ਪੰਜਾਬ 'ਚ ਝੋਨੇ ਦੀ ਬਿਜਾਈ: ਪਿੰਡੇ ਪੈਂਦੀ ਧੁੱਪ ਤੇ ਮਹਿੰਗੀ ਲੇਬਰ ਨੇ ਛੁਡਾਏ ਕਿਸਾਨ ਦੇ ‘ਪਸੀਨੇ’

ਤਸਵੀਰ ਸਰੋਤ, GURDARSHAN SINGH SANDHU/BBC
ਪੰਜਾਬ ਵਿੱਚ ਝੋਨੇ ਦੀ ਬਿਜਾਈ 20 ਜੂਨ ਤੋਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ ਪਰ ਕਿਸਾਨਾਂ ਨੂੰ ਝੋਨਾ ਲਵਾਉਣ ਲਈ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਤ ਇਹ ਹੋ ਗਏ ਹਨ ਕਿ ਕਿਸਾਨਾਂ ਨੂੰ ਮਹਿੰਗੇ ਭਾਅ ਉੱਤੇ ਵੀ ਮਜ਼ਦੂਰ ਨਹੀਂ ਮਿਲ ਰਹੇ ਹਨ ਅਤੇ ਮਜ਼ਦੂਰ ਵੀ ਇਸ ਨੂੰ ਫ਼ਾਇਦੇ ਦਾ ਸੌਦਾ ਨਹੀਂ ਮੰਨਦੇ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਹੈ, "ਮਜ਼ਦੂਰਾਂ ਦੀ ਕਮੀ ਲਈ ਸਰਕਾਰ ਜ਼ਿੰਮੇਵਾਰ ਹੈ। ਜੇ ਝੋਨਾ ਲਾਉਣ ਦੀ ਤਾਰੀਖ਼ 20 ਜੂਨ ਦੀ ਬਜਾਏ ਇੱਕ ਜੂਨ ਹੁੰਦੀ ਤਾਂ ਮਜ਼ਦੂਰਾਂ ਦੀ ਕਮੀ ਦਾ ਸਾਹਮਣਾ ਵੀ ਨਾ ਕਰਨਾ ਪੈਂਦਾ ਅਤੇ ਮਜ਼ਦੂਰਾਂ ਨੂੰ ਵੀ ਜ਼ਿਆਦਾ ਦਿਨ ਕੰਮ ਮਿਲਦਾ।"

ਤਸਵੀਰ ਸਰੋਤ, SUKHCHARAN PREET/BBC
ਬਰਨਾਲਾ
ਬਿਹਾਰ ਤੋਂ ਆਏ ਵਿਨੋਦ ਕੁਮਾਰ ਮੰਡਲ 1985 ਤੋਂ ਝੋਨਾ ਲਾਉਣ ਲਈ ਹਰ ਸਾਲ ਪੰਜਾਬ ਆ ਰਹੇ ਹਨ।
ਵਿਨੋਦ ਕੁਮਾਰ ਦਾ ਕਹਿਣਾ ਹੈ, "ਪਿਛਲੀ ਵਾਰ ਝੋਨਾ ਲਾਉਣ ਦਾ ਇੱਕ ਏਕੜ ਦਾ 2000 ਤੋਂ ਲੈ ਕੇ 2500 ਤੱਕ ਮਿਲਿਆ ਸੀ। ਇਸ ਵਾਰ ਤਿੰਨ ਹਜ਼ਾਰ ਮਿਲ ਰਿਹਾ ਹੈ। 10 ਕਾਮੇ ਇੱਕ ਦਿਨ ਵਿੱਚ ਤਿੰਨ ਏਕੜ ਝੋਨਾ ਲਾਉਂਦੇ ਹਨ।"
"ਹਰ ਰੋਜ਼ 14-15 ਘੰਟੇ ਕੰਮ ਕਰਨਾ ਪੈਂਦਾ ਹੈ। ਜੇ ਇੱਕ ਜੂਨ ਤੋਂ ਝੋਨਾ ਲੱਗਦਾ ਤਾਂ ਕੰਮ ਜ਼ਿਆਦਾ ਦਿਨ ਮਿਲਦਾ ਅਤੇ ਆਰਾਮ ਨਾਲ 8 ਘੰਟੇ ਰੋਜ਼ ਕੰਮ ਕਰਕੇ ਵੀ ਜ਼ਿਆਦਾ ਪੈਸੇ ਕਮਾ ਲੈਂਦੇ।"

