ਪ੍ਰੈੱਸ ਰਿਵੀਊ꞉ ਟ੍ਰੈਵਲ ਏਜੰਟ ਦੇ ਠੱਗੇ ਨੌਜਵਾਨ ਵੱਲੋਂ ਖ਼ੁਦਕੁਸ਼ੀ

ਤਸਵੀਰ ਸਰੋਤ, Getty Images
ਜਲੰਧਰ ਦੇ ਇੱਕ 30 ਸਾਲਾ ਨੌਜਵਾਨ ਨੇ ਟ੍ਰੈਵਲ ਏਜੰਟ ਤੋਂ ਧੋਖਾ ਖਾਣ ਮਗਰੋਂ ਖ਼ੁਦਕੁਸ਼ੀ ਕਰ ਲਈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰਾਜਨ ਸਿੰਘ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਆਪਣੀ ਜਿੰਦਗੀ ਖ਼ਤਮ ਕਰ ਲਈ। ਉਸ ਨੇ ਇੱਕ ਟ੍ਰੈਵਲ ਏਜੰਟ ਜਿਸ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ ਰਾਹੀਂ ਅਮਰੀਕਾ ਜਾਣਾ ਸੀ ਪਰ ਏਜੰਟ ਨੇ ਉਸ ਨੂੰ ਮਾਸਕੋ (ਰੂਸ) ਭੇਜ ਦਿੱਤਾ।
ਮਰਹੂਮ ਦੇ ਭਰਾ ਮੁਤਾਬਕ ਪਰਿਵਾਰ ਨੇ 13 ਲੱਖ ਰੁਪਏ ਟ੍ਰੈਵਲ ਏਜੰਟ ਨੂੰ ਅਡਵਾਂਸ ਦਿੱਤੇ ਸਨ। ਤਿੰਨ ਮਹੀਨੇ ਮਾਸਕੋ ਬਿਤਾਉਣ ਮਗਰੋਂ ਰਾਜਨ ਵਾਪਸ ਆ ਗਿਆ ਸੀ, ਜਿੱਥੋਂ ਟ੍ਰੈਵਲ ਏਜੰਟ ਦੇ ਵਾਅਦੇ ਮੁਤਾਬਕ ਉਸ ਨੂੰ ਅੱਗੇ ਅਮਰੀਕਾ ਭੇਜਿਆ ਜਾਣਾ ਸੀ।

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਵਿੱਚ ਬਲੈਕ ਕੈਟ ਕਮਾਂਡੋ
ਜੰਮੂ-ਕਸ਼ਮੀਰ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਦਾ ਹਿੱਸਾ ਹੋਣ ਐੱਨਐੱਸਜੀ ਕਮਾਂਡੋ ਹੋਣਗੇ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਨੈਸ਼ਨਲ ਸਕਿਉਰਿਟੀ ਗਾਰਡ ਦੇ ਦਰਜਨ ਤੋਂ ਵੱਧ ਕਮਾਂਡੋ ਸ਼੍ਰੀਨਗਰ ਸ਼ਾਹਿਰ ਦੇ ਬਾਹਰਵਾਰ ਮੁਕਾਮੀ ਹਮਹਮਾ ਕੈਂਪ ਵਿੱਚ ਅਭਿਆਸ ਕਰ ਰਹੇ ਹਨ।
ਇਹ ਕਮਾਂਡੋ ਸੁਰੱਖਿਆ ਦਸਤਿਆਂ ਦੇ ਜਾਨੀ ਨੁਕਸਾਨ ਨੂੰ ਘਟਾਉਣ ਲਈ ਤੈਨਾਤ ਕੀਤੇ ਗਏ ਹਨ। ਸਾਲ 2017 ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 116 ਫੌਜੀਆਂ ਦੀ ਮੌਤ ਹੋ ਚੁੱਕੀ ਹੈ।

