ਕੋਈ ਤਾਂ ਕਾਰਨ ਹੈ ਕਿ ਭਾਰਤੀ ਮੀਡੀਆ ਇਹ ਖ਼ਬਰ ਨਹੀਂ ਦਿਖਾ ਰਿਹਾ

ਤਸਵੀਰ ਸਰੋਤ, COBRAPOST.COM
- ਲੇਖਕ, ਜਸਟਿਨ ਰੌਲਟ
- ਰੋਲ, ਦੱਖਣੀ ਏਸ਼ੀਆ ਪੱਤਰਕਾਰ
ਭਾਰਤ ਵਿੱਚ ਇੱਕ ਸਕੈਂਡਲ ਦੀ ਸੰਭਾਵਨਾ ਉਜਾਗਰ ਹੋਈ ਹੈ ਜੋ ਭਾਰਤੀ ਲੋਕਤੰਤਰ ਦੇ ਥੰਮ - ਪ੍ਰੈਸ ਦੀ ਆਜ਼ਾਦੀ 'ਤੇ ਵਾਰ ਕਰਨ ਦਾ ਦਾਅਵਾ ਕਰ ਰਿਹਾ ਹੈ। ਫੇਰ ਵੀ ਭਾਰਤੀ ਮੀਡੀਆ ਇਸ ਨੂੰ ਬਹੁਤ ਘੱਟ ਦਿਖਾ ਰਿਹਾ ਹੈ।
ਇਸ ਦਾ ਸਰਲ ਜਿਹਾ ਕਾਰਨ ਹੈ ਕਿ ਇਸ ਸਕੈਂਡਲ ਵਿੱਚ ਦੇਸ ਦੇ ਸਭ ਤੋਂ ਤਾਕਤਵਰ ਮੀਡੀਆ ਘਰਾਣੇ ਸ਼ਾਮਲ ਹਨ।
ਮੀਡੀਆ ਆਧਾਰੇ ਕੋਬਰਾ ਪੋਸਟ ਨੇ ਇੱਕ ਸਟਿੰਗ ਅਪ੍ਰੇਸ਼ਨ ਮਗਰੋਂ ਦਾਅਵਾ ਕੀਤਾ ਹੈ ਕਿ ਦੇਸ ਦੇ ਕਈ ਵੱਡੇ ਮੀਡੀਆ ਘਰਾਣੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਪੱਖ ਪੂਰਦੇ ਹਨ।
ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦੇਸ ਦੇ ਮੀਡੀਆ ਸੰਸਥਾਨਾਂ ਦੇ ਸੀਨੀਅਰ ਕਰਤੇ-ਧਰਤੇ ਅਤੇ ਪੱਤਰਕਾਰ ਸਿਆਸੀ ਏਜੰਡਾ ਖਬਰਾਂ ਦੇ ਰੂਪ ਵਿੱਚ ਜਨਤਾ ਤੱਕ ਪਹੁੰਚਾਉਣ ਲਈ ਪੈਸੇ ਲੈਣ ਨੂੰ ਵੀ ਤਿਆਰ ਹਨ।
ਕੋਬਰਾਪੋਸਟ ਇੱਕ ਵਿਵਾਦਿਤ ਮੀਡੀਆ ਅਦਾਰਾ ਹੈ ਜੋ ਕਿ ਆਪਣੇ ਆਪ ਨੂੰ ਗੈਰ ਮੁਨਾਫਾ ਸੰਗਠਨ ਦਸਦਾ ਹੈ ਜਿਸਦਾ ਮੰਨਣਾ ਹੈ ਕਿ ਭਾਰਤ ਦੀ ਬਹੁਤੀ ਪੱਤਰਕਾਰੀ ਆਪਣਾ ਮੱਹਤਵ ਖੋ ਚੁੱਕੀ ਹੈ ਅਤੇ ਆਪਣੇ ਲੁਕਵੇਂ ਸਟਿੰਗ ਅਪ੍ਰੇਸ਼ਨਾਂ ਕਰਕੇ ਚਰਚਾ ਵਿੱਚ ਰਹਿੰਦਾ ਹੈ।
