ਹਰਮਨਪ੍ਰੀਤ ਯੋਗਤਾ ਪੂਰੀ ਕਰੇ, ਫਿਰ ਸਾਂਭੇ ਅਹੁਦਾ-ਡੀਜੀਪੀ ਸੁਰੇਸ਼ ਅਰੋੜਾ

ਤਸਵੀਰ ਸਰੋਤ, Reuters
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
"ਜੇਕਰ ਹਰਮਨਪ੍ਰੀਤ ਨੂੰ ਆਪਣਾ ਅਹੁਦਾ ਛੱਡਣਾ ਪੈਂਦਾ ਹੈ ਤਾਂ ਉਹ ਆਪਣੀ ਲੋੜੀਂਦੀ ਯੋਗਤਾ ਹਾਸਿਲ ਕਰਕੇ ਦੁਬਾਰਾ ਇਸ ਅਹੁਦੇ ਉੱਤੇ ਆ ਸਕਦੀ ਹੈ ਕਿਉਂਕਿ ਉਸ ਇਹ ਅਹੁਦਾ ਸਪੋਰਟਸ ਕੋਟੇ ਤਹਿਤ ਮਿਲਿਆ ਹੈ।"
ਭਾਰਤੀ ਮਹਿਲਾ ਕ੍ਰਿਕਟ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਨੌਕਰੀ ਬਾਰੇ ਗੱਲ ਕਰਦਿਆਂ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਸੁਰੇਸ਼ ਅਰੋੜਾ ਨੇ ਇਹ ਕਿਹਾ।
ਪੰਜਾਬ ਪੁਲਿਸ ਵੱਲੋਂ ਵੈਰਿਫਿਕੇਸ਼ਨ ਕਰਨ ਦੌਰਾਨ ਉਨ੍ਹਾਂ ਦੀ ਕਥਿਤ ਤੌਰ 'ਤੇ ਜਾਅਲੀ ਡਿਗਰੀ ਮਿਲੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੂੰ ਹਰਮਨਪ੍ਰੀਤ ਕੌਰ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਿਸ਼ ਕੀਤੀ ਸੀ।
ਜੇ ਇਸ ਸਿਫਾਰਿਸ਼ ਨੂੰ ਪੰਜਾਬ ਸਰਕਾਰ ਮੰਨ ਲੈਂਦੀ ਹੈ ਤਾਂ ਹਰਮਨਪ੍ਰੀਤ ਨੂੰ ਕੌਰ ਡਿਪਟੀ ਸੁਪਰੀਟੈਂਡੇਂਟ ਆਫ ਪੁਲਿਸ ਦੇ ਅਹੁਦਾ ਤੋਂ ਹੱਥ ਧੋਣਾ ਪੈ ਸਕਦਾ ਹੈ।
ਦਰਅਸਲ ਹਰਮਨਪ੍ਰੀਤ ਕੌਰ ਨੇ 1 ਮਾਰਚ ਨੂੰ ਪੰਜਾਬ ਪੁਲਿਸ ਵਿੱਚ ਡੀਐਸਪੀ ਦਾ ਅਹੁਦਾ ਸਾਂਭਿਆ ਸੀ ਅਤੇ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਪੁਲਿਸ ਮੁਖੀ ਨੇ ਉਨ੍ਹਾਂ ਦੀ ਵਰਦੀ 'ਤੇ ਤਾਰੇ ਲਾਏ ਸਨ।

ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਵੈਰੀਫਿਕੇਸ਼ਨ ਦੌਰਾਨ ਸਾਨੂੰ ਉਨ੍ਹਾਂ ਦੀ ਗ੍ਰੈਜੂਏਸ਼ਨ ਦੀ ਡਿਗਰੀ "ਜਾਅਲੀ" ਮਿਲੀ ਹੈ।"