ਤਸਵੀਰ ਸਰੋਤ, Jasbir Shetra/BBC
ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਸਵਾਰੀਆਂ ਨਾਲੋਂ ਕਿਸਾਨਾਂ ਦੀ ਭੀੜ ਜ਼ਿਆਦਾ ਨਜ਼ਰ ਆਉਣ ਲੱਗੀ ਹੈ।
ਗੱਡੀ 'ਚੋਂ ਉਤਰਦੇ ਪਰਵਾਸੀ ਮਜ਼ਦੂਰਾਂ ਨੂੰ ਬਾਹੋਂ ਫੜ੍ਹ ਕੇ ਆਪਣੇ ਨਾਲ ਲਿਜਾਣ ਲਈ ਕਾਹਲੇ ਕਿਸਾਨ ਉਨ੍ਹਾਂ ਨੂੰ ਵਧੇਰੇ ਪੈਸਿਆਂ ਤੋਂ ਇਲਾਵਾ ਹੋਰ 'ਸਹੂਲਤਾਂ' ਦਾ ਲਾਲਚ ਵੀ ਦਿੰਦੇ ਹਨ।
ਪਿੰਡ ਮਲਕ ਦੇ ਕਿਸਾਨ ਮਨਜੀਤ ਸਿੰਘ ਢਿੱਲੋਂ ਦੀ 100 ਏਕੜ ਵਾਹੀ ਹੈ। ਉਨ੍ਹਾਂ ਦੱਸਿਆ, "ਰਾਜ ਕੁਮਾਰ ਨਾਮ ਦੇ ਮਜ਼ਦੂਰ ਨੂੰ ਪਿੰਡ ਜਾਣ ਸਮੇਂ 50 ਹਜ਼ਾਰ ਰੁਪਏ ਐਡਵਾਂਸ ਦਿੱਤੇ ਸਨ। ਉੱਥੇ ਜਾ ਕੇ ਉਸ ਨੇ ਫੋਨ ਕਰਕੇ ਘਰ ਪਾਉਣ ਲਈ 50 ਹਜ਼ਾਰ ਹੋਰ ਮੰਗਵਾਏ। ਹੁਣ ਜਦੋਂ 20 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਗਿਆ ਹੈ ਤਾਂ ਇਹ ਪਰਵਾਸੀ ਮਜ਼ਦੂਰ ਆਪਣੇ ਸਾਥੀਆਂ ਸਮੇਤ ਪਹੁੰਚਿਆ ਹੀ ਨਹੀਂ।"
"ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਉਹ ਝੋਨਾ ਲਾਉਣ ਵਾਲੀ ਮਸ਼ੀਨ ਦੇਖ ਕੇ ਆਏ ਹਾਂ ਅਤੇ ਜਲਦੀ ਹੀ ਇਸ ਨੂੰ ਲਿਆਉਣ ਜਾ ਰਹੇ ਹਾਂ। ਲੁਧਿਆਣਾ ਸਟੇਸ਼ਨ 'ਤੇ ਪਹੁੰਚੇ ਖੰਨਾ ਦੇ ਕਿਸਾਨ ਚਰਨ ਸਿੰਘ ਨੇ ਦੱਸਿਆ ਕਿ ਤਿੰਨ ਹਜ਼ਾਰ ਪ੍ਰਤੀ ਏਕੜ ਝੋਨਾ ਲਾਉਣ ਦਾ ਠੇਕਾ ਕਰਕੇ ਉਹ ਮਜ਼ਦੂਰ ਲੈ ਕੇ ਜਾ ਰਹੇ ਹਨ।"

ਤਸਵੀਰ ਸਰੋਤ, GURPREET CHAWLA/BBC
ਗੁਰਦਾਸਪੁਰ
ਉੱਥੇ ਹੀ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਝੋਨੇ ਦੀ ਬਿਜਾਈ ਲਈ ਮਜ਼ਦੂਰ ਨਾ ਮਿਲਣ ਕਾਰਨ ਕਿਸਾਨ ਪਰੇਸ਼ਾਨ ਹਨ|
ਕਿਸਾਨ ਮਲਕੀਅਤ ਸਿੰਘ ਨੇ ਦੱਸਿਆ, "ਜਿਹੜੀ ਇੱਕ ਏਕੜ ਦੀ ਪਿਛਲੀ ਵਾਰ ਮਜ਼ਦੂਰੀ 2000-2200 ਸੀ ਉਹ ਇਸ ਵਾਰ 2600-3000 ਰੁਪਏ ਅਤੇ ਪਹਿਲਾਂ ਹੀ ਸਰਕਾਰ ਦੇ ਦਿੱਤੇ ਫ਼ਤਵੇ ਕਾਰਨ ਉਹ 10 ਦਿਨ ਪਿੱਛੜ ਗਏ ਹਨ ਅਤੇ ਹੁਣ ਲੇਬਰ ਨੂੰ ਲੱਭਣ ਲਈ ਸਮਾਂ ਬਰਬਾਦ ਹੋ ਰਿਹਾ ਹੈ ਅਤੇ ਜੇਕਰ ਲੇਬਰ ਮਿਲਦੀ ਹੈ ਤਾਂ ਉਹ ਵੀ ਐਡਵਾਂਸ ਪੈਸੇ ਲੈਕੇ ਆਉਂਦੀ ਹੈ।"
ਕਿਸਾਨ ਗੁਰਜੀਤ ਸਿੰਘ ਦਾ ਕਹਿਣਾ ਹੈ, "ਪਰਵਾਸੀ ਮਜ਼ਦੂਰ ਨਾ ਆਉਣ ਕਾਰਨ ਮੈਨੂੰ ਭੱਠੇ ਦੇ ਮਜ਼ਦੂਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਹ ਇੱਕ ਏਕੜ ਜ਼ਮੀਨ ਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਰੁਪਏ ਲੈਂਦੇ ਹਨ।"
ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਹਰੀਕਿਸ਼ੋਰ ਮੁਖੀਆ ਕਹਿੰਦੇ ਹਨ ਕਿ ਆਉਣ ਵਾਲੇ ਸਮੇ ਵਿੱਚ ਪੰਜਾਬ ਆਉਣ ਵਾਲੇ ਕਾਮਿਆਂ ਦੀ ਗਿਣਤੀ ਘਟੇਗੀ।
ਉਨ੍ਹਾਂ ਮੁਤਾਬਕ, ''ਸਾਡੇ ਨੌਜਵਾਨ ਦੁਕਾਨਾਂ ਅਤੇ ਫੈਕਟਰੀਆਂ ਵਿੱਚ ਲੱਗ ਜਾਂਦੇ ਹਨ ਅਤੇ ਕੋਈ ਲਵੀ ਖੇਤੀ ਦਾ ਕੰਮ ਨਹੀਂ ਕਰਨਾ ਚਾਹੁੰਦਾ, ਕੋਈ ਵੀ ਧੁੱਪ ਵਿੱਚ ਮਰਨਾ ਨਹੀਂ ਚਾਹੁੰਦਾ। ਹੁਣ ਸਿਰਫ਼ ਪੁਰਾਣੇ ਲੋਕ ਹੀ ਆ ਰਹੇ ਹਨ ਨਵੇਂ ਮੁੰਡੇ ਨਹੀਂ ਆਉਣਗੇ।''

ਤਸਵੀਰ ਸਰੋਤ, GURDARSHAN SINGH SANDHU/BBC
ਦੋਆਬਾ
ਦੋਆਬੇ ਵਿੱਚ ਆਉਂਦੇ ਚਾਰ ਜਿਲ੍ਹਿਆਂ ਵਿੱਚ ਲੇਬਰ ਦੇ ਰੇਟ ਵੱਖੋ-ਵੱਖਰੇ ਹਨ। ਦੋਨਾ ਇਲਾਕੇ ਵਿੱਚ ਝੋਨੇ ਦੀ ਲੁਆਈ ਦਾ ਰੇਟ ਸਭ ਤੋਂ ਵੱਧ ਹੈ।
