਮੇ ਬੱਚੇ ਨੂੰ ਇਸ ਕਮੇਟੀ ਕੋਲੋਂ ਬਰਾਮਦ ਕਰ ਲਿਆ ਹੈ। ਫਿਲਹਾਲ ਇਨ੍ਹਾਂ ਬੱਚਿਆਂ ਨੂੰ ਇੱਕ ਹੋਰ ਸੰਸਥਾ ਵਿੱਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, NIRAJ SINHA/BBC
ਥਾਣਾ ਇੰਚਾਰਜ ਐਸ ਐਨ ਮੰਡਲ ਨੇ ਦੱਸਿਆ, "ਕੁਝ ਹੋਰ ਬੱਚਿਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਵੇਚਣ ਦੀ ਗੱਲ ਵੀ ਸਾਹਮਣੇ ਆਈ ਹੈ। ਉਨ੍ਹਾਂ ਨੂੰ ਬੱਚਿਆਂ ਦੀਆਂ ਮਾਵਾਂ ਦੇ ਨਾਮ ਪੁਲਿਸ ਨੂੰ ਮਿਲੇ ਹਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।"
ਪੁਲਿਸ ਨੇ ਇਸ ਸੈਂਟਰ ਵਿੱਚ ਛਾਪਾ ਮਾਰ ਕੇ ਇੱਕ ਲੱਖ 48 ਹਜ਼ਾਰ ਰੁਪਏ ਵੀ ਜ਼ਬਤ ਕੀਤੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੀ ਗਈ ਅਤੇ ਹਿਰਾਸਤ ਵਿੱਚ ਲਈਆਂ ਗਈਆਂ ਮਹਿਲਾ ਕਰਮੀਆਂ ਨੇ ਬੱਚਿਆਂ ਨੂੰ ਵੇਚਣ ਦੀ ਗੱਲ ਸਵੀਕਾਰ ਕੀਤੀ ਹੈ।
ਇਸ ਵਿਚਾਲੇ ਬਾਲ ਭਲਾਈ ਕਮੇਟੀ ਦੀ ਪ੍ਰਧਾਨ ਰੂਪਾ ਕੁਮਾਰ ਨੇ ਦੱਸਿਆ ਹੈ ਕਿ ਮਨੁੱਖੀ ਤਸਕਰੀ ਤੋਂ ਆਜ਼ਾਦ ਕਰਵਾਈਆਂ ਗਈਆਂ, ਅਜਿਹੀਆਂ ਨਾਬਾਲਗ਼ ਕੁੜੀਆਂ ਬਿਨਾਂ ਵਿਆਹੇ ਹੀ ਗਰਭਵਤੀ ਹੋ ਜਾਂਦੀਆਂ ਹਨ, ਉਨ੍ਹਾਂ ਨੂੰ 'ਨਿਰਮਲ ਹਿਰਦੇ' ਮਿਸ਼ਨਰੀਜ਼ ਆਫ ਚੈਰਿਟੀ ਵਿੱਚ ਸ਼ਰਨ ਦਿੱਤੀ ਜਾਂਦੀ ਹੈ।
ਇਸ ਦੀ ਪੂਰੀ ਜਾਣਕਾਰੀ ਬਾਲ ਭਲਾਈ ਕਮੇਟੀ ਨੂੰ ਹੁੰਦੀ ਹੈ।
ਪ੍ਰਧਾਨ ਰੂਪਾ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਹੈ, "ਫਿਲਹਾਲ ਜਿਨ੍ਹਾਂ ਮਾਮਲਿਆਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ, ਉਸ ਵਿੱਚ ਨਵਜੰਮੇ ਬੱਚੇ ਨੂੰ ਉੱਤਰ ਪ੍ਰਦੇਸ਼ ਵਿੱਚ ਰਹਿਣ ਵਾਲੇ ਇੱਕ ਜੋੜੇ ਨੂੰ ਇੱਕ ਲੱਖ 20 ਹਜ਼ਾਰ ਰੁਪਏ ਵਿੱਚ ਵੇਚਿਆ ਗਿਆ ਸੀ। ਪਰ ਉਸ ਜੋੜੇ ਕੋਲੋਂ ਉਹ ਪੈਸੇ ਹਸਪਤਾਲ ਦੇ ਖਰਚੇ ਦੇ ਨਾਮ 'ਤੇ ਲਏ ਗਏ ਸਨ। ਚੈਰਿਟੀ ਸੰਸਥਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੇ ਜੁਵੇਨਾਈਲ ਜਸਟਿਸ ਐਕਟ ਦੀ ਜਾਣਕਾਰੀ ਹੋਣ ਦੇ ਬਾਵਜੂਦ ਇਸ ਕਾਰੇ ਨੂੰ ਅੰਜ਼ਾਮ ਦਿੱਤਾ।"
ਪ੍ਰਧਾਨ ਰੂਪਾ ਕੁਮਾਰ ਮੁਤਾਬਕ ਇਨ੍ਹਾਂ ਤੋਂ ਇਲਾਵਾ ਕੁਝ ਹੋਰ ਬੱਚਿਆਂ ਨੂੰ ਵੱਖ-ਵੱਖ ਥਾਵਾਂ ਵਿੱਚ 50-70 ਹਜ਼ਾਰ ਰੁਪਏ ਵਿੱਚ ਵੇਚਣ ਦੀ ਜਾਣਕਾਰੀ ਮਿਲੀ ਹੈ। ਉਸ ਬਾਰੇ 'ਚ ਪੁਲਿਸ ਨੂੰ ਐਫਆਈਆਰ 'ਚ ਜਾਣਕਾਰੀ ਦੇ ਦਿੱਤੀ ਗਈ ਹੈ।
ਉਨ੍ਹਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਇਸ ਕੰਮ ਵਿੱਚ ਵੱਡਾ ਗਰੁੱਪ ਸ਼ਾਮਿਲ ਹੋ ਸਕਦਾ ਹੈ। ਇਸ ਲਈ ਪੁਲਿਸ ਨੂੰ ਬਾਲ ਭਲਾਈ ਕਮੇਟੀ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਤਸਵੀਰ ਸਰੋਤ, NIRAJ SINHA/BBC
ਰੂਪਾ ਕੁਮਾਰ ਨੇ ਦੱਸਿਆ ਹੈ ਕਿ ਜਿਸ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ ਸੀ, ਉਹ 19 ਮਾਰਚ ਨੂੰ 'ਨਿਰਮਲ ਹਿਰਦੇ' ਵਿੱਚ ਆਈ ਸੀ।
14 ਦਿਨ ਦਾ ਸੀ ਬੱਚਾ
ਇਸ ਕੁੜੀ ਨੇ ਰਾਂਚੀ ਸਥਿਤ ਸਦਰ ਹਸਪਤਾਲ ਵਿੱਚ 1 ਮਈ 2018 ਨੂੰ ਇੱਕ ਮੁੰਡੇ ਨੂੰ ਜਨਮ ਦਿੱਤਾ ਸੀ।
14 ਮਈ 2018 ਨੂੰ ਕਥਿਤ ਤੌਰ 'ਤੇ ਉੱਤਰ ਪ੍ਰਦੇਸ਼ ਦੇ ਇੱਕ ਜੋੜੇ ਨੂੰ ਇੱਕ ਲੱਖ ਵੀਹ ਹਜ਼ਾਰ ਰੁਪਏ ਵਿੱਚ ਇਸ ਬੱਚੇ ਦਾ ਸੌਦਾ ਕੀਤਾ।
ਬਾਲ ਭਲਾਈ ਕਮੇਟੀ ਅਤੇ ਪੁਲਿਸ ਦਾ ਕਹਿਣਾ ਹੈ ਕਿ ਮਿਸ਼ਨਰੀਜ਼ ਆਫ ਚੈਰਿਟੀ ਦੀ ਮਹਿਲਾ ਕਰਮਚਾਰੀ ਨੇ ਪੁੱਛਗਿੱਛ ਵਿੱਚ ਇਹ ਜਾਣਕਾਰੀ ਦਿੱਤੀ ਹੈ। ਮਹਿਲਾ ਕਰਮੀ ਨੇ ਦੱਸਿਆ ਹੈ ਕਿ ਇਸ ਰਾਸ਼ੀ ਵਿੱਚੋਂ 90 ਹਜ਼ਾਰ ਰੁਪਏ ਇੱਕ ਸਿਸਟਰ ਨੂੰ ਦਿੱਤੇ ਸਨ।