ਉਨ੍ਹਾਂ ਨੇ ਕਿਹਾ ਕਿ ਇਸ ਦੇ ਆਧਾਰ 'ਤੇ ਉਨ੍ਹਾਂ ਨੂੰ ਇਹ ਅਹੁਦਾ ਛੱਡਣ ਲਈ ਕਿਹਾ ਜਾ ਸਕਦਾ ਹੈ ਪਰ ਸਪੋਰਟਸ ਕੋਟੇ ਵਿੱਚ ਮਿਲੀ ਨੌਕਰੀ ਕਾਰਨ ਉਹ ਆਪਣੀ ਸਿੱਖਿਅਕ ਯੋਗਤਾ ਮੁਕੰਮਲ ਕਰਕੇ ਦੁਬਾਰਾ ਅਹੁਦੇ ਨੂੰ ਹਾਸਿਲ ਕਰ ਸਕਦੀ ਹੈ।
ਇਸ ਸੰਬੰਧੀ ਫ਼ੈਸਲਾ ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਲਿਆ ਜਾਵੇਗਾ ਅਤੇ ਸੂਬਾ ਸਰਕਾਰ ਦੇ ਸੂਤਰਾਂ ਮੁਤਾਬਕ ਇਸ 'ਤੇ ਛੇਤੀ ਹੀ ਫ਼ੈਸਲਾ ਲੈ ਲਿਆ ਜਾਵੇਗਾ।
ਹਰਮਨਪ੍ਰੀਤ ਨੂੰ ਹੈ ਪੂਰੀ ਆਸ
ਇਸ ਪੂਰੇ ਮੁੱਦੇ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਹਰਮਨਪ੍ਰੀਤ ਕੌਰ ਨੇ ਕਿਹਾ, "ਮੈਨੂੰ ਇਸ ਬਾਰੇ ਜਾਣਕਾਰੀ ਹੈ ਤੇ ਇਹ ਮਸਲਾ ਸਰਕਾਰ ਅਧੀਨ ਹੈ ਅਤੇ ਮੈਨੂੰ ਇਸ ਵਿੱਚ ਹਾਂਪੱਖੀ ਹੁੰਗਾਰੇ ਦੀ ਆਸ ਹੈ।"
ਇੱਕ ਸਰਕਾਰੀ ਅਧਿਕਾਰੀ ਨੇ ਆਪਣੀ ਪਛਾਣ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਕਿਹਾ ਕਿ ਹਰਮਨਪ੍ਰੀਤ ਨੂੰ ਅਹੁਦਾ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਕਾਰਨ ਮਿਲਿਆ ਸੀ, ਜਿਸ 'ਤੇ ਕੋਈ ਵੀ ਵਿਵਾਦ ਨਹੀਂ ਹੈ।

ਉਨ੍ਹਾਂ ਨੇ ਦੱਸਿਆ, "ਗ੍ਰੈਜੂਏਸ਼ਨ ਡਿਗਰੀ ਨੌਕਰੀ ਲਈ ਲੋੜੀਂਦੀ ਯੋਗਤਾ ਹੈ, ਜਿਸ ਨੂੰ ਉਹ ਅਜੇ ਵੀ ਹਾਸਿਲ ਕਰ ਸਕਦੀ ਹੈ।"
ਅਧਿਕਾਰੀ ਮੁਤਾਬਕ ਜਿਵੇਂ ਕਿ ਉਹ ਪਹਿਲਾਂ ਵੀ ਰੇਲਵੇ ਵਿੱਚ ਨੌਕਰੀ ਕਰ ਰਹੀ ਹੈ ਤਾਂ ਪ੍ਰਸ਼ਾਸਨ ਨੂੰ ਲੱਗਾ ਕਿ ਉਸ ਦੀ ਡਿਗਰੀ ਮਾਨਤਾ ਪ੍ਰਾਪਤ ਹੋਵੇਗੀ।
1 ਮਾਰਚ ਨੂੰ ਡੀਐਸਪੀ ਦਾ ਅਹੁਦਾ ਸਾਂਭਣ ਤੋਂ ਬਾਅਦ ਹਰਮਨਪ੍ਰੀਤ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਇਹ ਨੌਕਰੀ ਉਸ ਲਈ ਇੱਕ ਸੁਪਨੇ ਦੇ ਪੂਰੇ ਹੋਣ ਵਾਂਗ ਹੈ ਕਿਉਂਕਿ ਉਹ ਸ਼ੁਰੂ ਤੋਂ ਹੀ ਪੁਲਿਸ ਅਧਿਕਾਰੀ ਬਣਨਾ ਚਾਹੁੰਦੀ ਸੀ।
