'ਹੀਰੋ' ਗਗਨਦੀਪ 'ਅੰਡਰਗਰਾਊਂਡ' ਕਿਉਂ ਹਨ?-ਗਰਾਊਂਡ ਰਿਪੋਰਟ

ਤਸਵੀਰ ਸਰੋਤ, FB/Ovais Sultan Khan
- ਲੇਖਕ, ਸੁਨੀਲ ਕਟਾਰੀਆ
- ਰੋਲ, ਬੀਬੀਸੀ ਪੱਤਰਕਾਰ
ਨੈਨੀਤਾਲ 'ਚ ਰਾਮਨਗਰ ਦੇ ਗਰਜੀਆ ਮੰਦਿਰ ਦੇ ਬਾਹਰ ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਹਿੰਦੂ ਨੌਜਵਾਨਾਂ ਦੀ ਹਮਲਾਵਰ ਭੀੜ ਵਿੱਚੋਂ ਇੱਕ ਮੁਸਲਿਮ ਨੌਜਵਾਨ ਨੂੰ ਬਚਾਇਆ ਸੀ।
ਸ਼ਾਇਦ ਹੀ ਉਨ੍ਹਾਂ ਕਦੇ ਸੋਚਿਆ ਹੋਵੇਗਾ ਕਿ ਉਹ ਰਾਤੋਂ ਰਾਤ ਸੁਰਖ਼ੀਆਂ ਵਿੱਚ ਆ ਜਾਣਗੇ। ਉਹ ਵੀ ਆਪਣੀ ਨੌਕਰੀ ਦੇ ਪਹਿਲੇ ਛੇ ਮਹੀਨਿਆਂ ਦੌਰਾਨ।
ਉਨ੍ਹਾਂ ਨੇ ਆਪਣੀ ਡਿਊਟੀ ਮੁਤਾਬਕ ਹੀ ਕੰਮ ਕੀਤਾ ਸੀ, ਪਰ ਹਿੰਦੂ-ਮੁਸਲਮਾਨ, ਕਥਿਤ ਲਵ ਜਿਹਾਦ ਅਤੇ ਉਨ੍ਹਾਂ ਦਾ ਸਿੱਖ ਹੋਣਾ, ਇਸ ਸਭ ਨੇ ਮਿਲ ਕੇ ਉਹ ਕਰ ਦਿੱਤਾ, ਜਿਸ ਨਾਲ ਦੇਖਦੇ ਹੀ ਦੇਖਦੇ 27 ਸਾਲਾਂ ਦੇ ਇੱਕ ਨੌਜਵਾਨ ਪੁਲਿਸ ਸਬ ਇੰਸਪੈਕਟਰ ਦੀ ਜ਼ਿੰਦਗੀ ਵਿੱਚ ਤੂਫ਼ਾਨ ਆ ਗਿਆ।
'ਸੀਨੀਅਰ ਹੀ ਕੋਈ ਫੈਸਲਾ ਕਰਨਗੇ'
ਤੂਫ਼ਾਨ ਅਜਿਹਾ ਕਿ ਸੋਸ਼ਲ ਮੀਡੀਆ ਅਤੇ ਹੋਰ ਕਈ ਹਲਕਿਆਂ ਵਿੱਚ ਜਿਸ ਪੁਲਿਸ ਅਫ਼ਸਰ ਨੂੰ ਹੀਰੋ ਮੰਨਿਆ ਗਿਆ, ਅੱਜ ਉਹ ਮੀਡੀਆ ਦੇ ਸਾਹਮਣੇ ਆਉਣ ਵਿੱਚ ਅਸਹਿਜ ਮਹਿਸੂਸ ਕਰ ਰਿਹਾ ਹੈ।
ਜਦੋਂ ਬੀਬੀਸੀ ਨੇ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਕਰਕੇ, ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੀ ਕਹਾਣੀ ਜਾਣਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ 'ਤੇ ਉਨ੍ਹਾਂ ਦੇ ਸੀਨੀਅਰ ਹੀ ਕੋਈ ਫੈਸਲਾ ਕਰ ਸਕਦੇ ਹਨ।
ਨੈਨੀਤਾਲ ਦੇ ਸੀਨੀਅਰ ਐਸਪੀ ਜਨਮਜੇਯ ਖੰਡੂਰੀ ਨੇ ਬੀਬੀਸੀ ਦੀ ਮੁਲਾਕਾਤ ਸਬ ਇੰਸਪੈਕਟਰ ਗਗਨਦੀਪ ਸਿੰਘ ਨਾਲ ਕਰਵਾਉਣ ਦਾ ਵਾਅਦਾ ਕੀਤਾ ਜੋ ਦੋ ਦਿਨ ਦੇ ਇੰਤਜ਼ਾਰ ਦੇ ਬਾਅਦ ਵੀ ਪੂਰਾ ਨਹੀਂ ਹੋ ਸਕਿਆ।
ਖੰਡੂਰੀ ਦੇ ਕਹਿਣ ਤੋਂ ਬਾਅਦ ਜਦੋਂ ਅਸੀਂ ਦਿੱਲੀ ਤੋਂ ਨੈਨੀਤਾਲ ਪਹੁੰਚੇ ਤਾਂ ਉਨ੍ਹਾਂ ਨੇ ਸਾਨੂੰ ਐਸਪੀ ਸਿਟੀ ਸਤੀ ਕੋਲ ਭੇਜ ਦਿੱਤਾ ਤੇ ਕਿਹਾ ਕਿ ਇਨ੍ਹਾਂ ਨੂੰ ਸੰਪਰਕ ਕਰੋ, ਗਗਨਦੀਪ ਨਾਲ ਗੱਲ ਹੋ ਜਾਵੇਗੀ।
ਸਤੀ ਨੇ ਮੁਲਾਕਾਤ ਦਾ ਭਰੋਸਾ ਵੀ ਦਿੱਤਾ, ਪਰ ਕੁਝ ਹੀ ਘੰਟਿਆਂ ਬਾਅਦ ਉਨ੍ਹਾਂ ਫ਼ੋਨ 'ਤੇ ਦੱਸਿਆ, ''ਗਗਨਦੀਪ ਸਿੰਘ ਦਾ ਕੁਝ ਪਤਾ ਨਹੀਂ ਚਲ ਰਿਹਾ, ਨਾ ਤਾਂ ਉਹ ਆਪਣੇ ਕਮਰੇ ਵਿੱਚ ਹੈ ਅਤੇ ਨਾ ਹੀ ਥਾਣੇ ਵਿੱਚ। ਉਸਦਾ ਨੰਬਰ ਵੀ ਬੰਦ ਜਾ ਰਿਹਾ ਹੈ, ਅਸੀਂ ਉਸਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।''
ਇੱਕ ਦਿਨ ਪਹਿਲਾਂ ਜਿਸ ਪੁਲਿਸ ਸਬ ਇੰਸਪੈਕਟਰ ਦੀ ਤਾਰੀਫ਼ ਪੂਰਾ ਦੇਸ ਕਰ ਰਿਹਾ ਸੀ, ਹੁਣ ਉਸਦਾ ਅਚਾਨਕ ਕੋਈ ਅਤਾ ਪਤਾ ਨਹੀਂ ਸੀ।

ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਤੋਂ ਇਹ ਜ਼ਾਹਿਰ ਹੋ ਰਿਹਾ ਸੀ ਕਿ ਕੁਝ ਮੁਸ਼ਕਿਲ ਜ਼ਰੂਰ ਹੋ ਰਹੀ ਹੈ।
ਸਾਡੇ ਲਈ ਇਹ ਸਮਝਣਾ ਮੁਸ਼ਕਿਲ ਨਹੀਂ ਸੀ ਕਿ ਅਚਾਨਕ ਮਿਲ ਰਹੀ ਮੀਡੀਆ ਦੀ ਤਵੱਜੋ ਦੇ ਹੜ੍ਹ ਕਾਰਨ ਵੀ ਨੈਨੀਤਾਲ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਕੁਝ ਸਮਝ ਨਹੀਂ ਆ ਰਿਹਾ ਸੀ।
'ਕਾਉਂਸਲਿੰਗ ਦੀ ਲੋੜ'
ਐਸਐਸਪੀ ਜਨਮੇਜਯ ਖੰਡੂਰੀ ਨੇ ਸਾਨੂੰ ਆਪਣੇ ਦਫ਼ਤਰ 'ਚ ਦੱਸਿਆ, ''ਗਗਨਦੀਪ ਨਾਲ ਮੇਰੀ ਗੱਲ ਹੋਈ ਹੈ ਅਤੇ ਉਹ ਅਜੇ ਮੀਡੀਆ ਨਾਲ ਗੱਲ ਕਰਨ ਲਈ ਸਹਿਜ ਨਹੀਂ ਹੈ, ਉਸਦੀ ਕਾਉਸਲਿੰਗ ਕਰਵਾਈ ਜਾਵੇਗੀ।''
ਇਹ ਮਾਮਲਾ ਸਿਰਫ਼ ਇੰਨਾ ਹੀ ਨਹੀਂ ਸੀ ਕਿ ਗਗਨਦੀਪ ਸਿੰਘ ਅਚਾਨਕ ਸੈਲੀਬ੍ਰਿਟੀ ਬਣ ਗਏ ਸਨ ਸਗੋਂ ਸੋਸ਼ਲ ਮੀਡੀਆ 'ਤੇ ਗਗਨਦੀਪ ਸਿੰਘ ਦੀ ਜਿੰਨੀ ਤਾਰੀਫ਼ ਹੋ ਰਹੀ ਸੀ, ਉਨੀਆਂ ਹੀ ਉਨ੍ਹਾਂ ਨੂੰ ਗਾਲ੍ਹਾਂ ਮਿਲ ਰਹੀਆਂ ਸਨ। ਅਜਿਹੇ ਕਿਸੇ ਦਬਾਅ ਨੂੰ ਝੱਲਣ ਦਾ ਤਜਰਬਾ ਗਗਨਦੀਪ ਸਿੰਘ ਕੋਲ ਨਹੀਂ ਹੈ।
ਹਾਲਾਂਕਿ ਆਪਣੀ ਪੁਲਿਸ ਟ੍ਰੇਨਿੰਗ ਦੇ ਕਾਰਨ ਉਹ ਭੀੜ ਦੇ ਸਾਹਮਣੇ ਬਹਾਦਰੀ ਨਾਲ ਡਟੇ ਜ਼ਰੂਰ ਰਹੇ। ਸੋਸ਼ਲ ਪਲੇਟਫਾਰਮ 'ਤੇ ਆਪਣਿਆਂ ਦੇ ਵਿਚਾਲੇ ਟ੍ਰੋਲ ਕੀਤੇ ਜਾਣ ਦਾ ਤਜਰਬਾ ਸ਼ਾਇਦ ਉਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ।

ਤਸਵੀਰ ਸਰੋਤ, Twitter
ਇਹ ਗੱਲ ਹੋਰ ਹੈ ਕਿ ਉਨ੍ਹਾਂ ਦੀ ਬਹਾਦਰੀ ਦੀ ਤਾਰੀਫ਼ ਕਰਨ ਵਾਲਿਆਂ 'ਚ ਫ਼ਿਲਮੀ ਦੁਨੀਆਂ ਵਿੱਚੋ ਫ਼ਰਹਾਨ ਅਖ਼ਤਰ, ਅਦਿਤੀ ਰਾਓ ਹੈਦਰੀ ਤੇ ਰਿਚਾ ਚੱਢਾ ਵਰਗੇ ਸਿਤਾਰੇ ਸ਼ਾਮਿਲ ਰਹੇ, ਪਰ ਇਨ੍ਹਾਂ ਦੀ ਤਾਰੀਫ਼ ਤੋਂ ਖੁਸ਼ ਹੋਣ ਦਾ ਮੌਕਾ ਗਗਨਦੀਪ ਨੂੰ ਨਹੀਂ ਮਿਲਿਆ।
ਪੁਲਿਸ ਅਧਿਕਾਰੀਆਂ ਦੇ ਹਾਵ-ਭਾਵ ਤੋਂ ਇਹ ਵੀ ਜ਼ਾਹਿਰ ਹੋ ਰਿਹਾ ਸੀ ਕਿ ਮਹਿਜ਼ 27 ਸਾਲ ਦੀ ਉਮਰ ਦੇ ਇਸ ਸਬ-ਇੰਸਪੈਕਟਰ ਨੂੰ ਮੀਡੀਆ ਰਾਤੋ ਰਾਤ ਹੀਰੋ ਬਣਾਉਣ 'ਚ ਕਿਉਂ ਲੱਗਿਆ ਹੋਇਆ ਹੈ।
'ਅੰਡਰਗਰਾਊਂਡ' ਗਗਨਦੀਪ ਤੇ ਰਾਮਨਗਰ ਦੀ ਫ਼ਿਜ਼ਾ
ਸਬ ਇੰਸਪੈਕਟਰ ਗਗਨਦੀਪ ਦੇ 'ਅੰਡਰਗਰਾਊਂਡ' ਹੋਣ ਦੇ ਸੰਭਾਵਿਤ ਕਾਰਨ ਦਾ ਪਤਾ ਰਾਮਨਗਰ ਦੀਆਂ ਫ਼ਿਜ਼ਾਵਾਂ ਤੋਂ ਲੱਗਿਆ।
ਗਗਨਦੀਪ ਸਿੰਘ ਨੇ ਜਿਸ ਮੁਸਲਮਾਨ ਨੌਜਵਾਨ ਨੂੰ ਭੀੜ 'ਚੋਂ ਬਚਾਇਆ ਸੀ। ਉਸ ਨੂੰ ਇੱਕ ਹਿੰਦੂ ਕੁੜੀ ਦੇ ਨਾਲ ਮੰਦਿਰ ਕੰਪਲੈਕਸ ਦੇ ਕੋਲ ਹਿੰਦੂ ਭੀੜ ਨੇ ਘੇਰ ਲਿਆ ਸੀ।
ਸੂਬੇ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਕਈ ਆਗੂਆਂ ਨੇ ਇਸ ਨੂੰ ਲਵ ਜਿਹਾਦ ਦਾ ਮਾਮਲਾ ਦੱਸਿਆ ਹੈ।
ਰੂਦਰਪੁਰ ਤੋਂ ਭਾਜਪਾ ਵਿਧਾਇਕ ਰਾਜ ਕੁਮਾਰ ਠੁਕਰਾਲ ਨੇ ਮੀਡੀਆ ਦੇ ਸਾਹਮਣੇ ਇਸ ਮਾਮਲੇ ਨੂੰ ਕਾਨੂੰਨ ਵਿਵਸਥਾ ਦਾ ਨਿਕੰਮਾਪਣ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਲਵ ਜਿਹਾਦ ਦੇ ਕਿਸੇ ਵੀ ਮਾਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਨ੍ਹਾਂ ਦੇ ਇਸ ਬਿਆਨ ਦਾ ਅਸਰ ਸਥਾਨਕ ਪੁਲਿਸ ਅਧਿਕਾਰੀਆਂ 'ਤੇ ਸਾਫ਼ ਨਜ਼ਰ ਆ ਰਿਹਾ ਸੀ।
ਰਾਮਨਗਰ ਦੇ ਗਰਜੀਆ ਮੰਦਿਰ ਦੇ ਆਲੇ-ਦੁਆਲੇ ਦੇ ਲੋਕਾਂ ਦੇ ਚਿਹਰਿਆਂ ਦੇ ਹਾਵ-ਭਾਵ ਮਾਹੌਲ ਦੀ ਗੰਭੀਰਤਾ ਨੂੰ ਉਜਾਗਰ ਕਰ ਰਹੇ ਸਨ।

ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਥਾਨਕ ਗ੍ਰਾਮ ਪ੍ਰਧਾਨ ਰਾਕੇਸ਼ ਨੈਨਵਾਲ ਨੇ ਬੀਬੀਸੀ ਨੂੰ ਦੱਸਿਆ, ''ਇਹ ਘਟਨਾ ਕੋਈ ਇੰਨੀ ਵੱਡੀ ਨਹੀਂ ਕਿ ਇਸ ਨੂੰ ਇੰਨਾ ਵੱਡਾ ਕਰਕੇ ਦਿਖਾਇਆ ਜਾਵੇ, ਸਾਡੇ ਕਾਰਕੁਨਾਂ ਵੱਲੋਂ ਮੁੰਡੇ ਨੂੰ ਦੋ ਥੱਪੜ ਹੀ ਤਾਂ ਮਾਰੇ ਗਏ ਹਨ।''
"ਤੁਸੀਂ ਵੀਡੀਓ ਦੇਖੋ, ਕਿਸੇ ਕੋਲ ਕੋਈ ਹਥਿਆਰ ਨਹੀਂ ਸਨ। ਤੁਸੀਂ ਇਹ ਵੀ ਦੇਖੋ ਕਿ ਉਹ ਲੋਕ ਮੰਦਿਰ ਕੰਪਲੈਕਸ 'ਚ ਕੀ ਕਰਨ ਆ ਰਹੇ ਹਨ, ਅਯਾਸ਼ੀ ਕਰਨ ਆ ਰਹੇ ਹਨ, ਪੁਲਿਸ ਉਨ੍ਹਾਂ ਲੋਕਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਹੈ।''
ਰਾਮਨਗਰ 'ਚ ਕੁਝ ਅਜਿਹੇ ਲੋਕ ਵੀ ਮਿਲੇ ਜਿਨ੍ਹਾਂ ਨੇ ਇਲਜ਼ਾਮ ਲਾਇਆ ਕਿ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰਾਮਨਗਰ ਦੇ ਹੀ ਰਹਿਣ ਵਾਲੇ ਕੈਸਰ ਰਾਨਾ ਨੇ ਦੱਸਿਆ, ''ਪਿਛਲੇ ਕੁਝ ਸਮੇਂ ਤੋਂ ਰਾਮਨਗਰ ਦੀ ਫ਼ਿਜ਼ਾ ਨੂੰ ਵਿਗਾੜਨ ਦੀ ਕੋਸ਼ਿਸ਼ ਕੁਝ ਲੋਕਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ, ਲਵ ਜਿਹਾਦ ਦੇ ਨਾਂ 'ਤੇ ਮੁਸਲਮਾਨਾਂ ਨੂੰ ਘੇਰਿਆ ਜਾ ਰਿਹਾ ਹੈ....ਜੇ ਨੌਜਵਾਨ ਮੁੰਡੇ-ਕੁੜੀਆਂ ਮਿਲਦੇ ਹਨ ਤਾਂ ਕੁਝ ਲੋਕ ਇਹ ਫ਼ਰਮਾਨ ਕਿਵੇਂ ਜਾਰੀ ਕਰ ਸਕਦੇ ਹਨ ਕਿ ਇਹ ਲਵ ਜਿਹਾਦ ਹੈ?''
ਰਾਮਨਗਰ ਦੇ ਇੱਕ ਹੋਰ ਵਾਸੀ ਅਤੇ ਰੰਗਕਰਮੀ ਅਜੀਤ ਸਾਹਨੀ ਕਹਿੰਦੇ ਹਨ, ''ਮੇਰੇ ਇੱਕ ਦੋਸਤ ਨੇ ਕਿਹਾ- ਧਰਮ ਦੀਆਂ ਬੈਸਾਖੀਆਂ 'ਤੇ ਇਹ ਸਿਆਸਤ ਦਾ ਸਫ਼ਰ, ਆਦਮੀ 'ਤੇ ਆਦਮੀ ਦੀ ਜਾਨਵਰ ਵਰਗੀ ਨਜ਼ਰ।'' ਉਨ੍ਹਾਂ ਨੇ ਅੱਗੇ ਕਿਹਾ, ''ਗਗਨਦੀਪ ਸਿੰਘ ਨੇ ਜਿਸ ਤਰ੍ਹਾਂ ਇੱਕ ਨੌਜਵਾਨ ਨੂੰ ਆਪਣੀ ਛਾਤੀ ਨਾਲ ਲਗਾ ਕੇ ਉਸਦੀ ਰਾਖੀ ਕੀਤੀ ਹੈ ਅਜਿਹੀ ਤਸਵੀਰ ਪੂਰੇ ਭਾਰਤ 'ਚ ਦੇਖਣ ਲਈ ਅਸੀਂ ਤਰਸ ਰਹੇ ਹਾਂ।''

ਅਜਿਹੇ 'ਚ ਸਮਝਣਾ ਮੁਸ਼ਕਿਲ ਨਹੀਂ ਹੈ ਕਿ ਭਾਜਪਾ ਦੇ ਆਗੂਆਂ ਦੇ ਰਵੱਈਏ ਦਾ ਦਬਾਅ ਸਥਾਨਕ ਪੁਲਿਸ 'ਤੇ ਘੱਟ ਨਹੀਂ ਹੈ, ਹਾਲਾਂਕਿ ਐਸਐਸਪੀ ਜਨਮੇਜਯ ਖੰਡੂਰੀ ਕਹਿੰਦੇ ਹਨ, "ਸਾਡੇ 'ਤੇ ਕੋਈ ਦਬਾਅ ਨਹੀਂ ਹੈ।''
ਉਹ ਇਹੀ ਗੱਲ ਦੁਹਰਾਉਂਦੇ ਰਹੇ ਕਿ ਇਨ੍ਹਾਂ ਹਾਲਾਤ ਵਿੱਚ ਗਗਨਦੀਪ ਸਿੰਘ ਨਾਲ ਅਜੇ ਗੱਲ ਕਰਨਾ ਸਹੀ ਨਹੀਂ ਹੋਵੇਗਾ।
ਇਹ ਹੋ ਸਕਦਾ ਹੈ ਕਿ ਪੁਲਿਸ ਵਿਭਾਗ ਆਪਣੇ ਨੌਜਵਾਨ ਅਧਿਕਾਰੀ ਨੂੰ ਮੀਡੀਆ ਐਕਸਪੋਜ਼ਰ ਤੋਂ ਬਚਾਉਣਾ ਚਾਹੁੰਦਾ ਹੋਵੇ।ਇਹ ਸਾਫ ਹੈ ਕਿ ਉਤਰਾਖੰਡ ਪੁਲਿਸ ਦੀ ਲੀਡਰਸ਼ਿਪ ਨੇ ਇਸ ਮੌਕੇ 'ਤੇ ਬਾਕੀ ਪੁਲਿਸ ਫੋਰਸ ਦੇ ਸਾਹਮਣੇ ਗਗਨਦੀਪ ਦੀ ਮਿਸਾਲ ਰੱਖਣ ਦਾ ਸੁਨਹਿਰੀ ਮੌਕਾ ਗੁਆ ਦਿੱਤਾ ਹੈ।
ਹਾਲਾਕਿ ਉਤਰਾਖੰਡ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀਆਂ ਅਤੇ ਡੀਜੀਪੀ ਹੈੱਡ ਕੁਆਰਟਰ ਦੇ ਦਫ਼ਤਰ ਨੇ ਵੀ ਲਗਾਤਾਰ ਇਹੀ ਦੱਸਿਆ ਕਿ ਗਗਨਦੀਪ ਸਿੰਘ ਦੀ ਕਹਾਣੀ ਇੱਕ ਪੋਜ਼ਿਟਿਵ ਸਟੋਰੀ ਹੈ।

ਤਸਵੀਰ ਸਰੋਤ, fb/gagandeepsingh
ਗਗਨਦੀਪ ਸਿੰਘ ਨੂੰ ਸਨਮਾਨਿਤ ਕਰਨ ਦੀ ਪਹਿਲ ਫਿਲਹਾਲ ਸੂਬਾ ਸਰਕਾਰ ਨੇ ਨਹੀਂ ਕੀਤੀ, ਜਦਕਿ ਪੁਲਿਸ ਵਿਭਾਗ ਦੇ ਸਾਹਮਣੇ ਚੁਣੌਤੀ ਇਹੀ ਹੈ ਕਿ ਗਗਨਦੀਪ ਸਿੰਘ ਵਰਗੇ ਪੁਲਿਸ ਇੰਸਪੈਕਟਰ ਹਰ ਇਲਾਕੇ ਵਿੱਚ ਹੋਣ।
ਭਾਵੇਂ ਉਹ ਸਿਆਸੀ ਦਬਾਅ ਹੋਵੇ ਜਾਂ ਫ਼ਿਰ ਵਿਭਾਗੀ ਦਬਾਅ, ਅਜਿਹਾ ਲੱਗਿਆ ਕਿ ਗਗਨਦੀਪ ਸਿੰਘ ਦਾ ਹੌਸਲਾ ਕਾਇਮ ਹੈ। 28 ਮਈ ਦੀ ਦੁਪਹਿਰ ਨੂੰ ਜਦੋਂ ਉਨ੍ਹਾਂ ਦਾ ਮਹਿਕਮਾ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸੇ ਦਿਨ ਉਨ੍ਹਾਂ ਆਪਣੀ ਫੇਸਬੁੱਕ ਪ੍ਰੋਫ਼ਾਈਲ ਪਿਕਚਰ ਨੂੰ ਬਦਲਿਆ।

ਪਰ ਸਭ ਤੋਂ ਦਿਲਚਸਪ ਉਨ੍ਹਾਂ ਦਾ ਵਟਸਐਪ ਸਟੇਟਸ ਹੈ- ''ਮੈਂ ਕਿਸੀ ਸੇ ਬਿਹਤਰ ਕਰੂੰ...ਕਿਆ ਫ਼ਰਕ ਪੜਤਾ ਹੈ..! ਮੈਂ ਕਿਸੀ ਕਾ ਬੇਹਤਰ ਕਰੂੰ...ਬਹੁਤ ਫ਼ਰਕ ਪੜਤਾ ਹੈ...!''