ਕੋਬਰਾ ਪੋਸਟ ਦੇ ਇਸ ਅਪ੍ਰੇਸ਼ਨ ਦਾ ਨਾਮ 2017 ਦੀ ਵਿਸ਼ਵ ਪ੍ਰੈਸ ਰੈਂਕਿੰਗ ਵਿੱਚ ਭਾਰਤ ਦੇ ਦਰਜੇ 136 ਨੂੰ ਦਰਸਾਉਂਦਾ ਹੈ।
ਕੋਬਰਾਪੋਸਟ ਦੀ ਵੈਬਸਾਈਟ 'ਤੇ ਦੇਸ ਦੇ ਸਿਰਮੌਰ ਮੀਡੀਆ ਅਦਾਰੇ ਨਾ ਸਿਰਫ ਪੈਸੇ ਬਦਲੇ ਦੇਸ ਦੇ ਫਿਰਕੂ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਲਈ ਤਿਆਰ ਸਨ ਸਗੋਂ ਉਹ ਇੱਕ ਪਾਰਟੀ ਵਿਸ਼ੇਸ਼ ਲਈ ਚੋਣ ਨਤੀਜਿਆਂ ਨੂੰ ਵੀ ਪ੍ਰਭਾਵਿਤ ਕਰਨ ਲਈ ਤਿਆਰ ਸਨ।
ਕੋਬਰਾਪੋਸਟ ਦੇ ਅੰਡਰਕਵਰ (ਲੁਕਵੇਂ) ਪੱਤਰਕਾਰ, ਪੁਸ਼ਪ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਸ ਦੇ ਸਿਰਮੌਰ 25 ਮੀਡੀਆ ਸੰਸਥਾਵਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਸਾਰਿਆਂ ਨੂੰ ਇੱਕ ਹੀ ਪੇਸ਼ਕਸ਼ ਕੀਤੀ।
ਉਨ੍ਹਾਂ ਨੇ ਆਪਣੀ ਪਛਾਣ ਇੱਕ ਧਨਾਡ ਹਿੰਦੂ ਆਸ਼ਰਮ ਦੇ ਨੁਮਾਂਇੰਦੇ ਵਜੋਂ ਕਰਵਾਈ। ਉਨ੍ਹਾਂ ਕਿਹਾ ਕਿ ਇਹ ਆਸ਼ਰਮ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਬਾਅਦ ਹਿੰਦੂ ਰਾਸ਼ਟਰਵਾਦੀ ਪਾਰਟੀ ਭਾਜਪਾ ਦੀ ਸਰਕਾਰ ਕਾਇਮ ਰੱਖਣ ਲਈ ਵੱਡੀ ਰਕਮ ਖਰਚਣ ਨੂੰ ਤਿਆਰ ਹੈ।
ਸ਼ਰਮਾ ਨੇ ਦੱਸਿਆ ਕਿ ਆਸ਼ਰਮ ਨੇ ਇਨ੍ਹਾਂ ਭੁਗਤਾਨਾਂ ਲਈ ਇੱਕ ਤਿੰਨ ਪੜਾਵਾਂ ਵਾਲੀ ਰਣਨੀਤੀ ਤਿਆਰ ਕੀਤੀ ਹੈ।
ਪਹਿਲੇ ਪੜਾਅ 'ਤੇ- ਸ਼ਰਮਾ ਨੇ ਪੇਸ਼ਕਸ਼ ਕੀਤੀ ਕਿ ਮੀਡੀਆ ਸੰਗਠਨ "ਸੌਫ਼ਟ ਹਿੰਦੂਤਵਾ" ਨੂੰ ਉਤਸ਼ਾਹਿਤ ਕਰਨ। ਇਸ ਦਾ ਭਾਵ ਸੀ ਕਿ ਹਿੰਦੂ ਵਿਸ਼ਵਾਸ਼ ਅਤੇ ਕਦਰਾਂ ਕੀਮਤਾਂ ਹੀ ਭਾਰਤੀ ਵਿਚਾਰਧਾਰਾ ਹੈ। ਇਸ ਕੰਮ ਨੂੰ ਨੇਪਰੇ ਚਾੜਨ ਲਈ ਉਨ੍ਹਾਂ ਸੁਝਾਅ ਦਿੱਤਾ ਕਿ ਭਗਵਾਨ ਕ੍ਰਿਸ਼ਨ ਦੇ ਕਥਨ ਪ੍ਰਸਾਰਿਤ ਕੀਤੇ ਜਾਣ ਜਾਂ ਗੀਤਾ ਦੀਆਂ ਕਹਾਣੀਆਂ ਸੁਣਾਈਆਂ ਜਾਣ।