ਮੱਕੀ ਦੀ ਖੇਤੀ ਲਈ ਮਸ਼ਹੂਰ ਇਸ ਖੇਤਰ ਵਿੱਚ ਝੋਨਾ ਲਗਾਉਣ ਲਈ ਲੇਬਰ ਚਾਰ ਹਾਜ਼ਾਰ ਰੁਪਏ ਤੋਂ ਇੱਕ ਰੁਪੱਇਆ ਘੱਟ ਲੈਣ ਲਈ ਤਿਆਰ ਨਹੀਂ।
ਮੱਕੀ ਦੀ ਖੇਤੀ ਮਗਰੋਂ ਖੇਤ ਵਿੱਚ ਪਿਛਲੇ ਸਾਲ ਝੋਨਾ ਲਾਉਣ ਰੇਟ 3300 ਰੁਪਏ ਸੀ।
ਦੋਨਾ ਦੇ ਕਿਸਾਨ ਤੇਗਾ ਸਿੰਘ ਨੇ ਦੱਸਿਆ, "ਮੱਕੀ ਦੇ ਵੱਢ ਵਾਲੇ ਖੇਤਾਂ ਵਿੱਚ ਕੀਮਤ ਚਾਰ ਹਾਜ਼ਾਰ ਰੁਪਏ ਹੋ ਗਈ ਹੈ। ਬਿਹਾਰ ਤੇ ਯੂ.ਪੀ. ਵਿੱਚ ਇਸ ਵਾਰੀ ਲੇਬਰ ਘੱਟ ਆਈ ਹੈ ਉਸ ਦਾ ਕਾਰਨ ਇਹੀ ਹੈ ਕਿ ਮਨਰੇਗਾ ਕਾਰਨ ਇੰਨ੍ਹਾਂ ਸੂਬਿਆਂ ਵਿੱਚ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਹੀ ਕੰਮ ਮਿਲਣ ਲੱਗ ਪਿਆ ਹੈ।"

ਤਸਵੀਰ ਸਰੋਤ, GURDARSHAN SINGH/BBC
ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਬੀਰ ਸਿੰਘ ਬੈਂਸ ਮੁਤਾਬਕ, "ਧਰਤੀ ਹੇਠਲੇ ਪਾਣੀ ਦੇ ਘੱਟਦੇ ਜਾ ਰਹੇ ਪੱਧਰ ਕਰਕੇ ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਪਹਿਲਾਂ ਝੋਨਾ ਬੀਜਣ 'ਤੇ ਪਾਬੰਦੀ ਲਾਈ ਗਈ ਸੀ। ਪੰਜਾਬ ਵਿੱਚ ਇਸ ਵਾਰ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨਾ ਬੀਜੇ ਜਾਣ ਦਾ ਅੰਦਾਜ਼ਾ ਹੈ। ਝੋਨੇ ਦੀ ਬਿਜਾਈ 20 ਦਿਨ ਤੱਕ ਚੱਲੇਗੀ। ਇੱਕ ਹੈਕਟੇਅਰ ਝੋਨਾ ਸੱਤ ਬੰਦੇ ਇੱਕ ਦਿਨ ਵਿੱਚ ਆਰਾਮ ਨਾਲ ਬੀਜ ਸਕਦੇ ਹਨ।"
ਬਰਨਾਲਾ ਤੋਂ ਸੁਖਚਰਨਪ੍ਰੀਤ, ਲੁਧਿਆਣਾ ਤੋਂ ਜਸਬੀਰ ਸ਼ੇਤਰਾ, ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਫਿਰੋਜ਼ਪੁਰ ਤੋਂ ਗੁਰਦਰਸ਼ਨ ਸਿੰਘ ਅਤੇ ਜਲੰਧਰ ਤੋਂ ਪਾਲ ਸਿੰਘ ਨੌਲੀ ਨੇ ਇਹ ਰਿਪੋਰਟਾਂ ਭੇਜੀਆਂ ਹਨ।