ਇਹ ਵੀ ਪੜ੍ਹੋ:
ਬਾਲ ਭਲਾਈ ਕਮੇਟੀ ਦੀ ਰੂਪਾ ਕੁਮਾਰ ਨੇ ਕਿਹਾ ਕਿ ਨਿਯਮਾਂ ਮੁਤਾਬਕ ਕੁੜੀ ਨੂੰ ਡਿਲਿਵਰੀ ਲਈ ਹਸਪਤਾਲ ਵਿੱਚ ਭਰਤੀ ਕਰਵਾਏ ਜਾਣ ਅਤੇ ਬੱਚੇ ਦੇ ਜਨਮ ਦੀ ਜਾਣਕਾਰੀ ਕਮੇਟੀ ਨੂੰ ਦਿੱਤੀ ਜਾਣੀ ਚਾਹੀਦੀ ਸੀ।
ਉਨ੍ਹਾਂ ਮੁਤਾਬਕ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਕਰਮੀ ਨੇ 30 ਜੂਨ ਨੂੰ ਉਸ ਜੋੜੇ ਨੂੰ ਇਹ ਕਹਿੰਦੇ ਹੋਏ ਰਾਂਚੀ ਬੁਲਾਇਆ ਸੀ ਕਿ ਕੁਝ ਹੋਰ ਕਾਨੂੰਨੀ ਪ੍ਰਕਿਰਿਆ ਕਰਨੀ ਹੈ, ਇਸ ਲਈ ਉਹ ਲੋਕ ਬੱਚੇ ਨੂੰ ਲੈ ਕੇ ਆਉਣ।
ਇਹ ਜੋੜਾ 2 ਜੁਲਾਈ ਨੂੰ ਬੱਚੇ ਨੂੰ ਲੈ ਕੇ ਰਾਂਚੀ ਪਹੁੰਚਿਆ ਅਤੇ ਮਹਿਲਾ ਕਰਮੀ ਨੂੰ ਇਹ ਕਹਿੰਦਿਆਂ ਬੱਚਾ ਸੌਂਪ ਦਿੱਤਾ ਕਿ ਛੇਤੀ ਹੀ ਉਸ ਨੂੰ ਵਾਪਸ ਕਰ ਦਿੱਤਾ ਜਾਵੇ ਪਰ ਉਸ ਜੋੜੇ ਨੂੰ ਇਸ ਤੋਂ ਬਾਅਦ ਉਹ ਮਹਿਲਾ ਕਰਮੀ ਨਹੀਂ ਮਿਲੀ।
ਕਮੇਟੀ ਦੀ ਜਾਂਚ
ਇਸ ਤੋਂ ਬਾਅਦ ਜੋੜੇ ਨੇ ਬਾਲ ਭਲਾਈ ਕਮੇਟੀ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ।
ਉਦੋਂ ਕਮੇਟੀ ਨੂੰ ਕੁਝ ਗੜਬੜੀ ਦਾ ਅੰਦੇਸ਼ਾ ਹੋਇਆ। ਤੁਰੰਤ ਮਹਿਲਾ ਕਰਮਚਾਰੀ ਨੂੰ ਬੁਲਾਇਆ ਗਿਆ ਤਾਂ ਉਸ ਨੇ ਦੱਸਿਆ ਕਿ ਬੱਚੇ ਨੂੰ ਉਸੇ ਕੁੜੀ ਨੂੰ ਦੇ ਦਿੱਤਾ ਗਿਆ ਹੈ, ਜਿਸ ਨੇ ਉਸ ਨੂੰ ਜਨਮ ਦਿੱਤਾ ਸੀ।
ਇਸ ਤੋਂ ਬਾਅਦ ਕੁੜੀ ਦਾ ਬਿਆਨ ਦਰਜ ਕਰਦੇ ਹੋਏ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ।

ਤਸਵੀਰ ਸਰੋਤ, Niraj Sinha/BBC
ਇਸ ਵਿਚਾਲੇ 3 ਜੁਲਾਈ ਨੂੰ ਕਮੇਟੀ ਦੇ ਸਾਰੇ ਮੈਂਬਰਾਂ ਨੇ ਚੈਰਿਟੀ ਦਾ ਜਾਇਜ਼ਾ ਲਿਆ। ਹੁਣ ਬੱਚਾ ਕਿਸ ਦੇ ਕੋਲ ਰਹੇਗਾ, ਇਹ ਕਮੇਟੀ ਤੈਅ ਕਰੇਗੀ। ਇਸ ਲਈ ਫੇਰ ਆਨਲਾਈਨ ਅਰਜ਼ੀ ਦੇਣੀ ਹੋਵੇਗੀ।