ਤਸਵੀਰ ਸਰੋਤ, Sukhpal Khaira/Twitter
ਇੱਕਜੁਟਤਾ ਦਿਖਾਉਣ ਪਹੁੰਚੇ ਆਪ ਆਗੂ ਉਲਝੇ
ਖਣਨ ਮਾਫੀਆ ਵੱਲੋਂ ਕੁੱਟੇ ਗਏ ਆਪ ਵਿਧਾਨ ਸਭਾ ਮੈਂਬਰ ਅਮਰਜੀਤ ਸਿੰਘ ਸੰਦੋਆ ਦਾ ਹਾਲ ਚਾਲ ਪੁੱਛਣ ਮਗਰੋਂ ਆਪ ਆਗੂ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਆਪਸ ਵਿੱਚ ਹੀ ਉਲਝੇ।
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਡਾ. ਬਲਬੀਰ ਸਿੰਘ ਦਾ 'ਰਫਰੈਂਡਮ 2020' ਮਾਮਲੇ ਵਿੱਚ ਫੋਨ ਨਾ ਚੁੱਕਣ ਅਤੇ ਟਵੀਟ ਕਰਨ ਦੇ ਮਾਮਲੇ ਕਰਕੇ ਉਲਝੇ।ਕੁਝ ਦੇਰ ਬਾਅਦ ਖਹਿਰਾ ਪ੍ਰੈਸ ਕਾਨਫਰੰਸ ਛੱਡ ਕੇ ਚਲੇ ਗਏ।

ਤਸਵੀਰ ਸਰੋਤ, Getty Images
ਸ਼ੁਤਰਾਣਾ ਰੇਪ ਕੇਸ ਮੁਲਜ਼ਮ ਕਾਬੂ
ਸ਼ੁਤਰਾਣਾ ਦੇ ਇੱਕ ਪਿੰਡ ਵਿੱਚ ਨਾਬਾਲਗ ਨਾਲ ਜਬਰ ਜਨਾਹ ਕਰਨ ਅਤੇ ਉਸ ਦੇ ਭਰਾ ਦਾ ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੁਲਜ਼ਮਾਂ ਨੇ ਲੜਕੀ ਨਾਲ ਬਲਾਤਕਾਰ ਕੀਤਾ ਜਿਸ ਨੂੰ ਉਸਦੇ ਛੋਟੇ ਭਰਾ ਨੇ ਦੇਖ ਲਿਆ ਜਿਸ ਕਰਕੇ ਉਨ੍ਹਾਂ ਨੇ ਲੜਕੇ ਨੂੰ ਮਾਰ ਕੇ ਪੱਖੇ ਨਾਲ ਲਟਕਾ ਦਿੱਤਾ।
ਅਦਾਲਤ ਨੇ ਤਿੰਨਾਂ ਨੂੰ ਪੰਜ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਆਪਣੇ ਪਸੰਦੀਦਾ ਅਧਿਆਪਕ ਦੀ ਵਿਦਿਆਰਥੀਆਂ ਨੇ ਕੀਤੀ ਘੇਰਾਬੰਦੀ!
ਤਾਮਿਲਨਾਡੂ ਦੇ ਇੱਕ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਨੂੰ ਉਸ ਦੇ ਹੀ ਸਕੂਲ ਦੇ ਵਿਦਿਆਰਥੀਆਂ ਨੇ ਬੰਦੀ ਬਣਾਇਆ। ਕਿਉਂਕੀ ਵਿਦਿਆਰਥੀਆਂ ਨੂੰ ਅੰਗੇਰੇਜ਼ੀ ਦੇ ਟੀਚਰ ਦਾ ਤਬਾਦਲਾ ਮਨਜ਼ੂਰ ਨਹੀਂ ਸੀ।
ਦਿ ਇੰਡੀਅਨ ਮੁਤਾਬਕ ਤਿਰੁਵਲੂਰ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਇਹ ਕੰਮ ਉਸ ਸਮੇਂ ਕੀਤਾ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਅਧਿਆਪਕ ਦੀ ਬਦਲੀ ਕਿਸੇ ਹੋਰ ਸਕੂਲ ਵਿੱਚ ਕਰ ਦਿੱਤੀ ਗਈ ਹੈ।
ਇਸ ਅਣਕਿਆਸੇ ਘਟਨਾਕ੍ਰਮ ਕਰਕੇ ਸੂਬੇ ਦੇ ਸਿੱਖਿਆ ਵਿਭਾਗ ਨੂੰ 28 ਸਾਲਾ ਅੰਗਰੇਜ਼ੀ ਅਧਿਆਪਕ ਜੀ ਭਗਵਾਨ ਦੀ ਬਦਲੀ 10 ਦਿਨਾਂ ਲਈ ਟਾਲਣੀ ਪਈ।












