ਇਸ ਪੱਤਰਕਾਰ ਨੂੰ ਰੇਪ ਵਿਰੋਧੀ ਕਾਰਟੂਨ 'ਤੇ ਕਿਉਂ ਮਿਲੀਆਂ ਧਮਕੀਆਂ?

ਤਸਵੀਰ ਸਰੋਤ, Swathi Vadlamudi/bbc
- ਲੇਖਕ, ਪ੍ਰਿਥਵੀਰਾਜ
- ਰੋਲ, ਬੀਬੀਸੀ ਪੱਤਰਕਾਰ
''ਤੁਸੀਂ ਗੋਰੀ ਲੰਕੇਸ਼ ਬਾਰੇ ਸੁਣਿਆ ਹੈ?''
''ਇਸ ਔਰਤ ਨੂੰ ਗ੍ਰਿਫ਼ਤਾਰ ਕਰੋ''
''ਉਸਦੇ ਦਸ ਪਿਤਾ ਹਨ ਇਸ ਲਈ ਉਹ ਅਜਿਹੀ ਪੋਸਟ ਬਣਾ ਰਹੀ ਹੈ''
ਪੱਤਰਕਾਰ ਸਵਾਤੀ ਵਦਲਾਮੁਦੀ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਕਾਰਟੂਨ ਪੋਸਟ ਕੀਤਾ ਸੀ ਜਿਸ ਦੇ ਜਵਾਬ ਵਿੱਚ ਕਈ ਤਰ੍ਹਾਂ ਦੇ ਕਮੈਂਟ ਆਏ। ਇਹ ਕਮੈਂਟਸ ਉਨ੍ਹਾਂ ਵਿੱਚੋਂ ਹੀ ਕੁਝ ਹਨ।
ਕਠੂਆ ਅਤੇ ਉਨਾਓ ਰੇਪ ਦੀਆਂ ਘਟਨਾਵਾਂ ਦੀ ਨਿਖੇਧੀ 'ਚ ਸਵਾਤੀ ਨੇ ਇੱਕ ਕਾਰਟੂਨ ਬਣਾਇਆ ਸੀ। ਇਹ ਕਾਰਟੂਨ ਰਾਮਾਇਣ ਦੇ ਕਿਰਦਾਰ ਰਾਮ ਅਤੇ ਸੀਤਾ ਦੀ ਚਿਤਰਣ ਗੱਲਬਾਤ 'ਤੇ ਆਧਾਰਿਤ ਸੀ।
ਕਾਰਟੂਨ ਨੇ ਸੋਸ਼ਲ ਮੀਡੀਆ 'ਤੇ ਖੜ੍ਹਾ ਕੀਤਾ ਵਿਵਾਦ
ਕਾਰਟੂਨ ਵਿੱਚ ਸੀਤਾ ਨੂੰ ਅਖ਼ਬਾਰ ਫੜੇ ਦਿਖਾਇਆ ਗਿਆ ਹੈ ਅਤੇ ਉਸ ਅਖ਼ਬਾਰ ਦੀ ਹੈੱਡਲਾਈਨ ਭਾਰਤ ਵਿੱਚ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਬਾਰੇ ਹੈ। ਸੀਤਾ ਰਾਮ ਨੂੰ ਕਹਿ ਰਹੀ ਹੈ,''ਮੈਂ ਬਹੁਤ ਖੁਸ਼ ਹਾਂ ਜੋ ਰਾਵਣ ਨੇ ਮੈਨੂੰ ਅਗਵਾਹ ਕੀਤਾ ਨਾ ਕਿ ਰਾਮ ਦੇ ਭਗਤਾਂ ਨੇ।''
ਇਸ ਕਾਰਟੂਨ ਨੇ ਸੋਸ਼ਲ ਮੀਡੀਆ 'ਤੇ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਤਸਵੀਰ ਸਰੋਤ, Swathi Vadlamudi/bbc
ਫੇਸਬੁੱਕ 'ਤੇ ਇਸ ਕਾਰਟੂਨ ਨੂੰ 5000 ਲੋਕਾਂ ਵੱਲੋਂ ਸ਼ੇਅਰ ਕੀਤਾ ਗਿਆ ਹੈ ਅਤੇ ਟਵਿੱਟਰ 'ਤੇ ਵੀ ਕਈਆਂ ਨੇ ਇਸ ਕਾਰਟੂਨ ਨੂੰ ਰੀ-ਟਵੀਟ ਕੀਤਾ ਹੈ।
ਸਵਾਤੀ ਇੱਕ ਕੌਮੀ ਅਖ਼ਬਾਰ ਵਿੱਚ ਸੀਨੀਅਰ ਪੱਤਰਕਾਰ ਵਜੋਂ ਕੰਮ ਕਰਦੀ ਹੈ। ਉਹ ਵੱਖ-ਵੱਖ ਸਿਆਸੀ ਅਤੇ ਸਮਾਜਿਕ ਮੁੱਦਿਆਂ 'ਤੇ ਵਿਅੰਗਮਈ ਕਾਰਟੂਨ ਬਣਾਉਂਦੀ ਹੈ। ਇਹ ਕਾਰਟੂਨ ਉਹ ਸੋਸ਼ਲ ਮੀਡੀਆ 'ਤੇ ਵੀ ਪਾਉਂਦੀ ਹੈ। ਉਸਦੇ ਮੁਤਾਬਿਕ ਇਹ ਉਸਦਾ ਸ਼ੌਕ ਹੈ।
ਸਵਾਤੀ ਨੇ ਕਾਰਟੂਨ ਨਾਲ ਜੁੜਿਆ ਉਸਦਾ ਮਕਸਦ ਅਤੇ ਉਸ 'ਤੇ ਖੜ੍ਹੇ ਹੋਏ ਵਿਵਾਦ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।
'ਫੇਕ ਅਕਾਊਂਟਸ ਜ਼ਰੀਏ ਮਿਲੀਆ ਧਮਕੀਆਂ'
ਕਾਰਟੂਨ ਦਾ ਮਤਲਬ ਸਮਝਾਉਂਦੇ ਹੋਏ ਸਵਾਤੀ ਨੇ ਦੱਸਿਆ,''ਕਠੂਆ ਵਿੱਚ 8 ਸਾਲਾ ਕੁੜੀ ਦਾ ਬੇਰਹਿਮੀ ਨਾਲ ਰੇਪ ਕੀਤਾ ਗਿਆ ਅਤੇ ਫਿਰ ਉਸ ਨੂੰ ਮਾਰ ਦਿੱਤਾ ਗਿਆ। ਇੱਕ ਹੋਰ ਨਾਬਾਲਗ ਕੁੜੀ ਨੇ ਉੱਤਰ-ਪ੍ਰਦੇਸ਼ ਦੇ ਉਨਾਓ ਵਿੱਚ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਦੇ ਘਰ ਦੇ ਸਾਹਮਣੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।''
''ਉਸਦੇ ਪਿਤਾ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੋਈ ਸੀ। ਇਹ ਵੀ ਇਲਜ਼ਾਮ ਲਾਏ ਗਏ ਕਿ ਉੱਤਰ-ਪ੍ਰਦੇਸ਼ ਦੀ ਸਰਕਾਰ ਨੇ ਇੱਕ ਸਾਬਕਾ ਕੇਂਦਰੀ ਮੰਤਰੀ 'ਤੇ ਚੱਲਦੇ ਮਾਮਲਿਆਂ ਨੂੰ ਕਥਿਤ ਤੌਰ 'ਤੇ ਵਾਪਿਸ ਲੈਣ ਦੀ ਕੋਸ਼ਿਸ਼ ਕੀਤੀ ਸੀ।''
ਸਵਾਤੀ ਨੇ ਕਿਹਾ, ''ਇਹ ਸਾਫ਼ ਹੈ ਕਿ ਹਾਲ ਹੀ ਵਿੱਚ ਵਾਪਰੀਆਂ ਵਾਰਦਾਤਾਂ ਵਿੱਚ ਜਾਂ ਤਾਂ ਬੀਜੇਪੀ ਆਗੂ ਸ਼ਾਮਲ ਹਨ ਜਾਂ ਉਨ੍ਹਾਂ ਦੇ ਹਿਮਾਇਤੀ। ਕਈ ਬੀਜੇਪੀ ਆਗੂਆਂ ਖ਼ਿਲਾਫ਼ ਬਲਾਤਾਕਾਰ ਦੇ ਮਾਮਲੇ ਦਰਜ ਹਨ।''
ਉਨ੍ਹਾਂ ਨੇ ਕਿਹਾ,''ਉਨ੍ਹਾਂ ਵਿੱਚੋਂ ਵਧੇਰੇ ਖ਼ੁਦ ਨੂੰ ਮਾਣ ਨਾਲ ਰਾਮ ਭਗਤ ਕਹਿੰਦੇ ਹਨ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹਨ। ਉਹ ਦਾਅਵਾ ਕਰਦੇ ਹਨ ਕਿ ਉਹ ਔਰਤਾਂ ਨੂੰ ਮਾਂ ਅਤੇ ਦੇਵੀ ਵਾਂਗ ਪੂਜਦੇ ਹਨ ਪਰ ਉਹ ਔਰਤਾਂ ਖ਼ਿਲਾਫ਼ ਅਜਿਹੇ ਜੁਰਮ ਕਰਦੇ ਹਨ ਜਿਨ੍ਹਾਂ ਕਰਕੇ ਮੈਨੂੰ ਅਜਿਹੇ ਕਾਰਟੂਨ ਬਣਾਉਣੇ ਪਏ।''
''ਭਾਵੇਂ ਰਾਵਣ ਨੇ ਸੀਤਾ ਨੂੰ ਅਗਵਾ ਕੀਤਾ ਪਰ ਉਸਦਾ ਬਲਾਤਾਕਾਰ ਨਹੀਂ ਕੀਤਾ। ਕਾਰਟੂਨ ਦੇ ਪਿੱਛੇ ਸਿੱਧਾ ਤਰਕ ਇਹ ਹੈ ਕਿ ਜੇ ਸੀਤਾ ਰਾਮ ਭਗਤਾਂ ਦੇ ਹੱਥ ਲੱਗ ਜਾਂਦੀ ਤਾਂ ਉਸ ਨਾਲ ਕੀ ਹੁੰਦਾ। ਇਸੇ ਸੋਚ ਕਰਕੇ ਮੈਂ ਅਜਿਹਾ ਕਾਰਟੂਨ ਬਣਾਇਆ।''
ਕਾਰਟੂਨ ਦੇ ਮਕਸਦ ਬਾਰੇ ਦੱਸਦੇ ਹੋਏ ਉਸ ਨੇ ਕਿਹਾ,'' ਖ਼ੁਦ ਨੂੰ ਰਾਮ ਭਗਤ ਕਹਾਉਣ ਵਾਲਿਆਂ ਅਤੇ ਔਰਤਾਂ ਦਾ ਸ਼ੋਸ਼ਣ ਕਰਨ ਵਾਲਿਆਂ ਨਾਲ ਰਾਵਣ ਦੀ ਤੁਲਨਾ ਕੀਤੀ ਜਾਵੇ ਤਾਂ ਰਾਵਣ ਇੱਕ ਬਿਹਤਰ ਸ਼ਖ਼ਸ ਸੀ ਕਿਉਂਕਿ ਉਸ ਨੇ ਸੀਤਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ।''
ਸਵਾਤੀ ਨੇ ਕਿਹਾ ਕਿ ਕਾਰਟੂਨ ਨੂੰ ਲੈ ਕੇ ਹੋਈ ਟਰੋਲਿੰਗ ਅਤੇ ਧਮਕੀਆਂ ਮਿਲਣਾ ਇਸ ਦੇਸ ਦੀ ਪੱਛੜੀ ਸੋਚ ਦੀ ਤਸਵੀਰ ਦਿਖਾਉਂਦਾ ਹੈ।

ਤਸਵੀਰ ਸਰੋਤ, Swathi Vadlamudi
''ਸੋਸ਼ਲ ਮੀਡੀਆ 'ਤੇ ਮਿਲੇ ਦਬਾਅ ਕਾਰਨ ਮੈਂ ਕਈ ਰਾਤਾਂ ਨਹੀਂ ਸੋ ਸਕੀ। ਮੇਰਾ ਪਰਿਵਾਰ ਵੀ ਧਮਕੀਆਂ ਕਰਕੇ ਡਰਿਆ ਹੋਇਆ ਹੈ ਅਤੇ ਮੈਨੂੰ ਚੁੱਪ ਰਹਿਣ ਦੀ ਸਲਾਹ ਦੇ ਰਿਹਾ ਹੈ।''
ਸਵਾਤੀ ਨੂੰ ਲਗਦਾ ਹੈ ਕਿ ਉਸ ਨੂੰ ਫੇਕ ਅਕਾਊਂਟਸ ਜ਼ਰੀਏ ਧਮਕੀਆਂ ਮਿਲ ਰਹੀਆਂ ਹਨ ਜੋ ਕਿਸੇ ਇੱਕ ਖ਼ਾਸ ਪਾਰਟੀ ਦੇ ਏਜੰਟਾਂ ਦੇ ਹੋ ਸਕਦੇ ਹਨ।
ਸਵਾਤੀ ਦਾ ਕਹਿਣਾ ਹੈ ਕਿ ਮੌਤ ਦੀਆਂ ਧਮਕੀਆਂ ਨੇ ਉਸ ਨੂੰ ਹੋਰ ਮਜ਼ਬੂਤ ਬਣਾਇਆ ਹੈ ਅਤੇ ਉਹ ਇਨ੍ਹਾਂ ਧਮਕੀਆਂ ਅੱਗੇ ਨਹੀਂ ਝੁਕੇਗੀ।
ਸਵਾਤੀ ਨੇ ਟਰੋਲਿੰਗ ਬਾਰੇ ਫੇਸਬੁੱਕ 'ਤੇ ਟਵਿੱਟਰ ਨੂੰ ਸੂਚਿਤ ਕਰ ਦਿੱਤਾ ਹੈ।
ਸਵਾਤੀ ਨੇ ਅੱਗੇ ਕਿਹਾ,''ਦੇਸ ਦੀ ਇੱਕ ਜ਼ਿੰਮੇਵਾਰ ਨਾਗਰਿਕ ਅਤੇ ਪੱਤਰਕਾਰ ਹੁੰਦਿਆਂ ਮੈਂ ਚੁੱਪ ਕਿਵੇਂ ਰਹਿ ਸਕਦੀ ਹਾਂ। ਜੇਕਰ ਕੱਲ੍ਹ ਕੋਈ ਮੈਨੂੰ ਮਾਰ ਦੇਵੇ ਤਾਂ ਜ਼ਿੰਮੇਵਾਰੀ ਸਿਰਫ਼ ਸਰਕਾਰ ਦੀ ਹੀ ਨਹੀਂ ਸਗੋਂ ਉਹ ਲੋਕ ਵੀ ਜ਼ਿੰਮੇਦਾਰ ਹੋਣਗੇ ਜਿਨ੍ਹਾਂ ਨੇ ਸਰਕਾਰ ਨੂੰ ਚੁਣਿਆ ਹੈ।''
ਕੁਝ ਗਰੁੱਪਾਂ ਨੇ ਕਾਰਟੂਨ ਬਾਰੇ ਫੇਸਬੁੱਕ ਨੂੰ ਸ਼ਿਕਾਇਤ ਕੀਤੀ ਹੈ ਜਿਸਦੇ ਜਵਾਬ ਵਿੱਚ ਫੇਸਬੁੱਕ ਨੇ ਕਿਹਾ ਹੈ ਕਿ ਇਹ ਕਾਰਟੂਨ ਉਨ੍ਹਾਂ ਦੇ ਨਿਯਮਾਂ ਦੇ ਖ਼ਿਲਾਫ਼ ਨਹੀਂ ਹੈ।

ਤਸਵੀਰ ਸਰੋਤ, Swathi Vadlamudi
ਫੇਸਬੁੱਕ ਨੇ ਸਵਾਤੀ ਨੂੰ ਕਿਹਾ ਹੈ, ਤੁਹਾਡੀ ਪੋਸਟ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਹੈ ਇਸ ਲਈ ਅਸੀਂ ਤੁਹਾਨੂੰ ਸਲਾਹ ਦੇਣਾ ਚਾਹਾਂਗੇ ਕਿ ਜਾਂ ਤਾਂ ਉਸ ਕਾਰਟੂਨ ਨੂੰ ਆਪਣੀ ਟਾਈਮਲਾਈਨ ਤੋਂ ਹਟਾ ਦੇਣ ਜਾਂ ਫਿਰ ਕੁਝ ਹੀ ਲੋਕਾਂ ਤੱਕ ਸੀਮਤ ਰੱਖੋ।
ਕੁਝ ਲੋਕਾਂ ਨੇ ਫੇਸਬੁੱਕ ਦੇ ਇਨ੍ਹਾਂ ਸੁਝਾਵਾਂ ਬਾਰੇ ਰੋਸ ਪ੍ਰਗਟ ਕੀਤਾ ਹੈ।
ਔਨਲਾਈਨ ਹਿਮਾਇਤ
ਸਵਾਤੀ ਨੂੰ ਉਸਦੀ ਪੋਸਟ ਲਈ ਔਨਲਾਈਨ ਹਿਮਾਇਤ ਵੀ ਮਿਲ ਰਹੀ ਹੈ।

ਤਸਵੀਰ ਸਰੋਤ, Divya Rajagopla/Facebook
ਕੁਝ ਲੋਕਾਂ ਨੇ ਉਸਦੇ ਕਾਰਟੂਨ ਦੀ ਤਾਰੀਫ਼ ਕਰਦੇ ਹੋਏ ਕਿਹਾ ਹੈ ਕਿ ਉਸਦਾ ਕਾਰਟੂਨ ਅਜੋਕੇ ਹਾਲਾਤ ਦੀ ਤਸਵੀਰ ਪੇਸ਼ ਕਰ ਰਿਹਾ ਹੈ। ਟਰੋਲਿੰਗ ਸਿਰਫ਼ ਸਵਾਤੀ ਦੀ ਨਹੀਂ ਹੋ ਰਹੀ ਹੈ ਸਗੋਂ ਉਸਦੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਵੀ ਨਿਸ਼ਾਨੇ 'ਤੇ ਹਨ।
ਸਵਾਤੀ ਨੇ ਕਿਹਾ,''ਕੁਝ ਹਿੰਦੂਆਂ ਵੱਲੋਂ ਹਿਮਾਇਤ ਮਿਲਣ ਨਾਲ ਮੈਨੂੰ ਇਹ ਯਕੀਨ ਹੋਇਆ ਹੈ ਕਿ ਇਨਸਾਨੀਅਤ ਅਜੇ ਵੀ ਬਾਕੀ ਹੈ।''
ਪੁਲਿਸ ਥਾਣੇ 'ਚ ਸ਼ਿਕਾਇਤ