ਦੂਸਰੇ ਪੜਾਅ ਵਿੱਚ ਭਾਜਾਪਾ ਦੇ ਸਿਆਸੀ ਵਿਰੋਧੀਆਂ 'ਤੇ ਖਾਸ ਕਰਕੇ, ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ 'ਤੇ ਹਮਲੇ ਕੀਤੇ ਜਾਣ।

ਅਖੀਰ ਵਿੱਚ ਕੱਟੜਪੰਥੀ ਹਿੰਦੂ ਪ੍ਰਚਾਰਕਾਂ ਦੇ ਭੜਕਾਊ ਭਾਸ਼ਨਾਂ ਦਾ ਪ੍ਰਸਾਰਣ ਕੀਤਾ ਜਾਣਾ ਸੀ।
ਇਸ ਪੜਾਅ ਦਾ ਮੰਤਵ ਸ਼ਰਮਾ ਨੇ ਮੀਡੀਆ ਘਰਾਣਿਆਂ ਦੇ ਅਧਿਕਾਰੀਆਂ ਨੂੰ ਇਹ ਦੱਸਿਆ ਕਿ ਇਸ ਨਾਲ ਵੋਟਰਾਂ ਨੂੰ ਵੰਡਿਆ ਜਾ ਸਕੇਗਾ।
ਵਾਇਰਲ ਵੀਡੀਓਜ਼ ਅਤੇ ਜਿੰਗਲਜ਼
ਕੋਬਰਾਪੋਸਟ ਮੁਤਾਬਕ ਉਨ੍ਹਾਂ ਨੇ ਦਿ ਟਾਈਮਜ਼ ਆਫ਼ ਇੰਡੀਆ ਦੇ ਬੈਨਟ ਕੋਲਮੈਨ ਨੂੰ ਸੰਪਰਕ ਕੀਤਾ। ਦਿ ਟਾਈਮਜ਼ ਆਫ਼ ਇੰਡੀਆ ਨਾ ਸਿਰਫ ਭਾਰਤ ਸਗੋਂ ਵਿਸ਼ਵ ਦਾ ਸਭ ਤੋਂ ਵੱਧ ਵਿਕਣ ਵਾਲਾ ਅੰਗਰੇਜ਼ੀ ਦਾ ਅਖ਼ਬਾਰ ਹੈ।
ਕੋਬਰਾਪੋਸਟ ਨੇ ਦਿ ਨਿਊ ਇੰਡੀਅਨ ਐਕਸਪ੍ਰੈਸ, ਜੋ ਕਿ ਇੱਕ ਹੋਰ ਵੱਡਾ ਅੰਗਰੇਜ਼ੀ ਅਖ਼ਬਾਰ ਹੈ ਅਤੇ ਇੰਡੀਆ ਟੂਡੇ ਸਮੂਹ ਜੋ ਕਿ ਦੇਸ ਦੇ ਸਭ ਤੋਂ ਪ੍ਰਸਿੱਧ ਨੀਊਜ਼ ਚੈਨਲਾਂ ਵਿੱਚੋਂ ਇੱਕ ਦਾ ਮਾਲਕ ਹੈ, ਨੂੰ ਵੀ ਨਿਸ਼ਾਨਾ ਬਣਾਇਆ।
ਹਿੰਦੀ ਅਖ਼ਬਾਰ ਅਤੇ ਖੇਤਰੀ ਮੀਡੀਆ ਸਮੂਹਾਂ ਨੂੰ ਵੀ ਸੰਪਰਕ ਕੀਤਾ ਗਿਆ।
ਕੋਬਰਾਪੋਸਟ ਮੁਤਾਬਕ, ਜਿਹੜੇ ਦੋ ਦਰਜਨ ਮੀਡੀਆ ਸਮੂਹਾਂ ਨਾਲ ਸੰਪਰਕ ਕੀਤਾ ਗਿਆ ਉਨ੍ਹਾਂ ਵਿੱਚੋਂ ਸਿਰਫ਼ ਦੋ ਨੇ ਹੀ ਉਨ੍ਹਾਂ ਦੀ ਪੇਸ਼ਕਸ਼ ਮੰਨਣ ਤੋਂ ਇਨਕਾਰ ਕੀਤਾ।
ਕੋਬਰਾਪੋਸਟ ਦੀ ਵੈਬਸਾਈਟ 'ਤੇ ਪਾਈਆਂ ਗਈਆਂ ਵੀਡੀਓਜ਼ ਵਿੱਚ ਮੀਡੀਆ ਸੰਸਥਾਵਾਂ ਦੇ ਵੱਡੇ ਅਧਿਕਾਰੀ, ਸੰਪਾਦਕ ਅਤੇ ਪੱਤਰਕਾਰ ਇਸ ਗੱਲ ਦੀ ਚਰਚਾ ਕਰਦੇ ਦੇਖੇ ਜਾ ਸਕਦੇ ਹਨ ਕਿ ਉਸਦੀ (ਸ਼ਰਮਾ ਦੀ) ਯੋਜਨਾ ਨੂੰ ਅਮਲੀ ਰੂਪ ਕਿਵੇਂ ਦਿੱਤਾ ਜਾ ਸਕਦਾ ਹੈ।

ਤਸਵੀਰ ਸਰੋਤ, Getty Images
ਵੱਖੋ-ਵੱਖ ਸੰਗਠਨਾਂ ਨੇ ਇਸ ਬਾਰੇ ਆਪੋ-ਆਪਣੇ ਸੁਝਾਅ ਦਿੱਤੇ। ਇਸ ਵਿੱਚ ਖ਼ਬਰਾਂ ਵਰਗੀਆਂ ਮਸ਼ਹੂਰੀਆਂ ਤੋਂ ਲੈ ਕੇ ਪੈਸੇ ਲੈ ਕੇ ਖਬਰਾਂ ਦੇਣਾ ਅਤੇ ਖ਼ਾਸ ਫੀਚਰ ਸ਼ਾਮਲ ਸਨ।
ਕੁਝ ਨੇ ਕਿਹਾ ਕਿ ਉਹ ਆਸ਼ਰਮ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਖ਼ਾਸ ਟੀਮਾਂ ਬਣਾਉਣਗੇ। ਉਹ ਵਾਇਰਲ ਕੀਤੀਆਂ ਜਾ ਸਕਣ ਵਾਲੀਆਂ ਵੀਡੀਓਜ਼, ਜਿੰਗਲਜ਼, ਕੁਇਜ਼ ਅਤੇ ਹੋਰ ਸਮਾਰੋਹ ਵੀ ਕਰਵਾਉਣ ਦੀਆਂ ਗੱਲਾਂ ਕਰ ਰਹੇ ਸਨ।
ਕੋਬਰਾ ਪੋਸਟ ਨੇ ਦੇਸ ਦੀਆਂ ਕੁਝ ਸਭ ਤੋਂ ਤਾਕਤਵਰ ਮੀਡੀਆ ਸੰਸੰਥਨਾਂ ਉੱਤੇ ਗੰਭੀਰ ਕਿਸਮ ਦੇ ਇਲਜ਼ਾਮ ਲਾਏ ਹਨ।
ਬਹੁਤੇ ਲੋਕਤੰਤਰਾਂ ਵਿੱਚ ਇਸ ਕਿਸਮ ਦੇ ਕੌਮੀ ਸਕੈਂਡਲ ਦੇ ਸਾਹਮਣੇ ਆਉਣ ਨਾਲ ਅਖ਼ਬਾਰਾਂ ਦੇ ਮੁੱਖ ਪੰਨਿਆਂ 'ਤੇ ਵੱਡੀਆਂ ਸੁਰਖੀਆਂ ਬਣਨੀਆਂ ਸਨ ਅਤੇ ਜਨਤਾ ਵਿੱਚ ਰੋਹ ਭੜਕਣਾ ਸੀ।
ਭਾਰਤ ਵਿੱਚ ਕੁਝ ਕੁ ਆਨਲਾਈਨ ਮੀਡੀਆ ਅਦਾਰਿਆਂ ਜਿਵੇਂ ਦਿ ਵਾਇਰ, ਸਕਰੌਲ ਅਤੇ ਦਿ ਪ੍ਰਿੰਟ ਨੇ ਇਸ ਨੂੰ ਵਿਸਥਰਿਤ ਕਵਰੇਜ ਦਿੱਤੀ ਹੈ।
ਮੋੜਵਾਂ ਸਟਿੰਗ