ਚੈਰਿਟੀ ਵਿੱਚ ਰਹਿ ਰਹੀਆਂ ਹੋਰ ਕੁੜੀਆਂ ਘਬਰਾਈਆਂ ਹੋਈਆਂ ਸਨ। ਬਾਲ ਭਲਾਈ ਕਮੇਟੀ ਨੇ ਚੈਰਿਟੀ ਵਿੱਚ ਰਹਿਣ ਵਾਲੀਆਂ 13 ਕੁੜੀਆਂ ਨੂੰ ਦੂਜੀ ਥਾਂ ਭੇਜ ਦਿੱਤਾ ਹੈ।
ਕਮੇਟੀ ਦਾ ਕਹਿਣਾ ਹੈ ਕਿ ਚੈਰਿਟੀ ਨੂੰ ਸੀਲ ਕੀਤਾ ਜਾਵੇਗਾ। ਇਸ ਲਈ ਕਾਰਵਾਈ ਚੱਲ ਰਹੀ ਹੈ।
ਪੁਲਿਸ ਹਿਰਾਸਤ ਵਿੱਚ ਲਈ ਗਈ ਚੈਰਿਟੀ ਦੀ ਇੱਕ ਸਿਸਟਰ ਨੇ ਦੱਸਿਆ ਹੈ ਕਿ ਬਾਲ ਭਲਾਈ ਕਮੇਟੀ ਜਾਂਚ ਲਈ ਅਕਸਰ ਸੈਂਟਰ ਆਉਂਦੀ ਰਹਿੰਦੀ ਹੈ।
ਪੈਸਿਆਂ ਬਾਰੇ ਪੁੱਛਣ 'ਤੇ ਪਤਾ ਲੱਗਾ ਕਿ 10 ਹਜ਼ਾਰ ਰੁਪਏ ਗਾਰਡ ਨੂੰ ਦਿੱਤੇ ਗਏ, 20 ਹਜ਼ਾਰ ਰੁਪਏ ਮਹਿਲਾ ਕਰਮੀ ਨੇ ਰੱਖੇ ਅਤੇ 90 ਹਜ਼ਾਰ ਰੁਪਏ ਸਿਸਟਰ ਨੂੰ ਦਿੱਤੇ ਗਏ। ਹਾਲਾਂਕਿ ਸਿਸਟਰ ਨੂੰ ਇਹ ਪੈਸੇ ਨਹੀਂ ਮਿਲੇ।
ਫਿਲਹਾਲ ਇਸ ਪੂਰੇ ਮਾਮਲੇ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।
ਇਸ ਪੂਰੇ ਮਾਮਲੇ ਵਿੱਚ 'ਨਿਰਮਲ ਹਿਰਦੇ' ਮਿਸ਼ਨਰੀਜ਼ ਆਫ ਚੈਰਿਟੀ ਸੰਸਥਾ ਦਾ ਪੱਖ ਜਾਣਨ ਲਈ ਰਾਂਚੀ ਸਥਿਤ ਦੋ ਸੈਂਟਰਾਂ ਨਾਲ ਸੰਪਰਕ ਕੀਤਾ ਗਿਆ। ਪਰ ਦੋਵੇਂ ਥਾਵਾਂ ਦੇ ਸੰਚਾਲਕਾਂ ਨੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ।
ਜਿਸ ਸੈਂਟਰ 'ਤੇ ਇਲਜ਼ਾਮ ਲੱਗੇ ਹਨ, ਉਥੋਂ ਦੀ ਇੱਕ ਮਹਿਲਾ ਅਧਿਕਾਰੀ ਨੇ ਵੀ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਮਨ੍ਹਾਂ ਕਰਨ ਦਿੱਤਾ ਹੈ।
ਇਸ ਦੌਰਾਨ ਭਾਜਪਾ ਸੰਸਦ ਮੈਂਬਰ ਸਮੀਰ ਉਰਾਂਓ ਅਤੇ ਭਾਜਪਾ ਅਨੁਸੂਚਿਤ ਜਨਜਾਤੀ ਮੋਰਚਾ ਦੇ ਪ੍ਰਧਾਨ ਰਾਜਕੁਮਾਰ ਪਾਹਨ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸੇਵਾ ਦੇ ਨਾਮ 'ਤੇ ਝਾਰਖੰਡ ਵਿੱਚ ਮਿਸ਼ਨਰੀਜ਼ ਦੀ ਪੋਲ ਹੁਣ ਖੁੱਲ੍ਹਣ ਲੱਗੀ ਹੈ।
ਇਹ ਵੀ ਪੜ੍ਹੋ:












