ਪਾਕਿਸਤਾਨ ਜਾਣ ਲਈ ਕਿਵੇਂ ਹੁੰਦੀ ਹੈ ਸਿੱਖ ਜਥੇ ਦੀ ਚੋਣ ?

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਵਿਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਜਥੇ ਵਿਚੋਂ ਗ਼ਾਇਬ ਹੋਈ ਸ਼ਰਧਾਲੂ ਕਿਰਨ ਬਾਲਾ ਦੇ ਮਾਮਲੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂਚ ਦਾ ਆਦੇਸ਼ ਦੇ ਦਿੱਤਾ ਹੈ।
ਇਸ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਬੀਬੀਸੀ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ, ''ਕਮੇਟੀ ਪੰਜ ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ ਕਿ ਕਿਰਨ ਬਾਲਾ ਜਥੇ ਵਿੱਚ ਕਿਸ ਤਰੀਕੇ ਨਾਲ ਅਤੇ ਕਿਸ ਦੀ ਸ਼ਿਫਾਰਿਸ਼ ਨਾਲ ਸ਼ਾਮਲ ਹੋਈ ਸੀ।''
ਲੌਂਗੋਵਾਲ ਮੁਤਾਬਕ ਪੁਲਿਸ ਦੀ ਵੈਰੀਫਿਕੇਸ਼ਨ ਦੇ ਬਾਅਦ ਹੀ ਸ਼ਰਧਾਲੂਆਂ ਨੂੰ ਜਥੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਪਰ ਫਿਰ ਉਹ ਆਪਣੇ ਪੱਧਰ ਉੱਤੇ ਜਾਂਚ ਕਰਵਾਉਣਗੇ।

ਤਸਵੀਰ ਸਰੋਤ, Getty Images
ਉਨ੍ਹਾਂ ਆਖਿਆ ਕਿ ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ।
ਪੰਜਾਬ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਇੱਕ ਸ਼ਰਧਾਲੂ ਵਜੋਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਈ ਸੀ।
ਕਥਿਤ ਤੌਰ 'ਤੇ ਉੱਥੇ ਪਹੁੰਚ ਕੇ ਉਹ ਜਥੇ ਤੋਂ ਵੱਖ ਹੋ ਗਈ।
ਪਾਕਿਸਤਾਨ ਦਾ ਕੀ ਕਹਿਣਾ ਹੈ?
ਇਸ ਸਬੰਧ ਵਿੱਚ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨਾਲ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਸਲ ਨੇ ਗੱਲਬਾਤ ਕੀਤੀ।
ਡਾ. ਫੈਸਲ ਨੇ ਕਿਹਾ, ''ਸਾਡੇ ਕੋਲ ਵੀਜ਼ੇ ਦੀ ਮਿਆਦ ਵਧਵਾਉਣ ਸਬੰਧੀ ਕੋਈ ਅਰਜ਼ੀ ਨਹੀਂ ਆਈ ਹੈ।ਇਸ ਲਈ ਗ੍ਰਹਿ ਮੰਤਰਾਲਾ ਸਟੀਕ ਥਾਂ ਹੈ। ਇਸ ਲਈ ਉਹ ਔਰਤ ਗ੍ਰਹਿ ਮੰਤਰਾਲੇ ਨੂੰ ਪਹੁੰਚ ਕਰੇ।''
ਉਨ੍ਹਾਂ ਅੱਗੇ ਕਿਹਾ ਕਿ ਇਹ ਮੁਨੱਖਤਾ ਨਾਲ ਸਬੰਧਿਤ ਮਸਲਾ ਹੈ ਇਸ ਲਈ ਇਸ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ।
ਇਹ ਪਹਿਲਾ ਮਾਮਲਾ ਨਹੀਂ
ਜਥੇ ਵਿਚੋਂ ਕਿਸੇ ਸ਼ਰਧਾਲੂ ਵੱਲੋਂ ਗ਼ਾਇਬ ਹੋਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ।
ਸਾਲ 2015 ਵਿੱਚ ਫ਼ਰੀਦਕੋਟ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ ਪਾਕਿਸਤਾਨ ਵਿੱਚ ਗ਼ਾਇਬ ਹੋ ਗਏ। ਉਨ੍ਹਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਹੈ।

ਤਸਵੀਰ ਸਰੋਤ, Getty Images
ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਤਹਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਭੇਜਣ ਦੀ ਵਿਵਸਥਾ ਹੈ।
ਇਸ ਸਮਝੌਤੇ ਤਹਿਤ ਸਿੱਖ ਅਤੇ ਹਿੰਦੂ ਭਾਈਚਾਰਾ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ।
ਦੂਜੇ ਪਾਸੇ ਪਾਕਿਸਤਾਨ ਵੀ ਆਪਣੇ ਸ਼ਰਧਾਲੂ ਭਾਰਤ ਭੇਜਦਾ ਹੈ।
ਕਦੋਂ ਜਾਂਦਾ ਹੈ ਜਥਾ?
ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਸਾਲ ਵਿਚ ਚਾਰ ਮੌਕਿਆਂ ਉੱਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦਾ ਹੈ।
- ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ।
- ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ।
- ਖ਼ਾਲਸਾ ਸਾਜਨਾ ਦਿਵਸ ਵਿਸਾਖੀ।
- ਮਹਾਰਾਜਾ ਰਣਜੀਤ ਸਿੰਘ ਦੀ ਬਰਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਿੱਖ ਸ਼ਰਧਾਲੂਆਂ ਦਾ ਜਥਾ ਭੇਜਦੀ ਹੈ।
ਇਸ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਸ਼ਰਧਾਲੂ ਵੀ ਇਹਨਾਂ ਜਥਿਆਂ ਦੇ ਨਾਲ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ।
ਕਿਵੇਂ ਹੁੰਦੀ ਹੈ ਸ਼ਰਧਾਲੂਆਂ ਦੀ ਚੋਣ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਦੱਸਿਆ:-
- ਗੁਰਧਾਮਾਂ ਦੇ ਦਰਸਨਾਂ ਲਈ ਜਾਣ ਲਈ ਅਖ਼ਬਾਰ ਵਿਚ ਇਸ਼ਤਿਹਾਰ ਦਿੱਤਾ ਜਾਂਦਾ ਹੈ।
- ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰ ਆਪੋ ਆਪਣੇ ਇਲਾਕਿਆਂ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਲਿਸਟ ਅਤੇ ਪਾਸਪੋਰਟ ਭੇਜਦੇ ਹਨ।
- ਹਰ ਇੱਕ ਮੈਂਬਰ ਆਪਣੇ ਇਲਾਕੇ ਵਿੱਚੋਂ ਤਿੰਨ ਤੋਂ ਦਸ ਸ਼ਰਧਾਲੂਆਂ ਦੇ ਨਾਮ ਦੀ ਸਿਫ਼ਾਰਿਸ਼ ਕਰ ਸਕਦਾ ਹੈ।
- ਪਾਸਪੋਰਟਾਂ ਦੀ ਛਾਣਬੀਣ ਕਰ ਕੇ ਪਾਸਪੋਰਟ ਪਾਕਿਸਤਾਨ ਅੰਬੈਸੀ ਭੇਜੇ ਜਾਂਦੇ ਹਨ। ਬੇਦੀ ਮੁਤਾਬਕ ਸ਼ਰਧਾਲੂਆਂ ਦੇ ਛਾਣਬੀਣ ਕਰਨ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ।
- ਵੀਜ਼ਾ ਲਈ ਅਪਲਾਈ ਕੀਤੇ ਗਏ ਸ਼ਰਧਾਲੂਆਂ ਦੇ ਨਾਮਾਂ ਦੀ ਲਿਸਟ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਨੂੰ ਵੈਰੀਫਿਕੇਸ਼ਨ ਲਈ ਭੇਜੀ ਜਾਂਦੀ ਹੈ।
- ਪੂਰੀ ਤਰਾਂ ਛਾਣਬੀਣ ਹੋਣ ਤੋਂ ਬਾਅਦ ਹੀ ਜਥੇ ਵਿਚ ਸ਼ਰਧਾਲੂਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਵੀਜ਼ਾ ਦੇਣਾ ਜਾਂ ਨਹੀਂ ਦੇਣ ਹੈ ਇਹ ਅਧਿਕਾਰ ਅੰਬੈਸੀ ਦਾ ਹੁੰਦਾ ਹੈ।
- ਦਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਕਮੇਟੀ ਵੱਲੋਂ ਇਸ ਵਾਰ ਵਿਸਾਖੀ ਮੌਕੇ 854 ਸ਼ਰਧਾਲੂਆਂ ਦੇ ਪਾਸਪੋਰਟ ਐਬੰਸੀ ਵਿਚ ਵੀਜ਼ੇ ਲਈ ਭੇਜੇ ਗਏ ਸਨ ਜਿਸ ਵਿਚੋਂ 717 ਨੂੰ ਵੀਜ਼ਾ ਮਿਲਿਆ ਸੀ। ਇਹਨਾਂ 717 ਵਿਚੋਂ ਵੀ ਕਰੀਬ 20 ਸ਼ਰਧਾਲੂ ਵੱਖ ਵੱਖ ਕਾਰਨਾਂ ਕਰ ਕੇ ਜਥੇ ਨਾਲ ਨਹੀਂ ਗਏ।
- ਇਲਾਵਾ ਕੁਝ ਲੋਕ ਨਿੱਜੀ ਤੌਰ ਉੱਤੇ ਜਥੇ ਪਾਕਿਸਤਾਨ ਭੇਜਦੇ ਹਨ ਜਿਨ੍ਹਾਂ ਵਿਚ ਭਾਈ ਮਰਦਾਨਾ ਯਾਦਗਾਰੀ ਸੇਵਾ ਸੁਸਾਇਟੀ ਪ੍ਰਮੁੱਖ ਹਨ।
ਜੱਥੇ ਵਿਚ ਸ਼ਾਮਲ ਹੋਣ ਲਈ ਕੀ ਹੈ ਸ਼ਰਤ?
ਜੋ ਵੀ ਸ਼ਰਧਾਲੂ ਪਾਕਿਸਤਾਨ ਸਥਿਤੀ ਗੁਰਧਾਮਾਂ ਦੇ ਦਰਸ਼ਨਾਂ ਲਈ ਐਸਜੀਪੀਸੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਂਦੇ ਹਨ ਉਸ ਦੇ ਬਕਾਇਦਾ ਨਿਯਮ ਬਣੇ ਹੋਏ ਹਨ।
ਬੇਦੀ ਮੁਤਾਬਕ, ''ਸ਼ਰਧਾਲੂ ਲਈ ਸਭ ਤੋਂ ਪਹਿਲਾਂ ਸਿੱਖ ਹੋਣਾ ਜ਼ਰੂਰੀ ਹੈ, ਗੈਰ ਸਿੱਖ ਵਿਅਕਤੀ ਜੱਥੇ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਸਬੰਧਿਤ ਇਲਾਕੇ ਦੇ ਐਸਜੀਪੀਸੀ ਮੈਂਬਰ ਦਾ ਸਿਫ਼ਾਰਿਸ਼ ਪੱਤਰ ਵੀ ਲੈਣਾ ਜ਼ਰੂਰੀ ਹੈ।''
ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ 21 ਅਪ੍ਰੈਲ ਨੂੰ ਦੇਸ਼ ਪਰਤੇਗਾ।