ਇਸ ਸਟਿੰਗ ਅਪ੍ਰੇਸ਼ਨ ਵਿੱਚ ਨਿਸ਼ਨਾ ਬਣਾਏ ਗਏ ਮੀਡੀਆ ਘਰਾਣਿਆਂ ਨੇ ਕੋਬਰਾ ਪੋਸਟ ਦੇ ਦਾਅਵਿਆਂ ਦਾ ਜਵਾਬ ਦਿੱਤਾ ਹੈ।
ਉਨ੍ਹਾਂ ਨੇ ਕਿਸੇ ਕਿਸਮ ਦੀ ਕੁਤਾਹੀ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਅੰਡਰਕਵਰ ਵੀਡੀਓਜ਼ ਨਾਲ ਛੇੜ ਖਾਨੀ ਕੀਤੀ ਗਈ ਹੈ ਅਤੇ ਅਸਲ ਗੱਲਬਾਤ ਨੂੰ ਲੁਕਾਇਆ ਗਿਆ ਹੈ।

ਤਸਵੀਰ ਸਰੋਤ, Getty Images
ਮਿਸਾਲ ਵਜੋਂ ਦਿ ਟਾਈਮਜ਼ ਆਫ਼ ਇੰਡੀਆ ਨੇ ਇਸ ਨੂੰ 'ਸਮੱਗਰੀ ਨਾਲ ਛੇੜਖਾਨੀ ਅਤੇ ਗਲਤ ਤੱਥਾਂ ਦਾ ਮਾਮਲਾ' ਕਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀਆਂ ਮੀਡੀਆ ਸੰਸਥਾਵਾਂ ਦਾ ਕੋਬਰਾ ਪੋਸਟ ਨੇ ਨਾਮ ਲਿਆ ਹੈ ਉਨ੍ਹਾਂ ਵਿੱਚੋਂ ਕੋਈ ਵੀ ਕਿਸੇ ਗੈਰ ਕਾਨੂੰਨੀ ਜਾਂ ਅਨੈਤਿਕ ਕੰਮ ਲਈ ਸਹਿਮਤ ਨਹੀਂ ਹੋਈ ਅਤੇ ਨਾ ਹੀ ਕਿਸੇ ਸਮਝੌਤੇ 'ਤੇ ਸਹੀ ਪਾਈ ਗਈ।"
ਕੋਬਰਾ ਪੋਸਟ ਦੀਆਂ ਵੀਡੀਓਜ਼ ਵਿੱਚ ਬੈਨੇਟ ਕੋਲਮੈਨ ਕੰਪਨੀ ਜੋ ਕਿ ਟਾਈਮਜ਼ ਆਫ਼ ਇੰਡੀਆ ਦੇ ਪ੍ਰਕਾਸ਼ਕ ਹੈ, ਦੇ ਪ੍ਰਬੰਧਕੀ ਨਿਰਦੇਸ਼ਕ ਵਿਨੀਤ ਜੈਨ, ਪੇਸ਼ਕਸ਼ ਨੂੰ ਵਿਚਾਰਨ ਲਈ ਉਨ੍ਹਾਂ ਦੇ ਸਮੂਹ ਨੂੰ ਕਿੰਨੇ ਪੈਸਿਆਂ ਦੀ ਲੋੜ ਪਵੇਗੀ ਇਸ ਬਾਰੇ ਸੌਦੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਜੈਨ ਨੇ ਡੇਢ ਸੌ ਮਿਲੀਅਨ ਡਾਲਰ ਦੀ ਮੰਗ ਕੀਤੀ ਅਤੇ ਅਖੀਰ ਵਿੱਚ ਇਸ ਤੋਂ ਅੱਧੀ ਰਕਮ 'ਤੇ ਸਹਿਮਤ ਹੋ ਗਏ।
ਇਸ ਦੇ ਇਲਾਵਾ ਟੈਕਸ ਤੋਂ ਬਚਣ ਲਈ ਕਿੰਨਾ ਪੈਸਾ ਨਕਦ ਦਿੱਤਾ ਜਾ ਸਕਦਾ ਹੈ ਇਸ ਬਾਰੇ ਵੀ ਚਰਚਾ ਕੀਤੀ ਗਈ।
ਬੈਨੇਟ ਕੋਲਮੈਨ ਨੇ ਕਿਸੇ ਕਿਸਮ ਦੀ ਬੇਈਮਾਨੀ ਤੋਂ ਇਨਕਾਰ ਕੀਤਾ ਹੈ ਅਤੇ ਦਿ ਟਾਈਮਜ਼ ਆਫ਼ ਇੰਡੀਆ ਵਿੱਚ ਛਪੇ ਇੱਕ ਲੇਖ ਵਿੱਚ ਕਿਹਾ ਗਿਆ ਕਿ ਅਸਲ ਵਿੱਚ ਕੋਬਰਾਪੋਸਟ ਮੋੜਵੇਂ ਸਟਿੰਗ ਦਾ ਸ਼ਿਕਾਰ ਹੋਇਆ ਹੈ।
ਉਸ ਦਾ ਕਹਿਣਾ ਹੈ ਬੈਨੇਟ ਕੋਲਮੈਨ ਦੇ "ਸੀਨੀਅਰ ਅਧਿਕਾਰੀ" ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਸ਼ਰਮਾ ਇੱਕ ਧੋਖੇਬਾਜ਼ ਹੈ ਅਤੇ ਉਹ ਉਸ ਦਾ ਰਾਜ ਉਘਾੜਨ ਲਈ ਜਾਣ ਬੁਝ ਕੇ ਉਸ ਦੀ ਪੇਸ਼ਕਸ਼ ਬਾਰੇ ਅੱਗੇ ਗੱਲਬਾਤ ਕਰਦੇ ਰਹੇ ਤਾਂ ਕਿ "ਧੋਖੇਬਾਜ਼ ਨੂੰ ਫੜਿਆ ਜਾ ਸਕੇ ਅਤੇ ਉਸਦਾ ਸਹੀ ਮੰਤਵ ਪਤਾ ਕੀਤਾ ਜਾ ਸਕੇ।"
ਇੰਡੀਆ ਟੂਡੇ ਗਰੁੱਪ ਨੇ ਵੀ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੇ ਕੋਈ ਕੁਤਾਹੀ ਨਹੀਂ ਕੀਤੀ।
ਇੱਕ ਬਿਆਨ ਵਿੱਚ ਇਸ ਨੇ ਕਿਹਾ ਕਿ ਕੰਪਨੀ ਦੇ ਅਧਿਕਾਰੀ ਕੁਝ ਵੀ ਅਨੈਤਿਕ ਨਹੀਂ ਕਰਨਗੇ ਅਤੇ ਅਜਿਹਾ ਕੋਈ ਵੀ ਇਸ਼ਤਿਹਾਰ ਜੋ ਦੇਸ ਨੂੰ ਧਰਮ ਜਾਂ ਜਾਤ ਦੇ ਆਧਾਰ ਤੇ ਵੰਡਦਾ ਹੋਵੇ ਨਾ ਤਾਂ ਸਵੀਕਾਰ ਕੀਤਾ ਜਾਵੇਗਾ ਅਤੇ ਨਾ ਹੀ ਇਸ ਦੇ ਚੈਨਲਾਂ ਤੋਂ ਪ੍ਰਸਾਰਿਤ ਕੀਤਾ ਜਾਵੇਗਾ।

ਤਸਵੀਰ ਸਰੋਤ, Getty Images
ਦਿ ਨਿਊ ਇੰਡੀਅਨ ਐਕਸਪ੍ਰੈਸ ਨੇ ਕਿਹਾ ਹੈ ਕਿ ਇਨ੍ਹਾਂ ਮੁਲਾਕਾਤਾਂ ਦਾ ਅਖ਼ਬਾਰ ਦੀਆਂ ਸੰਪਾਦਕੀ ਮੁੱਲਾਂ ਨਾਲ ਕੋਈ ਸੰਬੰਧ ਨਹੀਂ ਹੈ ਕਿਉਂਕਿ ਇਹ ਬੈਠਕਾਂ ਅੰਡਰਕਵਰ ਰਿਪੋਰਟਰ ਅਤੇ ਇਸ਼ਤਿਹਾਰਬਾਜ਼ੀ ਦੇਖਣ ਵਾਲੇ ਅਧਿਕਾਰੀਆਂ ਵਿਚਕਾਰ ਹੋਈਆਂ ਸਨ ਅਤੇ ਚਰਚਾ ਸਿਰਫ਼ ਇਸ਼ਤਿਹਾਰਬਾਜ਼ੀ ਕੈਪੇਨਿੰਗ ਦੀ ਸੰਭਾਵਨਾ ਬਾਰੇ ਸਨ।