ਟਾਈਮਜ਼ ਨਾਓ ਦੇ ਪੱਤਰਕਾਰ ਅਹਿਮਦ ਸ਼ਬੀਰ ਖ਼ਿਲਾਫ਼ ਆਈਪੀਸੀ ਦੀ ਧਾਰਾ 295(A) ਤਹਿਤ ਇੱਕ ਹਿੰਦੂ ਸੰਗਠਨ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਸੈਦਾਬਾਦ ਪੁਲਿਸ ਦੇ ਏਐਸਆਈ ਸ਼੍ਰੀਨਿਵਾਸ ਰੇਡੀ ਮੁਤਾਬਕ ਸ਼ਬੀਰ 'ਤੇ ਸਵਾਤੀ ਦੀ ਪੋਸਟ ਸ਼ੇਅਰ ਕਰਨ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਹਨ।

ਤਸਵੀਰ ਸਰੋਤ, nwmindia.org
ਉਸ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਵਿੱਚ ਸਵਾਤੀ ਦਾ ਨਾਮ ਵੀ ਸ਼ਾਮਲ ਕਰਨ ਨੂੰ ਕਿਹਾ ਗਿਆ ਹੈ।
ਕਈ ਮੀਡੀਆ ਅਦਾਰਿਆਂ ਨੇ ਸਵਾਤੀ ਖ਼ਿਲਾਫ਼ ਹੋਈ ਕਾਰਵਾਈ ਦੀ ਨਿਖੇਧੀ ਕੀਤੀ ਹੈ। ਨੈੱਟਵਰਕ ਆਫ਼ ਵੂਮੈਨ ਇੰਨ ਮੀਡੀਆ ਨੇ ਕਿਹਾ, ''ਕਾਰਟੂਨ ਕਿਸੇ ਵੀ ਤਰੀਕੇ ਨਾਲ ਰਾਮ ਅਤੇ ਸੀਤਾ ਦਾ ਨਿਰਾਦਰ ਨਹੀਂ ਕਰਦਾ ਹੈ। ਕਾਰਟੂਨ ਸਿਰਫ਼ ਭਾਰਤ ਵਿੱਚ ਔਰਤਾਂ ਖ਼ਿਲਾਫ਼ ਹੁੰਦੇ ਜ਼ੁਲਮਾਂ 'ਤੇ ਸਵਾਲ ਚੁੱਕਦਾ ਹੈ।''
ਤੇਲੰਗਾਨਾ ਯੂਨੀਅਨ ਆਫ਼ ਵਰਕਿੰਗ ਜਰਨਲਿਸਟ ਦੇ ਪ੍ਰਧਾਨ ਅੱਲਮ ਨਰਾਇਣ ਨੇ ਪੁਲਿਸ ਨੂੰ ਸਵਾਤੀ ਖ਼ਿਲਾਫ਼ ਮਾਮਲਾ ਵਾਪਿਸ ਲੈਣ ਦੀ ਅਪੀਲ ਕੀਤੀ ਹੈ।

ਤਸਵੀਰ ਸਰੋਤ, Swathi Vadlamudi
ਹਿੰਦੂ ਸੰਗਠਨ ਦੇ ਪ੍ਰਧਾਨ ਸਾਗਰ ਕਾਸੀਮਸੇਟੀ ਨੇ ਬੀਬੀਸੀ ਨੂੰ ਕਿਹਾ,'' ਕਾਰਟੂਨਿਸਟ ਦਾ ਮਕਸਦ ਰੇਪ ਪੀੜਤਾ ਨੂੰ ਇਨਸਾਫ਼ ਦਵਾਉਣਾ ਨਹੀਂ ਬਲਕਿ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਕਾਰਟੂਨ ਸਾਰੇ ਰਾਮ ਭਗਤਾਂ ਨੂੰ ਬਲਾਤਕਾਰੀਆਂ ਵਜੋਂ ਦਿਖਾ ਰਿਹਾ ਹੈ।''












