ਗੋਲੀ ਲਗਣ ਤੋਂ ਬਾਅਦ ਪਰਮੀਸ਼ ਵਰਮਾ ਨੇ ਕਿਹਾ ਕੋਈ ਦੁਸ਼ਮਣੀ ਨਹੀਂ ਹੈ

ਤਸਵੀਰ ਸਰੋਤ, Parmish Verma/Facebook/BBC
ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਹੋਇਆ ਹੈ। ਇਸ ਹਮਲੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਹੈ।
ਪਰਮੀਸ਼ ਨੇ ਆਪਣੇ ਫੇਸਬੁੱਕ 'ਤੇ ਇਕ ਪੋਸਟ ਵਿੱਚ ਲਿਖਿਆ ਹੈ ਕਿ ਬਾਬੇ ਨਾਨਕ ਦੀ ਮਿਹਰ ਨਾਲ ਉਹ ਠੀਕ ਹੈ। ਉਸ ਨੇ ਇਹ ਵੀ ਲਿਖਿਆ ਕਿ ਉਸ ਦੇ ਫੈਨਸ ਦੀਆਂ ਦੁਆਵਾਂ ਉਸ ਦੇ ਨਾਲ ਹਨ ਅਤੇ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਤਸਵੀਰ ਸਰੋਤ, Parmish Verma/Facebook
ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਸਿੰਘ ਧਾਹਨ ਨੇ ਲਈ ਹੈ। ਦਿਲਪ੍ਰੀਤ ਸਿੰਘ ਧਾਹਨ ਨਾਂ ਦੇ ਫੇਸਬੁੱਕ ਪੇਜ ਉੱਤੇ ਪਰਮੀਸ਼ ਵਰਮਾ ਅਤੇ ਖੁਦ ਪਿਸਟਲ ਹੱਥ ਵਿੱਚ ਫੜ੍ਹਿਆਂ ਤਸਵੀਰ ਲਗਾ ਕੇ ਜ਼ਿੰਮੇਵਾਰੀ ਕਬੂਲੀ ਹੈ।
ਮੁਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਹਿਲ ਨੇ ਬੀਬੀਸੀ ਪੰਜਾਬੀ ਨੂੰ ਫੋਨ ਉੱਤੇ ਜਾਣਕਾਰੀ ਦਿੱਤੀ, "ਪਰਮੀਸ਼ ਅਤੇ ਉਸ ਦੇ ਦੋਸਤ ਉੱਤੇ ਹਮਲਾ ਬੀਤੀ ਰਾਤ 12 ਵਜੇ ਦੇ ਕਰੀਬ ਹੋਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਅਤੇ ਉਸ ਤੋਂ ਬਾਅਦ ਹੀ ਹਮਲੇ ਦੇ ਅਸਲ ਕਾਰਨਾਂ ਬਾਰੇ ਕੁਝ ਕਿਹਾ ਜਾ ਸਕਦਾ ਹੈ।"
ਪਰਮੀਸ਼ ਦੇ ਪਿਤਾ ਡਾਕਟਰ ਸਤੀਸ਼ ਕੁਮਾਰ ਵਰਮਾ ਨਾਲ ਵੀ ਇਸ ਮੁੱਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ ।ਹਮਲੇ ਵਿੱਚ ਪਰਮੀਸ਼ ਵਰਮਾ ਅਤੇ ਉਸ ਦਾ ਇੱਕ ਦੋਸਤ ਜ਼ਖਮੀ ਹੋਏ ਹਨ ਜਿਨ੍ਹਾਂ ਦਾ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਇਲਾਜ ਚਲ ਰਿਹਾ ਹੈ।

ਤਸਵੀਰ ਸਰੋਤ, Dilpreet Singh Dhahn/Facebook/BBC
ਪਰਮੀਸ਼ ਵਰਮਾ ਨੂੰ ਆਪਣੀ ਗੱਲ ਨਾ ਮੰਨਣ ਦਾ ਨਤੀਜਾ ਦੱਸਦਿਆਂ ਦਿਲਪ੍ਰੀਤ ਨੇ ਲਿਖਿਆ ਹੈ ਕਿ ਜਿਹੜੀ ਲੜਾਈ ਹੁਣ ਸ਼ੁਰੂ ਹੋਈ ਹੈ ਇਹ ਕਿੱਥੇ ਖ਼ਤਮ ਹੋਵੇਗੀ ਇਸ ਦਾ ਪਤਾ ਨਹੀਂ ਪਰ ਉਸ ਨੇ ਪਰਮੀਸ਼ ਵਰਮਾ ਨੂੰ ਆਖਿਰੀ ਸਤਰਾਂ ਵਿੱਚ ਲਿਖਿਆ ਹੈ ਕਿ ਉਹ ਕਿਸੇ ਦੀਆਂ ਗੱਲਾਂ ਵਿੱਚ ਨਾ ਆ ਕੇ ਆਪਣੇ ਦਿਮਾਗ ਤੋਂ ਕੰਮ ਲਵੇ।

ਤਸਵੀਰ ਸਰੋਤ, Parmish verma/Facebook/BBC
ਜ਼ਿੰਮੇਵਾਰੀ ਲੈਣ ਵਾਲੇ ਨੇ ਪਰਮੀਸ਼ ਵਰਮਾ ਉੱਤੇ ਹਮਲਾ ਕਿਉਂ ਕੀਤਾ ਇਸ ਦਾ ਕੋਈ ਸਪਸ਼ਟ ਕਾਰਨ ਨਹੀਂ ਲਿਖਿਆ ਹੈ।