ਸਰਕਾਰ ਦੀ ਭੂਮਿਕਾ
ਸੂਬਾ ਸਰਕਾਰ ਖ਼ਾਸਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਹੱਦ ਸਿਰਦਰਦੀ ਲੈ ਤੇ ਉਸ ਨੂੰ ਇਹ ਅਹੁਦਾ ਦਿੱਤਾ ਸੀ।
ਦਰਅਸਲ ਜਦੋਂ ਹਰਮਨਪ੍ਰੀਤ ਨੂੰ ਇਸ ਅਹੁਦੇ ਦੀ ਪੇਸ਼ਕਸ਼ ਹੋਈ ਤਾਂ ਉਹ ਉਸ ਵੇਲੇ ਭਾਰਤੀ ਰੇਲਵੇ ਵਿੱਚ ਨੌਕਰੀ ਕਰ ਰਹੀ ਸੀ ਅਤੇ ਭਾਰਤੀ ਰੇਲਵੇ ਨੇ ਕਿਹਾ ਕਿ ਜੇ ਉਹ 5 ਸਾਲ ਤੋਂ ਪਹਿਲਾਂ ਨੌਕਰੀ ਛੱਡਦੀ ਹੈ ਤਾਂ ਉਸ ਨੂੰ ਕਰਾਰਨਾਮੇ ਮੁਤਾਬਕ ਸਾਰੀ ਤਨਖ਼ਾਹ ਵਾਪਸ ਕਰਨੀ ਹੋਵੇਗੀ।
ਮੁੱਖ ਮੰਤਰੀ ਨੇ ਆਪ ਸ਼ਮੂਲੀਅਤ ਕਰਕੇ ਰੇਲਵੇ ਨਾਲ ਇਹ ਮੁੱਦਾ ਸੁਲਝਾਇਆ ਸੀ ਅਤੇ ਉਸ ਦਾ ਅਸਤੀਫਾ ਮਨਜ਼ੂਰ ਕਰਵਾਇਆ ਸੀ।

ਤਸਵੀਰ ਸਰੋਤ, Getty Images
ਹਰਮਨਪ੍ਰੀਤ ਦੀ ਜੁਆਏਨਿੰਗ ਵਾਲੇ ਦਿਨ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਸੀ, "ਪੁਲਿਸ ਮੁਖੀ ਨਾਲ ਨੌਜਵਾਨ ਕ੍ਰਿਕਟਰ ਹਰਮਨਪ੍ਰੀਤ ਕੌਰ ਦੀ ਵਰਦੀ 'ਤੇ ਤਾਰੇ ਲਾਉਂਦਿਆਂ ਮਾਣ ਮਹਿਸੂਸ ਹੋ ਰਿਹਾ ਹੈ, ਉਸ ਨੇ ਪੰਜਾਬ ਪੁਲਿਸ ਵਿੱਚ ਡੀਸੀਪੀ ਦਾ ਅਹੁਦਾ ਸਾਂਭਿਆ ਹੈ। ਇਸ ਕੁੜੀ ਨੇ ਸਾਨੂੰ ਮਾਣ ਦਿੱਤਾ ਅਤੇ ਮੈਨੂੰ ਆਸ ਹੈ ਕਿ ਅੱਗੇ ਵੀ ਜਾਰੀ ਰੱਖੇਗੀ। ਮੇਰੀਆਂ ਸ਼ੁਭਕਾਮਨਾਵਾਂ।"
ਹਰਮਨਪ੍ਰੀਤ ਕੌਰ 2017 ਵਿੱਚ ਵਿਸ਼ਵ ਕੱਪ ਦੌਰਾਨ ਆਪਣੇ ਵਧੀਆ ਪ੍ਰਦਰਸ਼ਨ ਕਾਰਨ ਸੁਰਖ਼ੀਆਂ ਵਿੱਚ ਆਈ ਅਤੇ ਉਸ ਨੇ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਆਸਟਰੇਲੀਆਂ ਖ਼ਿਲਾਫ਼ 171 ਦੌੜਾਂ ਬਣਾ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।