ਇਸ ਨੇ ਇਹ ਵੀ ਕਿਹਾ ਕਿ ਫਿਰਕੂ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਮਸ਼ਹੂਰੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਅਤੇ ਅਧਿਕਾਰੀਆਂ ਨੇ ਸਪਸ਼ਟ ਕਰ ਦਿੱਤਾ ਸੀ ਕਿ ਸਾਰੇ ਇਸ਼ਤਿਹਾਰਾਂ ਦੀ ਕਾਨੂੰਨੀ ਨਜ਼ਰੀਏ ਤੋਂ ਪੜਤਾਲ ਕਰਨੀ ਹੋਵੇਗੀ।
ਇਸ ਗੱਲ ਬਾਰੇ ਕੋਈ ਸਵਾਲ ਨਹੀਂ ਹੈ ਕਿ ਕੋਬਰਾਪੋਸਟ ਦੇ ਇਲਜ਼ਾਮਾਂ ਦੀ ਸਿਹਤਮੰਦ ਆਲੋਚਨਾ ਕੀਤੀ ਜਾਣੀ ਚਾਹੀਦੀ ਹੈ।
ਪਰ ਇਸ ਬਾਰੇ ਵੀ ਕੋਈ ਦੋ ਰਾਇ ਨਹੀਂ ਹੈ ਕਿ ਉਨ੍ਹਾਂ ਨੇ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਬਾਰੇ ਗੰਭੀਰ ਸਵਾਲ ਚੁੱਕੇ ਹਨ। ਖਾਸ ਕਰਕੇ ਜਦੋਂ ਅਗਲੇ ਸਾਲ ਆਮ ਚੋਣਾ ਹੋਣ ਵਾਲੀਆਂ ਹਨ
ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਪ੍ਰੈੱਸ ਦੀ ਆਜ਼ਾਦੀ ਬਾਰੇ ਰੈਂਕਿੰਗ ਵਿੱਚ ਲਗਾਤਾਰ ਰਸਾਤਲ ਵੱਲ ਜਾਣਾ ਕੌਮੀ ਨਮੋਸ਼ੀ ਦਾ ਮਾਮਲਾ ਹੈ।
ਜੇ ਇਹ ਇਲਜ਼ਾਮ ਸਾਬਤ ਹੋ ਜਾਂਦੇ ਹਨ ਤਾਂ ਦੇਸ ਇਸ ਰੈਂਕਿੰਗ ਵਿੱਚ ਹੋਰ ਥੱਲੇ ਚਲਿਆ ਜਾਵੇਗਾ।
ਖ਼ਬਰ ਵੈਬਸਾਈਟ ਸਕਰੌਲ ਦੀ ਇੱਕ ਸੁਰਖੀ ਨੇ ਦੇਸ ਸਾਹਮਣੇ ਆਈ ਇਸ ਚੁਣੌਤੀ ਨੂੰ ਬਾਖੂਬੀ ਉਜਾਗਰ ਕੀਤਾ ਹੈ।
"ਕੋਬਰਾਪੋਸਟ ਦਾ ਪਰਦਾਫਾਸ਼ ਦਰਸਾਉਂਦਾ ਹੈ ਕਿ ਭਾਰਤੀ ਮੀਡੀਆ ਡੁੱਬ ਰਿਹਾ ਹੈ"..."ਹੁਣ ਜਾਂ ਤਾਂ ਅਸੀਂ ਮੁਕਾਬਲਾ ਕਰ ਸਕਦੇ ਹਾਂ ਜਾਂ ਡੋਬ ਦਿੱਤੇ ਜਾਵਾਂਗੇ।"












